ਜਾਪਾਨ-ਅਮਰੀਕਾ ਸਮੇਤ ਦੁਨੀਆ ਭਰ ਦੇ ਸ਼ੇਅਰ ਬਾਜ਼ਾਰਾਂ ’ਚ ਭੂਚਾਲ, ਨਿਵੇਸ਼ਕਾਂ ਦੇ ਅਰਬਾਂ ਰੁਪਏ ਡੁੱਬੇ

Saturday, Aug 03, 2024 - 10:29 AM (IST)

ਜਾਪਾਨ-ਅਮਰੀਕਾ ਸਮੇਤ ਦੁਨੀਆ ਭਰ ਦੇ ਸ਼ੇਅਰ ਬਾਜ਼ਾਰਾਂ ’ਚ ਭੂਚਾਲ, ਨਿਵੇਸ਼ਕਾਂ ਦੇ ਅਰਬਾਂ ਰੁਪਏ ਡੁੱਬੇ

ਨਵੀਂ ਦਿੱਲੀ (ਵਿਸ਼ੇਸ਼) - ਅਮਰੀਕਾ ’ਚ ਫੈਡਰਲ ਰਿਜ਼ਰਵ ਵੱਲੋਂ ਵਿਆਜ ਦਰਾਂ ’ਚ ਕਟੌਤੀ ਨਾ ਕੀਤੇ ਜਾਣ, ਮਿਡਲ ਈਸਟ ’ਚ ਇਜ਼ਰਾਈਲ ਅਤੇ ਈਰਾਨ ਦੇ ਵਿਚਾਲੇ ਚੱਲ ਰਹੇ ਤਣਾਅ ਅਤੇ ਸ਼ੁੱਕਰਵਾਰ ਸ਼ਾਮ ਅਮਰੀਕਾ ’ਚ ਆਏ ਜਾਬ ਮਾਰਕੀਟ ਦੇ ਅੰਕੜਿਆਂ ਕਾਰਨ ਦੁਨੀਆ ਭਰ ਦੇ ਬਾਜ਼ਾਰ ‘ਲਾਲ’ ਹੋ ਗਏ ਹਨ।

ਬੀਤੇ ਦੋ ਦਿਨਾਂ ਦੇ ਕਾਰੋਬਾਰੀ ਸੈਸ਼ਨ ਦੌਰਾਨ ਹੀ ਅਮਰੀਕਾ ਅਤੇ ਯੂਰਪ ਸਮੇਤ ਏਸ਼ੀਆ ਦੇ ਸਮੁੱਚੇ ਬਾਜ਼ਾਰ ਟੁੱਟਦੇ ਹੋਏ ਨਜ਼ਰ ਆਏ। ਅਮਰੀਕਾ ’ਚ ਡਾਓ ਜੋਂਸ ਇੰਡੈਕਸ ਇਸ ਹਫ਼ਤੇ ਲੱਗਭਗ 4 ਫੀਸਦੀ ਟੁੱਟ ਗਿਆ ਹੈ, ਜਦੋਂ ਕਿ ਨੈਸਡੈਕ ’ਚ ਇਸ ਹਫ਼ਤੇ 5 ਫੀਸਦੀ ਦੀ ਗਿਰਾਵਟ ਆਈ ਹੈ। ਜਾਪਾਨ ਦਾ ਇੰਡੈਕਸ ਨਿੱਕੇਈ-225 ਸ਼ੁੱਕਰਵਾਰ ਨੂੰ ਲੱਗਭਗ 6 ਫੀਸਦੀ ਡਿੱਗ ਕੇ ਬੰਦ ਹੋਇਆ। ਜਾਪਾਨੀ ਬਾਜ਼ਾਰ ’ਚ ਪਿਛਲੇ ਇਕ ਮਹੀਨੇ ’ਚ ਸਾਢੇ 11 ਫੀਸਦੀ ਦੀ ਗਿਰਾਵਟ ਆਈ ਹੈ।

ਕੋਰੀਆ ਦਾ ਇੰਡੈਕਸ ਕੋਸਪੀ ਸ਼ੁੱਕਰਵਾਰ ਨੂੰ ਪੌਣੇ 4 ਫੀਸਦੀ ਦੀ ਗਿਰਾਵਟ ਨਾਲ ਬੰਦ ਹੋਇਆ। ਤਾਈਵਾਨ ਦੇ ਇੰਡੈਕਸ ਤਾਈਵਾਨ ਵੇਟਿਡ ’ਚ ਵੀ ਪੌਣੇ 5 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ। ਇਹ ਇੰਡੈਕਸ ਇਕ ਮਹੀਨੇ ’ਚ ਪੌਣੇ 7 ਫੀਸਦੀ ਡਿਗ ਚੁੱਕਾ ਹੈ।

