ਅਮਰੀਕਾ-ਕੈਨੇਡਾ : ‘ਟੁੱਟ ਗਈ ਤੜੱਕ ਕਰ ਕੇ’

Friday, Aug 28, 2026 - 07:49 PM (IST)

ਅਮਰੀਕਾ-ਕੈਨੇਡਾ : ‘ਟੁੱਟ ਗਈ ਤੜੱਕ ਕਰ ਕੇ’

17 ਮਈ, 1961 ਨੂੰ ਕੈਨੇਡੀਅਨ ਪਾਰਲੀਮੈਂਟ ਨੂੰ ਅਮਰੀਕਾ ਦੇ 35ਵੇਂ ਰਾਸ਼ਟਰਪਤੀ ਜਾਨ ਐੱਫ. ਕੈਨੇਡੀ ਨੇ ਸੰਬੋਧਨ ਕਰਦਿਆਂ ਇਹ ਇਤਿਹਾਸਕ ਸ਼ਬਦ ਕਹੇ ਸਨ, ‘‘ਭੂਗੋਲ ਨੇ ਸਾਨੂੰ ਗੁਆਂਢੀ ਬਣਾਇਆ ਹੈ, ਇਤਿਹਾਸ ਨੇ ਸਾਨੂੰ ਮਿੱਤਰ ਬਣਾਇਆ ਹੈ, ਆਰਥਿਕਤਾ ਨੇ ਸਾਨੂੰ ਭਾਈਵਾਲ ਬਣਾਇਆ ਹੈ ਅਤੇ ਲੋੜ ਨੇ ਸਾਨੂੰ ਸਹਿਯੋਗੀ ਬਣਾਇਆ ਹੈ।’’ ਇਹ ਸ਼ਬਦ ਅੱਜ ਵੀ ਕੈਨੇਡਾ ਦੀ ਰਾਜਧਾਨੀ ਓਟਾਵਾ ਵਿਖੇ ਅਮਰੀਕੀ ਅੰਬੈਸੀ ਦੇ ਬਾਹਰ ਇਕ ਪੱਥਰ ਦੀ ਸਿੱਲ ਉੱਤੇ ਉਕਰੇ ਪਏ ਹਨ। ਅਮਰੀਕਾ ਦੇ 40ਵੇਂ ਰਾਸ਼ਟਰਪਤੀ ਰੋਨਾਲਡ ਰੀਗਨ ਨੇ ਚਿਤਾਵਨੀ ਦਿੱਤੀ ਸੀ ਕੇ ਸੁਰੱਖਿਆਵਾਦ ਅਤੇ ਵਪਾਰਕ ਰੁਕਾਵਟਾਂ, ਆਪਣੇ ਨਜ਼ਦੀਕੀ ਮਿੱਤਰਾਂ ’ਤੇ ਟੈਰਿਫ ਲੱਦਣੇ ਗਲੋਬਲ ਸੁਰੱਖਿਆ ਅਤੇ ਆਰਥਿਕ ਮਜ਼ਬੂਤੀ ਲਈ ਨੁਕਸਾਨਦਾਇਕ ਸਾਬਤ ਹੋਣਗੇ। 1988 ’ਚ ਉਨ੍ਹਾਂ ਨੇ ਹੀ ਕੈਨੇਡਾ ਨਾਲ ਫ੍ਰੀ ਟਰੇਡ ਸੰਧੀ (ਐੱਫ. ਟੀ. ਏ.) ਤਤਕਾਲੀ ਪ੍ਰਧਾਨ ਮੰਤਰੀ ਬਰਾਇਨ ਮੁੱਲਰੋਨੀ ਨਾਲ ਸਲਾਹ ਮਸ਼ਵਰਾ ਕਰ ਕੇ ਕੀਤੀ ਸੀ। ਇਵੇਂ ਪੂਰੇ ਵਿਸ਼ਵ ’ਚ ਸਭ ਤੋਂ ਵੱਡਾ ਮੁਫਤ ਵਪਾਰ ਖਿੱਤਾ ਸਿਰਜਿਆ ਸੀ ।

