ਗੌਤਮ ਅਡਾਨੀ ਨੂੰ ਝਟਕਾ, 6 ਫਰਮਾਂ ਦੇ ਸ਼ੇਅਰ ਤਾਸ਼ ਦੇ ਪੱਤਿਆਂ ਵਾਂਗ ਹੋਏ ਢੇਰੀ!
Monday, Jun 14, 2021 - 02:13 PM (IST)
ਮੁੰਬਈ- ਗੌਤਮ ਅਡਾਨੀ ਲਈ ਸੋਮਵਾਰ ਦਾ ਦਿਨ ਕਿਸੇ ਵੱਡੇ ਝਟਕੇ ਤੋਂ ਘੱਟ ਨਹੀਂ ਰਿਹਾ। ਅਡਾਨੀ ਗਰੁੱਪ ਵਿਚ 43,500 ਕਰੋੜ ਰੁਪਏ ਨਿਵੇਸ਼ ਕਰਨ ਵਾਲੇ 3 ਵਿਦੇਸ਼ੀ ਫੰਡਾਂ ਦੇ ਖਾਤੇ ਨੈਸ਼ਨਲ ਸਕਿਓਰਟੀਜ਼ ਡਿਪਾਜ਼ਟਰੀ ਲਿਮਟਿਡ (ਐੱਨ. ਐੱਸ. ਡੀ. ਐੱਲ.) ਵੱਲੋਂ ਫ੍ਰੀਜ ਕੀਤੇ ਜਾਣ ਦੀ ਖ਼ਬਰ ਮਗਰੋਂ ਅਡਾਨੀ ਗਰੁੱਪ ਦੀਆਂ ਕੰਪਨੀਆਂ ਦੇ ਸ਼ੇਅਰਾਂ ਵਿਚ ਧੜਾਧੜ ਵਿਕਵਾਲੀ ਦੇਖਣ ਨੂੰ ਮਿਲੀ।
ਅਡਾਨੀ ਗੈਸ, ਅਡਾਨੀ ਪੋਰਟ, ਅਡਾਨੀ ਇੰਟਰਪ੍ਰਾਈਜਜ਼, ਅਡਾਨੀ ਗ੍ਰੀਨ, ਅਡਾਨੀ ਪਾਵਰ, ਅਡਾਨੀ ਟ੍ਰਾਂਸਿਮਸ਼ਨ ਦੇ ਸ਼ੇਅਰਾਂ ਵਿਚ ਇੰਨੀ ਜ਼ੋਰਦਾਰ ਗਿਰਾਵਟ ਆਈ ਕਿ ਇਨ੍ਹਾਂ ਵਿਚ ਕੁਝ ਹੀ ਮਿੰਟਾਂ ਵਿਚ ਲੋਅਰ ਸਰਕਿਟ ਲੱਗ ਗਿਆ। ਅਡਾਨੀ ਇੰਟਰਪ੍ਰਾਈਜਜ਼ ਅਤੇ ਅਡਾਨੀ ਪੋਰਟ ਵਿਚ ਲੋਅਰ ਸਰਕਿਟ ਇਕ ਵਾਰ ਖੁੱਲ੍ਹਣ ਮਗਰੋਂ ਇਨ੍ਹਾਂ ਦੇ ਸ਼ੇਅਰ ਹੋਰ ਜ਼ਿਆਦਾ ਲੁੜਕ ਗਏ। ਕਾਰੋਬਾਰ ਦੌਰਾਨ ਅਡਾਨੀ ਇੰਟਰਪ੍ਰਾਈਜਜ਼ ਵਿਚ 24 ਫ਼ੀਸਦ ਤੱਕ ਗਿਰਾਵਟ ਦੇਖਣ ਨੂੰ ਮਿਲੀ। ਬਾਕੀ ਸ਼ੇਅਰਾਂ ਵਿਚ 5 ਤੋਂ 12 ਫ਼ੀਸਦ ਤੱਕ ਗਿਰਾਵਟ ਸੀ। ਪਿਛਲੇ ਕਾਰੋਬਾਰੀ ਸੈਸ਼ਨ ਵਿਚ ਅਡਾਨੀ ਇੰਟਰਪ੍ਰਾਈਜਜ਼ 1,601.60 ਰੁਪਏ 'ਤੇ ਸੀ, ਜੋ ਅੱਜ ਕਾਰੋਬਾਰ ਦੌਰਾਨ ਲੁੜਕ ਕੇ 1,201.20 ਰੁਪਏ ਤੱਕ ਆ ਗਿਆ।
ਇਹ ਵੀ ਪੜ੍ਹੋ- ਮੋਦੀ ਸਰਕਾਰ ਜੋ ਉਪਦੇਸ਼ ਦੁਨੀਆ ਨੂੰ ਦਿੰਦੀ ਹੈ, ਉਸ 'ਤੇ ਪਹਿਲਾਂ ਖ਼ੁਦ ਅਮਲ ਕਰੇ : ਚਿਦਾਂਬਰਮ
