ਸਿਲਾਈ, ਬੁਣਾਈ, ਕਢਾਈ ਬਨਾਮ ਤਣਾਅ

Monday, Sep 30, 2024 - 04:34 PM (IST)

ਸਿਲਾਈ, ਬੁਣਾਈ, ਕਢਾਈ ਬਨਾਮ ਤਣਾਅ

ਇਹ 2011 ਦੀ ਗੱਲ ਹੈ। ਮਹੀਨਾ ਅਪ੍ਰੈਲ ਦਾ ਸੀ। ਮੈਂ ਸਵਿਟਜ਼ਰਲੈਂਡ ਦੇ ਸ਼ਹਿਰ ਜੇਨੇਵਾ ਅਤੇ ਫਰਾਂਸ ਦੀ ਸਰਹੱਦ ’ਤੇ ਬਣੇ ਇਕ ਹਸਪਤਾਲ ’ਚ ਬੈਠੀ ਹੋਈ ਸੀ। ਰਿਸੈਪਸ਼ਨ ’ਚ ਹੋਰ ਵੀ ਕਈ ਔਰਤਾਂ ਅਤੇ ਮਰਦ ਬੈਠੇ ਸਨ। ਦੋ ਗੋਰੀਆਂ ਔਰਤਾਂ ਦੇ ਹੱਥ ਤੇਜ਼ੀ ਨਾਲ ਚੱਲ ਰਹੇ ਸਨ। ਉਨ੍ਹਾਂ ’ਚੋਂ ਇਕ ਸਵੈਟਰ ਬੁਣ ਰਹੀ ਸੀ ਅਤੇ ਦੂਜੀ ਮਫਲਰ ਪਰ ਦੋਵਾਂ ਦੀ ਉੱਨ ਦਾ ਰੰਗ ਇਕ ਹੀ ਸੀ ਸਲੇਟੀ। ਉਨ੍ਹਾਂ ਨੂੰ ਦੇਖ ਕੇ ਹੈਰਾਨ ਹੋਏ ਬਿਨਾਂ ਨਹੀਂ ਰਿਹਾ ਜਾ ਸਕਦਾ। ਕਿਉਂਕਿ ਸਾਡੇ ਇਥੇ ਸ਼ਾਇਦ ਹੀ ਕੋਈ ਔਰਤ ਸਵੈਟਰ ਜਾਂ ਹੋਰ ਚੀਜ਼ਾਂ ਬੁਣਦੀ ਦਿੱਸਦੀ ਸੀ, ਜਦਕਿ ਇਸ ਸਦੀ ਦੇ ਸ਼ੁਰੂ ਹੋਣ ਤੋਂ ਪਹਿਲਾਂ ਤਕ ਸਰਦੀ ਆਉਣ ਤੋਂ ਪਹਿਲਾਂ ਹੀ ਦੁਕਾਨਾਂ ਰੰਗ-ਬਿਰੰਗੀ ਉੱਨ ਦੇ ਲੱਛਿਆਂ ਨਾਲ ਸਜ ਜਾਂਦੀਆਂ ਸਨ। ਅੰਦਰ ਉੱਨ ਦੇ ਗੋਲਿਆਂ ਦੇ ਡੱਬੇ ਸਜੇ ਰਹਿੰਦੇ ਸਨ। ਉੱਨ ਵੀ ਤਰ੍ਹਾਂ-ਤਰ੍ਹਾਂ ਦੀ ਹੁੰਦੀ ਸੀ।

