ਬਿਰਲਾ ਦਾ ਇਹ IPO ਹੋਵੇਗਾ ਲਾਂਚ, ਇਕ ਹੀ ਦਿਨ ''ਚ ਹੋ ਸਕਦੈ ਮੋਟਾ ਮੁਨਾਫ਼ਾ
Thursday, Apr 08, 2021 - 02:13 PM (IST)
ਨਵੀਂ ਦਿੱਲੀ- ਇਸ ਸਾਲ ਸਟਾਕਸ ਬਾਜ਼ਾਰ ਵਿਚ ਆਈ. ਪੀ. ਓ. ਦੀ ਧੁੰਮ ਮਚੀ ਹੋਈ ਹੈ। ਨਿਵੇਸ਼ਕ ਸ਼ਾਨਦਾਰ ਰਿਟਰਨ ਵੀ ਕਮਾ ਰਹੇ ਹਨ। ਹਾਲਾਂਕਿ, ਲਿਸਟਿੰਗ ਦੇ ਪਹਿਲੇ ਦਿਨ ਕੁਝ ਨਿਵੇਸ਼ਕਾਂ ਨੂੰ ਨਿਰਾਸ਼ਾ ਵੀ ਹੋਈ ਹੈ। ਇਸ ਵਿਚਕਾਰ ਹੁਣ ਦਿੱਗਜ ਕੰਪਨੀ ਆਦਿੱਤਿਆ ਬਿਰਲਾ ਕੈਪੀਟਲ ਦੀ ਨਜ਼ਰ ਵੀ ਸ਼ੇਅਰ ਬਾਜ਼ਾਰ (ਸਟਾਕਸ ਮਾਰਕੀਟ) ਵਿਚ ਦਸਤਕ ਦੇਣ ਦੀ ਹੈ। ਇਹ ਕੰਪਨੀ ਆਪਣੇ ਮਿਊਚੁਅਲ ਫੰਡ ਯੂਨਿਟ ਦਾ ਆਈ. ਪੀ. ਓ. ਲਿਆਉਣ ਦੀ ਤਿਆਰੀ ਵਿਚ ਹੈ।
ਸੂਤਰਾਂ ਅਨੁਸਾਰ, ਕੰਪਨੀ ਆਪਣੇ ਮਿਊਚੁਅਲ ਫੰਡ ਕਾਰੋਬਾਰ 'ਬਿਰਲਾ ਸਨ ਲਾਈਫ ਏ. ਐੱਮ. ਸੀ.' ਦੇ ਆਈ. ਪੀ. ਓ. ਦੀ ਯੋਜਨਾ ਲਈ ਬੈਂਕਰਾਂ ਨਾਲ ਮੀਟਿੰਗ ਕਰ ਰਹੀ ਹੈ।
ਕੰਪਨੀ ਅਗਲੇ 10 ਦਿਨਾਂ ਵਿਚ ਬਾਜ਼ਾਰ ਰੈਗੂਲੇਟਰ ਸੇਬੀ ਕੋਲ ਆਈ. ਪੀ. ਓ. ਦਸਤਾਵੇਜ਼ ਦਾਖ਼ਲ ਕਰ ਸਕਦੀ ਹੈ। ਕਿਹਾ ਜਾਂਦਾ ਹੈ ਕਿ ਬਿਰਲਾ ਸਨ ਲਾਈਫ ਦੇ ਆਈ. ਪੀ. ਓ. ਦੀ ਕੀਮਤ 20,000-25,000 ਕਰੋੜ ਰੁਪਏ ਦੇ ਨੇੜੇ ਹੋ ਸਕਦੀ ਹੈ। ਕੰਪਨੀ ਆਪਣੀ ਇੰਸ਼ੋਰੈਂਸ ਇਕਾਈ ਦੇ ਆਈ. ਪੀ. ਓ. 'ਤੇ ਵੀ ਵਿਚਾਰ ਕਰ ਸਕਦੀ ਹੈ। ਪਿਛਲੇ ਮਹੀਨੇ ਹੀ ਕੰਪਨੀ ਦੇ ਡਾਇਰੈਕਟਰ ਬੋਰਡ ਨੇ ਆਦਿੱਤਿਆ ਬਿਰਲਾ ਸਨ ਲਾਈਫ ਏ. ਐੱਮ. ਸੀ. ਦੀ ਸ਼ੁਰੂਆਤੀ ਜਨਤਕ ਪੇਸ਼ਕਸ਼ ਦੀ ਪੜਚੋਲ ਕਰਨ ਲਈ ਸਿਧਾਂਤਕ ਪ੍ਰਵਾਨਗੀ ਦੇ ਦਿੱਤੀ ਸੀ। ਇਸ ਤੋਂ ਪਹਿਲਾਂ ਭਾਰਤੀ ਸਟੇਟ ਬੈਂਕ ਨੇ ਵੀ ਆਪਣੀ ਮਿਊਚੁਅਲ ਫੰਡ ਕੰਪਨੀ ਨੂੰ ਐਕਸਚੇਂਜ ਤੇ ਸੂਚੀਬੱਧ ਕਰਨ ਵਿਚ ਦਿਲਚਸਪੀ ਜਤਾਈ ਸੀ। ਇਸ ਸਮੇਂ ਸ਼ੇਅਰ ਬਾਜ਼ਾਰ ਵਿਚ ਐੱਚ. ਡੀ. ਐੱਫ. ਸੀ. ਐਸੇਟ ਮੈਨੇਜਮੈਂਟ ਤੇ ਨਿਪੋਨ ਇੰਡੀਆ ਮਿਊਚੁਅਲ ਫੰਡ ਦੋ ਸੂਚੀਬੱਧ ਫੰਡ ਹਾਊਸ ਹਨ।