ਲਗਾਤਾਰ 24ਵੇਂ ਹਫਤੇ ਵਧਿਆ ਵਿਦੇਸ਼ੀ ਕਰੰਸੀ ਭੰਡਾਰ
Monday, Mar 16, 2020 - 01:44 AM (IST)
ਮੁੰਬਈ (ਯੂ. ਐੱਨ. ਆਈ.)-ਦੇਸ਼ ਦਾ ਵਿਦੇਸ਼ੀ ਕਰੰਸੀ ਭੰਡਾਰ 6 ਮਾਰਚ ਨੂੰ ਖਤਮ ਹਫਤੇ ’ਚ 5.70 ਅਰਬ ਡਾਲਰ ਦੇ ਭਾਰੀ ਵਾਧੇ ਨਾਲ 487.24 ਅਰਬ ਡਾਲਰ ਦੇ ਨਵੇਂ ਰਿਕਾਰਡ ਪੱਧਰ ’ਤੇ ਪਹੁੰਚ ਗਿਆ। ਇਹ ਲਗਾਤਾਰ 24ਵਾਂ ਹਫਤਾ ਹੈ, ਜਦੋਂ ਵਿਦੇਸ਼ੀ ਕਰੰਸੀ ਭੰਡਾਰ ਵਧਿਆ ਹੈ। ਇਹ ਪਹਿਲੀ ਵਾਰ 487 ਅਰਬ ਡਾਲਰ ਤੋਂ ਪਾਰ ਪੁੱਜਾ ਹੈ। ਇਸ ਤੋਂ ਪਹਿਲਾਂ 28 ਫਰਵਰੀ ਨੂੰ ਖਤਮ ਹਫਤੇ ’ਚ ਵਿਦੇਸ਼ੀ ਕਰੰਸੀ ਭੰਡਾਰ 5.42 ਅਰਬ ਡਾਲਰ ਵਧ ਕੇ 481.54 ਅਰਬ ਡਾਲਰ ’ਤੇ ਰਿਹਾ ਸੀ।
ਕੇਂਦਰੀ ਬੈਂਕ ਅਨੁਸਾਰ 6 ਫਰਵਰੀ ਨੂੰ ਖਤਮ ਹਫਤੇ ’ਚ ਵਿਦੇਸ਼ੀ ਕਰੰਸੀ ਭੰਡਾਰ ਦੇ ਸਭ ਤੋਂ ਵੱਡੇ ਸ੍ਰੋਤ ਵਿਦੇਸ਼ੀ ਕਰੰਸੀ ਜਾਇਦਾਦ ’ਚ 5.31 ਅਰਬ ਡਾਲਰ ਦਾ ਵਾਧਾ ਹੋਇਆ ਅਤੇ ਇਹ 451.14 ਅਰਬ ਡਾਲਰ ’ਤੇ ਪਹੁੰਚ ਗਈ। ਪਹਿਲੀ ਵਾਰ ਵਿਦੇਸ਼ੀ ਕਰੰਸੀ ਜਾਇਦਾਦ 450 ਅਰਬ ਡਾਲਰ ਤੋਂ ਪਾਰ ਪਹੁੰਚੀ ਹੈ। ਹਫਤੇ ਦੌਰਾਨ ਆਰ. ਬੀ. ਆਈ. ਨੇ ਸੋਨੇ ਦੀ ਖਰੀਦ ਜਾਰੀ ਰੱਖੀ, ਜਿਸ ਨਾਲ ਸੋਨਾ ਭੰਡਾਰ 32 ਕਰੋਡ਼ ਡਾਲਰ ਵਧ ਕੇ 31 ਅਰਬ ਡਾਲਰ ਹੋ ਗਿਆ। ਸਮੀਖਿਆ ਅਧੀਨ ਹਫਤੇ ’ਚ ਕੌਮਾਂਤਰੀ ਕਰੰਸੀ ਫੰਡ ਕੋਲ ਰਾਖਵੀਂ ਪੂੰਜੀ 5 ਕਰੋਡ਼ ਡਾਲਰ ਵਧ ਕੇ 3.66 ਅਰਬ ਡਾਲਰ ’ਤੇ ਅਤੇ ਵਿਸ਼ੇਸ਼ ਨਿਕਾਸੀ ਹੱਕ 1.5 ਕਰੋਡ਼ ਡਾਲਰ ਦੇ ਵਾਧੇ ਨਾਲ 1.45 ਅਰਬ ਡਾਲਰ ਹੋ ਗਿਆ।