ਪਰ ਹੁਣ ਉੱਨ ਦਿਖਾਈ ਨਹੀਂ ਦਿੰਦੀ ਕਿਉਂਕਿ ਊਨੀ ਕੱਪੜੇ ਵੱਡੀ ਮਾਤਰਾ ’ਚ ਬਾਜ਼ਾਰ ’ਚ ਮਿਲਦੇ ਹਨ। ਉਹ ਸਸਤੇ ਵੀ ਹੁੰਦੇ ਹਨ। ਫਿਰ ਕੌਣ ਸਵੈਟਰ ਬੁਣ ਕੇ ਸਮਾਂ ਬਰਬਾਦ ਕਰੇ। ਨਹੀਂ ਤਾਂ ਕਈ ਔਰਤਾਂ ਅਜਿਹੀਆਂ ਹੁੰਦੀਆਂ ਸਨ ਕਿ ਜੇਕਰ ਕਿਸੇ ਨੇ ਸਵੈਟਰ ਪਹਿਨਿਆ ਹੈ ਅਤੇ ਉਨ੍ਹਾਂ ਨੂੰ ਉਹ ਡਿਜ਼ਾਈਨ ਪਸੰਦ ਆ ਗਿਆ ਤਾਂ ਉਹ ਦੇਖ ਕੇ ਘਰ ਆ ਕੇ ਉਵੇਂ ਹੀ ਡਿਜ਼ਾਈਨ ਦੇ ਨਮੂਨੇ ਬਣਾ ਕੇ ਰੱਖ ਲੈਂਦੀਆਂ ਸਨ ਅਤੇ ਬਾਅਦ ’ਚ ਸਵੈਟਰ, ਟੋਪੀ, ਜੈਕੇਟ, ਜੁਰਾਬਾਂ, ਮਫਲਰ, ਸ਼ਾਲ ਆਦਿ ਬਣਾਉਣ ’ਚ ਉਨ੍ਹਾਂ ਦੀ ਵਰਤੋਂ ਕਰਦੀਆਂ ਸਨ।

ਇਹੀ ਹਾਲ ਸਿਲਾਈ ਦਾ ਹੈ। ਸਿਲਾਈ ਮਸ਼ੀਨ ਨੇ ਕੱਪੜੇ ਸਿਊਣ ’ਚ ਕ੍ਰਾਂਤੀ ਲਿਆ ਦਿੱਤੀ। ਘਰ-ਘਰ ’ਚ ਸਿਲਾਈ ਮਸ਼ੀਨ ਹੁੰਦੀ ਸੀ। ਹਰ ਸ਼ਹਿਰ ’ਚ ਸਿਲਾਈ ਕੇਂਦਰ ਹੁੰਦੇ ਸਨ, ਜਿਥੇ ਲੜਕੀਆਂ ਅਤੇ ਔਰਤਾਂ ਸਿਲਾਈ ਸਿੱਖਣ ਜਾਂਦੀਆਂ ਸਨ। ਵਿਆਹ ਦੇ ਸਮੇਂ ਲੜਕੀ ਦੇ ਪਰਿਵਾਰ ਵਾਲੇ ਸਿਲਾਈ ਮਸ਼ੀਨ ਜ਼ਰੂਰ ਦਿੰਦੇ ਸਨ। ਇਸੇ ਸਿਲਾਈ ਮਸ਼ੀਨ ਦੇ ਕਾਰਨ ਪਤਾ ਨਹੀਂ ਕਿੰਨੀਆਂ ਬੇਸਹਾਰਾ ਔਰਤਾਂ ਨੇ ਆਪਣੀ ਗ੍ਰਹਿਸਥੀ ਚਲਾਈ, ਪਰਿਵਾਰ ਨੂੰ ਪਾਲਿਆ-ਪੋਸਿਆ।

ਪੁਰਾਣੀਆਂ ਫਿਲਮਾਂ ’ਚ ਵੀ ਅਜਿਹੇ ਦ੍ਰਿਸ਼ ਬੜੇ ਮਿਲਦੇ ਸਨ। ਕਿਸੇ ਵੀ ਤਿਉਹਾਰ, ਉਤਸਵ, ਵਿਆਹ-ਸ਼ਾਦੀ ਤੋਂ ਪਹਿਲਾਂ ਘਰ ਦੀਆਂ ਔਰਤਾਂ, ਜਿਨ੍ਹਾਂ ’ਚ ਮਾਤਾ, ਚਾਚੀ, ਤਾਈ, ਭੈਣ, ਭਾਬੀ ਸਾਰੀਆਂ ਆਪਣੀ-ਆਪਣੀ ਪਸੰਦ ਦੇ ਕੱਪੜੇ ਸਿਊਂਦੀਆਂ ਸਨ ਪਰ ਹੁਣ ਘਰਾਂ ’ਚ ਕੱਪੜੇ ਸ਼ਾਇਦ ਹੀ ਸਿਉਂਤੇ ਜਾਂਦੇ ਹਨ। ਇਥੋਂ ਤਕ ਕਿ ਫਟੇ ਕੱਪੜਿਆਂ ਨੂੰ ਜੇਕਰ ਕੋਈ ਠੀਕ ਕਰਵਾਉਣਾ ਚਾਹੁੰਦਾ ਹੈ ਤਾਂ ਉਹ ਕਿਸੇ ਦਰਜੀ ਦੀ ਮਦਦ ਲੈਂਦਾ ਹੈ। ਹਾਲਾਂਕਿ ਇਨ੍ਹੀਂ ਦਿਨੀਂ ਦਰਜੀ ਵੀ ਬੜੇ ਘੱਟ ਦਿਖਾਈ ਦਿੰਦੇ ਹਨ ਕਿਉਂਕਿ ਰੈਡੀਮੇਡ ਕੱਪੜਿਆਂ ਨਾਲ ਬਾਜ਼ਾਰ ਭਰਿਆ ਪਿਆ ਹੈ। ਉਹ ਜੇਬ ’ਤੇ ਵੀ ਭਾਰੀ ਨਹੀਂ ਪੈਂਦੇ।

