''ਸੈਕੰਡ ਹੈਂਡ...''
Wednesday, Apr 03, 2024 - 04:14 PM (IST)
ਸੈਕੰਡ ਹੈਂਡ ਸ਼ਬਦ ਸੁਣਦਿਆਂ ਹੀ ਆਮ ਤੌਰ ’ਤੇ ਸਾਡੇ ਸਾਰਿਆਂ ਦੇ ਮਨ ’ਚ ਜੋ ਪਹਿਲੀ ਤਸਵੀਰ ਆਉਂਦੀ ਹੈ, ਉਹ ਕਿਸੇ ਚੀਜ਼ ਦੀ ਹੁੰਦੀ ਹੈੈ। ਵੱਧ ਤੋਂ ਵੱਧ ਉਸ ਪਿੱਛੋਂ ਵੀ ਤੁਸੀਂ ਵਿਚਾਰ ਕਰੋਗੇ, ਤਦ ਵੀ ਤੁਹਾਡੇ ਦਿਮਾਗ ’ਚ ਕਿਸੇ ਚੀਜ਼/ਵਸਤੂ ਜਾਂ ਉਸ ਨਾਲ ਸਬੰਧਤ ਸਥਾਨ ਦੇ ਵਿਚਾਰ ਹੀ ਆਉਣਗੇ ਪਰ ਅੱਜ ਆਪਣੇ ਸੋਚਣ ਦੀ ਸਮਰੱਥਾ ਨੂੰ ਵਧਾਓ ਕਿਉਂਕਿ ਹੁਣ ਤੁਹਾਡੀ ਵਿਚਾਰਧਾਰਾ ’ਚ ਤਬਦੀਲੀ ਦਾ ਸਮਾਂ ਆ ਗਿਆ ਹੈ। ਸਾਡੇ ਸਮਾਜ ’ਚ ਹੁਣ ਵਸਤੂਆਂ ਹੀ ਨਹੀਂ, ਇਨਸਾਨ ਵੀ....।
ਮੁਆਫ ਕਰਨਾ, ਔਰਤ ਭਾਵ ਇਸਤਰੀ ਵੀ ਸੈਕੰਡ ਹੈਂਡ ਹੁੰਦੀ ਹੈ। ਜੇ ਤੁਸੀਂ ਇਹ ਸੁਣ ਕੇ ਕੁਝ ਹੈਰਾਨ-ਪ੍ਰੇਸ਼ਾਨ ਹੋ ਜਾਂ ਦਲੀਲਾਂ ’ਚ ਪਏ ਹੋ ਤਾਂ ਮੈਂ ਤੁਹਾਡੀ ਇਸ ਸਮੱਸਿਆ ਨੂੰ ਇੱਥੇ ਹੀ ਖਤਮ ਕਰਨ ਦਾ ਯਤਨ ਕਰਦੀ ਹਾਂ। ਸਾਡੇ ਪਿਆਰੇ ਦੇਸ਼ ’ਚ ਜਿੱਥੇ ਔਰਤ ਨੂੰ ਦੇਵੀ ਦਾ ਦਰਜਾ ਦੇਣ ਦੀ ਗੱਲ ਕਹੀ ਜਾਂਦੀ ਹੈ, ਉੱਥੇ ਹੀ ਉਸੇ ਦੇਸ਼ ’ਚ ਉਸ ਨੂੰ ਸੈਕੰਡ ਹੈਂਡ ਹੋਣ ਦਾ ਟੈਗ ਵੀ ਦਿੱਤਾ ਜਾਂਦਾ ਹੈ। ਜੇ ਤੁਸੀਂ ਨਹੀਂ ਮੰਨਦੇ ਹੋ ਤਾਂ ਤੁਹਾਨੂੰ ਦੱਸਣਾ ਚਾਹਾਂਗੀ ਮੁੰਬਈ ਦੇ ਇਕ ਕੇਸ ਬਾਰੇ, ਜਿੱਥੇ ਪਤੀ ਵਲੋਂ ਪਤਨੀ ਨੂੰ ਸੈਕੰਡ ਹੈਂਡ ਕਹੇ ਜਾਣ ਦੀ ਗੱਲ ਸਾਹਮਣੇ ਆਈ ਹੈ।
