ਸੇਬੀ ਦੇ ਸਖ਼ਤ ਨਿਯਮਾਂ ਤੇ ਮੁਕਾਬਲੇਬਾਜ਼ੀ ਕਾਰਨ ਕੈਸ਼ ਸੈਗਮੈਂਟ ਦੇ 25 ਫ਼ੀਸਦੀ ਬ੍ਰੋਕਰ ਸ਼ੇਅਰ ਬਾਜ਼ਾਰ ਤੋਂ ਬਾਹਰ
Friday, Jul 26, 2019 - 10:39 AM (IST)

ਨਵੀਂ ਦਿੱਲੀ — ਸ਼ੇਅਰ ਬਾਜ਼ਾਰ ’ਚ ਪਿਛਲੇ ਇਕ ਸਾਲ ਤੋਂ ਚੱਲ ਰਹੇ ਉਤਾਰ-ਚੜ੍ਹਾਅ ਅਤੇ ਸਕਿਓਰਿਟੀ ਐਂਡ ਐਕਸਚੇਂਜ ਬੋਰਡ ਆਫ ਇੰਡੀਆ (ਸੇਬੀ) ਦੇ ਔਖੇ ਪਾਲਣਾ ਨਿਯਮਾਂ ਕਾਰਣ ਕੈਸ਼ ਸੈਗਮੈਂਟ ਦੇ 25 ਫ਼ੀਸਦੀ ਬ੍ਰੋਕਰ ਸ਼ੇਅਰ ਬਾਜ਼ਾਰ ਤੋਂ ਬਾਹਰ ਹੋ ਗਏ ਹਨ। ਬ੍ਰੋਕਰਾਂ ਦੇ ਮੈਂਬਰਸ਼ਿਪ ਸਰੰਡਰ ਕਰਨ ਦਾ ਇਕ ਵੱਡਾ ਕਾਰਣ ਬ੍ਰੋਕਰੇਜ ਫਰਮਾਂ ’ਚ ਚੱਲ ਰਹੀ ਮੁਕਾਬਲੇਬਾਜ਼ੀ ਵੀ ਹੈ। ਵੱਡੇ ਬ੍ਰੋਕਰੇਜ ਹਾਊਸ ਨਿਵੇਸ਼ਕਾਂ ਨੂੰ ਡਿਸਕਾਊਂਟ ਦੇ ਰਹੇ ਹਨ, ਜਿਸ ਦੀ ਵਜ੍ਹਾ ਨਾਲ ਛੋਟੇ ਬ੍ਰੋਕਰਾਂ ਨੂੰ ਕਾਰੋਬਾਰ ਛੱਡਣਾ ਪੈ ਰਿਹਾ ਹੈ। ਸੇਬੀ ਦੇ ਅੰਕੜਿਆਂ ਮੁਤਾਬਕ ਮਈ 2018 ਤੋਂ ਬਾਅਦ 12 ਮਹੀਨਿਆਂ ’ਚ 700 ਤੋਂ ਜ਼ਿਆਦਾ ਬ੍ਰੋਕਰ ਕੈਸ਼ ਸੈਗਮੈਂਟ ਤੋਂ ਬਾਹਰ ਹੋ ਗਏ ਹਨ। ਇਸ ਦੌਰਾਨ ਕਾਰਪੋਰੇਟ ਬ੍ਰੋਕਰਸ ਅਤੇ ਇਕਵਿਟੀ ਡੈਰੀਵੇਟਿਵ ਸੈਗਮੈਂਟ ’ਚ ਉਨ੍ਹਾਂ ਦੀ ਗਿਣਤੀ ’ਚ ਵੀ ਕਮੀ ਆਈ ਹੈ। ਪਿਛਲੇ 12 ਮਹੀਨਿਆਂ ’ਚ ਕੈਸ਼ ਮਾਰਕੀਟ ਬ੍ਰੋਕਰਸ ਦੀ ਗਿਣਤੀ 3028 ਤੋਂ ਘੱਟ ਹੋ ਕੇ 