ਹਰਿਆਣਾ ਤੋਂ ਬਾਅਦ ਹੁਣ ਪੰਜਾਬ ’ਚ ਵੀ ਨਹੀਂ ਮਿਲੇਗੀ ਏਅਰਟੈੱਲ ਦੀ 3ਜੀ ਸੇਵਾ

Saturday, Oct 19, 2019 - 11:37 AM (IST)

ਗੈਜੇਟ ਡੈਸਕ– ਟੈਲੀਕਾਮ ਕੰਪਨੀ ਏਅਰਟੈੱਲ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਪੰਜਾਬ ’ਚ ਵੀ ਆਪਣੀ 3ਜੀ ਸੇਵਾ ਨੂੰ ਬੰਦ ਕਰਨ ਜਾ ਰਹੀ ਹੈ। ਇਸ ਤੋਂ ਪਹਿਲਾਂ ਕੰਪਨੀ ਨੇ ਹਰਿਆਣਾ ’ਚ 3ਜੀ ਸੇਵਾ ਬੰਦ ਕਰਨ ਦਾ ਐਲਾਨ ਕੀਤਾ ਸੀ। ਕੰਪਨੀ ਨੇ ਇਸ ਸਾਲ ਅਗਸਤ ਦੀ ਸ਼ੁਰੂਆਤ ’ਚ ਹੀ ਐਲਾਨ ਕੀਤਾ ਸੀ ਕਿ ਦੇਸ਼ ਭਰ ’ਚ 3ਜੀ ਸੇਵਾਵਾਂ ਨੂੰ ਬੰਦ ਕਰਨ ਜਾ ਰਹੀ ਹੈ ਅਤੇ ਕੰਪਨੀ ਨੇ ਇਸ ਦੀ ਸ਼ੁਰੂਆਤ ਕੋਲਕਾਤਾ ਤੋਂ ਕੀਤੀ ਸੀ। ਕੰਪਨੀ ਵਲੋਂ ਜਾਰੀ ਬਿਆਨ ਮੁਤਾਬਕ, ਪੰਜਾਬ ’ਚ ਏਅਰਟੈੱਲ ਗਾਹਕਾਂ ਲਈ ਮੋਬਾਇਲ ਬ੍ਰਾਡਬੈਂਡ ਸ਼ੁਰੂ ਕਰਨ ਜਾ ਰਹੀ ਹੈ, ਜੋ ਹਾਈ-ਸਪੀਡ 4ਜੀ ਨੈੱਟਵਰਕ ’ਤੇ ਚੱਲੇਗਾ, ਨਾਲ ਹੀ ਇਨ੍ਹਾਂ ’ਚ ਐੱਚ.ਡੀ. ਕੁਆਲਿਟੀ VoLTE ਸੁਵਿਧਾ ਵੀ ਮਿਲੇਗਾ। ਉਥੇ ਹੀ ਕੰਪਨੀ ਦਾ ਇਹ ਵੀ ਕਹਿਣਾ ਹੈ ਕਿ ਪੰਜਾਬ ’ਚ 2ਜੀ ਸੇਵਾਵਾਂ ਜਾਰੀ ਰਹਿਣਗੀਆਂ ਕਿਉਂਕਿ ਅਜੇ ਵੀ ਕਈ ਗਾਹਕ ਫੀਚਰ ਫੋਨ ਦਾ ਇਸਤੇਮਾਲ ਕਰਦੇ ਹਨ। 

ਪਿਛਲੇ ਹਫਤੇ ਕੰਪਨੀ ਨੇ ਹਰਿਆਣਾ ’ਚ 3ਜੀ ਸੇਵਾਵਾਂ ਬੰਦ ਕਰਨ ਦਾ ਐਲਾਨ ਕੀਤਾ ਸੀ ਅਤੇ ਗਾਹਕਾਂ ਨੂੰ 4ਜੀ ਸੇਵਾਵਾਂ ’ਤੇ ਸ਼ਿਫਟ ਕਰ ਦਿੱਤਾ ਸੀ। ਕੰਪਨੀ ਦੀ ਯੋਜਨਾ ਹੈ ਕਿ ਹੌਲੀ-ਹੌਲੀ ਤੀਜੀ ਪੀੜ੍ਹੀ ਦੀਆਂ ਸੇਵਾਵਾਂ ਨੂੰ ਖਤਮ ਕੀਤਾ ਜਾਵੇ। ਏਅਰਟੈੱਲ ਦਾ ਦਾਅਵਾ ਹੈ ਕਿ ਸਾਰੇ 3ਜੀ ਗਾਹਕਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੂੰ ਬੇਨਤੀ ਕੀਤੀ ਗਈ ਹੈ ਕਿ 4ਜੀ ਸੇਵਾਵਾਂ ਲਈਉਹ ਆਪਣੇ ਹੈਂਡਸੈੱਟਸ ਅਤੇ ਸਿਮ ਕਾਰਡ ਅਪਗ੍ਰੇਡ ਕਰ ਲੈਣ। 

ਇਸ ਤੋਂ ਪਹਿਲਾਂ ਏਅਰਟੈੱਲ ਨੇ ਐਲਾਨ ਕੀਤਾ ਸੀ ਕਿ ਉਹ ਅਗਲੇ ਸਾਲ ਮਾਰਚ 2020 ਤਕ ਦੇਸ਼ ’ਚ ਆਪਣੀਆਂ 3ਜੀ ਸੇਵਾਵਾਂ ਨੂੰ ਬੰਦ ਕਰ ਦੇਵੇਗੀ। ਕੰਪਨੀ ਸਤੰਬਰ ਤੋਂ 6-7 ਰਾਜਾਂ ’ਚ 3ਜੀ ਨੈੱਟਵਰਕ ਨੂੰ ਬੰਦ ਕਰੇਗੀ, ਜਿਸ ਤੋਂ ਬਾਅਦ ਦਸੰਬਰ ਤੋਂ ਮਾਰਚ ਤਕ ਪੂਰੇ ਦੇਸ਼ ’ਚ ਬੰਦ ਕਰ ਦਿੱਤਾ ਜਾਵੇਗਾ। ਕੰਪਨੀ ਦੀ ਯੋਜਨਾ ਹੈ ਕਿ ਅਪ੍ਰੈਲ 2020 ਤੋਂ 2ਜੀ ਤੋਂ 4ਜੀ ਸਪੈਕਟ੍ਰਮ ’ਤੇ ਸ਼ਿਫਟ ਕਰ ਲਿਆ ਜਾਵੇ, ਜਿਸ ਤੋਂ ਬਾਅਦ ਕੰਪਨੀ ਸਿਰਫ 2ਜੀ ਅਤੇ 4ਜੀ ਸੇਵਾਵਾਂ ਹੀ ਦੇਵੇਗੀ। 


Related News