ਖੁਰਾਕ ਮਹਿੰਗਾਈ ਦਰ 33 ਮਹੀਨਿਆਂ ਦੇ ਉੱਚੇ ਪੱਧਰ ’ਤੇ

Wednesday, May 15, 2019 - 08:24 PM (IST)

ਖੁਰਾਕ ਮਹਿੰਗਾਈ ਦਰ 33 ਮਹੀਨਿਆਂ ਦੇ ਉੱਚੇ ਪੱਧਰ ’ਤੇ

ਨਵੀਂ ਦਿੱਲੀ- ਥੋਕ ਮੁੱਲ ਸੂਚਕ ਅੰਕ ਨਾਲ ਅਪ੍ਰੈਲ ’ਚ ਮਹਿੰਗਾਈ ਨੂੰ ਮਾਪਿਆ ਗਿਆ ਪਰ ਸਬਜੀਆਂ , ਅਨਾਜ, ਕਣਕ ਅਤੇ ਦਾਲਾਂ ਦੀਆਂ ਕੀਮਤਾਂ ’ਚ ਉਛਾਲ ਕਾਰਨ ਖੁਰਾਕ ਮਹਿੰਗਾਈ ਦਰ 33 ਮਹੀਨਿਆਂ ਦੇ ਉੱਚੇ ਪੱਧਰ 7.4 ਫ਼ੀਸਦੀ ’ਤੇ ਪਹੁੰਚ ਗਈ। ਵਣਜ ਅਤੇ ਉਦਯੋਗ ਮੰਤਰਾਲਾ ਵਲੋਂ ਜਾਰੀ ਗਏ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਮਹੀਨਾਵਾਰੀ ਡਬਲਯੂ. ਪੀ. ਆਈ. (ਥੋਕ ਮੁੱਲ ਸੂਚਕ ਅੰਕ ) ਦੇ ਆਧਾਰ ’ਤੇ ਮਹਿੰਗਾਈ ਦੀ ਸਾਲਾਨਾ ਦਰ ਅਪ੍ਰੈਲ ’ਚ 3.1 ਫ਼ੀਸਦੀ ਰਹੀ ਜੋ ਪਿਛਲੇ ਮਹੀਨੇ 3.2 ਫ਼ੀਸਦੀ ਸੀ ਜਦੋਂ ਕਿ ਪਿਛਲੇ ਸਾਲ ਦੇ ਇਸ ਮਹੀਨੇ ਦੌਰਾਨ ਇਹ 3.6 ਫ਼ੀਸਦੀ ’ਤੇ ਰਹੀ ਸੀ।ਇਨਫੋਸਿਸ ਦੇ ਐਗਰੀਕਲਚਰ ਚੇਅਰ ਪ੍ਰੋਫੈਸਰ ਅਸ਼ੋਕ ਗੁਲਾਟੀ ਨੇ ਕਿਹਾ ਕਿ 2018 ਦੀ ਮੰਦੀ ਤੋਂ ਬਾਅਦ ਖੁਰਾਕੀ ਪਦਾਰਥਾਂ ਦੀਆਂ ਕੀਮਤਾਂ ’ਚ ਤੇਜੀ ਦਰਜ ਕੀਤੀ ਜਾ ਰਹੀ ਹੈ। ਇਹ ਬਿਲਕੁੱਲ ਵੀ ਚਿੰਤਾਜਨਕ ਨਹੀਂ ਹੈ ਪਰ ਕਿਸਾਨਾਂ ਲਈ ਇਹ ਚੰਗੀ ਖਬਰ ਹੈ। ਖਪਤਕਾਰ ਨੂੰ ਪ੍ਰਚੂਨ ਕੀਮਤਾਂ ’ਚ ਕੁਝ ਵਾਧੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਪਰ ਸਰਕਾਰ ਕਣਕ ਅਤੇ ਚੌਲਾਂ ਦੇ ਸਟਾਕ ਨੂੰ ਬਾਜ਼ਾਰ ’ਚ ਉਤਾਰ ਕੇ ਕੀਮਤਾਂ ਨੂੰ ਆਸਾਨੀ ਨਾਲ ਕੰਟਰੋਲ ਕਰ ਸਕਦੀ ਹੈ।

