ਭੂਸ਼ਣ ਪਾਵਰ ਐਂਡ ਸਟੀਲ ਦੇ ਸਾਬਕਾ ਚੇਅਰਮੈਨ ਸਿੰਘਲ ਦੀ 204 ਕਰੋੜ ਰੁਪਏ ਦੀ ਜਾਇਦਾਦ ਕੁਰਕ

01/18/2020 7:03:20 PM

ਨਵੀਂ ਦਿੱਲੀ — ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਭੂਸ਼ਣ ਪਾਵਰ ਐਂਡ ਸਟੀਲ ਲਿਮਟਿਡ (ਬੀਪੀਐਸਐਲ) ਦੇ ਸਾਬਕਾ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਸੰਜੇ ਸਿੰਘਲ ਦੀ 204 ਕਰੋੜ ਰੁਪਏ ਦੀ ਜਾਇਦਾਦ ਕੁਰਕ ਕੀਤੀ ਹੈ। ਇਸ ਵਿਚ ਉਨ੍ਹਾਂ ਦੇ ਦਿੱਲੀ ਅਤੇ ਲੰਡਨ ਦੇ ਨਿਵਾਸ ਸਥਾਨ ਵੀ ਸ਼ਾਮਲ ਹਨ। ਈ.ਡੀ. ਨੇ ਸ਼ਨੀਵਾਰ ਨੂੰ ਜਾਰੀ ਇਕ ਬਿਆਨ 'ਚ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਕੁਰਕੀ ਮਨੀ ਲਾਂਡਰਿੰਗ ਕਾਨੂੰਨ ਤਹਿਤ ਕੀਤੀ ਗਈ। ਇਸ ਕੁਰਕੀ(ਅਟੈਚਮੈਂਟ) ਵਿਚ ਦਿੱਲੀ ਅਤੇ ਲੰਡਨ ਦੀ ਚੱਲ-ਅਚੱਲ ਜਾਇਦਾਦ ਵੀ ਸ਼ਾਮਲ ਹੈ।'            

ਬਿਆਨ ਅਨੁਸਾਰ, 'ਸੰਜੇ ਸਿੰਘਲ ਨੇ ਬੀ.ਐਸ.ਪੀ.ਐਲ. ਨੂੰ ਮਿਲੇ ਬੈਂਕ ਲੋਨ ਵਿਚੋਂ 204.31 ਕਰੋੜ ਰੁਪਏ ਦੀ ਰਾਸ਼ੀ 'ਚ ਹੇਰਫੇਰ ਕੀਤਾ ਅਤੇ ਇਸ ਦੀ ਵਰਤੋਂ ਦੇਸ਼-ਵਿਦੇਸ਼ 'ਚ ਜਾਇਦਾਦ ਖਰੀਦਣ ਲਈ ਕੀਤੀ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਸ਼ੁੱਕਰਵਾਰ ਨੂੰ ਮਨੀ ਲਾਂਡਰਿੰਗ ਕਾਨੂੰਨ ਨਾਲ ਜੁੜੀ ਵਿਸ਼ੇਸ਼ ਅਦਾਲਤ 'ਚ ਸਿੰਘਲ ਅਤੇ ਹੋਰਨਾਂ ਖਿਲਾਫ ਦੋਸ਼ ਪੱਤਰ(ਚਾਰਜਸ਼ੀਟ) ਦਾਇਰ ਕੀਤਾ। ਚਾਰਜਸ਼ੀਟ ਵਿਚ 24 ਲੋਕਾਂ ਅਤੇ ਕੰਪਨੀ ਨੂੰ ਦੋਸ਼ੀ ਬਣਾਇਆ ਗਿਆ ਹੈ। ਅਦਾਲਤ ਨੇ ਸਿੰਘਲ ਦੇ ਖਿਲਾਫ 21 ਜਨਵਰੀ ਨੂੰ ਪੇਸ਼ ਹੋਣ ਦਾ ਆਦੇਸ਼ ਦਿੱਤਾ ਹੈ। ਈ.ਡੀ. ਨੇ ਪਿਛਲੇ ਸਾਲ ਨਵੰਬਰ 'ਚ ਸਿੰਘਲ ਨੂੰ ਗ੍ਰਿਫਤਾਰ ਕੀਤਾ ਸੀ, ਉਸ ਸਮੇਂ ਤੋਂ ਉਹ ਨਿਆਇਕ ਹਿਰਾਸਤ 'ਚ ਹੈ। ਏਜੰਸੀ ਦਾ ਦੋਸ਼ ਹੈ ਕਿ ਕੰਪਨੀ ਨੇ 2007 ਤੋਂ 2014 ਦੌਰਾਨ 33 ਬੈਂਕਾਂ ਅਤੇ ਵਿੱਤੀ ਸੰਸਥਾਵਾਂ ਤੋਂ ਲਏ ਹੋਏ ਲੋਨ ਵਿਚੋਂ ਵੱਡੇ ਹਿੱਸੇ ਦੀ ਹੇਰਾਫੇਰੀ ਕੀਤੀ ਹੈ। ਈਡੀ ਇਸ ਮਾਮਲੇ ਵਿਚ ਹੁਣ ਤਕ 4,229 ਕਰੋੜ ਰੁਪਏ ਦੀ ਜਾਇਦਾਦ ਕੁਰਕ ਕਰ ਚੁੱਕਾ ਹੈ। ਈਡੀ ਨੇ ਦੋਸ਼ੀ ਖ਼ਿਲਾਫ਼ ਸੀ.ਬੀ.ਆਈ. ਦੀ ਐਫ.ਆਈ.ਆਰ. ਦੇ ਅਧਾਰ 'ਤੇ ਮਨੀ ਲਾਂਡਰਿੰਗ ਐਕਟ ਤਹਿਤ ਕੇਸ ਦਰਜ ਕੀਤਾ ਹੈ। ਇਹ ਮਾਮਲਾ ਬੈਂਕ ਲੋਨ ਧੋਖਾਧੜੀ ਨਾਲ ਜੁੜਿਆ ਹੈ।


Related News