ਇਸੇ ਤਰ੍ਹਾਂ ਕਢਾਈ ਨੂੰ ਲੈ ਲਓ। ਘਰ ’ਚ ਹੱਥ ਨਾਲ ਕੱਢੇ ਸਿਰਹਾਣੇ, ਚਾਦਰਾਂ, ਮੇਜ਼ਪੋਸ਼, ਕੁਰਸੀਆਂ ਦੀਆਂ ਗੱਦੀਆਂ, ਰੁਮਾਲ, ਸਾੜ੍ਹੀਆਂ ਖੂਬ ਦਿਖਾਈ ਦਿੰਦੀਆਂ ਸਨ। ਲੜਕੇ ਵਾਲੇ ਜਦੋਂ ਲੜਕੀ ਦੇਖਣ ਆਉਂਦੇ ਸਨ ਤਾਂ ਉਨ੍ਹਾਂ ਨੂੰ ਦੱਸਿਆ ਜਾਂਦਾ ਸੀ ਕਿ ਜੋ ਫਲਾਣੀ ਚਾਦਰ ਵਿਛੀ ਹੈ, ਉਸ ਨੂੰ ਸਾਡੀ ਇਸੇ ਲੜਕੀ ਨੇ ਕੱਢਿਆ ਹੈ। ਕਢਾਈ ਦੇ ਟਾਂਕੇ ਇੰਨੀ ਕਿਸਮ ਦੇ ਹੁੰਦੇ ਸਨ ਕਿ ਹੁਣ ਉਨ੍ਹਾਂ ’ਚੋਂ ਬਹੁਤਿਆਂ ਨੂੰ ਯਾਦ ਵੀ ਨਹੀਂ ਹਨ, ਕਿਉਂਕਿ ਕਢਾਈ ਕਰਨੀ ਗੁਜ਼ਰੇ ਜ਼ਮਾਨੇ ਦੀ ਗੱਲ ਹੋ ਗਈ ਹੈ।

ਇਹ ਸਾਰੀਆਂ ਔਰਤਾਂ ਦੀ ਵਿੱਦਿਆ ਅਤੇ ਕਲਾਤਮਕਤਾ ਸੀ ਜੋ ਇਕ-ਇਕ ਕਰਕੇ ਬਾਜ਼ਾਰ ਦੇ ਹਵਾਲੇ ਹੋ ਗਈ। ਇਸ ਦਾ ਵੱਡਾ ਕਾਰਨ ਇਹ ਵੀ ਰਿਹਾ ਕਿ ਪਹਿਲਾਂ ਔਰਤਾਂ ਕਾਫੀ ਸਮਾਂ ਘਰ ’ਚ ਰਹਿੰਦੀਆਂ ਸਨ। ਉਹ ਆਪਣੇ ਸਮੇਂ ਦੀ ਸਹੀ ਵਰਤੋਂ ਕਢਾਈ, ਬੁਣਾਈ, ਸਿਲਾਈ ਆਦਿ ਕਰ ਕੇ ਕਰਦੀਆਂ ਸਨ ਪਰ ਹੁਣ ਉਹ ਪੜ੍ਹ-ਲਿਖ ਕੇ ਨੌਕਰੀ ਕਰਦੀਆਂ ਹਨ। ਉਨ੍ਹਾਂ ਕੋਲ ਇੰਨਾ ਸਮਾਂ ਨਹੀਂ ਬਚਿਆ। ਇਸ ਦੇ ਇਲਾਵਾ ਇਨ੍ਹਾਂ ਸਾਰੀਆਂ ਕਲਾਵਾਂ ਨੂੰ ਘਰੇਲੂ ਕਹਿ ਕੇ ਪੱਛੜੇਪਨ ਦੇ ਖਾਤੇ ’ਚ ਸੁੱਟ ਕੇ ਇਨ੍ਹਾਂ ਦਾ ਮਜ਼ਾਕ ਵੀ ਉਡਾਇਆ ਜਾਣ ਲੱਗਾ। ਉਹ ਸਮਾਂ ਵੀ ਯਾਦ ਕੀਤਾ ਜਾ ਸਕਦਾ ਹੈ ਜਦੋਂ ਹਰੇਕ ਮੈਗਜ਼ੀਨ ਦੇ ਸਿਲਾਈ, ਬੁਣਾਈ, ਕਢਾਈ ਵਿਸ਼ੇਸ਼ ਅੰਕ ਨਿਕਲਦੇ ਹੁੰਦੇ ਸਨ। ਹੁਣ ਸ਼ਾਇਦ ਹੀ ਕੋਈ ਮੈਗਜ਼ੀਨ ਅਜਿਹਾ ਕਰਦੀ ਹੈ।

