ਕੋਰੋਨਾ ਪਾਬੰਦੀਆਂ ਕਾਰਨ ਜਨਵਰੀ ’ਚ ਪ੍ਰਚੂਨ ਵਿਕਰੀ ਪ੍ਰਭਾਵਿਤ : ਰਿਟੇਲ ਐਸੋਸੀਏਸ਼ਨ
Tuesday, Feb 15, 2022 - 07:17 PM (IST)
ਨਵੀਂ ਦਿੱਲੀ (ਭਾਸ਼ਾ) – ਕੋਰੋਨਾ ਵਾਇਰਸ ਮਹਾਮਾਰੀ ਦੀ ਤੀਜੀ ਲਹਿਰ ਕਾਰਨ ਕਈ ਸੂਬਿਆਂ ’ਚ ਲਗਾਈਆਂ ਗਈਆਂ ਪਾਬੰਦੀਆਂ ਕਾਰਨ ਦੇਸ਼ ’ਚ ਜਨਵਰੀ 2022 ਦੌਰਾਨ ਪ੍ਰਚੂਨ ਵਿਕਰੀ ਪ੍ਰਭਾਵਿਤ ਹੋਈ ਹੈ। ਿਰਟੇਲਰਸ ਐਸੋਸੀਏਸ਼ਨ ਆਫ ਇੰਡੀਆ (ਆਰ. ਏ. ਆਈ.) ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਆਰ. ਏ. ਆਈ. ਨੇ ਆਪਣੇ ਤਾਜ਼ਾ ਸਰਵੇਖਣ ’ਚ ਕਿਹਾ ਕਿ ਪਿਛਲੇ ਮਹੀਨੇ ਪ੍ਰਚੂਨ ਵਿਕਰੀ ਜਨਵਰੀ 2019 ਤੋਂ ਪਹਿਲਾਂ-ਮਹਾਮਾਰੀ ਵਿਕਰੀ ਪੱਧਰ ਦੇ ਨਾਲ-ਨਾਲ ਜਨਵਰੀ 2020 ਦੇ 91 ਫੀਸਦੀ ’ਤੇ ਪੁੱਜ ਗਈ।
ਖੇਤਰਵਾਰ ਅੰਕੜਿਆਂ ਮੁਤਾਬਕ ਪੂਰਬੀ ਖੇਤਰ ’ਚ ਪਿਛਲੇ ਮਹੀਨੇ ਜਨਵਰੀ 2019 ਦੀ ਤੁਲਨਾ ’ਚ ਪ੍ਰਚੂਨ ਵਿਕਰੀ ’ਚ 13 ਫੀਸਦੀ ਦੀ ਸਭ ਤੋਂ ਵੱਡੀ ਗਿਰਾਵਟ ਦੇਖੀ ਗਈ। ਇਸ ਤੋਂ ਬਾਅਦ ਪੱਛਮ ’ਚ 11 ਫੀਸਦੀ ਅਤੇ ਉੱਤਰੀ ਖੇਤਰ ’ਚ 8 ਫੀਸਦੀ ਦੀ ਗਿਰਾਵਟ ਦੇਖੀ ਗਈ। ਆਰ. ਏ. ਆਈ. ਨੇ ਦੱਸਿਆ ਕਿ ਦੱਖਣੀ ਖੇਤਰ ਸਭ ਤੋਂ ਘੱਟ ਪ੍ਰਭਾਵਿਤ ਹੋਇਆ ਹੈ ਅਤੇ ਜਨਵਰੀ 2022 ਦੌਰਾਨ ਇਸ ਖੇਤਰ ਦੀ ਪ੍ਰਚੂਨ ਵਿਕਰੀ ’ਚ ਦੋ ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਉੱਥੇ ਹੀ ਸ਼੍ਰੇਣੀ ਮੁਤਾਬਕ ਸੁੰਦਰਤਾ, ਕਲਿਆਣ ਅਤੇ ਨਿੱਜੀ ਦੇਖਭਾਲ ’ਚ ਪ੍ਰਚੂਨ ਵਿਕਰੀ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਇਸ ’ਚ ਪਿਛਲੇ ਮਹੀਨੇ ਜਨਵਰੀ 2019 ਦੀ ਤੁਲਨਾ ’ਚ 24 ਫੀਸਦੀ ਦੀ ਗਿਰਾਵਟ ਹੋਈ। ਇਸ ਤੋਂ ਬਾਅਦ ਫਰਨੀਚਰ ਅਤੇ ਫਰਨੀਸ਼ਿੰਗ ’ਚ 12 ਫੀਸਦੀ ਅਤੇ ਕੱਪੜਿਆਂ ’ਚ 7 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਐਸੋਸੀਏਸ਼ਨ ਮੁਤਾਬਕ 2019 ’ਚ ਇਸੇ ਮਹੀਨੇ ਦੀ ਤੁਲਨਾ ’ਚ ਇਸ ਸਾਲ ਜਨਵਰੀ ’ਚ ਗਹਿਣਾ ਸ਼੍ਰੇਣੀ ਦੀ ਪ੍ਰਚੂਨ ਵਿਕਰੀ ’ਚ 11 ਫੀਸਦੀ ਦਾ ਵਾਧਾ ਹੋਇਆ ਅਤੇ ਤੇਜ਼ੀ ਨਾਲ ਸੇਵਾ ਦੇਣ ਵਾਲੇ ਰੈਸਟੋਰੈਂਟ ਦੀ ਪ੍ਰਚੂਨ ਵਿਕਰੀ ’ਚ ਵੀ 9 ਫੀਸਦੀ ਦਾ ਵਾਧਾ ਦੇਖਿਆ ਗਿਆ।