ਅਮਰੀਕਾ : ਬੰਦੂਕਬਾਜ਼ੀ ਕਿਵੇਂ ਰੁਕੇ
Friday, Mar 26, 2021 - 03:31 AM (IST)

ਡਾ. ਵੇਦਪ੍ਰਤਾਪ ਵੈਦਿਕ
ਅਮਰੀਕਾ ਉਂਝ ਤਾਂ ਆਪਣੇ ਆਪ ਨੂੰ ਦੁਨੀਆ ਦਾ ਸਭ ਤੋਂ ਵੱਧ ਸੱਭਿਅਕ ਅਤੇ ਪ੍ਰਗਤੀਸ਼ੀਲ ਰਾਸ਼ਟਰ ਕਹਿੰਦਾ ਹੈ ਪਰ ਜੇਕਰ ਤੁਸੀਂ ਉਸ ਦੇ 300-400 ਸਾਲ ਦੇ ਇਤਿਹਾਸ ’ਤੇ ਨਜ਼ਰ ਮਾਰੋ ਤਾਂ ਤੁਹਾਨੂੰ ਸਮਝ ’ਚ ਆ ਜਾਵੇਗਾ ਕਿ ਉਥੇ ਇੰਨੀ ਜ਼ਿਆਦਾ ਹਿੰਸਾ ਕਿਉਂ ਹੁੰਦੀ ਹੈ। ਪਿਛਲੇ ਹਫਤੇ ਅਟਲਾਂਟਾ ਅਤੇ ਕੋਲੇਰੋਡੋ ’ਚ ਹੋਈਆਂ ਸਮੂਹਿਕ ਹੱਤਿਆਵਾਂ ਤੋਂ ਬਾਅਦ ਰਾਸ਼ਟਰਪਤੀ ਜੋਅ ਬਾਈਡੇਨ ਨੇ ‘ਹਮਲਾਵਰ ਹਥਿਆਰਾਂ ’ਤੇ ਫੌਰੀ ਪਾਬੰਦੀ ਦੀ ਮੰਗ ਕਿਉਂ ਕੀਤੀ ਹੈ?
ਪਿਛਲੇ ਇਕ ਸਾਲ ’ਚ 43500 ਲੋਕ ਬੰਦੂਕੀ ਹਮਲਿਆਂ ਦੇ ਸ਼ਿਕਾਰ ਹੋਏ ਹਨ। ਹਰ ਸਾਲ ਅਮਰੀਕਾ ’ਚ ਬੰਦੂਕਬਾਜ਼ੀ ਕਾਰਨ ਹਜ਼ਾਰਾਂ ਨਿਰਦੋਸ਼, ਨਿਹੱਥੇ ਅਤੇ ਅਣਜਾਣ ਲੋਕਾਂ ਦੀ ਜਾਨ ਜਾਂਦੀ ਹੈ, ਕਿਉਂਕਿ ਉਥੇ ਹਰ ਆਦਮੀ ਦੇ ਹੱਥ ’ਚ ਬੰਦੂਕ ਹੁੰਦੀ ਹੈ। ਅਮਰੀਕਾ ’ਚ ਅਜਿਹੇ ਘਰ ਲੱਭਣਾ ਮੁਸ਼ਕਲ ਹੈ, ਜਿਨ੍ਹਾਂ ’ਚ ਇਕ-ਦੋ ਬੰਦੂਕਾਂ ਨਾ ਰੱਖੀਆਂ ਹੋਣ। ਇਸ ਸਮੇਂ ਅਮਰੀਕਾ ’ਚ ਲੋਕਾਂ ਦੇ ਕੋਲ 40 ਕਰੋੜ ਤੋਂ ਵੱਧ ਬੰਦੂਕਾਂ ਹਨ। ਬੰਦੂਕਾਂ ਵੀ ਅਜਿਹੀਆਂ ਬਣਦੀਆਂ ਹਨ, ਜਿਨ੍ਹਾਂ ਨੂੰ ਪਿਸਤੌਲ ਵਾਂਗ ਤੁਸੀਂ ਆਪਣੀ ਜੈਕੇਟ ’ਚ ਛੁਪਾ ਕੇ ਘੁੰਮ ਸਕਦੇ ਹੋ। ਬਸ ਤੁਹਾਨੂੰ ਕਿਸੇ ਵੀ ਮੁੱਦੇ ’ਤੇ ਗੁੱਸਾ ਆਉਣ ਦੀ ਦੇਰ ਹੈ। ਜੈਕੇਟ ਦੇ ਬਟਨ ਖੋਲ੍ਹੋ ਅਤੇ ਦਨਾਦਨ ਗੋਲੀਆਂ ਦੀ ਬਰਸਾਤ ਕਰ ਦਿਓ।
ਹੁਣ ਤੋਂ ਢਾਈ ਸੌ-ਤਿੰਨ ਸੌ ਸਾਲ ਪਹਿਲਾਂ ਜਦੋਂ ਯੂਰਪ ਦੇ ਗੋਰੇ ਲੋਕ ਅਮਰੀਕਾ ਦੇ ਜੰਗਲਾਂ ’ਚ ਜਾ ਕੇ ਵੱਸਣ ਲੱਗੇ ਉਦੋਂ ਉਥੋਂ ਦੇ ਆਦੀਵਾਸੀਆਂ ‘ਰੈੱਡ-ਇੰਡੀਅਨਸ’ ਦੇ ਨਾਲ ਉਨ੍ਹਾਂ ਦੀਆਂ ਜਾਨਲੇਵਾ ਝੜਪਾਂ ਹੋਣ ਲੱਗੀਆਂ। ਉਦੋਂ ਤੋਂ ਬੰਦੂਕਬਾਜ਼ੀ ਅਮਰੀਕਾ ਦਾ ਸੁਭਾਅ ਬਣ ਗਿਆ। ਅਫਰੀਕਾ ਦੇ ਕਾਲੇ ਲੋਕਾਂ ਦੀ ਆਮਦ ਨੇ ਹਿੰਸਕ ਪ੍ਰਵਿਰਤੀ ਨੂੰ ਹੋਰ ਵੀ ਤੂਲ ਦੇ ਦਿੱਤਾ। ਅਮਰੀਕੀ ਸੰਵਿਧਾਨ ’ਚ 15 ਦਸੰਬਰ, 1791 ਨੂੰ ਦੂਜੀ ਸੋਧ ਕੀਤੀ ਗਈ ਜਿਸ ਨੇ ਅਮਰੀਕੀ ਸਰਕਾਰ ਨੂੰ ਫੌਜ ਰੱਖਣ ਅਤੇ ਨਾਗਰਿਕਾਂ ਨੂੰ ਹਥਿਆਰ ਰੱਖਣ ਦਾ ਬੁਨਿਆਦੀ ਅਧਿਕਾਰ ਦਿੱਤਾ।
ਇਸ ਵਿਵਸਥਾ ’ਚ 1994 ’ਚ ਸੁਧਾਰ ਦਾ ਪ੍ਰਸਤਾਵ ਜੋਅ ਬਾਈਡੇਨ ਨੇ ਰੱਖਿਆ ਉਹ ਉਸ ਸਮੇਂ ਸਿਰਫ ਸੀਨੇਟਰ ਸਨ। ਕਲਿੰਟਨ ਕਾਲ ’ਚ ਇਹ ਵਿਵਸਥਾ 10 ਸਾਲ ਤਕ ਚੱਲੀ। ਉਸ ਦੌਰਾਨ ਅਮਰੀਕਾ ’ਚ ਬੰਦੂਕੀ ਹਿੰਸਾ ’ਚ ਕਾਫੀ ਕਮੀ ਆਈ ਸੀ। ਹੁਣ ਬਾਈਡੇਨ ‘ਹਮਲਾਵਰ ਹਥਿਆਰਾਂ’ ਉੱਤੇ ਦੁਬਾਰਾ ਪਾਬੰਦੀ ਲਗਾਉਣਾ ਚਾਹੁੰਦੇ ਹਨ ਅਤੇ ਕਿਸੇ ਵੀ ਹਥਿਆਰ ਖਰੀਦਣ ਵਾਲੇ ਦੀ ਜਾਂਚ-ਪੜਤਾਲ ਦਾ ਕਾਨੂੰਨ ਬਣਾਉਣਾ ਚਾਹੁੰਦੇ ਹਨ। ਹਮਲਾਵਰ ਹਥਿਆਰ ਉਨ੍ਹਾਂ ਬੰਦੂਕਾਂ ਨੂੰ ਮੰਨਿਆ ਜਾਂਦਾ ਹੈ, ਜੋ ਸਵੈ-ਚਾਲਿਤ ਹੁੰਦੀਆਂ ਹਨ ਅਤੇ ਜੋ 10 ਤੋਂ ਵੱਧ ਗੋਲੀਆਂ ਇਕ ਤੋਂ ਬਾਅਦ ਇਕ ਛੱਡ ਸਕਦੀਆਂ ਹਨ। ਹਥਿਆਰ ਖਰੀਦਣ ਵਾਲਿਆਂ ਦੀ ਜਾਂਚ ਦਾ ਅਰਥ ਇਹ ਹੈ ਕਿ ਕਿਤੇ ਉਹ ਪਹਿਲਾਂ ਤੋਂ ਪੇਸ਼ੇਵਰ ਅਪਰਾਧੀ, ਮਾਨਸਿਕ ਰੋਗੀ ਜਾਂ ਹਿੰਸਕ ਸੁਭਾਅ ਦੇ ਲੋਕ ਤਾਂ ਨਹੀਂ ਹਨ?
ਬਾਈਡੇਨ ਹੁਣ ਰਾਸ਼ਟਰਪਤੀ ਹਨ ਤਾਂ ਅਜਿਹਾ ਕਾਨੂੰਨ ਤਾਂ ਪਾਸ ਕਰਵਾ ਹੀ ਲੈਣਗੇ ਪਰ ਕਾਨੂੰਨ ਤੋਂ ਵੀ ਵੱਧ ਮਹੱਤਵਪੂਰਨ ਗੱਲ ਇਹ ਹੈ ਕਿ ਅਮਰੀਕਾ ਦੇ ਖਪਤਕਾਰਵਾਦੀ, ਅਸੁਰੱਖਿਆਗ੍ਰਸਤ ਅਤੇ ਹਿੰਸਕ ਸਮਾਜ ਨੂੰ ਸੱਭਿਅਕ ਅਤੇ ਸੁਰੱਖਿਅਤ ਕਿਵੇਂ ਬਣਾਇਆ ਜਾਵੇ? ਇਹ ਕਾਨੂੰਨ ਨਾਲ ਘੱਟ, ਸੰਸਕਾਰ ਨਾਲ ਵੱਧ ਹੋਵੇਗਾ।