ਵਰਕਲੋਡ : ਟੈਂਸ਼ਨ ਲੇਨੇ ਕਾ ਨਹੀਂ ਦੇਨੇ ਕਾ!

Friday, Sep 27, 2024 - 02:14 PM (IST)

ਸੰਜੇ ਦੱਤ ਦੀ ਬਹੁਤ ਚਰਚਿਤ ਫਿਲਮ ‘ਮੁੰਨਾ ਭਾਈ ਐੱਮ. ਬੀ. ਬੀ. ਐੱਸ’ ਦਾ ਇਕ ਡਾਇਲਾਗ ਕਾਫੀ ਹਿੱਟ ਹੋਇਆ ਸੀ ਜਿਸ ਵਿਚ ਉਹ ਸਾਰਿਆਂ ਨੂੰ ਨਾ ਘਬਰਾਉਣ ਦੀ ਸਲਾਹ ਦਿੰਦੇ ਹੋਏ ਕਹਿੰਦੇ ਸਨ ‘ਟੈਂਸ਼ਨ ਲੇਨੇ ਕਾ ਨਹੀਂ ਦੇਨੇ ਕਾ’। ਪਰ ਸ਼ਾਇਦ ਕੁਝ ਲੋਕ ਉਸ ਫ਼ਿਲਮ ਵਿਚ ਦਿੱਤੇ ਸੰਦੇਸ਼ ਨੂੰ ਗੰਭੀਰਤਾ ਨਾਲ ਨਹੀਂ ਲੈ ਸਕੇ। ਇਸੇ ਲਈ ਉਹ ਮਾਮੂਲੀ ਤਣਾਅ ਨੂੰ ਇਸ ਹੱਦ ਤੱਕ ਵਧਾ ਦਿੰਦੇ ਹਨ ਕਿ ਇਹ ਕਈ ਵਾਰ ਘਾਤਕ ਵੀ ਸਾਬਤ ਹੁੰਦਾ ਹੈ। ਪਿਛਲੇ ਦਿਨੀਂ ਪੁਣੇ ਦੀ ਇਕ ਮਲਟੀਨੈਸ਼ਨਲ ਕੰਪਨੀ ’ਚ ਕੰਮ ਕਰਨ ਵਾਲੀ 26 ਸਾਲਾ ਚਾਰਟਰਡ ਅਕਾਊਂਟੈਂਟ ਅੰਨਾ ਸੇਬੇਸਟੀਅਨ ਦੀ ਮਾਂ ਦੀ ਚਿੱਠੀ ਸੋਸ਼ਲ ਮੀਡੀਆ ’ਤੇ ਕਾਫੀ ਚਰਚਾ ’ਚ ਰਹੀ। ਭਾਰਤ ਵਿਚ ਇਸ ਕੰਪਨੀ ਦੇ ਚੇਅਰਮੈਨ ਨੂੰ ਲਿਖੇ ਆਪਣੇ ਪੱਤਰ ਵਿਚ ਅੰਨਾ ਦੀ ਮਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਉਸ ਦੀ ਧੀ ਉੱਤੇ ਕੰਪਨੀ ਵੱਲੋਂ ਕੰਮ ਕਰਨ ਦਾ ਦਬਾਅ ਪਾਇਆ ਗਿਆ ਸੀ।