ਮੌਜੂਦਾ ਦੌਰ ’ਚ ਅਮਰੀਕਾ ਅਤੇ ਕੈਨੇਡਾ ਦੇ ਰਿਸ਼ਤੇ ਆਪਸੀ ਵਪਾਰ ਨੂੰ ਲੈ ਕੇ ਇੰਨੇ ਵਿਗੜ ਗਏ ਹਨ ਕਿ ਦੋਵੇਂ ਦੇਸ਼ ਦੁਸ਼ਮਣਾਂ ਦੀ ਤਰ੍ਹਾਂ ਗੱਲਬਾਤ ਦੀ ਮੇਜ਼ ਤੋਂ ਉੱਠ ਖੜੋਤੇ। ਵਪਾਰਕ ਸਮਝੌਤੇ ਦੇ ਐਨ ਅਖੀਰ ’ਤੇ ਜਦੋਂ ਲਿਖਤੀ ਤੌਰ ’ਤੇ ਅਮਰੀਕਾ ਨੇ ਕੈਨੇਡਾ ਨੂੰ ਰੂਸ ਵੱਲੋਂ ਬੇਲਾਰੂਸ ਵਾਂਗ ਸਦਾ ਲਈ ਆਪਣਾ ਹੱਥ-ਠੋਕਾ ਬਣਾਉਣ ਵਾਂਗ ਨਾ ਮੰਨਣਯੋਗ ਮੱਦਾਂ ਵਿਚ ਥੋਪ ਦਿੱਤੀਆਂ ਤਾਂ ਕੈਨੇਡਾ ਦੇ ਮਹਾਨ ਅਰਥਸ਼ਾਸਤਰੀ ਅਤੇ ਦੂਰਅੰਦੇਸ਼ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਆਪਣਾ ਵਪਾਰਕ ਵਫਦ ਵਾਪਸ ਬੁਲਾ ਲਿਆ ਅਤੇ ਐਲਾਨ ਕੀਤਾ ਕਿ ਜਦੋਂ ਕੋਈ ਹਮਲਾ ਕਰੇ ਤਾਂ ਸਮਝੋ ਤੁਸੀਂ ਮੈਦਾਨੇ ਜੰਗ ਵਿਚ ਹੋ। ਇਹ ਸ਼ਬਦ 10ਵੇਂ ਮਹਾਨ ਸਿੱਖ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਇਨ੍ਹਾਂ ਸ਼ਬਦਾਂ ਦੀ ਤਰ੍ਹਾਂ ਚੁਣੌਤੀ ਭਰੇ ਹਨ : ਜਬੈ ਬਾਣ ਲਾਗਿਯੋ। ਤਬੈ ਰੋਸ ਜਾਗਿਯੋ । ਪ੍ਰਧਾਨ ਮੰਤਰੀ ਨੇ ਸਪੱਸ਼ਟ ਕੀਤਾ ਕਿ ਕੈਨੇਡਾ ਆਪਣੀ ਪ੍ਰਭੂਸੱਤਾ ਅਤੇ ਕੁੰਜੀਵਤ ਕੰਪਨੀਆਂ ਨਾਲ ਖਿਲਵਾੜ ਨਹੀਂ ਕਰ ਸਕਦਾ।