ਅਰਥਸ਼ਾਸਤਰੀਆਂ ਨੇ ਕਿਹਾ ਕਿ ਜੁਲਾਈ ਤੋਂ ਦਸੰਬਰ 2018 ਤੱਕ ਹਰ ਮਹੀਨੇ ਗਿਰਾਵਟ ਦਰਜ ਕਰਨ ਤੋਂ ਬਾਅਦ ਪਿਛਲੇ 4 ਮਹੀਨਿਆਂ ’ਚ ਖਾਣ-ਪੀਣ ਵਾਲੇ ਪਦਾਰਥਾਂ ਦੀਆਂ ਕੀਮਤਾਂ ’ਚ ਲਗਾਤਾਰ ਵਾਧਾ ਵੇਖਿਆ ਗਿਆ ਹੈ। ਕੇਅਰ ਰੇਟਿੰਗ ’ਚ ਮੁੱਖ ਅਰਥਸ਼ਾਸਤਰੀ ਮਦਨ ਸਬਨਾਵਿਸ ਦੱਸਦੇ ਹਨ ਕਿ ਇਸ ਨੂੰ ਖੁਰਾਕੀ ਲੇਖਾਂ ’ਚ ਅਪਸਫੀਤੀ ’ਚ ਗਿਰਾਵਟ ਦੇ ਰੂਪ ’ਚ ਵੇਖਿਆ ਜਾ ਸਕਦਾ ਹੈ।ਰੇਟਿੰਗ ਏਜੰਸੀ ਕ੍ਰਿਸਿਲ ਦੇ ਮੁੱਖ ਅਰਥਸ਼ਾਸਤਰੀ ਡੀ. ਕੇ. ਜੋਸ਼ੀ ਨੇ ਕਿਹਾ ਕਿ ਡਬਲਯੂ. ਪੀ. ਆਈ. ਮਹਿੰਗਾਈ ਦੀ ਗਤੀਸ਼ੀਲਤਾ ਖੁਰਾਕ ਮਹਿੰਗਾਈ ਦੇ ਵਧਣ ਅਤੇ ਗੈਰ-ਖੁਰਾਕ ਮਹਿੰਗਾਈ ਦੇ ਨਾਲ ਬਦਲ ਰਹੀ ਹੈ ਜੋ ਡਿਗਦੀ ਹੋਈ ਆਰਥਕ ਮੰਦੀ ਦਾ ਸੰਕੇਤ ਹੈ।

