Tomato ਦੀਆਂ ਵਧਦੀਆਂ ਕੀਮਤਾਂ ''ਤੇ ਲਗਾਮ , ਜਾਣੋ ਕਦੋਂ ਆਵੇਗੀ ਕੀਮਤਾਂ ''ਚ ਗਿਰਾਵਟ

Tuesday, Oct 08, 2024 - 10:12 AM (IST)

ਨਵੀਂ ਦਿੱਲੀ (ਭਾਸ਼ਾ) - ਕੇਂਦਰ ਨੇ ਸੋਮਵਾਰ ਨੂੰ ਆਮ ਆਦਮੀ ਨੂੰ ਰਾਹਤ ਦੇਣ ਅਤੇ ਵਿਚੋਲਿਆਂ ਵੱਲੋਂ ਗੈਰ-ਜ਼ਰੂਰੀ ਢੰਗ ਨਾਲ ਕਮਾਏ ਜਾਣ ਵਾਲੇ ਮੁਨਾਫ਼ੇ ਨੂੰ ਰੋਕਣ ਲਈ ਰਾਸ਼ਟਰੀ ਰਾਜਧਾਨੀ ਵਿਚ 65 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਟਮਾਟਰਾਂ ਦੀ ਵਿਕਰੀ ਸ਼ੁਰੂ ਕੀਤੀ।

ਰਾਸ਼ਟਰੀ ਰਾਜਧਾਨੀ ’ਚ ਟਮਾਟਰ ਔਸਤਨ 90 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ। ਖਪਤਕਾਰ ਮਾਮਲਿਆਂ ਦੀ ਸਕੱਤਰ ਨਿਧੀ ਖਰੇ ਨੇ 65 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਟਮਾਟਰ ਵੇਚਣ ਵਾਲੀ ਨੈਸ਼ਨਲ ਕੋਆਪ੍ਰੇਟਿਵ ਕੰਜ਼ਿਊਮਰਸ ਫੈਡਰੇਸ਼ਨ ਆਫ ਇੰਡੀਆ ਲਿਮਟਿਡ (ਐੱਨ. ਸੀ. ਸੀ. ਐੱਫ.) ਦੀ ਵੈਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।

ਖਰੇ ਨੇ ਇਥੇ ਕਿਹਾ,“ਅਸੀਂ ਟਮਾਟਰਾਂ ਦੀਆਂ ਕੀਮਤਾਂ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਸ ਮਾਰਕੀਟ ਦਖਲ ਨਾਲ ਅਗਲੇ 3-4 ਦਿਨਾਂ ’ਚ ਟਮਾਟਰ ਦੀਆਂ ਕੀਮਤਾਂ ਹੇਠਾਂ ਆ ਜਾਣਗੀਆਂ।’ ਐੱਨ. ਸੀ. ਸੀ. ਐੱਫ. ਨੇ ਮੰਡੀਆਂ ਤੋਂ ਸਿੱਧੇ ਟਮਾਟਰ ਖਰੀਦ ਕੇ ਅਤੇ ਉਨ੍ਹਾਂ ਨੂੰ 65 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਸਬਸਿਡੀ ਵਾਲੇ ਰੇਟ ’ਤੇ ਵੇਚ ਕੇ ਮੰਡੀ ਵਿਚ ਦਖਲ ਅੰਦਾਜ਼ੀ ਸ਼ੁਰੂ ਕੀਤੀ ਹੈ।

