ਹਵਾਈ ਮੁਸਾਫ਼ਰਾਂ ਲਈ ਵੱਡੀ ਖ਼ੁਸ਼ਖ਼ਬਰੀ, 20 ਅਪ੍ਰੈਲ ਤੋਂ 60% ਸੀਟਾਂ ਹੋਣਗੀਆਂ ਫ੍ਰੀ
Sunday, Mar 29, 2026 - 08:50 PM (IST)
ਨਵੀਂ ਦਿੱਲੀ : ਹਵਾਈ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਇੱਕ ਰਾਹਤ ਭਰੀ ਖ਼ਬਰ ਹੈ। ਨਾਗਰਿਕ ਉਡਾਣ ਡਾਇਰੈਕਟੋਰੇਟ ਜਨਰਲ (DGCA) ਨੇ ਇੱਕ ਨਵਾਂ ਨਿਰਦੇਸ਼ ਜਾਰੀ ਕੀਤਾ ਹੈ, ਜਿਸ ਤਹਿਤ 20 ਅਪ੍ਰੈਲ 2026 ਤੋਂ ਏਅਰਲਾਈਨਾਂ ਨੂੰ ਆਪਣੀ ਫਲਾਈਟ ਦੀਆਂ ਘੱਟੋ-ਘੱਟ 60 ਫੀਸਦੀ ਸੀਟਾਂ ਬਿਨਾਂ ਕਿਸੇ ਵਾਧੂ ਖਰਚੇ ਦੇ ਯਾਨੀ ਮੁਫ਼ਤ ਵਿੱਚ ਉਪਲਬਧ ਕਰਵਾਉਣੀਆਂ ਪੈਣਗੀਆਂ। ਇਸ ਫੈਸਲੇ ਨਾਲ ਹੁਣ ਮੁਸਾਫ਼ਰਾਂ ਨੂੰ ਆਪਣੀ ਪਸੰਦ ਦੀ ਸੀਟ ਚੁਣਨ ਲਈ ਆਪਣੀ ਜੇਬ ਢਿੱਲੀ ਨਹੀਂ ਕਰਨੀ ਪਵੇਗੀ।
ਹੁਣ ਤੱਕ ਕੀ ਸੀ ਨਿਯਮ?
ਮੌਜੂਦਾ ਵਿਵਸਥਾ ਅਨੁਸਾਰ, ਹਵਾਈ ਜਹਾਜ਼ ਵਿੱਚ ਸਿਰਫ਼ 20 ਫੀਸਦੀ ਸੀਟਾਂ ਹੀ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਮੁਫ਼ਤ ਵਿੱਚ ਬੁੱਕ ਕੀਤਾ ਜਾ ਸਕਦਾ ਹੈ। ਬਾਕੀ ਬਚੀਆਂ 80 ਫੀਸਦੀ ਸੀਟਾਂ (ਜਿਵੇਂ ਕਿ ਅੱਗੇ ਵਾਲੀਆਂ ਸੀਟਾਂ ਜਾਂ ਜ਼ਿਆਦਾ ਲੈੱਗ-ਰੂਮ ਵਾਲੀਆਂ ਸੀਟਾਂ) ਲਈ ਯਾਤਰੀਆਂ ਨੂੰ 200 ਰੁਪਏ ਤੋਂ ਲੈ ਕੇ 2,100 ਰੁਪਏ ਤੱਕ ਵਾਧੂ ਭੁਗਤਾਨ ਕਰਨਾ ਪੈਂਦਾ ਹੈ। ਨਾਗਰਿਕ ਉਡਾਣ ਮੰਤਰਾਲੇ ਨੇ 18 ਮਾਰਚ ਨੂੰ ਇਸ ਵਿਸੰਗਤੀ ਨੂੰ ਦੂਰ ਕਰਨ ਲਈ ਸਖ਼ਤ ਕਦਮ ਚੁੱਕੇ ਸਨ, ਜਿਸ ਤੋਂ ਬਾਅਦ DGCA ਨੇ 20 ਮਾਰਚ ਨੂੰ ਆਪਣੇ 'ਏਅਰ ਟ੍ਰਾਂਸਪੋਰਟ ਸਰਕੂਲਰ' ਵਿੱਚ ਸੋਧ ਕੀਤੀ ਹੈ।