ਸਾਰਾ ਮਾਮਲਾ ਇਸ ਤਰ੍ਹਾਂ ਹੈ ਕਿ ਮੁੰਬਈ ਦੇ ਇਕ ਨਵ-ਵਿਆਹੁਤਾ ਜੋੜੇ ਦੇ ਨੇਪਾਲ ’ਚ ਹਨੀਮੂਨ ਦੌਰਾਨ ਪਤੀ ਨੇ ਉਸ ਨੂੰ ‘ਸੈਕੰਡ ਹੈਂਡ’ ਕਹਿ ਕੇ ਪ੍ਰੇਸ਼ਾਨ ਕੀਤਾ ਕਿਉਂਕਿ ਉਸ ਦੀ ਪਹਿਲੀ ਮੰਗਣੀ ਟੁੱਟ ਚੁੱਕੀ ਸੀ। ਬਾਅਦ ’ਚ ਅਮਰੀਕਾ ’ਚ ਪਤਨੀ ਨੇ ਦੋਸ਼ ਲਾਇਆ ਕਿ ਉਸ ਦਾ ਸਰੀਰਕ ਅਤੇ ਭਾਵਨਾਤਮਕ ਸ਼ੋਸ਼ਣ ਕੀਤਾ ਗਿਆ। ਪਤੀ ਨੇ ਉਸ ਦੇ ਚਰਿੱਤਰ ’ਤੇ ਨੁਕਤਾਚੀਨੀ ਕੀਤੀ ਅਤੇ ਉਸ ’ਤੇ ਆਪਣੇ ਭਰਾਵਾਂ ਅਤੇ ਹੋਰ ਮਰਦਾਂ ਨਾਲ ਨਾਜਾਇਜ਼ ਸਬੰਧ ਰੱਖਣ ਦਾ ਦੋਸ਼ ਲਗਾਇਆ।
ਇਸ ਮਾਮਲੇ ’ਚ ਜਨਵਰੀ 2023 ’ਚ ਟ੍ਰਾਇਲ ਕੋਰਟ ਨੇ ਪਤਨੀ ਦੇ ਹੱਕ ’ਚ ਫੈਸਲਾ ਸੁਣਾਇਆ ਅਤੇ ਪਤੀ ਨੂੰ 3 ਕਰੋੜ ਰੁਪਏ ਦਾ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ। ਇਸ ਤੋਂ ਇਲਾਵਾ, ਅਦਾਲਤ ਨੇ ਪਤਨੀ ਨੂੰ ਦਾਦਰ ’ਚ ਘੱਟੋ-ਘੱਟ 1,000 ਵਰਗ ਫੁੱਟ ਰਿਹਾਇਸ਼ੀ ਸਥਾਨ ਜਾਂ 75,000 ਰੁਪਏ ਮਹੀਨਾ ਕਿਰਾਇਆ ਦੇਣ ਦੀ ਵਿਵਸਥਾ ਕੀਤੀ। ਪਤੀ ਨੂੰ ਪਤਨੀ ਦੇ ਸਾਰੇ ਗਹਿਣੇ ਵਾਪਸ ਕਰਨ ਅਤੇ 1,50,000 ਰੁਪਏ ਮਹੀਨਾ ਗੁਜ਼ਾਰਾ ਭੱਤਾ ਦੇਣ ਦਾ ਵੀ ਹੁਕਮ ਦਿੱਤਾ।
