ਐਮਾਜ਼ੋਨ ਦਾ ਹੋਵੇਗਾ ਬਿੱਗ ਬਾਜ਼ਾਰ, ਫਿਊਚਰ ਰਿਟੇਲ ’ਚ 3.58 ਫ਼ੀਸਦੀ ਹਿੱਸੇਦਾਰੀ ਖਰੀਦਣ ਨੂੰ ਮਿਲੀ ਮਨਜ਼ੂਰੀ

11/29/2019 11:52:44 PM

ਨਵੀਂ ਦਿੱਲੀ (ਇੰਟ.)-ਦੁਨੀਆ ਦੀ ਸਭ ਤੋਂ ਵੱਡੀ ਈ-ਕਾਮਰਸ ਕੰਪਨੀ ਐਮਾਜ਼ੋਨ ਨੂੰ ਬਿੱਗ ਬਾਜ਼ਾਰ ਸੰਚਾਲਿਤ ਕਰਨ ਵਾਲੀ ਕੰਪਨੀ ਫਿਊਚਰ ਰਿਟੇਲ ’ਚ 3.58 ਫ਼ੀਸਦੀ ਹਿੱਸੇਦਾਰੀ ਖਰੀਦਣ ਦੀ ਮਨਜ਼ੂਰੀ ਮਿਲ ਗਈ ਹੈ। ਇਸ ਵਜ੍ਹਾ ਨਾਲ ਕੰਪਨੀ ਦੇ ਸ਼ੇਅਰਾਂ ’ਚ 13 ਫ਼ੀਸਦੀ ਦਾ ਉਛਾਲ ਦੇਖਣ ਨੂੰ ਮਿਲਿਆ। ਫਿਊਚਰ ਰਿਟੇਲ ਦੇ ਦੇਸ਼ ਭਰ ’ਚ 1500 ਤੋਂ ਜ਼ਿਆਦਾ ਸਟੋਰ ਹਨ ਅਤੇ ਇਹ ਬਿੱਗ ਬਾਜ਼ਾਰ ਦੇ ਸਟੋਰਾਂ ਤੋਂ ਅਲੱਗ ਹਨ। ਕੰਪੀਟੀਸ਼ਨ ਕਮਿਸ਼ਨ ਆਫ ਇੰਡੀਆ (ਸੀ. ਸੀ. ਆਈ) ਨੇ ਇਸ ਸੌਦੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਦੋਵਾਂ ਕੰਪਨੀਆਂ ਨੇ ਇਸ ਦਾ ਐਲਾਨ ਇਸ ਸਾਲ ਅਗਸਤ ’ਚ ਕੀਤਾ ਸੀ।

ਫਿਊਚਰ ਕੂਪਨਸ ਜ਼ਰੀਏ ਐਮਾਜ਼ੋਨ 1500 ਕਰੋਡ਼ ਰੁਪਏ ’ਚ ਫਿਊਚਰ ਰਿਟੇਲ ਦੇ 3.58 ਫ਼ੀਸਦੀ ਸ਼ੇਅਰ ਖਰੀਦੇਗੀ। ਦੱਸਣਯੋਗ ਹੈ ਕਿ ਫਿਊਚਰ ਕੂਪਨਸ, ਫਿਊਚਰ ਰਿਟੇਲ ਦੀ ਪ੍ਰਮੋਟਰ ਗਰੁੱਪ ਕੰਪਨੀ ਹੈ। ਪ੍ਰਤੱਖ ਤੌਰ ’ਤੇ ਫਿਊਚਰ ਕੂਪਨਸ ਕੋਲ ਫਿਊਚਰ ਰਿਟੇਲ ਦੇ ਸ਼ੇਅਰ ਨਹੀਂ ਹਨ। ਮਾਰਚ ’ਚ 2000 ਕਰੋਡ਼ ਰੁਪਏ ’ਚ ਫਿਊਚਰ ਕੂਪਨਸ ਨੇ ਫਿਊਚਰ ਰਿਟੇਲ ਦੇ 3.96 ਕਰੋਡ਼ ਵਾਰੰਟ ਸਬਸਕ੍ਰਾਈਬ ਕੀਤੇ ਸਨ। ਇਹ 18 ਮਹੀਨਿਆਂ ’ਚ ਕਦੇ ਵੀ 7.3 ਫ਼ੀਸਦੀ ਸ਼ੇਅਰਾਂ ’ਚ ਬਦਲੇ ਜਾ ਸਕਦੇ ਹਨ। ਰਿਪੋਰਟਾਂ ਦੀ ਮੰਨੀਏ ਤਾਂ 500 ਕਰੋਡ਼ ਰੁਪਏ ਅਪ੍ਰੈਲ ’ਚ ਜਾਰੀ ਕੀਤੇ ਜਾ ਚੁੱਕੇ ਹਨ। ਬਾਕੀ 1500 ਕਰੋਡ਼ ਰੁਪਏ ਦਾ ਭੁਗਤਾਨ ਐਮਾਜ਼ੋਨ ਕਰੇਗੀ। 1500 ਕਰੋਡ਼ ਰੁਪਏ ਦੇ ਬਦਲੇ ਐਮਾਜ਼ੋਨ ਨੂੰ ਫਿਊਚਰ ਰਿਟੇਲ ਦੇ 3.58 ਫ਼ੀਸਦੀ ਸ਼ੇਅਰ ਮਿਲਣਗੇ।

