ਸੁਭਾਸ਼ ਚੰਦਰ ਬੋਸ : ਪੀੜ੍ਹੀਆਂ ਨੂੰ ਪ੍ਰੇਰਿਤ ਕਰਨ ਵਾਲੀ ਵਿਰਾਸਤ
Thursday, Jan 23, 2025 - 05:10 PM (IST)

ਪਰਾਕ੍ਰਮ ਦਿਵਸ ਦੇ ਮੌਕੇ ’ਤੇ, ਜੋ ਨੇਤਾਜੀ ਸੁਭਾਸ਼ ਚੰਦਰ ਬੋਸ ਦੀ 128ਵੀਂ ਜੈਅੰਤੀ ਨੂੰ ਦਰਸਾਉਂਦਾ ਹੈ, ਅਸੀਂ ਭਾਰਤ ਦੇ ਸੁਤੰਤਰਤਾ ਸੰਗ੍ਰਾਮ ਵਿਚ ਉਨ੍ਹਾਂ ਦੇ ਅਪਾਰ ਯੋਗਦਾਨ ਅਤੇ ਉਨ੍ਹਾਂ ਦੀ ਅਦੁੱਤੀ ਭਾਵਨਾ ਦਾ ਸਨਮਾਨ ਕਰਦੇ ਹਾਂ, ਜੋ ਅੱਜ ਵੀ ਨੌਜਵਾਨਾਂ ਨੂੰ ਪ੍ਰੇਰਿਤ ਕਰਦੀ ਹੈ। ਇਸ ਦੂਰਦਰਸ਼ੀ ਨੇਤਾ ਦੇ ਜੀਵਨ ਅਤੇ ਆਦਰਸ਼ਾਂ ਦਾ ਉਤਸਵ ਮਨਾਉਣ ਦੇ ਲਈ ਸਥਾਪਿਤ, ਪਰਾਕ੍ਰਮ ਦਿਵਸ ਇਸ ਗੱਲ ’ਤੇ ਵਿਚਾਰ ਕਰਨ ਦਾ ਇਕ ਮੌਕਾ ਹੈ ਕਿ ਅਸੀਂ ਉਨ੍ਹਾਂ ਦੇ ਸਿਧਾਂਤਾਂ ਨੂੰ ਆਪਣੀ ਆਂ ਨਿੱਜੀ ਅਤੇ ਰਾਸ਼ਟਰੀ ਖਾਹਿਸ਼ਾਂ ਦੇ ਨਾਲ ਕਿਵੇਂ ਸੰਗਠਿਤ ਕਰ ਸਕਦੇ ਹਾਂ।
ਇਹ ਦਿਨ ਨਾ ਸਿਰਫ ਉਨ੍ਹਾਂ ਦੇ ਬਲਿਦਾਨ ਦੀ ਯਾਦ ਦਿਵਾਉਂਦਾ ਹੈ, ਸਗੋਂ ਕਾਰਵਾਈ ਦਾ ਸੱਦਾ ਵੀ ਦਿੰਦਾ ਹੈ ਅਤੇ ਸਾਨੂੰ ਦਲੇਰੀ, ਲਗਨ ਅਤੇ ਅਗਵਾਈ ਦੇ ਉਨ੍ਹਾਂ ਦੇ ਸਿਧਾਂਤਾਂ ਨੂੰ ਅਪਣਾਉਣ ਦੀ ਤਾਕੀਦ ਕਰਦਾ ਹੈ, ਤਾਂ ਕਿ ਇਕ ਖੁਸ਼ਹਾਲ, ਆਤਮਨਿਰਭਰ ਰਾਸ਼ਟਰ ਦਾ ਨਿਰਮਾਣ ਕੀਤਾ ਜਾ ਸਕੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ, ਨੇਤਾਜੀ ਦੇ ਯੋਗਦਾਨ ਨੂੰ ਸੰਸਥਾਗਤ ਰੂਪ ਦਿੱਤਾ ਗਿਆ ਹੈ ਅਤੇ ਇਸ ਨੂੰ ਪਹਿਲਾਂ ਤੋਂ ਕਿਤੇ ਵੱਧ ਵੱਡੇ ਪੱਧਰ ’ਤੇ ਮਨਾਇਆ ਜਾ ਰਿਹਾ ਹੈ। 