ਤੇਜ਼ੀ ਨਾਲ ਬਦਲਦਾ ਗਲੋਬਲ ਦ੍ਰਿਸ਼ ਅਤੇ ਸ਼ਕਤੀ ਸੰਤੁਲਨ

Thursday, Feb 06, 2025 - 06:02 PM (IST)

ਤੇਜ਼ੀ ਨਾਲ ਬਦਲਦਾ ਗਲੋਬਲ ਦ੍ਰਿਸ਼ ਅਤੇ ਸ਼ਕਤੀ ਸੰਤੁਲਨ

ਕੀ ਗਲੋਬਲ ਦ੍ਰਿਸ਼ ਅਤੇ ਸ਼ਕਤੀ ਸਮੀਕਰਨਾਂ ’ਚ ਵਿਆਪਕ ਫੇਰਬਦਲ ਹੋਣ ਵਾਲਾ ਹੈ? ਪਹਿਲੇ ਵਿਸ਼ਵ ਯੁੱਧ (1914-18) ਤੋਂ ਬਾਅਦ ਅਮਰੀਕਾ ਦੁਨੀਆ ਦੀ ਵੱਡੀ ਆਰਥਿਕ-ਫੌਜੀ ਸ਼ਕਤੀ ਬਣ ਕੇ ਉਭਰਿਆ। ਇਹ ਤਮਗਾ ਪਹਿਲੇ ਬ੍ਰਿਟੇਨ ਦੇ ਕੋਲ ਸੀ। ਸਮਾਂ ਪਾ ਕੇ ਇਸੇ ਮੁਕਾਬਲੇਬਾਜ਼ੀ ’ਚ ਕਮਿਊਨਿਸਟ ਸੋਵੀਅਤ ਸੰਘ ਵੀ ਸ਼ਾਮਲ ਹੋ ਗਿਆ। ਇਕ ਸਮਾਂ ਅਜਿਹਾ ਪ੍ਰਤੀਤ ਹੋਇਆ ਕਿ ਸ਼ਾਇਦ ਅਮਰੀਕਾ ਸੋਵੀਅਤ ਸੰਘ ਤੋਂ ਪਿਛੜ ਜਾਵੇਗਾ ਪਰ ਇਹ ਨਹੀਂ ਹੋਇਆ। ਹਿੰਸਾ-ਗੈਰ-ਮਨੁੱਖੀ ਕੇਂਦ੍ਰਿਤ ਕਮਿਊਨਿਜ਼ਮ (ਸਾਮਵਾਦ) ਦੀ ਅਸਲੀਅਤ ਸਾਹਮਣੇ ਆਉਣ ਤੋਂ ਬਾਅਦ ਹੋਰ ਵੱਡੀ ਫੌਜੀ ਸ਼ਕਤੀ ਹੋਣ ਦੇ ਬਾਵਜੂਦ ਸੋਵੀਅਤ ਸੰਘ ਦਸੰਬਰ 1991 ਆਉਂਦੇ-ਆਉਂਦੇ ਢਹਿ-ਢੇਰੀ ਹੋ ਗਿਆ। ਉਹ ਅਜਿਹਾ ਖਿਲਰਿਆ ਕਿ ਉਸ ਦੇ 15 ਟੁਕੜੇ ਹੋ ਗਏ। ਸ਼ਕਤੀ ਸਮੀਕਰਨਾਂ ’ਚ ਮੌਜੂਦਾ ਰੂਸ ਸੋਵੀਅਤ ਸੰਘ ਦਾ ਪਰਛਾਵਾਂ ਮਾਤਰ ਹੈ।