ਇੱਕੋ PNR ਵਾਲੇ ਪਰਿਵਾਰਾਂ ਨੂੰ ਮਿਲੇਗਾ ਵੱਡਾ ਫਾਇਦਾ
ਇਸ ਨਵੇਂ ਨਿਯਮ ਦਾ ਸਭ ਤੋਂ ਵੱਧ ਫਾਇਦਾ ਉਨ੍ਹਾਂ ਪਰਿਵਾਰਾਂ ਜਾਂ ਸਮੂਹਾਂ ਨੂੰ ਹੋਵੇਗਾ ਜੋ ਇਕੱਠੇ ਸਫ਼ਰ ਕਰਦੇ ਹਨ। ਅਕਸਰ ਇਹ ਸ਼ਿਕਾਇਤ ਰਹਿੰਦੀ ਸੀ ਕਿ ਇੱਕੋ ਪੀਐਨਆਰ (PNR) 'ਤੇ ਟਿਕਟ ਬੁੱਕ ਕਰਨ ਦੇ ਬਾਵਜੂਦ ਯਾਤਰੀਆਂ ਨੂੰ ਜਹਾਜ਼ ਦੇ ਵੱਖ-ਵੱਖ ਕੋਨਿਆਂ ਵਿੱਚ ਸੀਟਾਂ ਦਿੱਤੀਆਂ ਜਾਂਦੀਆਂ ਸਨ। ਹੁਣ ਰੈਗੂਲੇਟਰ ਨੇ ਸਪੱਸ਼ਟ ਕੀਤਾ ਹੈ ਕਿ ਇੱਕੋ PNR ਵਾਲੇ ਯਾਤਰੀਆਂ ਨੂੰ ਜਿੱਥੋਂ ਤੱਕ ਸੰਭਵ ਹੋ ਸਕੇ, ਇੱਕੋ ਕਤਾਰ ਵਿੱਚ ਨਾਲ-ਨਾਲ ਵਾਲੀਆਂ ਸੀਟਾਂ ਦਿੱਤੀਆਂ ਜਾਣ। ਇਸ ਤੋਂ ਇਲਾਵਾ, ਏਅਰਲਾਈਨਾਂ ਨੂੰ ਆਪਣੀ ਵੈੱਬਸਾਈਟ 'ਤੇ ਖੇਡਾਂ ਦੇ ਸਮਾਨ ਜਾਂ ਸੰਗੀਤਕ ਸਾਜ਼ਾਂ ਦੇ ਖਰਚਿਆਂ ਬਾਰੇ ਪੂਰੀ ਪਾਰਦਰਸ਼ਤਾ ਵਰਤਣੀ ਪਵੇਗੀ।
ਕੀ ਵਧ ਜਾਵੇਗਾ ਹਵਾਈ ਕਿਰਾਇਆ?
ਜਿੱਥੇ ਯਾਤਰੀ ਇਸ ਫੈਸਲੇ ਤੋਂ ਖੁਸ਼ ਹਨ, ਉੱਥੇ ਹੀ ਹਵਾਈ ਕੰਪਨੀਆਂ ਨੇ ਇਸ 'ਤੇ ਸਖ਼ਤ ਇਤਰਾਜ਼ ਜਤਾਇਆ ਹੈ। ਫੈਡਰੇਸ਼ਨ ਆਫ ਇੰਡੀਅਨ ਏਅਰਲਾਈਨਜ਼ (FIA), ਜਿਸ ਵਿੱਚ ਇੰਡੀਗੋ, ਏਅਰ ਇੰਡੀਆ ਅਤੇ ਸਪਾਈਸਜੈੱਟ ਵਰਗੀਆਂ ਵੱਡੀਆਂ ਕੰਪਨੀਆਂ ਸ਼ਾਮਲ ਹਨ, ਨੇ ਸਰਕਾਰ ਨੂੰ ਪੱਤਰ ਲਿਖ ਕੇ ਚੇਤਾਵਨੀ ਦਿੱਤੀ ਹੈ। ਕੰਪਨੀਆਂ ਦਾ ਤਰਕ ਹੈ ਕਿ ਸੀਟ ਸਿਲੈਕਸ਼ਨ ਤੋਂ ਹੋਣ ਵਾਲੀ ਕਮਾਈ ਉਨ੍ਹਾਂ ਦੇ ਮਾਲੀਏ ਦਾ ਅਹਿਮ ਹਿੱਸਾ ਹੈ। ਜੇਕਰ ਉਨ੍ਹਾਂ ਨੂੰ 60 ਫੀਸਦੀ ਸੀਟਾਂ ਮੁਫ਼ਤ ਦੇਣੀਆਂ ਪਈਆਂ, ਤਾਂ ਉਹ ਆਪਣੇ ਨੁਕਸਾਨ ਦੀ ਭਰਪਾਈ ਕਰਨ ਲਈ ਮੂਲ ਹਵਾਈ ਕਿਰਾਏ (Base Fare) ਵਿੱਚ ਵਾਧਾ ਕਰ ਸਕਦੀਆਂ ਹਨ।
