ਏਅਰ ਟ੍ਰੈਵਲ ਕਰਨ ’ਤੇ ਕੱਟੇਗੀ ਜੇਬ, ਹਵਾਈ ਈਂਧਣ ਹੋਇਆ ਮਹਿੰਗਾ

Saturday, Nov 02, 2024 - 03:03 PM (IST)

ਏਅਰ ਟ੍ਰੈਵਲ ਕਰਨ ’ਤੇ ਕੱਟੇਗੀ ਜੇਬ, ਹਵਾਈ ਈਂਧਣ ਹੋਇਆ ਮਹਿੰਗਾ

ਨਵੀਂ ਦਿੱਲੀ (ਭਾਸ਼ਾ) – ਦੀਵਾਲੀ ਅਤੇ ਛਠ ਦੇ ਪਵਿੱਤਰ ਤਿਓਹਾਰਾਂ ਦੇ ਚੱਲਦੇ ਉਂਝ ਤਾਂ ਹਵਾਈ ਕਿਰਾਇਆ ਆਸਮਾਨ ਛੋਹ ਰਿਹਾ ਹੈ ਪਰ ਹੁਣ ਏਅਰ ਟ੍ਰੈਵਲ ਕਰਨ ’ਤੇ ਹੋਰ ਜੇਬ ਕੱਟੇਗੀ। ਸਰਕਾਰੀ ਆਇਲ ਮਾਰਕੀਟਿੰਗ ਕੰਪਨੀਆਂ ਨੇ ਕਮਰਸ਼ੀਅਲ ਰਸੋਈ ਗੈਸ ਸਿਲੰਡਰ ਦੇ ਨਾਲ ਹਵਾਈ ਈਂਧਣ ਦੀਆਂ ਕੀਮਤਾਂ ’ਚ ਵੀ ਵਾਧਾ ਕਰ ਦਿੱਤਾ ਹੈ।

1 ਨਵੰਬਰ 2024 ਤੋਂ ਏਵੀਏਸ਼ਨ ਟਰਬਾਈਨ ਫਿਊਲ ਭਾਵ ਏ. ਟੀ.ਐੱਫ. ਦੀਆਂ ਕੀਮਤਾਂ ’ਚ 3.35 ਫੀਸਦੀ ਜਾਂ 2941.5 ਕਿਲੋਲੀਟਰ ਦਾ ਵਾਧਾ ਕਰ ਦਿੱਤਾ ਗਿਆ ਹੈ। ਅਜਿਹੇ ’ਚ ਛਠ ਪੂਜਾ ਅਤੇ ਵਿਆਹਾਂ ਦੇ ਸੀਜ਼ਨ ’ਚ ਹਵਾਈ ਸਫਰ ਕਰਨ ਵਾਲਿਆਂ ਦੀ ਜੇਬ ਹੋਰ ਕੱਟੀ ਜਾਵੇਗੀ। ਤੇਲ ਕੰਪਨੀਆਂ ਨੇ ਕਮਰਸ਼ੀਅਲ ਐੱਲ. ਪੀ. ਜੀ. ਦੀ ਕੀਮਤ ਵੀ 62 ਰੁਪਏ ਵਧਾ ਕੇ 1,802 ਰੁਪਏ ਪ੍ਰਤੀ 19 ਕਿਲੋਗ੍ਰਾਮ ਸਿਲੰਡਰ ਕਰ ਦਿੱਤੀ ਹੈ। ਇਹ ਕਮਰਸ਼ੀਅਲ ਐੱਲ. ਪੀ. ਜੀ. ਦੀਆਂ ਕੀਮਤਾਂ ’ਚ ਲਗਾਤਾਰ ਚੌਥਾ ਮਾਸਿਕ ਵਾਧਾ ਹੈ।

ਮੁੰਬਈ ’ਚ ਹੁਣ ਕਮਰਸ਼ੀਅਲ ਐੱਲ. ਪੀ. ਜੀ. ਦੀਆਂ ਕੀਮਤਾਂ 19 ਕਿਲੋਗ੍ਰਾਮ ਵਾਲੇ ਸਿਲੰਡਰ ਲਈ 1,754.50 ਰੁਪਏ, ਕੋਲਕਾਤਾ ’ਚ 1,911.50 ਰੁਪਏ ਅਤੇ ਚੇਨਈ ’ਚ 1,964.50 ਰੁਪਏ ਹੈ। ਹਾਲਾਂਕਿ ਘਰੇਲੂ ਵਰਤੋਂ ਵਾਲੀ ਰਸੋਈ ਗੈਸ ਦੀ ਕੀਮਤ 14.2 ਕਿਲੋਗ੍ਰਾਮ ਵਾਲੇ ਸਿਲੰਡਰ ਲਈ 803 ਰੁਪਏ ’ਤੇ ਪਹਿਲਾਂ ਵਾਂਗ ਟਿਕੀ ਹੋਈ ਹੈ।

ਉੱਧਰ ਰਾਜਧਾਨੀ ਦਿੱਲੀ ’ਚ ਏ. ਟੀ. ਐੱਫ. ਦੀ ਕੀਮਤ 2,941 ਰੁਪਏ ਪ੍ਰਤੀ ਕਿਲੋਲੀਟਰ ਦੇ ਵਾਧੇ ਨਾਲ 90,538.72 ਰੁਪਏ ਪ੍ਰਤੀ ਕਿਲੋਲੀਟਰ ਹੋ ਗਈ ਹੈ, ਜੋ ਪਿਛਲੇ ਮਹੀਨੇ 87,587.22 ਰੁਪਏ ਪ੍ਰਤੀ ਕਿਲੋਲੀਟਰ ਸੀ ਭਾਵ ਏ. ਟੀ. ਐੱਫ. ਹੁਣ 3.35 ਫੀਸਦੀ ਮਹਿੰਗਾ ਹੋ ਗਿਆ ਹੈ। ਕੋਲਕਾਤਾ ’ਚ ਇਸ ਦੀ ਕੀਮਤ 93,392 ਰੁਪਏ, ਮੁੰਬਈ ’ਚ 84,642 ਰੁਪਏ ਅਤੇ ਚੇਨਈ ’ਚ 93,957 ਰੁਪਏ ਪ੍ਰਤੀ ਕਿਲੋਲੀਟਰ ਹੋ ਗਈ ਹੈ।


author

Harinder Kaur

Content Editor

Related News