ਕਹਿੰਦੇ ਹਨ ਕਿ ਇਤਿਹਾਸ ਖੁਦ ਨੂੰ ਦੁਹਰਾਉਂਦਾ ਹੈ। ਸਾਲ 2025 ਤੋਂ ਇਸ ਗਲੋਬਲ ਸ਼ਕਤੀ ਸੰਤੁਲਨ ’ਚ ਫਿਰ ਤੋਂ ਬਦਲਾਅ ਆਉਣ ਦੀ ਸੰਭਾਵਨਾ ਹੈ। ਬੀਤੇ ਕੁਝ ਸਾਲਾਂ ਤੋਂ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਕਮਿਊਨਿਸਟ ਚੀਨ ਵਰਤਮਾਨ ਦਬਦਬੇ ਦੇ ਦੌਰ ’ਚ ਅਮਰੀਕਾ ਨੂੰ ਪਛਾੜ ਦੇਵੇਗਾ। ਚੀਨੀ ਰਾਸ਼ਟਰਪਤੀ ਸ਼ੀ-ਜਿਨਪਿੰਗ ਵੀ ਕਈ ਮੌਕਿਆਂ ’ਤੇ ਕਹਿ ਚੁੱਕੇ ਹਨ ਕਿ 21ਵੀਂ ਸਦੀ ’ਚ ਚੀਨ ਦਾ ਦਬਦਬਾ ਹੋਵੇਗਾ। ਕੀ ਅਜਿਹਾ ਹੈ?

ਚੀਨ ਇਸ ਸਮੇਂ ਲਗਭਗ 18 ਟ੍ਰਿਲੀਅਨ ਅਮਰੀਕੀ ਡਾਲਰ ਦੇ ਸਮੁੱਚੇ ਘਰੇਲੂ ਉਤਪਾਦ (ਜੀ. ਡੀ. ਪੀ.) ਦੇ ਨਾਲ ਦੁਨੀਆ ਦੀ ਦੂਜੀ ਵੱਡੀ ਅਰਥਵਿਵਸਥਾ ਹੈ। ਅਮਰੀਕਾ 30 ਟ੍ਰਿਲੀਅਨ ਡਾਲਰ ਦੀ ਜੀ. ਡੀ. ਪੀ. ਨਾਲ ਪਹਿਲੇ ਅਤੇ ਭਾਰਤ 4 ਟ੍ਰਿਲੀਅਨ ਡਾਲਰ ਤੋਂ ਵੱਧ ਦੀ ਜੀ. ਡੀ. ਪੀ. ਨਾਲ ਦੁਨੀਆ ’ਚ 5ਵੇਂ ਸਥਾਨ ’ਤੇ ਹੈ। ਆਸਟ੍ਰੇਲੀਆਈ ਰਣਨੀਤਕ ਨੀਤੀ ਸੰਸਥਾਨ (ਏ. ਐੱਸ. ਪੀ. ਆਈ.) ਦਾ ਅੰਦਾਜ਼ਾ ਹੈ ਕਿ ਚੀਨ ਹੁਣ 44 ਤੋਂ 37 ਉੱਚ ਤਕਨੀਕੀ ਰਣਨੀਤੀ ਖੇਤਰਾਂ ’ਚ ਅਮਰੀਕਾ ਤੋਂ ਅੱਗੇ ਨਿਕਲ ਚੁੱਕਾ ਹੈ।

ਹਾਲ ਹੀ ’ਚ ਚੀਨ ਨੇ ਆਪਣਾ ਆਰਟੀਫੀਸ਼ੀਅਲ ਇੰਟੈਲੀਜੈਂਸ ਉਪਕ੍ਰਮ ‘ਡੀਪਸੀਕ’ ਵਿਕਸਿਤ ਕੀਤਾ, ਜੋਕਿ ਇਸੇ ਖੇਤਰ ’ਚ ਪਹਿਲਾਂ ਤੋਂ ਸਥਾਪਿਤ ਅਮਰੀਕੀ ਉਤਪਾਦ ‘ਚੈਟ-ਜੀ.ਪੀ.ਟੀ.’ ਨੂੰ ਚੁਣੌਤੀ ਦੇ ਰਿਹਾ ਹੈ। ਇਹ ਵੱਖਰੀ ਗੱਲ ਹੈ ਕਿ ਸੁਰੱਖਿਆ ਕਾਰਨਾਂ ਕਰ ਕੇ ਅਮਰੀਕੀ ਸੰਸਦ ਅਤੇ ਤਾਈਵਾਨ ਨੇ ‘ਡੀਪਸੀਕ’ ਉੱਤੇ ਪਾਬੰਦੀ ਲਾ ਦਿੱਤੀ ਹੈ। ਕੁਝ ਯੂਰਪੀਨ ਦੇਸ਼ ਵੀ ਇਸ ’ਤੇ ਕਾਰਵਾਈ ਕਰ ਸਕਦੇ ਹਨ।

