ਮੂਧੇ ਮੂੰਹ ਡਿਗਿਆ ਰੁਪਇਆ! ਇਕ ਡਾਲਰ ਦੇ ਮੁਕਾਬਲੇ 86.62 ਦੇ ਇਤਿਹਾਸਕ ਹੇਠਲੇ ਪੱਧਰ ’ਤੇ
Tuesday, Jan 14, 2025 - 11:47 AM (IST)
ਮੁੰਬਈ (ਭਾਸ਼ਾ) - ਭਾਰਤੀ ਕਰੰਸੀ ਰੁਪਇਆ ਅਮਰੀਕੀ ਡਾਲਰ ਦੇ ਮੁਕਾਬਲੇ ਆਪਣੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ ’ਤੇ ਪਹੁੰਚ ਗਿਆ ਹੈ। ਕਰੰਸੀ ਬਾਜ਼ਾਰ ’ਚ ਰੁਪਇਆ 58 ਪੈਸੇ ਟੁੱਟ ਕੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 86.62 ’ਤੇ ਪਹੁੰਚ ਗਿਆ। ਨਿਰਮਲ ਬੰਗ ਇੰਸਟੀਚਿਊਸ਼ਨਲ ਇਕੁਇਟੀਜ਼ ਨੇ ਆਪਣੀ ਇਕ ਰਿਪੋਰਟ ’ਚ ਕਿਹਾ ਹੈ ਕਿ ਇਕ ਡਾਲਰ ਦੇ ਮੁਕਾਬਲੇ ਰੁਪਏ ਦਾ ਔਸਤ ਰੇਟ ਵਿੱਤੀ ਸਾਲ 2025-26 ’ਚ 88 ਦੇ ਪੱਧਰ ਤੱਕ ਡਿੱਗ ਸਕਦਾ ਹੈ।
ਰੁਪਏ ’ਚ ਗਿਰਾਵਟ ਦੇ ਕਾਰਨ
ਰੁਪਏ ਦੀ ਇਸ ਇਤਿਹਾਸਕ ਗਿਰਾਵਟ ਪਿੱਛੇ ਕਈ ਪ੍ਰਮੁੱਖ ਕਾਰਕ ਜ਼ਿੰਮੇਵਾਰ ਹਨ। ਮਾਹਿਰਾਂ ਅਨੁਸਾਰ ਕੌਮਾਂਤਰੀ ਬਾਜ਼ਾਰ ’ਚ ਡਾਲਰ ਦੀ ਮਜ਼ਬੂਤੀ, ਵਿਦੇਸ਼ੀ ਨਿਵੇਸ਼ਕਾਂ ਦੀ ਬਿਕਵਾਲੀ ਅਤੇ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਨੇ ਰੁਪਏ ’ਤੇ ਦਬਾਅ ਵਧਾ ਦਿੱਤਾ ਹੈ। ਇਸ ਤੋਂ ਇਲਾਵਾ ਅਮਰੀਕੀ ਖਜ਼ਾਨਾ ਭੰਡਾਰ ’ਚ ਉਛਾਲ ਅਤੇ ਘਰੇਲੂ ਬਾਜ਼ਾਰ ’ਚ ਵਧਦੀਆਂ ਆਰਥਿਕ ਬੇਭਰੋਸਗੀਆਂ ਨੇ ਵੀ ਭਾਰਤੀ ਕੰਰਸੀ ਨੂੰ ਕਮਜ਼ੋਰ ਕੀਤਾ ਹੈ।
ਡਾਲਰ ਇੰਡੈਕਸ ’ਚ ਵਾਧਾ
