ਟਾਟਾ ਮੋਟਰਜ਼ ਵਿੱਤੀ ਸਾਲ 2029-30 ਤੱਕ 5 ਨਵੇਂ ਇਲੈਕਟ੍ਰਿਕ ਵਾਹਨ ਪੇਸ਼ ਕਰੇਗੀ
Wednesday, Dec 24, 2025 - 12:29 AM (IST)
ਨਵੀਂ ਦਿੱਲੀ, (ਭਾਸ਼ਾ)- ਟਾਟਾ ਮੋਟਰਜ਼ ਪੈਸੰਜਰ ਵ੍ਹੀਕਲਜ਼ (ਟੀ. ਐੱਮ. ਪੀ. ਵੀ.) ਨੇ ਐਲਾਨ ਕੀਤਾ ਕਿ ਉਹ ਵਿੱਤੀ ਸਾਲ 2029-30 ਤੱਕ 5 ਨਵੇਂ ਇਲੈਕਟ੍ਰਿਕ ਵਾਹਨ ਮਾਡਲ ਪੇਸ਼ ਕਰੇਗੀ, ਜਿਨ੍ਹਾਂ ’ਚ ਪ੍ਰੀਮੀਅਮ ਉਤਪਾਦ ਰੇਂਜ ਅਵਿਨਿਆ ਵੀ ਸ਼ਾਮਲ ਹੈ। ਕੰਪਨੀ ਦੇਸ਼ ’ਚ ਲਗਾਤਾਰ ਵਧਦੇ ਇਲੈਕਟ੍ਰਿਕ ਵਾਹਨ ਸੈਕਟਰ ’ਚ ਆਪਣੀ 45-50 ਫੀਸਦੀ ਦੀ ਪ੍ਰਮੁੱਖ ਬਾਜ਼ਾਰ ਹਿੱਸੇਦਾਰੀ ਬਣਾਏ ਰੱਖਣਾ ਚਾਹੁੰਦੀ ਹੈ।
ਟਾਟਾ ਮੋਟਰਜ਼ ਨੇ ਕਿਹਾ ਕਿ ਉਹ ਵਿੱਤੀ ਸਾਲ 2029-30 ਤੱਕ ਇਲੈਕਟ੍ਰਿਕ ਵਾਹਨ ਕਾਰੋਬਾਰ ’ਚ 16,000-18,000 ਕਰੋਡ਼ ਰੁਪਏ ਦਾ ਨਿਵੇਸ਼ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ ’ਚ ਉਤਪਾਦਾਂ ਦੇ ਨਾਲ ਦੇਸ਼ ਭਰ ’ਚ 10 ਲੱਖ ਤੋਂ ਵੱਧ ਚਾਰਜਿੰਗ ਪੁਆਇੰਟ ਲਾਉਣਾ ਸ਼ਾਮਲ ਹੈ। ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਸ਼ੈਲੇਸ਼ ਚੰਦਰਾ ਨੇ ਕਿਹਾ,‘‘ਜਿਵੇਂ-ਜਿਵੇਂ ਇਲੈਕਟ੍ਰਿਕ ਵਾਹਨਾਂ ਨੂੰ ਅਪਣਾਇਆ ਜਾ ਰਿਹਾ ਹੈ, ਸਾਡੀ ਵਚਨਬੱਧਤਾ ਸਪੱਸ਼ਟ ਹੈ। ਸਾਨੂੰ ਇਲੈਕਟ੍ਰਿਕ ਵਾਹਨਾਂ ਨੂੰ ਸਾਰੇ ਸੈਕਟਰਾਂ ’ਚ ਆਸਾਨ ਬਣਾ ਕੇ, ਮਾਹੌਲ ਨੂੰ ਮਜ਼ਬੂਤ ਕਰ ਕੇ ਅਤੇ ਤਕਨੀਕੀ ਅਤੇ ਸਥਾਨੀਕਰਨ ’ਚ ਨਿਵੇਸ਼ ਕਰ ਕੇ ਇਸ ਨੂੰ ਮੁੱਖ ਧਾਰਾ ’ਚ ਲਿਆਉਣਾ ਹੈ।’’