ਹਾਲੀਆ ਰਿਪੋਰਟਾਂ ਤੋਂ ਸਪੱਸ਼ਟ ਹੈ ਕਿ ‘ਡੀਪਸੀਕ’ ਤਕਨੀਕੀ ਕ੍ਰਾਂਤੀ ਘੱਟ, ਸਾਮਰਾਜਵਾਦੀ ਚੀਨ ਦਾ ਭੋਂਪੂ ਵੱਧ ਹੈ। ਜੋ ਸਵਾਲ ਚੀਨ ਦੇ ਫੌਜੀ-ਵਪਾਰਕ ਹਿੱਤਾਂ ’ਤੇ ਵਾਰ ਕਰਦੇ ਹਨ, ਉਨ੍ਹਾਂ ’ਤੇ ‘ਡੀਪਸੀਕ’ ਜਾਂ ਤਾਂ ਮੌਨ ਹੋ ਜਾਂਦਾ ਹੈ ਜਾਂ ਫਿਰ ਐਲਾਨੇ ਚੀਨੀ ਪ੍ਰਾਪੇਗੰਡੇ ਦੇ ਮੁਤਾਬਕ ਜਵਾਬ ਦਿੰਦਾ ਹੈ। ਇਹ ਸਾਰੇ ਜਾਣਦੇ ਹਨ ਕਿ ਇਸਲਾਮੀ ਅੱਤਵਾਦੀ ਪਿਛੋਂ ਵਿਸਥਾਰਵਾਦੀ ਚੀਨ ਦੀਆਂ ਵਿਕ੍ਰਿਤ ਨੀਤੀਆਂ (ਕਰਜ਼ ਮਕੜਜਾਲ ਅਤੇ ਭੂ-ਜਲ ਝਗੜੇ ਸਮੇਤ) ਗਲੋਬਲ ਸ਼ਾਂਤੀ ਲਈ ਖਤਰਾ ਬਣ ਰਹੀਆਂ ਹਨ।

ਅਸਲ ’ਚ ਸਾਮਵਾਦੀ ਚੀਨ ਦੇ ਗਲੋਬਲ ਉਭਾਰ ’ਚ ਅਮਰੀਕਾ ਦਾ ਪ੍ਰਤੱਖ-ਅਪ੍ਰਤੱਖ ਯੋਗਦਾਨ ਹੈ। ਤਕਰੀਬਨ 35 ਸਾਲ ਪਹਿਲਾਂ ਦੁਨੀਆ ਦੋ ਧਰੁਵਾਂ ’ਚ ਵੰਡੀ ਹੋਈ ਸੀ। ਇਕ ਪਾਸੇ ਅਮਰੀਕਾ (1776 ਤੋਂ ਹੁਣ ਤਕ) ਸੀ ਤਾਂ ਦੂਜੇ ਪਾਸੇ ਸਾਮਵਾਦੀ ਸੋਵੀਅਤ ਸੰਘ 1922 ਤੋਂ 1991। ਇਨ੍ਹਾਂ ਦੋਵਾਂ ਸ਼ਕਤੀਆਂ ’ਚ ਟਕਰਾਅ ਇਸ ਸਿਖਰ ’ਤੇ ਸੀ ਕਿ ਜਿਥੇ ਅਮਰੀਕਾ ਨੇ ਅਪ੍ਰੈਲ 1949 ’ਚ ਸੋਵੀਅਤ ਸੰਘ ਵਿਰੋਧੀ ਨਾਟੋ ਨਾਂ ਦਾ ਫੌਜੀ ਗੱਠਜੋੜ ਸਥਾਪਿਤ ਕਰ ਦਿੱਤਾ, ਉਥੇ ਹੀ ਤਤਕਾਲੀ ਸਿਖਰਲੇ ਸੋਵੀਅਤ ਆਗੂ ਨਿਕਿਤਾ ਖਰੁਸ਼ਚੇਵ (1894-1971) ਖੁੱਲ੍ਹੇਆਮ ਪੱਛਮੀ ਦੇਸ਼ਾਂ ਅਤੇ ਅਮਰੀਕਾ ਨੂੰ ਧਮਕਾਉਂਦੇ ਹੋਏ ਕਿਹਾ ਕਰਦੇ ਸਨ, ‘ਅਸੀਂ ਤੁਹਾਨੂੰ ਦਫਨਾ ਦਿਆਂਗੇ’।