ਮੋਬਾਈਲ ਵੈਨ ਰਾਸ਼ਟਰੀ ਰਾਜਧਾਨੀ ਦੀਆਂ 50 ਕਲੋਨੀਆਂ ’ਚ ਟਮਾਟਰ ਵੇਚੇਗੀ। ਬਿਆਨ ਅਨੁਸਾਰ ਇਹ ਦਖਲ ਟਮਾਟਰ ਦੀਆਂ ਕੀਮਤਾਂ ’ਚ ਹਾਲ ਹੀ ’ਚ ਹੋਏ ਵਾਧੇ ਤੋਂ ਖਪਤਕਾਰਾਂ ਨੂੰ ਬਚਾਉਣ ਅਤੇ ਵਿਚੋਲਿਆਂ ਨੂੰ ਅੰਨ੍ਹਾ ਮੁਨਾਫਾ ਕਮਾਉਣ ਤੋਂ ਰੋਕਣ ਲਈ ਦਿੱਤਾ ਗਿਆ ਹੈ। ਖਪਤਕਾਰ ਮਾਮਲਿਆਂ ਦੇ ਵਿਭਾਗ ਨੇ ਕਿਹਾ, ‘ਮੰਡੀਆਂ ’ਚ ਚੰਗੀ ਆਮਦ ਦੇ ਬਾਵਜੂਦ, ਹਾਲ ਹੀ ਦੇ ਹਫ਼ਤਿਆਂ ’ਚ ਟਮਾਟਰਾਂ ਦੀਆਂ ਪ੍ਰਚੂਨ ਕੀਮਤਾਂ ’ਚ ਕਾਫ਼ੀ ਵਾਧਾ ਹੋਇਆ ਹੈ। ਆਂਧਰਾ ਪ੍ਰਦੇਸ਼, ਕਰਨਾਟਕ ਅਤੇ ਮਹਾਰਾਸ਼ਟਰ ਵਰਗੇ ਪ੍ਰਮੁੱਖ ਉਤਪਾਦਕ ਰਾਜਾਂ ’ਚ ਲੰਬੇ ਸਮੇਂ ਤੱਕ ਮਾਨਸੂਨ ਦੇ ਕਾਰਨ ਮੀਂਹ ਅਤੇ ਉੱਚ ਨਮੀ ਕਾਰਨ ਗੁਣਵੱਤਾ ਸਬੰਧੀ ਚਿੰਤਾਵਾਂ ਪੈਦਾ ਹੋਈਆਂ ਹਨ।’

ਇਸ ਵਿਚ ਕਿਹਾ ਗਿਆ ਹੈ ਕਿ ਇਸ ਉੱਚ ਮੰਗ ਵਾਲੇ ਤਿਉਹਾਰੀ ਸੀਜ਼ਨ ਵਿਚ ਮੌਜੂਦਾ ਮਹਿੰਗਾਈ ਵਿਚ ਬਾਜ਼ਾਰ ਦੇ ਵਿਚੋਲਿਆਂ ਦੀ ਸੰਭਾਵਿਤ ਭੂਮਿਕਾ ਨੂੰ ਨਕਾਰਿਆ ਨਹੀਂ ਜਾ ਸਕਦਾ।

ਐੱਨ. ਸੀ. ਸੀ. ਐੱਫ. ਦੇਸ਼ ਭਰ ਦੇ ਵੱਡੇ ਸ਼ਹਿਰਾਂ ’ਚ ਪ੍ਰਚੂਨ ਖਪਤਕਾਰਾਂ ਨੂੰ ਸਰਕਾਰੀ ਬਫਰ ਤੋਂ 35 ਰੁਪਏ ਪ੍ਰਤੀ ਕਿਲੋ ਦੀ ਦਰ ਨਾਲ ਪਿਆਜ਼ ਦੀ ਸਪਲਾਈ ਵੀ ਕਰ ਰਿਹਾ ਹੈ।

ਖਰੇ ਨੇ ਇਹ ਵੀ ਕਿਹਾ ਕਿ ਵਿਭਾਗ ਮਿਆਂਮਾਰ ਤੋਂ ਦਾਲਾਂ ਅਤੇ ਆਸਟ੍ਰੇਲੀਆ ਤੋਂ ਮਟਰ ਦਰਾਮਦ ਕਰ ਰਿਹਾ ਹੈ। ਰਾਸ਼ਟਰੀ ਰਾਜਧਾਨੀ ’ਚ ਆਲੂ ਦੀ ਔਸਤ ਕੀਮਤ 40 ਰੁਪਏ ਪ੍ਰਤੀ ਕਿਲੋ ਅਤੇ ਪਿਆਜ਼ ਦੀ 58 ਰੁਪਏ ਪ੍ਰਤੀ ਕਿਲੋ ਹੈ। ਸਰਕਾਰੀ ਅੰਕੜਿਆਂ ਮੁਤਾਬਕ ਸੋਮਵਾਰ ਨੂੰ ਆਲੂ ਦੀ ਆਲ ਇੰਡੀਆ ਔਸਤ ਕੀਮਤ 36.89 ਰੁਪਏ ਪ੍ਰਤੀ ਕਿਲੋ, ਪਿਆਜ਼ 54.36 ਰੁਪਏ ਪ੍ਰਤੀ ਕਿਲੋ ਅਤੇ ਟਮਾਟਰ ਦੀ 64.72 ਰੁਪਏ ਪ੍ਰਤੀ ਕਿਲੋਗ੍ਰਾਮ ਸੀ।


Harinder Kaur

Content Editor

Related News