ਕੈਨੇਡਾ ਸਰਕਾਰ ਨੇ ਚੀਨ ਦੀਆਂ ਕੰਪਨੀਆਂ ਨੂੰ ਲੀਥੀਅਮ ਜਾਇਦਾਦਾਂ ਵੇਚਣ ਦਾ ਦਿੱਤਾ ਹੁਕਮ
Friday, Nov 04, 2022 - 10:25 AM (IST)
ਓਟਾਵਾ–ਕੈਨੇਡਾ ਦੀ ਸਰਕਾਰ ਨੇ ਬੈਟਰੀ ਅਤੇ ਉੱਚ ਤਕਨਾਲੋਜੀ ਉਤਪਾਦਾਂ ’ਚ ਇਸਤੇਮਾਲ ਹੋਣ ਵਾਲੇ ‘ਅਹਿਮ ਖਣਿਜਾਂ’ ਦੀ ਸਪਲਾਈ ’ਚ ਵਿਦੇਸ਼ੀ ਦਖ਼ਲ ਨੂੰ ਸੀਮਤ ਕਰ ਦਿੱਤਾ ਹੈ, ਜਿਸ ਤੋਂ ਬਾਅਦ ਚੀਨ ਦੀਆਂ 3 ਕੰਪਨੀਆਂ ਨੂੰ ਕੈਨੇਡਾ ਸਥਿਤ ਲਿਥੀਅਮ ਮਾਈਨਿੰਗ ਜਾਇਦਾਦਾਂ ਨੂੰ ਵੇਚਣ ਦਾ ਹੁਕਮ ਦਿੱਤਾ ਗਿਆ ਹੈ। ਪੱਛਮੀ ਦੇਸ਼ਾਂ ਅਤੇ ਚੀਨ ਦਰਮਿਆਨ ਲੀਥੀਅਮ, ਰੇਅਰ ਅਰਥਸ (ਧਾਤੂ ਤੱਤਾਂ), ਕੈਡਮੀਅਮ ਸਮੇਤ ਮੋਬਾਇਲ ਫੋਨ, ਪੌਣ ਚੱਕੀਆਂ, ਸੋਲਰ ਸੈੱਲ, ਇਲੈਕਟ੍ਰਾਨਿਕ ਕਾਰ ਅਤੇ ਹੋਰ ਉੱਭਰਦੀਆਂ ਤਕਨਾਲੋਜੀਆਂ ’ਚ ਇਸਤੇਮਾਲ ਹੋਣ ਵਾਲੇ ਹੋਰ ਖਣਿਜਾਂ ਦੇ ਸ੍ਰੋਤਾਂ ’ਤੇ ਕੰਟਰੋਲ ਨੂੰ ਲੈ ਕੇ ਤਨਾਅ ਵਧਦਾ ਜਾ ਰਿਹਾ ਹੈ, ਜਿਸ ਤੋਂ ਬਾਅਦ ਬੁੱਧਵਾਰ ਨੂੰ ਇਹ ਹੁਕਮ ਆਇਆ ਹੈ।
ਚੀਨ ’ਚ ਸੱਤਾਧਾਰੀ ਕਮਿਊਨਿਸਟ ਪਾਰਟੀ ਇਲੈਕਟ੍ਰਿਕ ਕਾਰ, ਸਵੱਛ ਊਰਜਾ ਅਤੇ ਹੋਰ ਤਕਨਾਲੋਜੀ ਉਦਯੋਗਾਂ ਨੂੰ ਬੜ੍ਹਾਵਾ ਦੇ ਰਹੀ ਹੈ। ਚੀਨ ਦੇ ਖਣਿਜ ਅਫਰੀਕਾ, ਲਾਤਿਨੀ ਅਮਰੀਕਾ ’ਚ ਉਤਪਾਦਨ ’ਚ ਨਿਵੇਸ਼ ਕਰ ਰਹੇ ਹਨ। ਕੈਨੇਡਾ ਦੇ ਇਨੋਵੇਸ਼ਨ ਮੰਤਰੀ ਫ੍ਰੈਂਕੋਇਸ ਫਿਲਿਪ ਸ਼ੈਂਪੇਨ ਨੇ ਪਿਛਲੇ ਹਫਤੇ ਐਲਾਨ ਕੀਤਾ ਸੀ ਕਿ ਅਹਿਮ ਖਣਿਜਾਂ ਦੇ ਉਤਪਾਦਨ ’ਚ ਹੋਰ ਦੇਸ਼ਾਂ ਦੀਆਂ ਸਰਕਾਰੀ ਕੰਪਨੀਆਂ ਦੀ ਭਾਈਵਾਲੀ ’ਤੇ ਪਾਬੰਦੀ ਲਗਾਈ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੇ ਨਿਵੇਸ਼ ਨੂੰ ਅਪਵਾਦ ਵਜੋਂ ਹੀ ਮਨਜ਼ੂਰੀ ਦਿੱਤੀ ਜਾਵੇਗੀ।