ਐਮਾਜ਼ੋਨ ਵੇਚੇਗੀ ਬਿੱਗ ਬਾਜ਼ਾਰ ਦੇ ਉਤਪਾਦ

ਡੀਲ ਮੁਤਾਬਕ ਐਮਾਜ਼ੋਨ ਆਪਣੀ ਵੈੱਬਸਾਈਟ ’ਤੇ ਬਿੱਗ ਬਾਜ਼ਾਰ ਦੇ ਸਾਰੇ ਉਤਪਾਦ ਵੇਚੇਗੀ। ਐਮਾਜ਼ੋਨ ਹਾਲ ਹੀ ’ਚ ਸ਼ਾਪਰਸ ਸਟਾਪ, ਮੋਰ ਸੁਪਰ ਮਾਰਕੀਟ ’ਚ ਹਿੱਸੇਦਾਰੀ ਖਰੀਦ ਚੁੱਕੀ ਹੈ। ਇਸ ਤੋਂ ਇਲਾਵਾ ਉਹ ਸਪੈਂਸਰਸ ’ਚ ਵੀ ਹਿੱਸੇਦਾਰੀ ਖਰੀਦਣ ’ਤੇ ਗੱਲ ਕਰ ਰਹੀ ਹੈ।

ਇਸ ਲਈ ਕਰਨਾ ਚਾਹੁੰਦੀ ਹੈ ਨਿਵੇਸ਼

ਐਮਾਜ਼ੋਨ ਇਸ ਨਿਵੇਸ਼ ਜ਼ਰੀਏ ਆਪਣੇ ਲਾਭ ਨੂੰ ਵਧਾਉਣਾ ਚਾਹੁੰਦੀ ਹੈ। ਇਸ ਦੇ ਨਾਲ ਹੀ ਉਹ ਆਪਣੇ ਗ੍ਰਾਸਰੀ ਬਿਜ਼ਨੈੱਸ ਨੂੰ ਵੀ ਵਧਾਉਣਾ ਚਾਹੁੰਦੀ ਹੈ, ਜਿਸ ਦੇ ਲਈ ਅਜੇ ਵਿਦੇਸ਼ੀ ਕੰਪਨੀਆਂ ਸਿੱਧੇ ਤੌਰ ’ਤੇ ਫੂਡ ਰਿਟੇਲ ਬਿਜ਼ਨੈੱਸ ’ਚ ਨਿਵੇਸ਼ ਨਹੀਂ ਕਰ ਸਕਦੀਆਂ ਹਨ। ਕੰਪਨੀ ਨੂੰ ਆਪਣਾ ਗ੍ਰਾਸਰੀ ਬਿਜ਼ਨੈੱਸ ਵਧਾਉਣ ਲਈ ਸਿਰਫ ਭਾਰਤ ’ਚ ਤਿਆਰ ਖੁਰਾਕੀ ਉਤਪਾਦਾਂ ਨੂੰ ਵੇਚਣ ਦੀ ਆਗਿਆ ਹੋਵੇਗੀ।


Karan Kumar

Content Editor

Related News