ਜਦੋਂ ਸਾਮਵਾਦੀ ਸੋਵੀਅਤ ਸੰਘ ਨੇ ਸਾਲ 1979 ’ਚ ਅਫਗਾਨਿਸਤਾਨ ’ਤੇ ਹਮਲਾ ਕੀਤਾ ਉਦੋਂ ਉਸ ਨੂੰ ਪਛਾੜਨ ਲਈ ਅਮਰੀਕਾ ਨੇ ਪਾਕਿਸਤਾਨ ਅਤੇ ਸਾਊਦੀ ਅਰਬ ਦੀ ਸਹਾਇਤਾ ਨਾਲ ਅਫਗਾਨਿਸਤਾਨ ’ਚ ‘ਕਾਫਿਰ-ਕੁਫਰ’ ਦੀ ਧਾਰਨਾ ਤੋਂ ਪ੍ਰੇਰਿਤ ਮੁਜ਼ਾਹਦੀਨਾਂ ਨੂੰ ਲਾਮਬੰਦ ਕੀਤਾ। ਇਸ ਸਿਲਸਿਲੇ ’ਚ ਤਾਲਿਬਾਨ ਸਮੇਤ ਕਈ ਇਸਲਾਮੀ ਅੱਤਵਾਦੀ ਸੰਗਠਨਾਂ ਦਾ ਜਨਮ ਹੋਇਆ।

ਇਕ ਸਮੇਂ ’ਤੇ ਅਮਰੀਕਾ ਲਈ ਸਿਰ ਦਰਦ ਬਣੇ ਸੋਵੀਅਤ ਸੰਘ ਦੀ ਆਰਥਿਕ ਤਰੱਕੀ ਇਸ ਲਈ ਵੀ ਹੌਲੀ ਹੋ ਗਈ ਕਿਉਂਕਿ ਉਹ ਅਨਾਜ ਲਈ ਅਮਰੀਕਾ-ਯੂਰਪੀ ਸੰਘ ’ਤੇ ਨਿਰਭਰ ਅਤੇ ਸਭ ਤੋਂ ਵਧ ਕੇ ਖਪਤ ਦੀਆਂ ਵਸਤੂਆਂ ਦੀ ਪੈਦਾਵਾਰ ’ਚ ਅਸਫਲ ਰਿਹਾ। ਇਸ ਦਾ ਵੱਡਾ ਕਾਰਨ ਸੋਵੀਅਤ ਸੰਘ ਦੀਆਂ ਯੋਜਨਾਵਾਂ ’ਚ ਪੈਦਾਵਾਰ ਵਧਾਉਣ ਲਈ ਕੋਈ ਵਿਵਸਥਾ ਦਾ ਨਾ ਹੋਣਾ ਵੀ ਸੀ।

ਗੱਲ ਸਿਰਫ ਸੋਵੀਅਤ ਸੰਘ ਤਕ ਸੀਮਿਤ ਨਹੀਂ। ਦੂਸਰੇ ਵਿਸ਼ਵ ਯੁੱਧ (1939-45) ’ਚ ਹਾਰਨ ਦੇ ਬਾਵਜੂਦ ਅਮਰੀਕਾ ਦਾ ਸਹਿਯੋਗੀ ਬਣਿਆ ਜਾਪਾਨ ਵੀ ਇਕ ਆਰਥਿਕ ਤਬਦੀਲੀ ਦੇ ਦੌਰ ’ਚੋਂ ਲੰਘਿਆ। ਛੇਤੀ ