ਬੜੌਦਾ ਬੈਂਕ ''ਚ ਹੁਣ ਘਰ ਬੈਠੇ ਵੀ ਖੋਲ੍ਹ ਸਕਦੇ ਹੋ ਖਾਤਾ, ਮਿਲੀ ਇਹ ਸੁਵਿਧਾ
Thursday, Jul 23, 2020 - 05:31 PM (IST)
ਨਵੀਂ ਦਿੱਲੀ— ਸਰਕਾਰੀ ਖੇਤਰ ਦੇ ਤੀਜੇ ਸਭ ਤੋਂ ਵੱਡੇ ਰਿਣਦਾਤਾ ਬੜੌਦਾ ਬੈਂਕ ਨੇ ਆਧਾਰ ਜ਼ਰੀਏ ਆਨਲਾਈਨ ਬਚਤ ਖਾਤਾ ਖੋਲ੍ਹਣ ਦੀ ਸੁਵਿਧਾ ਲਾਂਚ ਕੀਤੀ ਹੈ। ਇਹ ਖਾਤਾ ਖੋਲ੍ਹਣ ਸਮੇਂ ਤੁਹਾਡੀ ਪ੍ਰਮਾਣਿਕਤਾ ਆਧਾਰ ਨਾਲ ਰਜਿਸਟਰਡ ਮੋਬਾਇਲ ਨੰਬਰ 'ਤੇ ਪ੍ਰਾਪਤ ਹੋਣ ਵਾਲੇ ਵਨ ਟਾਈਮ ਪਾਸਵਰਡ (ਓ. ਟੀ. ਪੀ.) ਜ਼ਰੀਏ ਹੋਵੇਗੀ।
ਬੜੌਦਾ ਬੈਂਕ ਨੇ ਆਪਣੇ ਸਾਰੇ ਗਾਹਕਾਂ ਲਈ 'ਇੰਸਟਾ ਕਲਿੱਕ ਸੇਵਿੰਗਜ਼ ਅਕਾਊਂਟ' ਸਰਵਿਸ ਲਾਂਚ ਕੀਤੀ ਹੈ। ਬੈਂਕ ਦੀ ਵੈੱਬਸਾਈਟ ਜਾਂ ਮੋਬਾਇਲ ਐਪ ਜ਼ਰੀਏ ਤੁਸੀਂ ਨਵਾਂ ਡਿਜੀਟਲ ਖਾਤਾ ਖੋਲ੍ਹ ਸਕਦੇ ਹੋ।
ਇਹ ਬਚਤ ਖਾਤਾ ਉਸੇ ਵਕਤ ਚਾਲੂ ਕਰ ਦਿੱਤਾ ਜਾਂਦਾ ਹੈ, ਜਿਸ ਦਾ ਅਰਥ ਹੈ ਕਿ ਗਾਹਕ ਮੋਬਾਇਲ ਨੰਬਰ 'ਤੇ ਪ੍ਰਾਪਤ ਹੋਏ MPIN ਨਾਲ ਬੜੌਦਾ ਐੱਮ ਕੁਨੈਕਟ ਐਪ ਪਲੱਸ ਐਪ ਦਾ ਇਸਤੇਮਾਲ ਕਰਕੇ ਲੈਣ-ਦੇਣ ਸ਼ੁਰੂ ਕਰ ਸਕਦੇ ਹਨ। ਬੈਂਕ ਨੇ ਕਿਹਾ ਕਿ ਉਹ 2023 ਤੱਕ ਸਾਰੀ ਪ੍ਰਕਿਰਿਆ ਡਿਜੀਟਲ ਕਰਨ 'ਤੇ ਕੰਮ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਦੇਸ਼ ਦੇ ਸਭ ਤੋਂ ਵੱਡੇ ਰਿਣਦਾਤਾ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਨੇ ਯੋਨੋ ਪਲੇਟਫਾਰਮ ਦੀ ਵਰਤੋਂ ਕਰਦੇ ਹੋਏ ਆਨਲਾਈਨ ਖਾਤਾ ਖੋਲ੍ਹਣ ਦੀ ਇੱਛਾ ਰੱਖਣ ਵਾਲੇ ਗਾਹਕਾਂ ਲਈ ਆਧਾਰ ਅਧਾਰਿਤ ਤਤਕਾਲ ਡਿਜੀਟਲ ਬਚਤ ਖਾਤਾ ਸਹੂਲਤ ਦੁਬਾਰਾ ਸ਼ੁਰੂ ਕੀਤੀ ਸੀ। ਬੈਂਕ ਨੇ ਕਿਹਾ ਕਿ 'ਇੰਸਟਾ ਸੇਵਿੰਗਜ਼ ਬੈਂਕ ਅਕਾਊਂਟ' ਸਿਰਫ ਪੈਨ ਅਤੇ ਆਧਾਰ ਨੰਬਰ ਦੇ ਨਾਲ ਤਤਕਾਲ ਖੋਲ੍ਹਿਆ ਜਾ ਸਕਦਾ ਹੈ।