21 ਵੱਡੀਆਂ ਰੀਅਲ ਅਸਟੇਟ ਕੰਪਨੀਆਂ ਨੇ ਵੇਚੀਆਂ 35 ਹਜ਼ਾਰ ਕਰੋੜ ਰੁਪਏ ਦੀਆਂ ਜਾਇਦਾਦਾਂ
Monday, Sep 02, 2024 - 10:27 AM (IST)
ਨਵੀਂ ਦਿੱਲੀ (ਭਾਸ਼ਾ) - ਦੇਸ਼ ’ਚ ਜ਼ਮੀਨ-ਜਾਇਦਾਦ ਦੇ ਵਿਕਾਸ ਨਾਲ ਜੁੜੀਆਂ 21 ਮੁੱਖ ਸੂਚੀਬੱਧ ਕੰਪਨੀਆਂ ਨੇ ਅਪ੍ਰੈਲ-ਜੂਨ ਤਿਮਾਹੀ ਦੌਰਾਨ ਕੁਲ ਮਿਲਾ ਕੇ ਲੱਗਭਗ 35,000 ਕਰੋੜ ਰੁਪਏ ਮੁੱਲ ਦੀਆਂ ਜਾਇਦਾਦਾਂ ਵੇਚੀਆਂ ਹਨ। ਇਨ੍ਹਾਂ ’ਚ ਗੋਦਰੇਜ ਪ੍ਰਾਪਰਟੀਜ਼ ਨੇ ਸਭ ਤੋਂ ਜ਼ਿਆਦਾ ਵਿਕਰੀ ਬੁਕਿੰਗ ਦੀ ਸੂਚਨਾ ਦਿੱਤੀ ਹੈ। ਕੁੱਝ ਨੂੰ ਛੱਡ ਕੇ, ਸਾਰੇ ਮੁੱਖ ਸੂਚੀਬੱਧ ਰੀਅਲ ਅਸਟੇਟ ਡਿਵੈੱਲਪਰ ਨੇ ਅਪ੍ਰੈਲ-ਜੂਨ ਤਿਮਾਹੀ ’ਚ ਵਿਕਰੀ ਬੁਕਿੰਗ ’ਚ ਸਾਲਾਨਾ ਵਾਧਾ ਦਿਖਾਇਆ ਹੈ।
ਇਸ ’ਚ ਰਿਹਾਇਸ਼ੀ ਜਾਇਦਾਦਾਂ, ਵਿਸ਼ੇਸ਼ ਰੂਪ ਨਾਲ ਲਗਜ਼ਰੀ ਘਰਾਂ ਲਈ ਮਜ਼ਬੂਤ ਖਪਤਕਾਰ ਮੰਗ ਦਾ ਬਹੁਤ ਯੋਗਦਾਨ ਰਿਹਾ ਹੈ। ਸ਼ੇਅਰ ਬਾਜ਼ਾਰ ਨੂੰ ਦਿੱਤੀਆਂ ਗਈਆਂ ਸੂਚਨਾਵਾਂ ਦੇ ਕੰਪਾਈਲ ਅੰਕੜਿਆਂ ਅਨੁਸਾਰ, ਭਾਰਤ ਦੀਆਂ 21 ਮੁੱਖ ਸੂਚੀਬੱਧ ਰੀਅਲ ਅਸਟੇਟ ਕੰਪਨੀਆਂ ਨੇ ਵਿੱਤੀ ਸਾਲ 2024-25 ਦੀ ਪਹਿਲੀ ਤਿਮਾਹੀ ’ਚ 34,927.5 ਕਰੋੜ ਰੁਪਏ ਦੀ ਸਾਂਝੀ ਵਿਕਰੀ ਬੁਕਿੰਗ ਦੀ ਸੂਚਨਾ ਦਿੱਤੀ ਹੈ।
ਇਸ ਸਾਂਝੀ ਵਿਕਰੀ ਬੁਕਿੰਗ ’ਚੋਂ, ਵਿਕਰੀ ਦਾ ਵੱਡਾ ਹਿੱਸਾ ਰਿਹਾਇਸ਼ੀ ਖੇਤਰ ਤੋਂ ਆਇਆ। ਵਿਕਰੀ ਬੁਕਿੰਗ ਦੇ ਮਾਮਲੇ ’ਚ, ਗੋਦਰੇਜ ਪ੍ਰਾਪਰਟੀਜ਼ ਜੂਨ ਤਿਮਾਹੀ ’ਚ 8,637 ਕਰੋੜ ਰੁਪਏ ਦੀ ਵਿਕਰੀ ਬੁਕਿੰਗ ਦੇ ਨਾਲ ਸਭ ਤੋਂ ਵੱਡੀ ਸੂਚੀਬੱਧ ਕੰਪਨੀ ਦੇ ਰੂਪ ’ਚ ਉੱਭਰੀ। ਬਾਜ਼ਾਰ ਪੂੰਜੀਕਰਨ ਦੇ ਲਿਹਾਜ਼ ਨਾਲ ਦੇਸ਼ ਦੀ ਸਭ ਤੋਂ ਵੱਡੀ ਰਿਅਲਟੀ ਕੰਪਨੀ ਡੀ. ਐੱਲ. ਐੱਫ. ਲਿਮਟਿਡ ਦੀ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ’ਚ ਵਿਕਰੀ ਬੁਕਿੰਗ 3 ਗੁਣਾ ਤੋਂ ਜ਼ਿਆਦਾ ਦੇ ਵਾਧੇ ਨਾਲ 6,404 ਕਰੋੜ ਰੁਪਏ ਰਹੀ ਹੈ। ਲੋਢਾ ਬ੍ਰਾਂਡ ਤਹਿਤ ਜਾਇਦਾਦਾਂ ਵੇਚਣ ਵਾਲੀ ਮੁੰਬਈ ਦੀ ਮੈਕਰੋਟੈੱਕ ਡਿਵੈੱਲਪਰਸ ਨੇ 4,030 ਕਰੋਡ਼ ਰੁਪਏ ਦੀ ਵਿਕਰੀ ਬੁਕਿੰਗ ਦਰਜ ਕੀਤੀ।
ਹਾਲ ਹੀ ’ਚ ਸੂਚੀਬੱਧ ਹੋਈ ਗੁਰੂਗ੍ਰਾਮ ਸਥਿਤ ਸਿਗਨੇਚਰ ਗਲੋਬਲ ਨੇ ਜੂਨ ਤਿਮਾਹੀ ’ਚ 3,120 ਕਰੋੜ ਰੁਪਏ ਦੀ ਵਿਕਰੀ ਬੁਕਿੰਗ ਹਾਸਲ ਕੀਤੀ, ਜੋ ਪਿਛਲੇ ਸਾਲ ਦੀ ਇਸੇ ਤਿਮਾਹੀ ਦੀ ਤੁਲਣਾ ’ਚ 3 ਗੁਣਾ ਹੈ। ਬੈਂਗਲੁਰੂ ਸਥਿਤ ਪ੍ਰੈਸਟੀਜ਼ ਅਸਟੇਟਸ ਪ੍ਰਾਜੈਕਟਸ ਨੇ ਜੂਨ ਤਿਮਾਹੀ ’ਚ 3,029.5 ਕਰੋੜ ਰੁਪਏ ਦੀ ਵਿਕਰੀ ਬੁਕਿੰਗ ਦਰਜ ਕੀਤੀ, ਜੋ ਪਿਛਲੇ ਸਾਲ ਦੀ ਇਸੇ ਮਿਆਦ ਤੋਂ ਘੱਟ ਹੈ।
ਬੈਂਗਲੁਰੂ ਸਥਿਤ ਫਰਮ ਸ਼ੋਭਾ ਲਿਮਟਿਡ ਅਤੇ ਬ੍ਰਿਗੇਡ ਐਂਟਰਪ੍ਰਾਈਜ਼ਿਜ਼ ਨੇ ਇਸ ਵਿੱਤੀ ਸਾਲ ਦੀ ਅਪ੍ਰੈਲ-ਜੂਨ ਮਿਆਦ ਦੌਰਾਨ ਕ੍ਰਮਵਾਰ 1,874 ਕਰੋੜ ਰੁਪਏ ਅਤੇ 1,086 ਕਰੋੜ ਰੁਪਏ ਦੀਆਂ ਜਾਇਦਾਦਾਂ ਵੇਚੀਆਂ। ਬੈਂਗਲੁਰੂ ਸਥਿਤ ਪੂਰਵਾਂਕਰਾ ਲਿਮਟਿਡ ਨੇ 1,128 ਕਰੋੜ ਰੁਪਏ ਦੀ ਵਿਕਰੀ ਬੁਕਿੰਗ ਹਾਸਲ ਕੀਤੀ, ਜੋ ਪਿਛਲੇ ਸਾਲ ਦੀ ਇਸੇ ਮਿਆਦ ਦੀ ਤੁਲਣਾ ’ਚ ਲੱਗਭਗ ਸਥਿਰ ਰਹੀ।