2021 ਵਿਚ, ਸਰਕਾਰ ਨੇ 23 ਜਨਵਰੀ ਨੂੰ ਪਰਾਕ੍ਰਮ ਦਿਵਸ ਵਜੋਂ ਨਾਮਜ਼ਦ ਕੀਤਾ, ਜਿਸ ਨਾਲ ਨੇਤਾਜੀ ਦੀ ਵਿਰਾਸਤ ਦਾ ਸਨਮਾਨ ਕਰਨ ਦੇ ਲਈ ਸਾਲਾਨਾ ਰਾਸ਼ਟਰਪੱਧਰੀ ਸਮਾਰੋਹ ਯਕੀਨੀ ਹੋਇਆ।
‘ਕਰਤਵਯ ਪਥ ਪੁਨਰਵਿਕਾਸ ਪ੍ਰਾਜੈਕਟ’ ਦੇ ਤਹਿਤ ਇੰਡੀਆ ਗੇਟ ’ਤੇ ਨੇਤਾਜੀ ਦੇ ਬੁੱਤ ਦੀ ਘੁੰਡ ਚੁਕਾਈ, ਉਨ੍ਹਾਂ ਦੇ ਵਿਜ਼ਨ ਪ੍ਰਤੀ ਇਕ ਇਤਿਹਾਸਕ ਸ਼ਰਧਾਂਜਲੀ ਸੀ। ਪ੍ਰਧਾਨ ਮੰਤਰੀ ਮੋਦੀ ਨੇ ਇਸ ਨੂੰ “ਭਾਰਤੀ ਮਾਣ ਅਤੇ ਸੱਭਿਆਚਾਰ ਦੇ ਮੁੜ-ਸੁਰਜੀਤ” ਦਾ ਪ੍ਰਤੀਕ ਐਲਾਨ ਕੀਤਾ, ਜੋ ਬੋਸ ਦੇ ਰਾਸ਼ਟਰਵਾਦ ਦੇ ਆਦਰਸ਼ਾਂ ਦੇ ਅਨੁਸਾਰ ਹੈ।
ਇਸ ਦੇ ਇਲਾਵਾ, ਨੇਤਾਜੀ ਨਾਲ ਜੁੜੀਆਂ 304 ਫਾਈਲਾਂ ਨੂੰ ਜਨਤਕ ਕਰਨਾ ਇਕ ਇਤਿਹਾਸਕ ਕਦਮ ਸੀ, ਜਿਸ ਨੇ ਦਹਾਕਿਆਂ ਤੋਂ ਚਲ ਰਹੀਆਂ ਅੜਚਨਾਂ ਨੂੰ ਖਤਮ ਕਰ ਦਿੱਤਾ ਅਤੇ ਜਨਤਾ ਨੂੰ ਉਨ੍ਹਾਂ ਦੇ ਜੀਵਨ ਅਤੇ ਕਾਰਜ ਨਾਲ ਜੁੜੇ ਮਹੱਤਵਪੂਰਨ ਰਿਕਾਰਡ ਤੱਕ ਪਹੁੰਚ ਮੁਹੱਈਅਾ ਕੀਤੀ। ਇਸ ਦੇ ਇਲਾਵਾ, ਮਣੀਪੁਰ ਦੇ ਮੋਇਰੰਗ ਵਿਚ ਆਈ. ਐੱਨ. ਏ. ਮੈਮੋਰੀਅਲ ਦੀ ਬਹਾਲੀ, ਜਿੱਥੇ ਇੰਡੀਅਨ ਨੈਸ਼ਨਲ ਆਰਮੀ ਨੇ ਪਹਿਲੀ ਵਾਰ ਤਿਰੰਗਾ ਲਹਿਰਾਇਆ ਸੀ, ਨੇਤਾਜੀ ਦੀ ਵਿਰਾਸਤ ਨੂੰ ਸੰਭਾਲਣ ਪ੍ਰਤੀ ਸਰਕਾਰ ਦੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਬੋਸ ਦੇ ਆਲਮੀ ਪ੍ਰਭਾਵ ’ਤੇ ਵੀ ਚਾਨਣਾ ਪਾਇਆ। ਉਨ੍ਹਾਂ ਨੇ ਕਿਹਾ, “ਨੇਤਾਜੀ ਦਾ ਜੀਵਨ ਸੁਤੰਤਰਤਾ ਦੇ ਲਈ ਸਮਰਪਿਤ ਸੀ ਅਤੇ ਉਨ੍ਹਾਂ ਨੇ ਇਕ ਅਜਿਹੇ ਭਾਰਤ ਦੀ ਕਲਪਨਾ ਕੀਤੀ ਸੀ, ਜੋ ਆਤਮਨਿਰਭਰ ਅਤੇ ਆਤਮਵਿਸ਼ਵਾਸ ਨਾਲ ਭਰਿਆ ਹੋਵੇ।”
ਦੇਸ਼ਭਗਤੀ ਦੀ ਡੂੰਘੀ ਭਾਵਨਾ ਅਤੇ ਆਪਣੇ ਦੇਸ਼ ਦੀ ਸੇਵਾ ਕਰਨ ਦੀ ਇੱਛਾ ਤੋਂ ਪ੍ਰੇਰਿਤ ਹੋ ਕੇ ਉਨ੍ਹਾਂ ਨੇ ਇਕ ਸਨਮਾਨਜਨਕ ਕਰੀਅਰ ਦੀਆਂ ਸੁੱਖ-ਸੁਵਿਧਾਵਾਂ ਨੂੰ ਠੁਕਰਾਉਂਦੇ ਹੋਏ ਆਈ. ਸੀ. ਐੱਸ. ਤੋਂ ਅਸਤੀਫਾ ਦੇਣ ਦਾ ਫੈਸਲਾ ਕੀਤਾ।
ਨੇਤਾਜੀ ਦਾ ਸੁਤੰਤਰ ਭਾਰਤ ਦਾ ਸੁਪਨਾ ਸਿਰਫ ਇਕ ਸੁਪਨਾ ਨਹੀਂ ਸੀ, ਸਗੋਂ ਕਾਰਵਾਈ ਦਾ ਸੱਦਾ ਸੀ। ਜਦੋਂ ਉਹ 1941 ਵਿਚ ਨਜ਼ਰਬੰਦੀ ਤੋਂ ਭੱਜ ਨਿਕਲੇ ਅਤੇ ਅੰਤਰਰਾਸ਼ਟਰੀ ਸਮਰਥਨ ਮੰਗਿਆ ਤਾਂ ਇਹ ਸਿਰਫ ਇਕ ਰਣਨੀਤਕ ਕਦਮ ਨਹੀਂ ਸੀ – ਇਹ ਦ੍ਰਿੜ੍ਹ ਸੰਕਲਪ, ਸਹਿਣਸ਼ੀਲਤਾ ਅਤੇ ਲੋੜ ਪੈਣ ’ਤੇ ਖਾਸ ਰਸਤੇ ਅਪਣਾਉਣ ਦੀ ਇੱਛਾਸ਼ਕਤੀ ਦਾ ਇਕ ਹੌਸਲੇ ਵਾਲਾ ਦਾਅਵਾ ਸੀ।
