ਬੈਂਕ ਆਫ ਬੜੌਦਾ ਦਾ ਸ਼ੁੱਧ ਲਾਭ ਦੂਜੀ ਤਿਮਾਹੀ ''ਚ 73 ਫੀਸਦੀ ਵਧਿਆ
Saturday, Nov 09, 2019 - 10:00 AM (IST)
ਨਵੀਂ ਦਿੱਲੀ—ਬੈਂਕ ਆਫ ਬੜੌਦਾ ਦਾ ਸ਼ੁੱਧ ਲਾਭ ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ 'ਚ 73.2 ਫੀਸਦੀ ਵਧ ਕੇ 736.68 ਕਰੋੜ ਰੁਪਏ ਹੋ ਗਿਆ ਹੈ। ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸ ਮਿਆਦ 'ਚ ਬੈਂਕ ਨੂੰ 425.38 ਕਰੋੜ ਰੁਪਏ ਦਾ ਸ਼ੁੱਧ ਲਾਭ ਹੋਇਆ ਸੀ। ਸ਼ੇਅਰ ਬਾਜ਼ਾਰ ਨੂੰ ਦਿੱਤੀ ਜਾਣਕਾਰੀ 'ਚ ਬੈਂਕ ਨੇ ਦੱਸਿਆ ਕਿ ਸਮੀਖਿਆ ਸਮੇਂ 'ਚ ਉਸ ਦੀ ਕੁੱਲ ਆਮਦਨ ਵਧ ਕੇ 22,097.91 ਕਰੋੜ ਰੁਪਏ ਰਹੀ। ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸ ਮਿਆਦ 'ਚ ਬੈਂਕ ਨੂੰ 13,429.95 ਕਰੋੜ ਰੁਪਏ ਦੀ ਆਮਦਨ ਹੋਈ ਹੈ। ਸਮੀਖਿਆ ਸਮੇਂ 'ਚ ਬੈਂਕ ਦੀ ਕੁੱਲ ਗੈਰ-ਲਾਗੂ ਅਸਾਮੀਆਂ (ਐੱਨ.ਪੀ.ਏ.) ਘੱਟ ਕੇ ਉਸ ਦੇ ਕੁੱਲ ਕਰਜ਼ ਦਾ 10.25 ਫੀਸਦੀ ਰਹੀ। ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸ ਮਿਆਦ 'ਚ ਇਹ ਅੰਕੜਾ 11.78 ਫੀਸਦੀ 'ਤੇ ਸੀ। ਇਸ ਦੌਰਾਨ ਬੈਂਕ ਦਾ ਸ਼ੁੱਧ ਐੱਨ.ਪੀ.ਏ. ਉਸ ਦੇ ਸ਼ੁੱਧ ਕਰਜ਼ ਦਾ 3.91 ਫੀਸਦੀ ਰਿਹਾ ਜੋ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸ ਸਮੇਂ 'ਚ 4.86 ਫੀਸਦੀ 'ਤੇ ਸੀ। ਹਾਲਾਂਕਿ ਸਮੀਖਿਆ ਸਮੇਂ 'ਚ ਬੈਂਕ ਨੇ ਫਸੇ ਕਰਜ਼ ਦੇ ਲਈ ਪ੍ਰਬੰਧ ਵਧਾ ਕੇ 4,209.16 ਕਰੋੜ ਰੁਪਏ ਕਰ ਦਿੱਤਾ ਹੈ ਜੋ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸ ਮਿਆਦ 'ਚ 2,429.54 ਕਰੋੜ ਰੁਪਏ ਸੀ।