ਬਿਲ ਗੇਟਸ ਬੋਲੇ - ਡਾਕਟਰਾਂ ਤੇ ਅਧਿਆਪਕਾਂ ਦੀ ਘਾਟ ਨੂੰ ਦੂਰ ਕਰੇਗਾ AI

Monday, Apr 21, 2025 - 12:30 AM (IST)

ਬਿਲ ਗੇਟਸ ਬੋਲੇ - ਡਾਕਟਰਾਂ ਤੇ ਅਧਿਆਪਕਾਂ ਦੀ ਘਾਟ ਨੂੰ ਦੂਰ ਕਰੇਗਾ AI

ਜਲੰਧਰ- ਬਿਲ ਗੇਟਸ ਨੇ ਨੌਕਰੀਆਂ ’ਤੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਦੇ ਪ੍ਰਭਾਵ ਬਾਰੇ ਇਕ ਹੋਰ ਭਵਿੱਖਬਾਣੀ ਕੀਤੀ ਹੈ। ਮਾਈਕ੍ਰੋਸਾਫਟ ਦੇ ਸੰਸਥਾਪਕ ਬਿਲ ਗੇਟਸ ਨੇ ਭਵਿੱਖਬਾਣੀ ਕੀਤੀ ਹੈ ਕਿ ਏ. ਆਈ. ਜਲਦੀ ਹੀ ਸਿਹਤ ਸੰਭਾਲ ਅਤੇ ਸਿੱਖਿਆ ’ਚ ਮਹੱਤਵਪੂਰਨ ਪਾੜੇ ਨੂੰ ਭਰ ਕੇ ਡਾਕਟਰਾਂ ਅਤੇ ਅਧਿਆਪਕਾਂ ਦੀ ਘਾਟ ਨੂੰ ਪੂਰਾ ਕਰੇਗਾ।

ਪੋਡਕਾਸਟ ’ਤੇ ਬੋਲਦਿਆਂ ਗੇਟਸ ਨੇ ਕਿਹਾ ਕਿ ਏ. ਆਈ. ਦੇ ਆਉਣ ਨਾਲ ਡਾਕਟਰੀ ਖੇਤਰ ’ਚ ਕੋਈ ਕਮੀ ਨਹੀਂ ਰਹੇਗੀ। ਉਨ੍ਹਾਂ ਨੇ ਇਹ ਵੀ ਭਵਿੱਖਬਾਣੀ ਕੀਤੀ ਕਿ ਏ. ਆਈ. ਫੈਕਟਰੀ ਦੇ ਵਰਕਰਾਂ, ਉਸਾਰੀ ਅਮਲੇ ਅਤੇ ਹੋਟਲ ਦੀ ਸਫਾਈ ਕਰਨ ਵਾਲਿਆਂ ਦੀ ਭੂਮਿਕਾਵਾਂ ਸੰਭਾਲਣਗੇ। ਇਸ ਨਾਲ ਕੰਮ ਦਾ ਹਫ਼ਤਾ ਸੰਭਾਵੀ ਤੌਰ ’ਤੇ ਛੋਟਾ ਹੋ ਜਾਵੇਗਾ। ਗੇਟਸ ਨੇ ਕਿਹਾ ਕਿ ਤੁਸੀਂ ਜਲਦੀ ਰਿਟਾਇਰ ਹੋ ਸਕਦੇ ਹੋ, ਤੁਸੀਂ ਇਕ ਛੋਟਾ ਕੰਮ ਹਫ਼ਤੇ ’ਚ ਖਤਮ ਕਰ ਸਕਦੇ ਹੋ।

ਸਿੱਖਿਆ ਤੇ ਸਿਹਤ ਖੇਤਰ ’ਚ ਚੁਣੌਤੀਆਂ

ਐਸੋਸੀਏਸ਼ਨ ਆਫ਼ ਅਮੈਰੀਕਨ ਮੈਡੀਕਲ ਕਾਲਜਿਜ਼ ਅਨੁਸਾਰ ਅਮਰੀਕਾ ਨੂੰ 2036 ਤੱਕ ਸਿਹਤ ਸੰਭਾਲ ’ਚ 86,000 ਡਾਕਟਰਾਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਵਿਸ਼ਵ ਪੱਧਰ ’ਤੇ ਭਾਰਤ ਅਤੇ ਅਫਰੀਕਾ ਵਰਗੇ ਦੇਸ਼ ਵੀ ਡਾਕਟਰੀ ਪੇਸ਼ੇਵਰਾਂ ਦੀ ਘਾਟ ਨਾਲ ਜੂਝ ਰਹੇ ਹਨ। ਰਿਪੋਰਟਾਂ ਅਨੁਸਾਰ ਸਿੱਖਿਆ ਨੂੰ ਵੀ ਇਸੇ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਰਿਪੋਰਟ ਅਨੁਸਾਰ 2023 ’ਚ ਅਮਰੀਕਾ ਦੇ 12 ਪਬਲਿਕ ਸਕੂਲਾਂ ’ਚੋਂ 86 ਫੀਸਦੀ ਨੇ 45 ਫੀਸਦੀ ਸਟਾਫ ਦੀ ਘਾਟ ਦੀ ਰਿਪੋਰਟ ਕੀਤੀ ਹੈ। ਲੰਡਨ ਦੇ ਡੇਵਿਡ ਗੇਮ ਕਾਲਜ ਨੇ 20 ਵਿਦਿਆਰਥੀਆਂ ਨੂੰ ਅੰਗਰੇਜ਼ੀ ਅਤੇ ਗਣਿਤ ਵਰਗੇ ਵਿਸ਼ਿਆਂ ’ਚ ਮਦਦ ਕਰਨ ਲਈ ਚੈਟ ਜੀ. ਪੀ. ਟੀ. ਵਰਗੇ ਏ. ਆਈ. ਟੂਲ ਦਾ ਪ੍ਰੀਖਣ ਕੀਤਾ ਹੈ। ਧੋਖਾਧੜੀ ਦੀਆਂ ਚਿੰਤਾਵਾਂ ਦੇ ਬਾਵਜੂਦ ਅਧਿਆਪਕ ਏ. ਆਈ. ਨੂੰ ਸਮਾਂ ਬਚਾਉਣ ਵਾਲਾ ਅਤੇ ਸਿੱਖਣ ਦੀ ਸਮਰੱਥਾ ਨੂੰ ਵਧਾਉਣ ਵਾਲਾ ਮੰਨਦੇ ਹਨ।


author

Rakesh

Content Editor

Related News