ਯੋਗਦਾਨ : ਕੈਨੇਡਾ ਉਹ ਦੇਸ਼ ਹੈ ਜਿਸ ਨੇ ਅਮਰੀਕਾ ਦੇ ਅਤੀ ਨੇੜਲੇ ਮਿੱਤਰ ਵਜੋਂ ਉਸ ਦੀਆਂ ਜੰਗਾਂ ਵਿਚ ਪੂਰੇ ਵਿਸ਼ਵ ਅੰਦਰ ਮੋਢੇ ਨਾਲ ਮੋਢਾ ਜੋੜ ਕੇ ਲੜਾਈਆਂ ਲੜੀਆਂ ਅਤੇ ਆਪਣੇ ਫੌਜੀਆਂ ਦਾ ਖੂਨ ਉਸ ਖਾਤਰ ਡੋਲ੍ਹਿਆ। ਵੀਅਤਨਾਮ ਨਾਲ ਅਮਰੀਕੀ ਜੰਗ ਵਿਚ 30000 ਕੈਨੇਡੀਅਨ ਵਲੰਟੀਅਰ ਲੜੇ। ਕੋਰੀਆ, ਇਰਾਕ ਅਤੇ ਅਫਗਾਨਿਸਤਾਨ ਜੰਗਾਂ ਵਿਚ ਵੱਡਾ ਯੋਗਦਾਨ ਪਾਇਆ

ਵਿਸ਼ਵਾਸਘਾਤ : ਚੰਗੇ ਮਿੱਤਰਾਂ ਅਤੇ ਸਹਿਯੋਗੀਆਂ ਵਾਂਗ ਦੋਹਾਂ ਰਾਜਾਂ ਵਿਚ ਆਪਸੀ ਸੰਧੀਆਂ ਨੇਕ ਨੀਅਤੀ, ਵਿਸ਼ਵਾਸ ਅਤੇ ਸਦਭਾਵਨਾ ’ਤੇ ਅਾਧਾਰਿਤ ਨਿੱਘੇ ਸੰਬੰਧ ਕਾਇਮ ਸਨ ਪਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਪਹਿਲੇ 45ਵੇਂ ਰਾਸ਼ਟਰਪਤੀ ਕਾਰਜਕਾਲ ਵਿਚ ਕੈਨੇਡਾ ਨਾਲੋਂ ਸਾਲ 1988 ਦੀ ਐੱਫ. ਟੀ. ਏ. ਅਤੇ 1994 ਦੀ ਨਾਫਟਾ ਸੰਧੀ ਤੋੜ ਕੇ ਕੈਨੇਡਾ ਅਤੇ ਮੈਕਸੀਕੋ ਨਾਲ ‘ਕੁਸਮਾ’ ਵਪਾਰਕ ਸੰਧੀ ਕੀਤੀ।

47ਵੇਂ ਰਾਸ਼ਟਰਪਤੀ ਵਜੋਂ ਆਪਣੇ ਦੂਸਰੇ ਕਾਰਜਕਾਲ ਲਈ 20 ਜਨਵਰੀ, 2025 ਨੂੰ ਸਹੁੰ ਚੁੱਕਣ ਤੋਂ ਬਾਅਦ ਹੀ ਉਸ ਨੇ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ, ਮੈਕਸੀਕੋ ਖਾੜੀ ਨੂੰ ਅਮਰੀਕਾ ਖਾੜੀ ਵਿਚ ਬਦਲਣ, ਨਹਿਰ ਪਨਾਮਾ, ਗਾਜ਼ਾ ਅਤੇ ਗਰੀਨਲੈਂਡ ਆਦਿ ’ਤੇ ਕਬਜ਼ਾ ਕਰਨ ਦੇ ਦਮਗਜੇ ਮਾਰਨੇ ਸ਼ੁਰੂ ਕਰ ਦਿੱਤੇ। ਕਰੋਨੀ ਕਾਰਪੋਰੇਟਰਾਂ ਨਾਲ ਮਿਲ ਕੇ ਪੂਰੇ ਵਿਸ਼ਵ ਵਪਾਰ ’ਤੇ ਕਬਜ਼ਾ ਜਮਾਉਣ ਲਈ ‘ਟੈਰਰ ਟੈਰਿਫ’ ਠੋਕਣਾ ਸ਼ੁਰੂ ਕਰ ਦਿੱਤਾ। ਕਮਜ਼ੋਰ ਦੇਸ਼ਾਂ ਨੂੰ ਤਾਂ ਉਹ ਧਮਕਾ ਕੇ ਗੋਡਿਆਂ ਭਰਨੇ ਕਰ ਲੈਂਦਾ ਪਰ ਜਦੋਂ ਚੀਨ ਵਰਗਾ ਤਾਕਤਵਰ ਦੇਸ਼ ਅੱਗੋਂ ਅੱਖਾਂ ਕੱਢਦਾ ਤਾਂ ਪਿਛਾਂਹ ਮੁੜ ਪੈਂਦਾ। ਭਾਰਤ ਨੂੰ ਵੀ ਉਸਨੇ ਧਮਕਾਉਣ ਅਤੇ ਵੱਡੀਆਂ ਦਰਾਂ ’ਤੇ ਟੈਰਿਫ ਠੋਕਣ ਦੀਆਂ ਵਾਰ-ਵਾਰ ਧਮਕੀਆਂ ਦਿੱਤੀਆਂ।

ਤ੍ਰੈਪੱਖੀ ਕੁਸਮਾਂ ਸੰਧੀ ’ਤੇ ਅਜੇ ਮੁੜ ਵਿਚਾਰ ਹੋਣਾ ਹੈ ਕਿ ਅਮਰੀਕਾ ਨੇ ਕੈਨੇਡਾ ਦੀ ਆਰਥਿਕਤਾ ਅਤੇ ਪ੍ਰਭੂਸੱਤਾ ਨੂੰ ਆਪਣੇ ਅਧੀਨ ਕਰਨ ਲਈ ਦੁਸ਼ਮਣੀ ਭਰੇ ਤਬਾਹਕੁੰਨ ਕਦਮ ਚੁੱਕੇ। ਸਮਝੌਤਾ ਐਨ ਸਿਰੇ ਲੱਗਣ ਸਮੇਂ ਲਿਖਤੀ ਤੌਰ ’ਤੇ ਅਮਰੀਕੀ ਕਾਮਰਸ ਸਕੱਤਰ ਹੋਵਾਡ ਲੁੱਟਨੇਕ ਨੇ ਨਵੀਆਂ ਸ਼ਰਤਾਂ ਅਤੇ ਮੱਦਾਂ ਇਸ ’ਚ ਸ਼ਾਮਲ ਕਰ ਦਿੱਤੀਆਂ : 1. ਕੈਨੇਡਾ ਨੂੰ ਦੂਸਰੇ ਦੇਸ਼ਾਂ ਨਾਲ ਵਪਾਰਕ ਸੰਧੀਆਂ ਤੋਂ ਸੀਮਤ ਰੱਖਣਾ ਤਾਂ ਕਿ ਉਹ ਉਸਦਾ ਗੁਲਾਮ ਅਤੇ ਹੱਥ-ਠੋਕਾ ਬਣਿਆ ਰਹੇ, 2. ਸਾਲ 1930 ਦੇ ਅਮਰੀਕੀ ਸਮੂਟ-ਹਾਲੇ ਐਕਟ ਦੀ ਧਾਰਾ 338 ਅਧੀਨ ਕੈਨੇਡਾ ’ਤੇ 50 ਫੀਸਦੀ ਟੈਰਿਫ ਠੋਕਣ ਦਾ ਐਲਾਨ ਕੀਤਾ, 3. ਕੈਨੇਡਾ ਨੈੱਟਫਲੈਕਸ, ਐਮਾਜ਼ੋਨ ਅਤੇ ਹੋਰ ਪ੍ਰਾਈਮ ਵੀਡੀਓ, ਫਿਲਮਾਂ ਅਤੇ ਹੋਰ ਸਮੱਗਰੀ ਨੂੰ ਟੀ. ਵੀ. ਅਤੇ ਮਿਊਜ਼ਿਕ ਰਾਹੀਂ ਪ੍ਰਮੋਟ ਕਰੇ, 4. ਕੈਨੇਡਾ ਨੂੰ ਹਰ ਵਪਾਰਕ ਵਸਤਾਂ ’ਤੇ ਫਰੈਂਚ ਭਾਸ਼ਾ ਦਾ ਪ੍ਰਯੋਗ ਕਰਨਾ ਬੰਦ ਕਰਨ ਲਈ ਕਿਹਾ। ਕੈਨੇਡਾ ਦੇ ਸੰਵਿਧਾਨ ਅਨੁਸਾਰ ਫਰੈਂਚ ਦੇਸ਼ ਦੀ ਦੂਸਰੀ ਰਾਸ਼ਟਰੀ ਭਾਸ਼ਾ ਹੈ।