2253 ਰਹਿ ਗਈ ਹੈ, ਜਦੋਂ ਕਿ ਕਾਰਪੋਰੇਟ ਬ੍ਰੋਕਰ ਦੀ ਗਿਣਤੀ 2641 ਤੋਂ ਘੱਟ ਹੋ ਕੇ 1954 ਅਤੇ ਇਕਵਿਟੀ ਡੈਰੀਵੇਟਿਵ ਸੈਗਮੈਂਟ ’ਚ ਬ੍ਰੋਕਰ ਦੀ ਗਿਣਤੀ 2569 ਤੋਂ ਘੱਟ ਹੋ ਕੇ 2429 ਰਹਿ ਗਈ ਹੈ। ਅੰਕੜਿਆਂ ਮੁਤਾਬਕ ਕੈਸ਼ ਸੈਗਮੈਂਟ ’ਚ ਬ੍ਰੋਕਰ ਦੀ ਗਿਣਤੀ 25 ਫੀਸਦੀ ਘੱਟ ਹੋ ਗਈ ਹੈ।
ਬ੍ਰੋਕਰੇਜ ’ਤੇ ਡਿਸਕਾਊਂਟ ਨਾਲ ਵੀ ਮੁਸ਼ਕਿਲ ਹੋਇਆ ਕਾਰੋਬਾਰ
ਕੁਝ ਬ੍ਰੋਕੇਰਜ ਹਾਊਸ ਚੰਗੇ ਡਿਸਕਾਊਂਟ ਦੇ ਰਹੇ ਹਨ, ਜਿਸ ਕਾਰਣ ਰਵਾਇਤੀ ਬ੍ਰੋਕਰਾਂ ਨੂੰ ਕਾਰੋਬਾਰ ਕਰਨਾ ਮੁਸ਼ਕਿਲ ਹੋ ਰਿਹਾ ਹੈ। ਕੈਸ਼ ਮਾਰਕੀਟ ਸ਼ੇਅਰ ਬਾਜ਼ਾਰ ’ਚ ਲਿਸਟਿਡ ਕੰਪਨੀਆਂ ਦੇ ਸ਼ੇਅਰਾਂ ਦੀ ਖਰੀਦੋ-ਫਰੋਖਤ ਦਾ ਕੰਮ ਕਰਦੀ ਹੈ, ਜਦੋਂ ਕਿ ਡੈਰੀਵੇਟਿਵ ਸੈਗਮੈਂਟ ਰਾਹੀਂ ਵਾਅਦੇ ਦੇ ਸੌਦੇ ਨਿਪਟਾਏ ਜਾਂਦੇ ਹਨ। ਡੈਰੀਵੇਟਿਵ ਸੈਗਮੈਂਟ ਰਾਹੀਂ ਹੀ ਸ਼ੇਅਰ ਬਾਜ਼ਾਰ ਦਾ ਕੰਮ ਹੁੰਦਾ ਹੈ। ਵਿੱਤੀ ਸਾਲ 2005 ਤੋਂ ਲੈ ਕੇ 2017 ਤੱਕ ਕੈਸ਼ ਮਾਰਕੀਟ ਦੇ ਟਰਨਓਵਰ ਦੀ ਕੰਪਾਊਂਡ ਐਨੂਅਲ ਗਰੋਥ ਰੇਟ (ਸੀ. ਏ. ਜੀ. ਆਰ.) 11.39 ਫ਼ੀਸਦੀ ਰਹੀ, ਜਦੋਂ ਕਿ ਡੈਰੀਵੇਟਿਵ ’ਚ ਸੀ. ਏ. ਜੀ. ਆਰ. 35.10 ਫ਼ੀਸਦੀ ਰਹੀ।
ਪਿਛਲੇ ਇਕ ਸਾਲ ਦੌਰਾਨ ਸ਼ੇਅਰ ਬਾਜ਼ਾਰ ਦਬਾਅ ਦੇ ਦੌਰ ’ਚੋਂ ਲੰਘਿਆ ਅਤੇ ਬ੍ਰੋਕਰਸ ਦੇ ਮਾਰਜਨ ’ਤੇ ਇਸ ਦਾ ਅਸਰ ਪਿਆ ਹੈ। ਬ੍ਰੋਕਰਾਂ ਨੂੰ ਇਸ ਦੀ ਵਜ੍ਹਾ ਨਾਲ ਦੋਹਰੀ ਮਾਰ ਪੈ ਰਹੀ ਹੈ ਕਿਉਂਕਿ ਉਨ੍ਹਾਂ ਦੇ ਖਰਚੇ ਪਹਿਲਾਂ ਵਾਂਗ ਹਨ। ਨਿਵੇਸ਼ਕਾਂ ਦੇ ਦੂਰ ਹਟਣ ਅਤੇ ਸੇਬੀ ਦੀਆਂ ਸ਼ਰਤਾਂ ਮੁਤਾਬਕ ਨਿਯਮਾਂ ਦੀ ਪਾਲਣਾ ਕਰਨ ’ਚ ਖਰਚੇ ਵਧਦੇ ਹਨ, ਜਦੋਂ ਕਿ ਵਾਲਿਊਮ ਘੱਟ ਹੋਣ ਕਾਰਣ ਕਮਿਸ਼ਨ ਘੱਟ ਹੁੰਦਾ ਜਾ ਰਿਹਾ ਹੈ। –ਉੱਤਮ ਬਾਗੜੀ, ਚੇਅਰਮੈਨ ਬੀ. ਐੱਸ. ਈ. ਬ੍ਰੋਕਰਸ ਫੋਰਮ
ਕੰਪਲਾਇੰਸ ਦੇ ਨਿਯਮ ਸਖ਼ਤ ਹੋਣ ਕਾਰਣ ਛੋਟੇ ਬ੍ਰੋਕਰ ਬਾਜ਼ਾਰ ਤੋਂ ਬਾਹਰ ਹੋ ਰਹੇ ਹਨ ਅਤੇ ਮੈਂਬਰਸ਼ਿਪ ਸਰੰਡਰ ਕੀਤੀ ਜਾ ਰਹੀ ਹੈ ਕਿਉਂਕਿ ਲਾਭ ਘੱਟ ਹੋ ਰਿਹਾ ਹੈ ਅਤੇ ਸਖ਼ਤ ਨਿਯਮਾਂ ਦੀ ਵਜ੍ਹਾ ਨਾਲ ਕੰਪਲਾਇੰਸ ਮੁਸ਼ਕਿਲ ਹੈ। ਬ੍ਰੋਕਰਾਂ ਨੂੰ ਤਕਨੀਕ ’ਚ ਵੀ ਨਿਵੇਸ਼ ਕਰਨਾ ਪੈ ਰਿਹਾ ਹੈ, ਜਿਸ ਕਾਰਣ ਬ੍ਰੋਕਰਾਂ ਦੀ ਪ੍ਰੇਸ਼ਾਨੀ ਵਧ ਰਹੀ ਹੈ। -ਵਿਜੈ ਭੂਸ਼ਣ, ਪ੍ਰੈਜ਼ੀਡੈਂਟ ਐਸੋ. ਆਫ ਨੈਸ਼ਨਲ ਐਕਸਚੇਂਜ ਮੈਂਬਰਸ ਆਫ ਇੰਡੀਆ
ਇਸ ਤਰ੍ਹਾਂ ਬਾਜ਼ਾਰ ਤੋਂ ਬਾਹਰ ਹੋ ਰਹੇ ਹਨ ਬ੍ਰੋਕਰ
ਸੈਗਮੈਂਟ ਮਈ (2018) ਮਈ (2019) ਗਿਰਾਵਟ
ਕੈਸ਼ 3028 2235 25.6
ਕਾਰਪੋਰੇਟ (ਕੈਸ਼) 2641 1954 26
ਇਕਵਿਟੀ ਡੈਰੀਵੇਟਿਵ 2569 2429 5.4