ਇਸ ਪਿੱਛੋਂ ਪਤੀ ਨੇ ਟ੍ਰਾਇਲ ਕੋਰਟ ਦੇ ਫੈਸਲੇ ਨੂੰ ਬੰਬੇ ਹਾਈ ਕੋਰਟ ’ਚ ਚੁਣੌਤੀ ਦਿੱਤੀ ਸੀ, ਜਿਸ ਨੂੰ ਕੋਰਟ ਨੇ ਅਸਵੀਕਾਰ ਕਰਦੇ ਹੋਏ ਟ੍ਰਾਇਲ ਕੋਰਟ ਦਾ ਫੈਸਲਾ ਬਰਕਰਾਰ ਰੱਖਿਆ।
ਟੂ ਫਿੰਗਰ ਟੈਸਟ, ਤਿੰਨ ਤਲਾਕ ਵਰਗੇ ਜ਼ਿਆਦਾਤਰ ਫੈਸਲਿਆਂ ਨੂੰ ਦੇਖ ਕੇ ਅਜਿਹਾ ਲੱਗਦਾ ਹੈ, ਜਿਵੇਂ ਸਾਡੇ ਦੇਸ਼ ਦੇ ਕਾਨੂੰਨ ਅਤੇ ਅਦਾਲਤਾਂ ਵਲੋਂ ਇਹ ਯਤਨ ਕੀਤਾ ਜਾਂਦਾ ਹੈ ਕਿ ਭਾਰਤੀ ਸਮਾਜ ’ਚ ਔਰਤਾਂ ਨੂੰ ਵੀ ਬਰਾਬਰ ਦਾ ਮਾਣ ਮਿਲੇ ਪਰ ਸਾਡੇ ਸਮਾਜ ’ਚ ਰਹਿਣ ਵਾਲੇ ਮਰਦ ਅਤੇ ਨਾਲ ਹੀ ਨਾਲ ਔਰਤਾਂ ਦੀ ਵੀ ਇਕ ਸ਼੍ਰੇਣੀ ਇਹ ਨਹੀਂ ਸੋਚਦੀ ਕਿ ਔਰਤ ਵੀ ਇਨਸਾਨ ਹੈ। ਸਾਡੇ ਸਮਾਜ ’ਚ ਔਰਤਾਂ ਨੂੰ ਇਨਸਾਨ ਨਾ ਸਮਝਣ ਦਾ ਜੋ ਕਾਰਜ ਕੀਤਾ ਜਾਂਦਾ ਹੈ, ਉਹ ਔਰਤਾਂ ਨੂੰ ਅਪਮਾਨ ਅਤੇ ਅਪਰਾਧ ਦਾ ਸ਼ਿਕਾਰ ਬਣਾ ਦਿੰਦਾ ਹੈ।
ਭਾਰਤੀ ਸਮਾਜ ਦੀ ਸਥਿਤੀ ਅੱਜ ਅਜਿਹੀ ਹੋ ਚੱਲੀ ਹੈ ਕਿ ਪੜ੍ਹੇ-ਲਿਖੇ ਬੱਚਿਆਂ ’ਚ, ਜੋ ਮਰਦ ਪ੍ਰਧਾਨ ਸਮਾਜ ਦੇ ਭਵਿੱਖ ਦੇ ਮਰਦ ਹਨ, ਉਹ ਹੁਣ ਤੋਂ ਹੀ ਔਰਤ ਵਰਗ ਨੂੰ ਦੱਬਣ ਦਾ ਕਾਰਜ ਕਰਨ ਲੱਗੇ ਹਨ। ਆਪਣੀਆਂ ਭੈਣਾਂ ਨੂੰ ਬਾਹਰ ਨਾ ਨਿਕਲਣ ਦੇਣ ਦੀ ਵਿਚਾਰਧਾਰਾ, ਦੂਜਿਆਂ ਦੀਆਂ ਭੈਣਾਂ ਲਈ ਜਬਰ-ਜ਼ਨਾਹ ਵਰਗੇ ਸ਼ਬਦਾਂ ਦੀ ਵਰਤੋਂ ਹੋਵੇ ਜਾਂ ਫਿਰ ਜਿਸ ਲੜਕੀ ਨੂੰ ਮੁਹੱਬਤ ਦਾ ਕਥਨ ਕਹਿੰਦੇ ਹਨ ਉਸ ਨੂੰ ਹੀ ਧਮਕਾਉਣਾ ਆਦਿ ਕਾਰਜ ਅੱਜ ਦੇ ਅੱਲ੍ਹੜਾਂ ’ਚ ਦੇਖਣ ਨੂੰ ਮਿਲ ਰਹੇ ਹਨ, ਜਿਨ੍ਹਾਂ ਨੂੰ ਸਮਝ ਸਕਣਾ ਸਾਡੇ ਲਈ ਮੁਸ਼ਕਿਲ ਹੋ ਰਿਹਾ ਹੈ ਜਾਂ ਅਸੀਂ ਅੱਖਾਂ ’ਤੇ ਪੱਟੀ ਬੰਨ੍ਹ ਕੇ ਤਮਾਸ਼ਾ ਦੇਖ ਰਹੇ ਹਾਂ। ਮਰਦ ਪ੍ਰਧਾਨ ਸਮਾਜ ’ਚ ਅੱਲ੍ਹੜ, ਨੌਜਵਾਨ, ਬਜ਼ੁਰਗ ਕੋਈ ਵੀ ਹੋਵੇ, ਜੇ ਉਹ ਆਪਣੀ ਵਿਚਾਰਧਾਰਾ ’ਚ ਔਰਤਾਂ ਲਈ ਬਦਲਾਅ ਨਹੀਂ ਲਿਆਵੇਗਾ ਤਾਂ ਤੁਸੀਂ ਸਾਡੇ ਸਮਾਜ ਅਤੇ ਦੇਸ਼ ਦੀ ਤਰੱਕੀ ਭੁੱਲ ਹੀ ਜਾਓ। ਜਦ ਅੱਧੀ ਆਬਾਦੀ ਨੂੰ ਅਸੀਂ ਬਸ ਜਾਨਵਰ ਸਮਝ ਕੇ ਉਨ੍ਹਾਂ ਨੂੰ ਆਪਣੇ ਭੋਗ ਦੀ ਵਸਤੂ ਬਣਾ ਕੇ ਰੱਖਾਂਗੇ ਤਾਂ ਦੇਸ਼ ਦੀ ਤਰੱਕੀ ਕਿਵੇਂ ਹੋਵੇਗੀ? ਸਾਡਾ ਸੰਪੂਰਨ ਸਮਾਂ ਤਾਂ ਆਪਣੀ ਹੀ ਅੱਧੀ ਆਬਾਦੀ ਨੂੰ ਬਰਬਾਦ ਕਰਨ ’ਚ ਲੰਘ ਰਿਹਾ ਹੈ।
ਜੇ ਤੁਸੀਂ ਦੇਸ਼ ਹਿੱਤ ਬਾਰੇ ਨਹੀਂ ਸੋਚਦੇ ਤਾਂ ਆਪਣੇ ਹਿੱਤ ਬਾਰੇ ਵੀ ਵਿਚਾਰ ਕਰੋ ਤਾਂ ਅੱਜ ਦੇ ਸਮਾਜ ’ਚ ਔਰਤਾਂ ਨੂੰ ਵਸਤੂ ਸਮਝਣ ਦੀ ਵਿਚਾਰਧਾਰਾ ਨੂੰ ਤਿਆਗ ਦੇਣਾ ਹੀ ਉਚਿਤ ਹੋਵੇਗਾ। ਸਾਨੂੰ ਆਪਣੇ ਆਉਣ ਵਾਲੇ ਨੌਜਵਾਨਾਂ ਨੂੰ ਸਹੀ ਸਿੱਖਿਆ ਦੇਣੀ ਪਵੇਗੀ, ਨਹੀਂ ਤਾਂ ਭਾਰਤੀ ਸੱਭਿਆਚਾਰ ਦਾ ਖਤਮ ਹੋਣਾ ਦੂਰ ਨਹੀਂ।
ਰਾਖੀ ਸਰੋਜ