ਭਾਰਤ ਦੇ ਫਾਰਮਾ ਸੈਕਟਰ ਦਾ ਐਕਸਪੋਰਟ 8.36 ਫੀਸਦੀ ਵਧਿਆ
Friday, Aug 16, 2024 - 06:29 PM (IST)
ਨਵੀਂ ਦਿੱਲੀ, (ਅਨਸ) – ਭਾਰਤ ਦੇ ਫਾਰਮਾ ਸੈਕਟਰ ਦਾ ਐਕਸਪੋਰਟ ਜੁਲਾਈ ’ਚ 8.36 ਫੀਸਦੀ ਵਧ ਕੇ 2.31 ਅਰਬ ਡਾਲਰ ਹੋ ਗਿਆ। ਫਾਰਮਾ ਐਕਸਪੋਰਟ ’ਚ ਵਾਧੇ ਦਾ ਕਾਰਨ ਪੱਛਮੀ ਦੇਸ਼ਾਂ ’ਚ ਭਾਰਤ ’ਚ ਬਣੀਆਂ ਜੈਨੇਰਿਕ ਦਵਾਈਆਂ ਦੀ ਲੋਕਪ੍ਰਿਯਤਾ ਵਧਣਾ ਹੈ।
ਮਾਲੀ ਸਾਲ 2023-24 ’ਚ ਭਾਰਤ ਦੇ ਫਾਰਮਾ ਸੈਕਟਰ ਦੇ ਐਕਸਪੋਰਟ ’ਚ ਸਾਲਾਨਾ ਆਧਾਰ ’ਤੇ 9.67 ਫੀਸਦੀ ਦਾ ਵਾਧਾ ਹੋਇਆ ਸੀ ਅਤੇ ਇਹ 27.9 ਅਰਬ ਡਾਲਰ ’ਤੇ ਰਿਹਾ ਸੀ।
ਭਾਰਤ ਦੇ ਫਾਰਮਾ ਐਕਸਪੋਰਟ ’ਚ ਅਮਰੀਕਾ ਦੀ ਹਿੱਸੇਦਾਰੀ 31 ਫੀਸਦੀ ਹੈ। ਇਸ ਤੋਂ ਬਾਅਦ ਯੂ. ਕੇ. ਅਤੇ ਨੀਦਰਲੈਂਡ ਦੀ ਹਿੱਸੇਦਾਰੀ 3-3 ਫੀਸਦੀ ਹੈ। ਬ੍ਰਾਜ਼ੀਲ, ਦੱਖਣੀ ਅਫਰੀਕਾ, ਆਇਰਲੈਂਡ ਅਤੇ ਸਵੀਡਨ ਭਾਰਤ ਲਈ ਨਵੇਂ ਐਕਸਪੋਰਟ ਬਾਜ਼ਾਰ ਹਨ। ਤਾਜ਼ਾ ਆਰਥਿਕ ਸਰਵੇਖਣ ਅਨੁਸਾਰ ਮਾਲੀ ਸਾਲ 2023-24 ’ਚ ਭਾਰਤ ਦੇ ਕੁਲ ਐਕਸਪੋਰਟ ’ਚ ਫਾਰਮਾ ਸੈਕਟਰ ਦੀ ਹਿੱਸੇਦਾਰੀ 6.4 ਫੀਸਦੀ ਹੋ ਗਈ ਹੈ, ਜੋਕਿ ਮਾਲੀ ਸਾਲ 2018-19 ’ਚ 5.8 ਫੀਸਦੀ ਸੀ।