ਐਲੂਮੀਨੀਅਮ ਉਦਯੋਗ ’ਚ ਜਾਰੀ ਹੈ ਕੋਲਾ ਸੰਕਟ, ਐਸੋਸੀਏਸ਼ਨ ਨੇ ਮੁੜ ਲਿਖੀ ਕੇਂਦਰ ਸਰਕਾਰ ਨੂੰ ਚਿੱਠੀ

Tuesday, Sep 28, 2021 - 10:38 AM (IST)

ਐਲੂਮੀਨੀਅਮ ਉਦਯੋਗ ’ਚ ਜਾਰੀ ਹੈ ਕੋਲਾ ਸੰਕਟ, ਐਸੋਸੀਏਸ਼ਨ ਨੇ ਮੁੜ ਲਿਖੀ ਕੇਂਦਰ ਸਰਕਾਰ ਨੂੰ ਚਿੱਠੀ

ਨਵੀਂ ਦਿੱਲੀ (ਬਿਜ਼ਨੈੱਸ ਡੈਸਕ) – ਕੋਲ ਇੰਡੀਆ ਵਲੋਂ ਕੈਪਟਿਵ ਬਿਜਲੀ ਪਲਾਂਟਾਂ (ਸੀ. ਪੀ. ਪੀ.) ਨੂੰ ਕੋਲੇ ਦੀ ਸਪਲਾਈ ਅਤੇ ਰੇਲ ਰੈਕ ਘੱਟ ਕਰਨ ਤੋਂ ਬਾਅਦ ਘਰੇਲੂ ਐਲੂਮੀਨੀਅਮ ਉਦਯੋਗ ਲਗਾਤਾਰ ਕੋਲੇ ਦੀ ਕਮੀ ਨਾਲ ਜੂਝ ਰਹੇ ਹਨ। ਐਲੂਮੀਨੀਅਮ ਐਸੋਸੀਏਸ਼ਨ ਆਫ ਇੰਡੀਆ ਨੇ ਕੇਂਦਰੀ ਕੋਲਾ ਮੰਤਰਾਲਾ ਅਤੇ ਕੋਲ ਇੰਡੀਆ ਲਿਮਟਿਡ ਨੂੰ ਲਿਖੀ ਇਕ ਚਿੱਠੀ ’ਚ ਸਥਾਈ ਉਦਯੋਗ ਸੰਚਾਲਨ ਲਈ ਕੋਲੇ ਦੀ ਸਪਲਾਈ ਤੁਰੰਤ ਮੁੜ ਸ਼ੁਰੂ ਕਰਨ ਦੀ ਮੰਗ ਕੀਤੀ ਹੈ। ਕੋਲੇ ਦੀ ਕਮੀ ਨੂੰ ਲੈ ਕੇ ਬੀਤੇ ਮਹੀਨੇ ਵੀ ਐਸੋਸੀਏਸ਼ਨ ਨੇ ਕੇਂਦਰ ਸਰਕਾਰ ਨੂੰ ਜਾਣੂ ਕਰਵਾਇਆ ਸੀ।

ਇਹ ਵੀ ਪੜ੍ਹੋ : ਯੂਕੇ ਵਿੱਚ ਡੀਜ਼ਲ-ਪੈਟਰੋਲ ਦੀ ਭਾਰੀ ਕਿੱਲਤ, ਪੰਪਾਂ 'ਤੇ ਲੱਗੀਆਂ ਕਿੱਲੋਮੀਟਰਾਂ ਤੱਕ ਲੰਮੀਆਂ ਲਾਈਨਾਂ