ਕੈਨੇਡਾ ਨੇ ਅਜਿਹੀਆਂ ਗੁਲਾਮੀ ਭਰੀਆਂ ਸ਼ਰਤਾਂ ਮੰਨਣ ਤੋਂ ਇਨਕਾਰ ਕਰ ਦਿੱਤਾ। ਅਮਰੀਕਾ ਵੱਲੋਂ ਕੈਨੇਡਾ ਤੋਂ ਨਿਰਯਾਤ ਵਸਤਾਂ ’ਤੇ 20 ਬਿਲੀਅਨ ਡਾਲਰ ਦਾ 50 ਫੀਸਦੀ ਟੈਰਿਫ ਲਗਾਉਣ ਦਾ ਇੱਟ ਨਾਲ ਪੱਥਰ ਦਾ ਜਵਾਬ ਦਿੰਦੇ ਹੋਏ ਕੈਨੇਡਾ ਨੇ ਅਮਰੀਕਾ ਤੋਂ ਆਯਾਤ ਹੋਣ ਵਾਲੀਆਂ 700 ਵਸਤਾਂ ’ਤੇ 27.5 ਬਿਲੀਅਨ ਡਾਲਰ ਦੇ 15 ਤੋਂ 50 ਫੀਸਦੀ ਟੈਰਿਫ ਠੋਕ ਦਿੱਤੇ ਜੋ 18 ਸਤੰਬਰ ਤੋਂ ਅਮਲ ਵਿਚ ਆ ਜਾਣਗੇ।

ਇਕਜੁੱਟਤਾ : ਕੈਨੇਡਾ ਦੇ 10 ਸੂਬੇ ਅਤੇ ਤਿੰਨ ਖੇਤਰੀ ਪ੍ਰਦੇਸ਼ ਪ੍ਰਧਾਨ ਮੰਤਰੀ ਕਾਰਨੀ ਦੀ ਲੀਡਰਸ਼ਿਪ ਹੇਠ ਪੂਰੀ ਤਰ੍ਹਾਂ ਇਕਜੁੱਟ ਹਨ। ਕਈ ਮੁੱਖ ਮੰਤਰੀ ਪ੍ਰਧਾਨ ਮੰਤਰੀ ’ਤੇ ਜ਼ੋਰ ਦਿੰਦੇ ਰਹੇ ਕਿ ਉਹ ਅਮਰੀਕੀ ਦਬਾਅ ਹੇਠ ਰਤਾ ਨਾ ਝੁਕਣ। ਕੁਝ ਪ੍ਰਦੇਸ਼ਾਂ ਵਿਚ ਅਮਰੀਕੀ ਸ਼ਰਾਬ ਅਤੇ ਹੋਰ ਵਸਤਾਂ ਸਟੋਰਾਂ ਵਿਚੋਂ ਬਾਹਰ ਰੱਖ ਦਿੱਤੀਆਂ ਸਨ। ਕੈਨੇਡੀਅਨਾਂ ਨੂੰ ਇਲਮ ਹੈ ਕਿ ਟਕਰਾਅ ਕਰ ਕੇ ਵਪਾਰ, ਆਰਥਿਕਤਾ, ਸਨਅਤ ’ਤੇ ਬੁਰਾ ਅਸਰ ਪੈਣ ਵਾਲਾ ਹੈ, ਹਜ਼ਾਰਾਂ ਰੋਜ਼ਗਾਰ ਖੁੱਸਣ ਵਾਲੇ ਹਨ ਪਰ ਮੁੱਖ ਸਵਾਲ ਦੇਸ਼ ਦੀ ਪ੍ਰਭੂਸੱਤਾ ਅਤੇ ਆਜ਼ਾਦੀ ਕਾਇਮ ਰੱਖਣ ਦਾ ਹੈ।

ਅਮਰੀਕੀ ਉਪ ਰਾਸ਼ਟਰਪਤੀ ਜੇ. ਡੀ. ਵੇਂਸ ਨੇ ਕੈਨੇਡਾ ਨੂੰ ਆਪਣੀ ਸਰਦਾਰੀ ਹੇਠ ਰੱਖਣ ਲਈ ਫੌਜੀ ਹਮਲੇ ਦੀ ਧਮਕੀ ਦਿੱਤੀ ਹੈ ਪਰ ਅਮਰੀਕਾ ਇਹ ਨਹੀਂ ਜਾਣਦਾ ਕਿ ਸ਼ਾਂਤ ਸੁਭਾਅ ਵਾਲੇ ਕੈਨੇਡੀਅਨ ਮੈਦਾਨੇ ਜੰਗ ਵਿਚ ਚੱਟਾਨ ਵਾਂਗ ਡੱਟ ਕੇ ਮੂੰਹ-ਤੋੜ ਜਵਾਬ ਦੇਣ ਦੀ ਹਿੰਮਤ ਰੱਖਦੇ ਹਨ। ਉਹ ਰਾਸ਼ਟਰਪਤੀ ਟਰੰਪ ਦੇ ਓਂਟਾਰੀਓ ਝੀਲ ਨੂੰ ਅਮਰੀਕੀ ਝੀਲ ਵਿਚ ਬਦਲਣ ਦੇ ਫੋਕੇ ਦਮਗਜਿਆਂ ਦੀ ਪਰਵਾਹ ਨਹੀਂ ਕਰਦੇ। ਕੌਣ ਨਹੀਂ ਜਾਣਦਾ ਕਿ ਈਰਾਨ ਤੋਂ ਸ਼ਰਮਨਾਕ ਹਾਰ ਖਾ ਕੇ ਰਾਸ਼ਟਰਪਤੀ ਟਰੰਪ ਮੂੰਹ ਲੁਕਾਉਂਦਾ ਫਿਰਦਾ ਹੈ। ਮੂਰਖਾਨਾ ਟੈਰਿਫ ਕਰ ਕੇ ਹਰ ਅਮਰੀਕੀ ਪਰਿਵਾਰ ’ਤੇ 2000 ਡਾਲਰ, ਜਦਕਿ ਮਿਸ਼ੀਗਨ ਵਰਗੇ ਰਾਜ ਵਿਚ 3200 ਡਾਲਰ ਭਾਰ ਪੈ ਰਿਹਾ ਹੈ। ਮਹਿੰਗਾਈ ਅਤੇ ਬੇਰੋਜ਼ਗਾਰੀ ਕਰ ਕੇ 50 ਸੂਬੇ ਦੋ ਵਾਰ 18 ਮਹੀਨਿਆਂ ਵਿਚ ਟਰੰਪ ਵਿਰੁੱਧ ਮੁਜ਼ਾਹਰੇ ਕਰ ਚੁੱਕੇ ਹਨ।

ਹਰ ਸ਼ੀਸ਼ਾ ਟੂਟ ਜਾਤਾ ਹੈ ਪੱਥਰ ਕੀ ਚੋਟ ਸੇ,

ਪੱਥਰ ਹੀ ਟੂਟ ਜਾਏ ਵੋਹ ਸ਼ੀਸ਼ਾ ਤਲਾਸ਼ ਕਰ।

–ਦਰਬਾਰਾ ਸਿੰਘ ਕਾਹਲੋਂ,

(ਸਾਬਕਾ ਰਾਜ ਸੂਚਨਾ ਕਮਿਸ਼ਨਰ ਪੰਜਾਬ, ਕਿੰਗਸਟਨ-ਕੈਨੇਡਾ)


author

Anmol Tagra

Content Editor

Related News