ਯੂਰਪੀ ਬਾਜ਼ਾਰਾਂ ’ਚ ਵੀ ਤੇਜ਼ ਗਿਰਾਵਟ ਵੇਖਣ ਨੂੰ ਮਿਲ ਰਹੀ ਹੈ। ਖਬਰ ਲਿਖੇ ਜਾਣ ਤੱਕ ਅਮਰੀਕੀ ਬਾਜ਼ਾਰਾਂ ’ਚ ਵੀ ਗਿਰਾਵਟ ਦਾ ਸਿਲਸਿਲਾ ਜਾਰੀ ਹੈ। ਦੁਨੀਆ ਭਰ ਦੇ ਬਾਜ਼ਾਰਾਂ ’ਚ ਆਈ ਗਿਰਾਵਟ ਨਾਲ ਨਿਵੇਸ਼ਕਾਂ ਦੇ ਅਰਬਾਂ ਰੁਪਏ ਡੁੱਬ ਗਏ ਹਨ।

ਬੀ. ਐੱਸ. ਈ. ਅਤੇ ਐੱਨ. ਐੱਸ. ਈ. ਦੇ ਸਾਰੇ ਇੰਡੈਕਸ ਲਾਲ ਨਿਸ਼ਾਨ ’ਚ ਬੰਦ

ਭਾਰਤ ’ਚ ਕਮਿੰਸ ਦੇ ਸ਼ੇਅਰ ’ਚ ਸਭ ਤੋਂ ਜ਼ਿਆਦਾ 7.97 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ, ਜਦੋਂ ਕਿ ਐੱਸਕਾਰਟ, ਕੁਬੋਟਾ ਦਾ ਸ਼ੇਅਰ 5.89 ਫ਼ੀਸਦੀ, ਬਿਰਲਾ ਸਾਫਟ ਦਾ ਸ਼ੇਅਰ 5.85 ਫ਼ੀਸਦੀ, ਆਇਸ਼ਰ ਮੋਟਰ ਦਾ ਸ਼ੇਅਰ 4.87 ਫ਼ੀਸਦੀ, ਓਰੈਕਲ ਫਾਈਨਾਂਸ ਸਰਵਿਸਿਜ਼ ਦਾ ਸ਼ੇਅਰ 4.77 ਫ਼ੀਸਦੀ, ਮਾਰੂਤੀ-ਸੁਜ਼ੂਕੀ ਦਾ 4.73 ਫ਼ੀਸਦੀ, ਟਾਟਾ ਮੋਟਰ ਦਾ ਸ਼ੇਅਰ 4.17 ਫ਼ੀਸਦੀ, ਯੂ. ਪੀ. ਐੱਲ. ਦਾ ਸ਼ੇਅਰ 4.07 ਫ਼ੀਸਦੀ, ਟਰੈਂਟ ਦਾ ਸ਼ੇਅਰ 4.02 ਫ਼ੀਸਦੀ ਅਤੇ ਗੋਦਰੇਜ ਪ੍ਰਾਪਰਟੀ ਦਾ ਸ਼ੇਅਰ 4.01 ਫ਼ੀਸਦੀ ਦੀ ਗਿਰਾਵਟ ਨਾਲ ਬੰਦ ਹੋਇਆ।

ਨਿਫਟੀ ਦੇ 1497 ਸ਼ੇਅਰਾਂ ’ਚ ਗਿਰਾਵਟ ਦੇਖਣ ਨੂੰ ਮਿਲੀ, ਜਦੋਂ ਕਿ 857 ਸ਼ੇਅਰ ਤੇਜ਼ੀ ਦੇ ਨਾਲ ਬੰਦ ਹੋਏ। ਇਸੇ ਤਰ੍ਹਾਂ ਸੈਂਸੈਕਸ ਦੇ 25 ਸ਼ੇਅਰਾਂ ’ਚ ਗਿਰਾਵਟ ਰਹੀ, ਜਦੋਂ ਕਿ 5 ਸ਼ੇਅਰ ਹਰੇ ਨਿਸ਼ਾਨ ਨਾਲ ਬੰਦ ਹੋਏ। ਬੀ. ਐੱਸ. ਈ. ਅਤੇ ਐੱਨ. ਐੱਸ. ਈ. ਦੇ ਸਾਰੇ ਸੂਚਕ ਅੰਕਾਂ ’ਚ ਗਿਰਾਵਟ ਵੇਖੀ ਗਈ।


author

Harinder Kaur

Content Editor

Related News