ਕੋਲੇ ਦੀ ਕਮੀ ਨਾਲ ਬੰਦ ਹੋ ਜਾਂਦਾ ਹੈ ਉਤਪਾਦਨ

ਐਲੂਮੀਨੀਅਮ ਉਦਯੋਗ ਦੇ ਮਾਲਕਾਂ ਦਾ ਕਹਿਣਾ ਹੈ ਕਿ ਈਂਧਨ ਖਰੀਦ ਸਮਝੌਤੇ ਦੇ ਬਾਵਜੂਦ ਸਾਨੂੰ ਕੋਲ ਇੰਡੀਆ ਵਲੋਂ ਕੋਲੇ ਦੀ ਸਪਲਾਈ ’ਚ ਕਮੀ ਦੇ ਸੰਕਟ ਨਾਲ ਜੂਝਣਾ ਪੈ ਰਿਹਾ ਹੈ। ਅਜਿਹਾ ਕਰੀਬ ਹਰ ਮਾਨਸੂਨ ’ਚ ਹੁੰਦਾ ਹੈ। ਐਲੂਮੀਨੀਅਮ ਉਦਯੋਗ ਦੇ ਸੀ. ਪੀ. ਪੀ. ਨੇ ਕੋਲ ਇੰਡੀਆ ਅਤੇ ਇਸ ਦੀਆਂ ਸਹਾਇਕ ਕੰਪਨੀਆਂ ਨਾਲ ਬਿਜਲੀ ਖਰੀਦ ਸਮਝੌਤਾ ਕੀਤਾ ਸੀ, ਜਿਸ ਨਾਲ ਲੰਮੀ ਮਿਆਦ ਦੇ ਹਿਸਾਬ ਨਾਲ ਕੋਲੇ ਦੀ ਸਪਲਾਈ ਯਕੀਨੀ ਹੋ ਸਕੇ। ਜੇ ਸੁਰੱਖਿਅਤ ਕੋਲਾ ਸਪਲਾਈ ’ਚ ਕੋਈ ਰੁਕਾਵਟ ਆਉਂਦੀ ਹੈ ਤਾਂ ਉਦਯੋਗ ਦਾ ਕੰਮ ਠਹਿਰ ਜਾਂਦਾ ਹੈ ਅਤੇ ਇਸ ਦਾ ਸਿੱਧਾ ਅਸਰ ਇਸ ਦਾ ਇਸਤੇਮਾਲ ਕਰਨ ਵਾਲੇ ਐੱਸ. ਐੱਮ. ਈ. ਉਦਯੋਗ ’ਤੇ ਪੈਂਦਾ ਹੈ ਅਤੇ ਇਸ ਤੋਂ ਤਿਆਰ ਮਾਲ ਦੇ ਰੇਟ ਵਧ ਜਾਂਦੇ ਹਨ। ਰੇਟ ਵਧਣ ਦਾ ਬੋਝ ਖਪਤਕਾਰਾਂ ਨੂੰ ਉਠਾਉਣਾ ਪੈਂਦਾ ਹੈ। ਐਲੂਮੀਨੀਅਮ ਨੂੰ ਪਿਘਲਾਉਣ ਲਈ ਰੁਕਾਵਟ ਰਹਿਤ ਅਤੇ ਬਿਹਤਰ ਗੁਣਵੱਤਾ ਦੀ ਬਿਜਲੀ ਸਪਲਾਈ ਦੀ ਲੋੜ ਹੁੰਦੀ ਹੈ, ਜਿਸ ਦੀ ਲੋੜ ਸਿਰਫ ਕੰਪਲੈਕਸ ’ਚ ਸਥਿਤ ਸੀ. ਪੀ. ਪੀ. ਨਾਲ ਪੂਰੀ ਕੀਤੀ ਜਾ ਸਕਦੀ ਹੈ। ਐਲੂਮੀਨੀਅਮ ਐਸੋਸੀਏਸ਼ਨ ਆਫ ਇੰਡੀਆ (ਏ. ਏ. ਆਈ.) ਨੇ ਵੀ ਆਪਣਾ ਵਫਦ ਭੇਜ ਕੇ ਕੋਲ ਇੰਡੀਆ ਤੋਂ ਸਹਿਯੋਗ ਦੀ ਮੰਗ ਕੀਤੀ ਅਤੇ ਕਿਹਾ ਕਿ ਕੋਲੇ ਦੀ ਲੋੜੀਂਦੀ ਸਪਲਾਈ ਯਕੀਨੀ ਕੀਤੀ ਜਾਣੀ ਚਾਹੀਦੀ ਹੈ। ਏ. ਏ. ਆਈ. ਨੇ ਕਿਹਾ ਕਿ ਉਦਯੋਗ ਦੇ ਲਗਾਤਾਰ ਸੰਚਾਲਨ ਲਈ ਸੁਰੱਖਿਅਤ ਲਿੰਕੇਜ ਜ਼ਰੂਰੀ ਹੈ ਅਤੇ ਕੋਲੇ ਦੀ ਸਪਲਾਈ ਲਈ ਲੋੜੀਂਦੇ ਰੈਕ ਅਲਾਟ ਕੀਤੇ ਜਾਣੇ ਚਾਹੀਦੇ ਹਨ।

ਇਹ ਵੀ ਪੜ੍ਹੋ : LPG ਗੈਸ ਕੁਨੈਕਨਸ਼ ਲੈਣਾ ਹੋਇਆ ਹੋਰ ਆਸਾਨ, ਸਿਰਫ਼ ਕਰਨਾ ਹੋਵੇਗਾ ਇਸ ਨੰਬਰ 'ਤੇ 'ਮਿਸਡ ਕਾਲ'

