ਬਿਟਕੁਆਇਨ ’ਚ ਗਿਰਾਵਟ ਨਾਲ ਨਿਵੇਸ਼ਕਾਂ ਦੇ 220 ਅਰਬ ਡਾਲਰ ਸੁਆਹ

Tuesday, Aug 06, 2024 - 11:41 AM (IST)

ਬਿਟਕੁਆਇਨ ’ਚ ਗਿਰਾਵਟ ਨਾਲ ਨਿਵੇਸ਼ਕਾਂ ਦੇ 220 ਅਰਬ ਡਾਲਰ ਸੁਆਹ

ਨਵੀਂ ਦਿੱਲੀ (ਇੰਟ.) – ਦੁਨੀਆ ਦੀ ਸਭ ਤੋਂ ਵੱਡੀ ਇਕਾਨਮੀ ਵਾਲੇ ਦੇਸ਼ ਅਮਰੀਕਾ ’ਚ ਮੰਦੀ ਦੇ ਖਦਸ਼ੇ ਵਿਚਾਲੇ ਅੱਜ ਪੂਰੀ ਦੁਨੀਆ ਦੇ ਸ਼ੇਅਰ ਬਾਜ਼ਾਰਾਂ ’ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ। ਇਸ ਦੌਰਾਨ ਕ੍ਰਿਪਟੋਕਰੰਸੀ ਮਾਰਕੀਟ ’ਚ ਵੀ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਦੁਨੀਆ ਦੀ ਸਭ ਤੋਂ ਵੱਡੀ, ਸਭ ਤੋਂ ਪੁਰਾਣੀ ਅਤੇ ਸਭ ਤੋਂ ਮਨਪਸੰਦ ਕ੍ਰਿਪਟੋਕਰੰਸੀ ਬਿਟਕੁਆਇਨ ਸੋਮਵਾਰ ਨੂੰ ਕਈ ਮਹੀਨਿਆਂ ਦੇ ਹੇਠਲੇ ਪੱਧਰ ’ਤੇ ਪਹੁੰਚ ਗਈ।

ਤਾਜ਼ਾ ਅੰਕੜਿਆਂ ਅਨੁਸਾਰ ਖਬਰ ਲਿਖੇ ਜਾਣ ਤੱਕ ਬਿਟਕੁਆਇਨ 14.61 ਫੀਸਦੀ ਦੀ ਗਿਰਾਵਟ ਨਾਲ 51981 ਡਾਲਰ ’ਤੇ ਕਾਰੋਬਾਰ ਕਰ ਰਹੀ ਸੀ। ਸ਼ੁਰੂਆਤੀ ਕਾਰੋਬਾਰ ’ਚ ਇਹ ਏਸ਼ੀਆਈ ਬਾਜ਼ਾਰ ’ਚ 49121 ਡਾਲਰ ਤੱਕ ਡਿੱਗ ਗਈ ਸੀ। ਇਸ ਨਾਲ ਇਸ ਦੀ ਵੈਲਿਊ ’ਚ 220 ਅਰਬ ਡਾਲਰ ਦੀ ਗਿਰਾਵਟ ਆਈ। ਭਾਵ ਨਿਵੇਸ਼ਕਾਂ ਦੇ 220 ਅਰਬ ਡਾਲਰ ਸੁਆਹ ਹੋ ਗਏ। ਇਹ ਮੁਕੇਸ਼ ਅੰਬਾਨੀ (113 ਅਰਬ ਡਾਲਰ) ਅਤੇ ਗੌਤਮ ਅਡਾਨੀ (110 ਅਰਬ ਡਾਲਰ) ਦੀ ਨੈੱਟਵਰਥ ਦੇ ਲਗਭਗ ਬਰਾਬਰ ਹੈ।

ਬਿਟਕੁਆਇਨ ਦੇ ਨਾਲ-ਨਾਲ ਇਥੇਰੀਅਮ ’ਚ ਵੀ ਭਾਰੀ ਗਿਰਾਵਟ ਆਈ ਹੈ। ਇਥੇਰੀਅਮ ਨੇ ਇਸ ਸਾਲ ਦੀ ਆਪਣੀ ਬੜ੍ਹਤ ਇਕ ਝਟਕੇ ’ਚ ਗੁਆ ਦਿੱਤੀ। ਇਥੇਰੀਅਮ 18.62 ਫੀਸਦੀ ਦੀ ਗਿਰਾਵਟ ਦੇ ਨਾਲ 2369 ਡਾਲਰ ’ਤੇ ਕਾਰੋਬਾਰ ਕਰ ਰਿਹਾ ਹੈ।


author

Harinder Kaur

Content Editor

Related News