ਖ਼ਬਰ ਹੈ ਕਿ ਨੈਸ਼ਨਲ ਸਕਿਓਰਟੀਜ਼ ਡਿਪਾਜ਼ਟਰੀ ਲਿਮਟਿਡ ਨੇ ਅਲਬੁਲਾ ਇਨਵੈਸਟਮੈਂਟ ਫੰਡ, ਕਰੇਸਟਾ ਫੰਡ ਅਤੇ ਏ. ਪੀ. ਐੱਮ. ਐੱਸ. ਇਨਵੈਸਟਮੈਂਟ ਫੰਡ ਦੇ ਖਾਤੇ ਫ੍ਰੀਜ ਕੀਤੇ ਹਨ। ਡਿਪਾਜ਼ਟਰੀ ਦੀ ਵੈੱਬਸਾਈਟ ਅਨੁਸਾਰ ਇਹ 31 ਮਈ ਨੂੰ ਜਾਂ ਉਸ ਤੋਂ ਪਹਿਲਾਂ ਫ੍ਰੀਜ ਕੀਤੇ ਗਏ ਹਨ। ਇਹ ਤਿੰਨੋਂ ਫੰਡ ਮੌਰਿਸ਼ਸ ਤੋਂ ਆਪਣਾ ਕੰਮ ਚਲਾਉਂਦੇ ਹਨ। ਇਹ ਤਿੰਨੋਂ ਪੋਰਟ ਲੁਈ ਵਿਚ ਇਕ ਹੀ ਪਤੇ 'ਤੇ ਰਜਿਸਟਰਡ ਹਨ ਅਤੇ ਇਨ੍ਹਾਂ ਦੀ ਕੋਈ ਵੈੱਬਸਾਈਟ ਨਹੀਂ ਹੈ। ਸੇਬੀ ਵਿਚ ਇਹ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕ ਦੇ ਰੂਪ ਵਿਚ ਰਜਿਸਟਰਡ ਹਨ। ਰਿਪੋਰਟਾਂ ਮੁਤਾਬਕ, ਨਿਯਮਾਂ ਅਨੁਸਾਰ ਲਾਭਪਾਤਰਾਂ ਬਾਰੇ ਜ਼ਰੂਰੀ ਜਾਣਕਾਰੀ ਨਾ ਦੇਣ ਦੀ ਵਜ੍ਹਾ ਨਾਲ ਇਨ੍ਹਾਂ ਖਾਤਿਆਂ 'ਤੇ ਇਹ ਕਾਰਵਾਈ ਕੀਤੀ ਗਈ ਹੈ। ਫ੍ਰੀਜ ਹੋਣ ਦਾ ਮਤਲਬ ਇਹ ਹੈ ਇਹ ਫੰਡ ਹੁਣ ਨਾ ਤਾਂ ਖਾਤੇ ਦੇ ਸ਼ੇਅਰ ਵੇਚ ਸਕਦੇ ਹਨ ਅਤੇ ਨਾ ਹੀ ਨਵੇਂ ਸ਼ੇਅਰ ਖ਼ਰੀਦ ਸਕਦੇ ਹਨ। ਹਾਲਾਂਕਿ, ਇਸ ਵਿਚਕਾਰ ਵਿਸ਼ਲੇਸ਼ਕਾਂ ਨੇ ਨਿਵੇਸ਼ਕਾਂ ਨੂੰ ਜਲਦਬਾਜ਼ੀ ਤੇ ਹੜਬੜੀ ਵਿਚ ਨਾ ਘਬਰਾਉਣ ਦੀ ਸਲਾਹ ਦਿੱਤੀ ਹੈ ਪਰ ਸੁਚੇਤ ਰਹਿਣ ਅਤੇ ਇਨ੍ਹਾਂ ਸ਼ੇਅਰਾਂ ਨਾਲ ਸਬੰਧਤ ਖ਼ਬਰਾ 'ਤੇ ਨਜ਼ਰ ਰੱਖਣ ਲਈ ਵੀ ਕਿਹਾ ਹੈ।
ਇਹ ਵੀ ਪੜ੍ਹੋ- ਖ਼ੁਸ਼ਖ਼ਬਰੀ! ਹੁਣ ਪੈਟਰੋਲ ਸਕੂਟਰਾਂ ਤੋਂ ਵੀ ਸਸਤੇ ਹੋਣਗੇ ਇਲੈਕਟ੍ਰਿਕ ਟੂ-ਵ੍ਹੀਲਰ
►ਖਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