ਐਲੂਮੀਨੀਅਮ ਉਤਪਾਦਨ ਲਾਗਤ ’ਚ ਕੋਲੇ ਦਾ ਖਰਚ 40 ਫੀਸਦੀ

ਐਸੋਸੀਏਸ਼ਨ ਨੇ ਇਹ ਵੀ ਬੇਨਤੀ ਕੀਤੀ ਕਿ ਸੁਰੱਖਿਅਤ ਕੋਲਾ ਸਪਲਾਈ ’ਚ ਕਟੌਤੀ ਕਰਨ ਜਾਂ ਸਪਲਾਈ ਰੋਕਣ ਦਾ ਫੈਸਲਾ ਇੰਝ ਹੀ ਨਹੀਂ ਲਿਆ ਜਾਣਾ ਚਾਹੀਦਾ। ਸੀ. ਪੀ. ਪੀ. ਆਧਾਰਿਤ ਉਦਯੋਗਾਂ ਨੂੰ 2-3 ਮਹੀਨੇ ਪਹਿਲਾਂ ਨੋਟਿਸ ਦੇਣਾ ਚਾਹੀਦਾ ਹੈ, ਜਿਸ ਨਾਲ ਕਿ ਉਹ ਕੋਲਾ ਅਤੇ ਬਿਜਲੀ ਦਰਾਮਦ ਦੀ ਯੋਜਨਾ ਬਣਾ ਕੇ ਬਦਲ ਵਿਵਸਥਾ ਕਰ ਸਕਣ। ਉਦਯੋਗ ਦੇ ਇਕ ਅਧਿਕਾਰੀ ਨੇ ਕਿਹਾ ਕਿ ਇੰਨੀ ਘੱਟ ਮਿਆਦ ਦੀ ਸੂਚਨਾ ’ਚ ਦਰਾਮਦ ਕੋਲੇ ਦਾ ਪ੍ਰਬੰਧ ਕਰਨਾ ਔਖਾ ਹੈ। ਕੋਲਾ ਖਾਨਾਂ ਮਾਨਸੂਨ ਦੌਰਾਨ ਪਾਣੀ ਨਾਲ ਭਰ ਜਾਂਦੀਆਂ ਹਨ ਅਤੇ ਉਦਯੋਗ ਨੂੰ ਕੋਲੇ ਦੀ ਸਪਲਾਈ ਬੰਦ ਕਰ ਦਿੱਤੀ ਜਾਂਦੀ ਹੈ ਕਿਉਂਕਿ ਕੋਲਾ ਬਿਜਲੀ ਪਲਾਂਟਾਂ ਨੂੰ ਭੇਜ ਦਿੱਤਾ ਜਾਂਦਾ ਹੈ। ਐਲੂਮੀਨੀਅਮ ਦਾ ਉਤਪਾਦਨ ਕੋਲਾ ਆਧਾਰਿਤ ਬਿਜਲੀ ’ਤੇ ਬਹੁਤ ਜ਼ਿਆਦਾ ਨਿਰਭਰ ਹੈ, ਜਿੱਥੇ ਐਲੂਮੀਨੀਅਮ ਦੀ ਕੁੱਲ ਉਤਪਾਦਨ ਲਾਗਤ ’ਚ ਕੋਲੇ ਦਾ ਖਰਚਾ 40 ਫੀਸਦੀ ਆਉਂਦਾ ਹੈ। ਐਲੂਮੀਨੀਅਮ ਦੀ ਵਧਦੀ ਹੋਈ ਮੰਗ ਨੂੰ ਦੇਖਦੇ ਹੋਏ ਇਸ ਖੇਤਰ ’ਚ 1.2 ਲੱਖ ਕਰੋੜ ਰੁਪਏ ਦਾ ਭਾਰੀ ਨਿਵੇਸ਼ ਕੀਤਾ ਗਿਆ ਹੈ, ਜਿਸ ਨਾਲ ਘਰੇਲੂ ਉਤਪਾਦਨ ਸਮਰੱਥਾ 2 ਗੁਣਾ ਹੋ ਕੇ 4.1 ਐੱਮ. ਟੀ. ਪੀ. ਏ. ਹੋ ਸਕੇ। ਭਾਰਤ ਦੇ ਐਲੂਮੀਨੀਅਮ ਉਦਯੋਗ ਨੇ 9,000 ਮੈਗਾਵਾਟ ਸਮਰੱਥਾ ਦੇ ਸੀ. ਪੀ. ਪੀ. ਸਥਾਪਿਤ ਕੀਤੇ ਹਨ, ਜਿਸ ਨਾਲ ਸਮੈੱਲਟਰ ਅਤੇ ਰਿਫਾਇਨਰੀ ਆਪ੍ਰੇਟਿੰਗ ਲਈ ਬਿਜਲੀ ਦੀ ਲੋੜ ਪੂਰੀ ਹੋ ਸਕੇ ਅਤੇ ਪਾਵਰ ਗਰਿੱਡਾਂ ’ਤੇ ਨਿਰਭਰਤਾ ਘੱਟ ਰਹੇ।

ਇਹ ਵੀ ਪੜ੍ਹੋ : Infosys ਦੇ ਬਾਅਦ ਹੁਣ Amazon 'ਤੇ ਟਾਰਗੇਟ, ਇਸ ਮੈਗਜ਼ੀਨ ਨੇ ਦੱਸਿਆ 'ਈਸਟ ਇੰਡੀਆ ਕੰਪਨੀ 2.0'

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News