ਡਾਲਰ ਇੰਡੈਕਸ 109.98 ਦੇ ਪੱਧਰ ਤੱਕ ਪਹੁੰਚ ਚੁੱਕਿਆ ਹੈ, ਜੋ ਨਵੰਬਰ 2022 ਤੋਂ ਬਾਅਦ ਦਾ ਸਭ ਤੋਂ ਉੱਚਾ ਪੱਧਰ ਹੈ। ਐਕਸਿਸ ਸਕਿਓਰਿਟੀਜ਼ ਦੇ ਰਿਸਰਚ ਹੈੱਡ ਅਕਸ਼ੇ ਚਿੰਚਾਲਕਰ ਅਨੁਸਾਰ ਡਾਲਰ ਦੀ ਮਜ਼ਬੂਤੀ ਅਤੇ ਕੱਚੇ ਤੇਲ ਦੀਆਂ ਕੀਮਤਾਂ ’ਚ ਵਾਧੇ ਨੇ ਰੁਪਏ ਨੂੰ ਕਮਜ਼ੋਰ ਕੀਤਾ ਹੈ। ਮਾਰਚ ਦੇ ਅੰਤ ਤੱਕ ਰੁਪਏ ਦੇ 87 ਦੇ ਪੱਧਰ ਤੱਕ ਪੁੱਜਣ ਦੀ ਸੰਭਾਵਨਾ 80 ਫ਼ੀਸਦੀ ਹੈ।
ਰੁਪਏ ਦੀ ਗਿਰਾਵਟ ਨਾਲ ਭਾਰਤ ਦੀ ਦਰਾਮਦ ਲਾਗਤ ’ਤੇ ਅਸਰ
ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਰੁਪਏ ’ਚ ਗਿਰਾਵਟ ਦਾ ਸਿੱਧਾ ਅਸਰ ਭਾਰਤ ਦੀ ਦਰਾਮਦ ਲਾਗਤ ’ਤੇ ਪਵੇਗਾ। ਵਿਸ਼ੇਸ਼ ਤੌਰ ’ਤੇ ਕੱਚੇ ਤੇਲ ਅਤੇ ਹੋਰ ਜ਼ਰੂਰੀ ਵਸਤਾਂ ਦੀਆਂ ਵਧਦੀਆਂ ਕੀਮਤਾਂ ਘਰੇਲੂ ਮਹਿੰਗਾਈ ਦਰ ਨੂੰ ਵਧਾ ਸਕਦੀਆਂ ਹਨ। ਇਸ ਤੋਂ ਇਲਾਵਾ ਚਾਲੂ ਖਾਤੇ ਦਾ ਘਾਟਾ (ਕੈਡ) ਵਧਣ ਦੀ ਸੰਭਾਵਨਾ ਹੈ, ਜਿਸ ਨਾਲ ਭਾਰਤੀ ਅਰਥਵਿਵਸਥਾ ’ਤੇ ਹੋਰ ਜ਼ਿਆਦਾ ਦਬਾਅ ਪੈ ਸਕਦਾ ਹੈ।
ਕੱਚੇ ਤੇਲ ਦੇ ਮੁੱਲ ਉੱਛਲੇ
ਕੱਚੇ ਤੇਲ ਦੇ ਮੁੱਲ 80 ਡਾਲਰ ਪ੍ਰਤੀ ਬੈਰਲ ਨੂੰ ਪਾਰ ਕਰਦੇ ਹੋਏ 4 ਮਹੀਨਿਆਂ ਦੇ ਉੱਚੇ ਪੱਧਰ ’ਤੇ ਜਾ ਪੁੱਜੇ ਹਨ। ਬ੍ਰੇਂਟ ਕਰੂਡ ਆਇਲ 81 ਡਾਲਰ ਪ੍ਰਤੀ ਬੈਰਲ ਤੋਂ ਪਾਰ ਕਾਰੋਬਾਰ ਕਰ ਰਿਹਾ ਹੈ। ਅਮਰੀਕਾ ਨੇ ਰੂਸ ਦੀਆਂ ਤੇਲ ਉਤਪਾਦਕ ਕੰਪਨੀਆਂ ਅਤੇ ਤੇਲ ਲਿਜਾਣ ਵਾਲੇ ਜਹਾਜ਼ਾਂ ’ਤੇ ਨਵੇਂ ਸਿਰਿਓਂ ਪਾਬੰਦੀ ਲਾ ਦਿੱਤੀ ਹੈ।
ਅਮਰੀਕਾ ਦਾ ਮੰਨਣਾ ਹੈ ਕਿ ਰੂਸ ਭਾਰਤ ਅਤੇ ਚੀਨ ਵਰਗੇ ਦੇਸ਼ਾਂ ਨੂੰ ਸਸਤਾ ਕੱਚਾ ਤੇਲ ਅਤੇ ਗੈਸ ਵੇਚ ਕੇ ਯੂਕ੍ਰੇਨ ਨਾਲ ਜਾਰੀ ਜੰਗ ਦੀ ਫੰਡਿੰਗ ਕਰ ਰਿਹਾ ਹੈ।