ਬੀਤੇ ਦਿਨੀਂ ਇਕ ਖੋਜ ਬਾਰੇ ਪੜ੍ਹ ਰਹੀ ਸੀ ਤਾਂ ਅਜਿਹੀਆਂ ਕਈ ਗੱਲਾਂ ਯਾਦ ਆਉਣ ਲੱਗੀਆਂ। ਇਸ ਖੋਜ ’ਚ ਕਿਹਾ ਗਿਆ ਹੈ ਕਿ ਸਿਲਾਈ, ਬੁਣਾਈ, ਕਢਾਈ ਆਦਿ ਸਿਰਫ ਸਮਾਂ ਕੱਟਣ ਦੇ ਹੀ ਸਾਧਨ ਨਹੀਂ ਸਗੋਂ ਇਸ ਨਾਲ ਕਲਾਤਮਕਤਾ ਵਧਦੀ ਹੈ ਅਤੇ ਇਨ੍ਹਾਂ ਨੂੰ ਕਰਨ ਵਾਲਿਆਂ ਦੀ ਮਾਨਸਿਕ ਸਿਹਤ ਵੀ ਠੀਕ ਰਹਿੰਦੀ ਹੈ। ਖੋਜੀਆਂ ਨੇ ਕਿਹਾ ਕਿ ਇਨ੍ਹਾਂ ਕਲਾਵਾਂ ਨੂੰ ਆਪਣੀ ਰੋਜ਼ਮੱਰਾ ਦੀਆਂ ਸਰਗਰਮੀਆਂ ’ਚ ਜ਼ਰੂਰ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਇਸ ਨਾਲ ਨਾ ਸਿਰਫ ਤਣਾਅ ਦੂਰ ਹੋਵੇਗਾ ਸਗੋਂ ਮਨ ਸ਼ਾਂਤ ਵੀ ਰਹੇਗਾ। ਇਸ ਖੋਜ ’ਚ ਸੱਤ ਹਜ਼ਾਰ ਤੋਂ ਵੱਧ ਵਿਅਕਤੀਆਂ ਨੂੰ ਸ਼ਾਮਲ ਕੀਤਾ ਗਿਆ। ਇਨ੍ਹਾਂ ’ਚੋਂ ਜੋ ਵੀ ਅਜਿਹੀਆਂ ਸਰਗਰਮੀਆਂ ’ਚ ਸ਼ਾਮਲ ਹੋਏ, ਉਹ ਹੋਰਨਾਂ ਨਾਲੋਂ ਵੱਧ ਸ਼ਾਂਤ ਸਨ। ਉਨ੍ਹਾਂ ਨੂੰ ਤਣਾਅ ਵੀ ਨਹੀਂ ਹੁੰਦਾ ਸੀ।