ਜੋਸ਼ੀ ਨੇ ਕਿਹਾ ਕਿ ਪੁਰਾਣੇ ਅੰਕੜਿਆਂ ਦੇ ਰੁਝਾਨਾਂ ਤੋਂ ਪਤਾ ਲੱਗਦਾ ਹੈ ਕਿ ਡਬਲਯੂ. ਪੀ. ਆਈ. ਖੁਰਾਕ ਮਹਿੰਗਾਈ ਦਰ ਸਿੱਧੇ ਤੌਰ ’ਤੇ ਸੀ. ਪੀ. ਆਈ. (ਖਪਤਕਾਰ ਮੁੱਲ ਸੂਚਕ ਅੰਕ) ਖੁਰਾਕ ਮਹਿੰਗਾਈ ਨੂੰ ਪ੍ਰਭਾਵਿਤ ਕਰਦੀ ਹੈ ਇਸ ਲਈ ਆਉਣ ਵਾਲੇ ਮਹੀਨਿਆਂ ’ਚ ਡਬਲਯੂ. ਪੀ. ਆਈ. ਖੁਰਾਕ ਮਹਿੰਗਾਈ ਵਧਣ ਨਾਲ ਸੀ. ਪੀ. ਆਈ. ਖੁਰਾਕ ਮਹਿੰਗਾਈ ਵੀ ਵਧਦੀ ਰਹੇਗੀ।ਕੁਝ ਹੋਰ ਅਰਥਸ਼ਾਸਤਰੀਆਂ ਨੇ ਕਿਹਾ ਕਿ ਪ੍ਰਚੂਨ ਪੱਧਰ ’ਤੇ ਥੋਕ ਖੁਰਾਕੀ ਪਦਾਰਥਾਂ ਦੀਆਂ ਵਧਦੀਆਂ ਕੀਮਤਾਂ ਦਾ ਪ੍ਰਭਾਵ ਹੋ ਸਕਦਾ ਹੈ ਇਸ ਲਈ ਇਸ ’ਤੇ ਸਾਵਧਾਨੀ ਨਾਲ ਨਜ਼ਰ ਰੱਖਣ ਦੀ ਜ਼ਰੂਰਤ ਹੈ। ਐਡਲਵਾਇਸ ਸਕਿਓਰਿਟੀਜ ’ਚ ਮਾਧਵੀ ਅਰੋੜਾ ਨੇ ਕਿਹਾ, ‘‘ਸਾਨੂੰ ਲੱਗਦਾ ਹੈ ਕਿ ਪ੍ਰਮੁੱਖ ਖੁਰਾਕੀ ਪਦਾਰਥਾਂ ਦੀਆਂ ਕੀਮਤਾਂ ਨੇ ਵਾਧਾ ਸ਼ੁਰੂ ਕਰ ਦਿੱਤਾ ਹੈ ਜੋ ਸੀ. ਪੀ. ਆਈ. ਮਹਿੰਗਾਈ ’ਚ ਵੀ ਵਿਖਾਈ ਦਿੱਤਾ ਸੀ, ਹਾਲਾਂਕਿ ਪ੍ਰਚੂਨ ਖੇਤਰ ’ਚ ਵਾਧਾ ਸੀਮਿਤ ਹੈ। ਹੋਰ ਡਬਲਯੂ. ਪੀ. ਆਈ. ਖੁਰਾਕੀ ਪਦਾਰਥਾਂ ਦੀਆਂ ਕੀਮਤਾਂ ’ਚ ਮਾਰਚ ’ਚ ਗਿਰਾਵਟ ਤੋਂ ਬਾਅਦ ਦਾਲ ਦੀਆਂ ਕੀਮਤਾਂ ’ਚ ਤੇਜੀ ਨਾਲ ਵਾਧਾ ਹੋਇਆ ਹੈ ਅਤੇ ਸਾਲ-ਦਰ-ਸਾਲ ਆਧਾਰ ’ਤੇ ਦਾਲਾਂ ਦੀ ਮਹਿੰਗਾਈ 14 ਫ਼ੀਸਦੀ ਤੋਂ ਉੱਤੇ ਚੱਲ ਰਹੀ ਹੈ। ਇਹੀ ਹਾਲਾਤ ਅਨਾਜ ਦੇ ਮਾਮਲੇ ’ਚ ਵੀ ਹੈ, ਅਨਾਜ ਮਹਿੰਗਾਈ 8.5 ਫ਼ੀਸਦੀ ’ਤੇ ਰਹੀ ਹੈ।

ਅਰੋੜਾ ਨੇ ਕਿਹਾ ਕਿ ਇਹ ਦਰਸਾਉਂਦਾ ਹੈ ਕਿ ਹਾਲ ਹੀ ਦੇ ਮਹੀਨਿਆਂ ’ਚ ਥੋਕ ਖੁਰਾਕੀ ਕੀਮਤਾਂ ’ਚ ਸੀ. ਪੀ. ਆਈ. ਖਾਣ-ਪੀਣ ਵਾਲੇ ਪਦਾਰਥਾਂ ਦੀਆਂ ਕੀਮਤਾਂ ਦੇ ਮੁਕਾਬਲੇ ਬਹੁਤ ਜਿਆਦਾ ਤੇਜੀ ਆਈ ਹੈ ਅਤੇ ਅਖੀਰ ਇਹ ਜਰੂਰੀ ਹੈ ਕਿ ਪ੍ਰਚੂਨ ਕੀਮਤਾਂ ਦੇ ਕੰਟਰੋਲ ਲਈ ਇਕ ਜਮ੍ਹਾ ਸਟਾਕ ਹੋਵੇ ਅਤੇ ਆਉਣ ਵਾਲੇ ਮਹੀਨਿਆਂ ’ਚ ਖੇਤੀਬਾੜੀ ਵਪਾਰ, ਰੁਪਏ ਅਤੇ ਤੇਲ ਦੀਆਂ ਕੀਮਤਾਂ ’ਚ ਸੁਧਾਰ ’ਤੇ ਨੀਤੀਗਤ ਧਿਆਨ ਦੇਣਾ ਮਹੱਤਵਪੂਰਣ ਹੋਵੇਗਾ।


author

satpal klair

Content Editor

Related News