ਬਜਟ 2022-23 ਦੀ ਤਿਆਰੀ, 12 ਅਕਤੂਬਰ ਤੋਂ ਸ਼ੁਰੂ ਹੋਵੇਗਾ ਮੀਟਿੰਗਾਂ ਦਾ ਦੌਰ

Tuesday, Sep 21, 2021 - 09:00 AM (IST)

ਬਜਟ 2022-23 ਦੀ ਤਿਆਰੀ, 12 ਅਕਤੂਬਰ ਤੋਂ ਸ਼ੁਰੂ ਹੋਵੇਗਾ ਮੀਟਿੰਗਾਂ ਦਾ ਦੌਰ

ਨਵੀਂ ਦਿੱਲੀ- ਵਿੱਤ ਮੰਤਰਾਲਾ 12 ਅਕਤੂਬਰ ਤੋਂ 2022-23 ਦਾ ਸਾਲਾਨਾ ਬਜਟ ਤਿਆਰ ਕਰਨ ਦੀ ਕਵਾਇਦ ਸ਼ੁਰੂ ਕਰਨ ਜਾ ਰਿਹਾ ਹੈ। ਕੋਵਿਡ-19 ਮਹਾਮਾਰੀ ਨਾਲ ਪ੍ਰਭਾਵਿਤ ਭਾਰਤੀ ਅਰਥਵਿਵਸਥਾ ਵਿਚ ਸੁਧਾਰ ਦੇ ਸੰਕੇਤਾਂ ਵਿਚਕਾਰ ਬਜਟ ਦੀਆਂ ਤਿਆਰੀਆਂ ਸ਼ੁਰੂ ਹੋ ਰਹੀਆਂ ਹਨ। ਇਸ ਵਾਰ ਦੇ ਬਜਟ ਵਿਚ ਮੰਗ ਪੈਦਾ ਕਰਨ, ਰੁਜ਼ਗਾਰ ਅਤੇ ਜੀ. ਡੀ. ਪੀ. ਵਧਾਉਣ ਵਰਗੇ ਕਈ ਸਾਰੇ ਮਹੱਤਵਪੂਰਨ ਮੁੱਦਿਆਂ 'ਤੇ ਧਿਆਨ ਕੇਂਦਰਤ ਕੀਤਾ ਜਾਵੇਗਾ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦਾ ਇਹ ਚੌਥਾ ਬਜਟ ਹੋਵੇਗਾ।

ਬਜਟ ਡਿਵੀਜ਼ਨ ਦੇ ਬਜਟ ਸਰਕੂਲਰ 2022-23 ਅਨੁਸਾਰ ਪ੍ਰੀ-ਬਜਟ ਮੀਟਿੰਗਾਂ ਭਾਵ ਬਜਟ ਤੋਂ ਪਹਿਲਾਂ ਦੀਆਂ ਮੀਟਿੰਗਾਂ 12 ਅਕਤੂਬਰ 2021 ਤੋਂ ਸ਼ੁਰੂ ਹੋਣਗੀਆਂ। ਵਿੱਤੀ ਸਕੱਤਰ, ਹੋਰ ਸਕੱਤਰਾਂ ਅਤੇ ਵਿੱਤੀ ਸਲਾਹਕਾਰਾਂ ਨਾਲ ਬਜਟ 'ਤੇ ਵਿਚਾਰ-ਵਟਾਂਦਰਾ ਪੂਰਾ ਕਰਨ ਤੋਂ ਬਾਅਦ 2022-23 ਦੇ ਬਜਟ ਅਨੁਮਾਨਾਂ (ਬੀ. ਈ.) ਨੂੰ ਅੰਤਮ ਰੂਪ ਦਿੱਤਾ ਜਾਵੇਗਾ। ਇਹ ਮੀਟਿੰਗਾਂ ਨਵੰਬਰ ਦੇ ਦੂਜੇ ਹਫ਼ਤੇ ਤੱਕ ਜਾਰੀ ਰਹਿਣਗੀਆਂ।

ਗੌਰਤਲਬ ਹੈ ਕਿ ਬਜਟ ਤੋਂ ਪਹਿਲਾਂ ਸਤੰਬਰ ਵਿਚ ਸਾਰੇ ਮੰਤਰਾਲਿਆਂ, ਵਿਭਾਗਾਂ ਤੋਂ ਉਨ੍ਹਾਂ ਦੇ ਖਰਚ ਦਾ ਵੇਰਵਾ ਮੰਗਿਆਂ ਜਾਂਦਾ ਹੈ ਅਤੇ ਅਕਤੂਬਰ-ਨਵੰਬਰ ਵਿਚ ਵਿੱਤ ਮੰਤਰਾਲਾ ਤੈਅ ਕਰਦਾ ਹੈ ਕਿ ਕਿਸ ਨੂੰ ਕਿੰਨਾ ਫੰਡ ਦੇਣਾ ਹੈ। ਬਜਟ ਪੇਸ਼ ਹੋਣ ਤੋਂ ਹਫ਼ਤੇ ਭਰ ਪਹਿਲਾਂ ਵਿੱਤ ਮੰਤਰਾਲਾ ਵਿਚ ਹਲਵਾ ਰਸਮ ਹੁੰਦੀ ਹੈ। ਫਿਰ ਰਾਸ਼ਟਰਪਤੀ ਦੀ ਮਨਜ਼ੂਰੀ ਮਿਲਣ ਪਿੱਛੋਂ ਸੰਸਦ ਵਿਚ ਬਜਟ ਪੇਸ਼ ਕੀਤਾ ਜਾਂਦਾ ਹੈ। ਕੇਂਦਰੀ ਬਜਟ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ 1 ਫਰਵਰੀ, 2022 ਨੂੰ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ, ਜਿਵੇਂ ਕਿ ਪਿਛਲੇ ਕੁਝ ਸਾਲਾਂ ਤੋਂ ਕੀਤਾ ਜਾ ਰਿਹਾ ਹੈ। ਐੱਨ. ਡੀ. ਏ. ਸਰਕਾਰ ਦੇ ਦੂਜੇ ਕਾਰਜਕਾਲ ਵਿਚ ਇਹ ਚੌਥਾ ਬਜਟ ਹੋਵੇਗਾ।


author

Sanjeev

Content Editor

Related News