ਖੋਜ ’ਚ ਇਹ ਪਾਇਆ ਗਿਆ ਕਿ ਇਨ੍ਹਾਂ ਕਲਾਵਾਂ ’ਚ ਹਿੱਸਾ ਲੈਣ ਨਾਲ ਤਣਾਅ ਸੰਬੰਧੀ ਹਾਰਮੋਨ ਘੱਟ ਹੁੰਦੇ ਹਨ। ਇਹ ਵੀ ਕਿਹਾ ਗਿਆ ਕਿ ਰੁੱਝੀ ਹੋਈ ਜੀਵਨਸ਼ੈਲੀ ਜਿਸ ’ਚ ਸਾਡੀ ਨੌਕਰੀ ਵੀ ਸ਼ਾਮਲ ਹੈ, ਉਸ ਦੇ ਕਾਰਨ ਤਣਾਅ ਵਧਦਾ ਹੈ, ਇਸ ਲਈ ਰੋਜ਼ਮੱਰਾ ’ਚ ਸਿਲਾਈ, ਕਢਾਈ, ਬੁਣਾਈ ਆਦਿ ਜ਼ਰੂਰੀ ਹੈ। ਅਜਿਹਾ ਕਰਨ ਨਾਲ ਭਾਵਨਾਵਾਂ ਨੂੰ ਪ੍ਰਗਟ ਕੀਤਾ ਜਾ ਸਕਦਾ ਹੈ। ਜ਼ਿੰਦਗੀ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰਨਾ ਸੌਖਾ ਹੁੰਦਾ ਹੈ। ਆਤਮਵਿਸ਼ਵਾਸ ਵਧਦਾ ਹੈ।

ਮੈਨੂੰ ਜਾਪਿਆ ਕਿ ਕਿਉਂ ਪੁਰਾਣੇ ਜ਼ਮਾਨੇ ਦੀਆਂ ਔਰਤਾਂ ਬਿਪਤਾਵਾਂ ਦਾ ਸਾਹਮਣਾ ਕਰਦੀਆਂ ਹੋਈਆਂ ਵੀ ਇਨ੍ਹਾਂ ਆਫਤਾਂ ਤੋਂ ਮੁਕਤ ਰਹਿੰਦੀਆਂ ਸਨ, ਸ਼ਾਇਦ ਉਸ ਦਾ ਕਾਰਨ ਇਹੀ ਕਲਾਵਾਂ ਰਹੀਆਂ ਹੋਣ। ਇੰਗਲੈਂਡ ’ਚ ਹੋਈ ਇਸ ਖੋਜ ’ਤੇ ਪਤਾ ਨਹੀਂ ਸਾਡੇ ਕੁਝ ਸਲਾਹਕਾਰਾਂ ਦੀ ਨਜ਼ਰ ਪਈ ਕਿ ਨਹੀਂ। ਕਿਉਂਕਿ ਸਿਲਾਈ, ਬੁਣਾਈ ਕਰਨ ਵਾਲੀਆਂ ਔਰਤਾਂ ਨੂੰ ਅਜਿਹੇ ਵਿਚਾਰ-ਵਟਾਂਦਰਿਆਂ ਨੇ ਅਨਪੜ੍ਹ ਅਤੇ ਪਰਿਵਾਰਵਾਦੀ ਕਹਿ ਕੇ ਖਾਰਿਜ ਕਰ ਦਿੱਤਾ। ਹੁਣ ਕੋਈ ਇਨ੍ਹਾਂ ਨੂੰ ਦੁਬਾਰਾ ਸ਼ੁਰੂ ਕਰਨਾ ਵੀ ਚਾਹੇ ਤਾਂ ਕਿਵੇਂ ਕਰੇ। ਇਕ ਵਾਰ ਜੋ ਕਲਾ ਰੁਝਾਨ ਤੋਂ ਬਾਹਰ ਹੋ ਜਾਂਦੀ ਹੈ, ਉਹ ਸੌਖੀ ਨਹੀਂ ਪਰਤਦੀ। ਹਾਲਾਂਕਿ ਇਸ ਤਰ੍ਹਾਂ ਦੀਆਂ ਚਿੰਤਾਵਾਂ ਅੱਜਕਲ ਅਕਸਰ ਪ੍ਰਗਟ ਕੀਤੀਆਂ ਜਾਂਦੀਆਂ ਹਨ ਕਿ ਔਰਤਾਂ ’ਚ ਤਣਾਅ ਬੜਾ ਵਧ ਰਿਹਾ ਹੈ। ਤਣਾਅ ਤੋਂ ਪੈਦਾ ਰੋਗ ਵੀ ਵਧ ਰਹੇ ਹਨ।

ਸ਼ਮਾ ਸ਼ਰਮਾ


author

Tanu

Content Editor

Related News