ਸਿਰਫ 4 ਮਹੀਨੇ ਦੀ ਨੌਕਰੀ ’ਚ ਇਹ ਦਬਾਅ ਇੰਨਾ ਵਧ ਗਿਆ ਕਿ ਇਸ ਦਬਾਅ ਨੇ ਅੰਨਾ ਦੀ ਜਾਨ ਲੈ ਲਈ। ਇਸ ਦਬਾਅ ਦੀ ਇਕ ਪ੍ਰਤੱਖ ਮਿਸਾਲ ਉਦੋਂ ਦੇਖਣ ਨੂੰ ਮਿਲੀ ਜਦੋਂ ਕੰਪਨੀ ਵਿਚ ਕੰਮ ਕਰਨ ਵਾਲੇ ਸਾਥੀ ਵੀ ਅੰਨਾ ਦੇ ਅੰਤਿਮ ਸੰਸਕਾਰ ਵਿਚ ਸ਼ਾਮਲ ਨਹੀਂ ਹੋਏ। ਅੰਨਾ ਦੀ ਮਾਂ ਦੀ ਇਹ ਚਿੱਠੀ ਜਿਵੇਂ ਹੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਤਾਂ ਇਸ ਮਲਟੀਨੈਸ਼ਨਲ ਕੰਪਨੀ ’ਚ ਕੰਮ ਕਰ ਚੁੱਕੇ ਸਾਬਕਾ ਮੁਲਾਜ਼ਮਾਂ ਨੇ ਵੀ ਆਪਣੇ ਡਰਾਉਣੇ ਤਜਰਬੇ ਸਾਂਝੇ ਕੀਤੇ। ਜਿਵੇਂ ਹੀ ਮਾਮਲਾ ਜ਼ੋਰ ਫੜਿਆ ਤਾਂ ਕੰਪਨੀ ਨੇ ‘ਵਰਕ ਪ੍ਰੈੱਸ਼ਰ’ ਦਾ ਖੰਡਨ ਕੀਤਾ। ਇਸ ਦੇ ਨਾਲ ਹੀ ਸਰਕਾਰ ਨੇ ਵੀ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਅੰਨਾ ਦੀ ਮੌਤ ਨੇ ਅੱਜ ਦੇ ਕਾਰਪੋਰੇਟ ਜਗਤ ਵਿਚ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਇਸ ਦੁਖਦਾਈ ਘਟਨਾ ਤੋਂ ਬਾਅਦ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਵੀ ਆ ਰਹੀਆਂ ਹਨ। ਦਰਅਸਲ ‘ਵਰਕ ਪ੍ਰੈੱਸ਼ਰ’ ਦੇ ਵਧਦੇ ਤਣਾਅ ਕਾਰਨ ਦੁਨੀਆ ਭਰ ’ਚ ਅਜਿਹੀਆਂ ਕਈ ਉਦਾਹਰਣਾਂ ਸਾਹਮਣੇ ਆਈਆਂ ਹਨ, ਜਿੱਥੇ ਮੁਕਾਬਲੇ ਦੀ ਦੌੜ ’ਚ ਅੱਗੇ ਰਹਿਣ ਲਈ ਕਈ ਲੋਕਾਂ ਨੂੰ ਆਪਣੀ ਜਾਨ ਗੁਆਉਣੀ ਪਈ ਹੈ। ਚੀਨ ਵਿਚ ਇਕ ਵਿਅਕਤੀ ਨੇ ਬਿਨਾਂ ਕਿਸੇ ਛੁੱਟੀ ਦੇ 104 ਦਿਨ ਲਗਾਤਾਰ ਕੰਮ ਕੀਤਾ ਅਤੇ ਅੰਤ ਵਿਚ ਕਈ ਅੰਗਾਂ ਦੀ ਅਸਫਲਤਾ ਕਾਰਨ ਉਸ ਦੀ ਮੌਤ ਹੋ ਗਈ। ਉੱਥੇ ਦੀ ਅਦਾਲਤ ਨੇ ਉਸ ਦੀ ਮੌਤ ਲਈ ਵਿਅਕਤੀ ਦੀ ਕੰਪਨੀ ਨੂੰ 20 ਫੀਸਦੀ ਜ਼ਿੰਮੇਵਾਰ ਠਹਿਰਾਇਆ। ਉੱਥੇ ਹੀ ਅਮਰੀਕਾ ਦੇ ਇਕ ਬੈਂਕ ਮੁਲਾਜ਼ਮ ਦੀ ਮੌਤ ਦਾ ਕਾਰਨ ਵੀ ਉਸ ਦੇ ਕੰਮ ਦਾ ਦਬਾਅ ਹੀ ਬਣਿਆ। ਅਜਿਹੀਆਂ ਅਨੇਕਾਂ ਮਿਸਾਲਾਂ ਹਨ ਜਿੱਥੇ ਮੁਲਾਜ਼ਮਾਂ ਤੋਂ ਵੱਧ ਕੰਮ ਕਰਵਾਉਣ ਕਾਰਨ ਅਜਿਹੇ ਹਾਦਸੇ ਹੋ ਰਹੇ ਹਨ।

ਵਿਸ਼ਵ ਸਿਹਤ ਸੰਗਠਨ (ਵਰਲਡ ਹੈਲਥ ਆਰਗੇਨਾਈਜ਼ੇਸ਼ਨ) ਦੇ ਅੰਕੜਿਆਂ ਅਨੁਸਾਰ, ਦੁਨੀਆ ਭਰ ਵਿਚ ਕੰਮ ਦੇ ਦਬਾਅ ਅਤੇ ਤਣਾਅ ਕਾਰਨ ਹਰ ਸਾਲ ਲਗਭਗ 7.50 ਲੱਖ ਲੋਕ ਮਰਦੇ ਹਨ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਜ਼ਿਆਦਾ ਕੰਮ ਕਰਨ ਦਾ ਤੁਹਾਡੀ ਸਿਹਤ ’ਤੇ ਸਿੱਧਾ ਅਸਰ ਪੈਂਦਾ ਹੈ। ਕੰਮ ਦੇ ਤਣਾਅ ਕਾਰਨ ਇਨਸਾਨਾਂ ਵਿਚ ਦਿਲ ਦੇ ਰੋਗ, ਸ਼ੂਗਰ ਅਤੇ ਸਟ੍ਰੋਕ ਵਰਗੀਆਂ ਘਾਤਕ ਬੀਮਾਰੀਆਂ ਦੀ ਸੰਭਾਵਨਾ ਵਧ ਜਾਂਦੀ ਹੈ।

ਇੰਨਾ ਹੀ ਨਹੀਂ ਅੱਜ ਦੇ ਸੂਚਨਾ ਤਕਨਾਲੋਜੀ ਦੇ ਯੁੱਗ ਵਿਚ ਜਦੋਂ ਅਸੀਂ ਕੰਪਿਊਟਰ ਦੇ ਸਾਹਮਣੇ ਘੰਟਿਆਂਬੱਧੀ ਬੈਠ ਕੇ ਕੰਮ ਕਰਦੇ ਹਾਂ ਤਾਂ ਸ਼ੁਰੂਆਤੀ ਲੱਛਣ ਜਿਵੇਂ ਕਿ ਸਾਡੇ ਜੋੜਾਂ ਵਿਚ ਅਕੜਾਅ, ਕਮਰ ਦਰਦ, ਸਿਰ ਦਰਦ, ਅੱਖਾਂ ਵਿਚ ਥਕਾਵਟ ਆਦਿ ਵੀ ਦੇਖਣ ਨੂੰ ਮਿਲਦੇ ਹਨ। ਤਣਾਅ ਦੇ ਕਾਰਨ ਸਾਡੇ ਸਰੀਰ ਵਿਚ ਅਜਿਹੇ ਰਸਾਇਣ ਪੈਦਾ ਹੁੰਦੇ ਹਨ ਜੋ ਬਲੱਡ ਪ੍ਰੈਸ਼ਰ ਅਤੇ ਕੋਲੈਸਟ੍ਰੋਲ ਨੂੰ ਵੀ ਵਧਾਉਂਦੇ ਹਨ। ਇਸ ਕਾਰਨ ਅਸੀਂ ਚਿੜਚਿੜੇ ਵੀ ਹੋ ਜਾਂਦੇ ਹਾਂ।

ਤਣਾਅ ਦੇ ਕਾਰਨ ਜਦੋਂ ਅਸੀਂ ਦਫਤਰ ਤੋਂ ਘਰ ਜਾਂ ਘਰ ਤੋਂ ਦਫਤਰ ਤੱਕ ਗੱਡੀ ਚਲਾ ਕੇ ਜਾ ਰਹੇ ਹੁੰਦੇ ਹਾਂ ਤਾਂ ਦੁਰਘਟਨਾ ਹੋਣ ਦੀ ਸੰਭਾਵਨਾ ਵੀ ਵਧ ਜਾਂਦੀ ਹੈ। ਮੋਬਾਈਲ ਫੋਨਾਂ ਅਤੇ ਈ-ਮੇਲਾਂ ਕਾਰਨ ਅਸੀਂ ਹਰ ਸਮੇਂ ਆਪਣੇ ਕੰਮ ਨਾਲ ਜੁੜੇ ਰਹਿੰਦੇ ਹਾਂ, ਜਿਸ ਕਾਰਨ ਸਾਨੂੰ ਕੰਮ ਤੋਂ ਆਰਾਮ ਨਹੀਂ ਮਿਲਦਾ। ਜਦੋਂ ਤੁਹਾਡੇ ਬੌਸ ਦਾ ਫ਼ੋਨ ਤੁਹਾਡੇ ਮੋਬਾਈਲ ’ਤੇ ਵੱਜਦਾ ਹੈ ਤਾਂ ਤੁਹਾਨੂੰ ਸਿੱਧੇ ਤੌਰ ’ਤੇ ਅਜਿਹੇ ਤਣਾਅ ਦਾ ਅਨੁਭਵ ਹੁੰਦਾ ਹੋਵੇਗਾ। ਜੇਕਰ ਤੁਸੀਂ ਘਰ ਵਿਚ ਹੋ ਅਤੇ ਆਪਣੇ ਪਰਿਵਾਰ ਨਾਲ ਸਮਾਂ ਬਿਤਾ ਰਹੇ ਹੋ, ਜਦੋਂ ਤੁਹਾਡੇ ਬੌਸ ਦਾ ਫੋਨ ਵੱਜਦਾ ਹੈ, ਤਾਂ ਤੁਹਾਡੇ ਚਿਹਰੇ ’ਤੇ ਤਣਾਅ ਦੀ ਇਕ ਅਜੀਬ ਜਿਹੀ ਝਲਕ ਦਿਖਾਈ ਦਿੰਦੀ ਹੈ। ਅਜਿਹੇ ’ਚ ਪਰਿਵਾਰਕ ਸੁੱਖ ਨੂੰ ਵੀ ਝਟਕਾ ਲੱਗਦਾ ਹੈ।

ਮਾਹਿਰਾਂ ਅਨੁਸਾਰ ਜੋ ਲੋਕ ਹਫ਼ਤੇ ਵਿਚ 55 ਘੰਟੇ ਜਾਂ ਇਸ ਤੋਂ ਵੱਧ ਕੰਮ ਕਰਦੇ ਹਨ, ਉਨ੍ਹਾਂ ਵਿਚ ਤਣਾਅ ਦਾ ਸ਼ਿਕਾਰ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਇਹ ਤਣਾਅ ਹੋਰ ਬੀਮਾਰੀਆਂ ਨੂੰ ਬੜ੍ਹਾਵਾ ਦਿੰਦਾ ਹੈ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ ਸਫਲ ਹੋਣ ਲਈ ਘੱਟ ਮਿਹਨਤ ਕਰਨੀ ਚਾਹੀਦੀ ਹੈ। ਮਿਹਨਤ ਤੋਂ ਬਿਨਾਂ ਕਿਸੇ ਨੂੰ ਸਫਲਤਾ ਨਹੀਂ ਮਿਲਦੀ। ਇਸ ਲਈ ਸਾਨੂੰ ਮਿਹਨਤ ਅਤੇ ਜ਼ਿਆਦਾ ਮਿਹਨਤ ਵਿਚੋਂ ਇਕ ਦੀ ਚੋਣ ਕਰਨੀ ਚਾਹੀਦੀ ਹੈ। ਜੇਕਰ ਮਿਹਨਤ ਕਰਨੀ ਹੈ ਤਾਂ ਇਕ ਸੀਮਾ ਵਿਚ ਰਹਿ ਕੇ ਹੀ ਕਰਨੀ ਚਾਹੀਦੀ ਹੈ। ਤੁਹਾਨੂੰ ਆਪਣੇ ਸਰੀਰ ਦੀ ਸਮਰੱਥਾ ਅਨੁਸਾਰ ਕੰਮ ਕਰਨਾ ਚਾਹੀਦਾ ਹੈ। ਤੁਹਾਨੂੰ ਸਮੇਂ-ਸਮੇਂ ’ਤੇ ਆਪਣੀ ਸਿਹਤ ਦੀ ਜਾਂਚ ਵੀ ਕਰਵਾਉਣੀ ਚਾਹੀਦੀ ਹੈ। ਇਸ ਦੇ ਨਾਲ ਹੀ ਤਣਾਅ ਤੋਂ ਰਾਹਤ ਦੇ ਕਈ ਸਾਧਨ ਜਿਵੇਂ ਯੋਗਾ, ਧਿਆਨ, ਭਜਨ, ਮਨੋਰੰਜਨ ਆਦਿ ਦਾ ਵੀ ਨਿਯਮਿਤ ਤੌਰ ’ਤੇ ਸਹਾਰਾ ਲੈਣਾ ਚਾਹੀਦਾ ਹੈ।

ਜੇਕਰ ਅਸੀਂ ਮਾਲਕਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੂੰ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਆਪਣੇ ਮੁਲਾਜ਼ਮਾਂ ’ਤੇ ਦਬਾਅ ਵੀ ਪਾਉਣਾ ਪੈਂਦਾ ਹੈ ਪਰ ਇਹ ਦਬਾਅ ਵੀ ਇਕ ਹੱਦ ਤੱਕ ਹੀ ਪਾਉਣਾ ਚਾਹੀਦਾ ਹੈ। ਅੱਜ ਸਾਡੇ ਸਮਾਜ ਨੂੰ ਕੰਮ ਅਤੇ ਮਨੋਰੰਜਨ ਵਿਚਕਾਰ ਸੰਤੁਲਨ ਬਣਾਉਣ ਦੀ ਲੋੜ ਹੈ। ਨਹੀਂ ਤਾਂ ਅੰਨਾ ਸੇਬੇਸਟੀਅਨ ਵਰਗੇ ਹੋਰ ਬਹੁਤ ਸਾਰੇ ਹੋਣਹਾਰ ਮੁਲਾਜ਼ਮਾਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪੈਣਗੇ।

ਰਜਨੀਸ਼ ਕਪੂਰ


Tanu

Content Editor

Related News