ਪਰਾਕ੍ਰਮ ਦਿਵਸ, ਨੇਤਾਜੀ ਦੀ ਅਮਰ ਵਿਰਾਸਤ ਦਾ ਇਕ ਸਾਲਾਨਾ ਯਾਦਗਾਰੀ ਆਯੋਜਨ ਬਣ ਗਿਆ ਹੈ। ਸੱਭਿਆਚਾਰਕ ਪ੍ਰੋਗਰਾਮਾਂ ਅਤੇ ਪ੍ਰਦਰਸ਼ਨੀਆਂ ਨਾਲ ਲੈਸ ਸਮਾਰੋਹਾਂ ਦੇ ਪਿਛਲੇ ਆਯੋਜਨਾਂ ਨੇ ਉਨ੍ਹਾਂ ਦੇ ਯੋਗਦਾਨ ਨੂੰ ਬੜਾ ਉੱਚਾ ਦਰਜਾ ਦਿੱਤਾ ਹੈ, ਜਿਸ ਵਿਚ ਕੋਲਕਾਤਾ ਅਤੇ ਦਿੱਲੀ ਪ੍ਰਮੁੱਖ ਆਯੋਜਨ ਸਥਾਨ ਹਨ, ਜਿੱਥੇ ਉਨ੍ਹਾਂ ਦੀ ਏਕਤਾ ਅਤੇ ਦੇਸ਼ਭਗਤੀ ਦੀ ਭਾਵਨਾ ਸੜਕਾਂ ’ਤੇ ਗੂੰਜਦੀ ਸੀ। ਇਸ ਵਰ੍ਹੇ ਕਟਕ ਵਿਚ ਇਸ ਪ੍ਰੋਗਰਾਮ ਦਾ ਵਿਸ਼ੇਸ਼ ਮਹੱਤਵ ਹੈ ਕਿਉਂਕਿ ਉਹ ਉਨ੍ਹਾਂ ਦੇ ਮੂਲ ਸਥਾਨ ਦਾ ਸਨਮਾਨ ਕਰਦਾ ਹੈ।
ਇਕ ਅਜਿਹੀ ਦੁਨੀਆ ਵਿਚ ਜੋ ਲਚਕੀਲੇਪਨ ਅਤੇ ਇਨੋਵੇਸ਼ਨ ਦੀ ਮੰਗ ਕਰਦੀ ਹੈ, ਉਨ੍ਹਾਂ ਦੀ ਜੀਵਨ ਗਾਥਾ ਨੌਜਵਾਨਾਂ ਨੂੰ ਇਕ ਵਿਕਸਿਤ ਭਾਰਤ – ਇਕ ਆਤਮਨਿਰਭਰ ਵਿਕਸਿਤ ਭਾਰਤ ਦੇ ਨਿਰਮਾਣ ਵਿਚ ਯੋਗਦਾਨ ਦੇਣ ਅਤੇ ਕੰਮ ਕਰਨ ਦੇ ਲਈ ਇਕ ਸ਼ਕਤੀਸ਼ਾਲੀ ਪ੍ਰੇਰਣਾ ਦੇ ਰੂਪ ਵਿਚ ਕੰਮ ਕਰਦੀ ਹੈ।
ਜਿਵੇਂ ਕਿ ਅਟਲ ਬਿਹਾਰੀ ਵਾਜਪਾਈ ਨੇ ਇਕ ਵਾਰ ਕਿਹਾ ਸੀ, “ਸੁਭਾਸ਼ ਚੰਦਰ ਬੋਸ ਦਾ ਨਾਮ ਦੇਸ਼ਭਗਤੀ ਦੀ ਭਾਵਨਾ ਜਗਾਉਂਦਾ ਹੈ ਅਤੇ ਰਾਸ਼ਟਰ ਨੂੰ ਹੌਸਲਾ ਅਤੇ ਨਿਰਸੁਆਰਥ ਭਾਵ ਨਾਲ ਕੰਮ ਕਰਨ ਦੇ ਲਈ ਪ੍ਰੇਰਿਤ ਕਰਦਾ ਹੈ।”
ਆਓ ਅਸੀਂ ਇਕ ਉਜਵਲ, ਮਜ਼ਬੂਤ ਭਵਿੱਖ ਦੇ ਲਈ ਮਿਲ ਕੇ ਕੰਮ ਕਰ ਕੇ ਉਨ੍ਹਾਂ ਦੀ ਵਿਰਾਸਤ ਨੂੰ ਅੱਗੇ ਵਧਾਈਏ।
ਗਜੇਂਦਰ ਸਿੰਘ ਸ਼ੇਖਾਵਤ (ਕੇਂਦਰੀ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ)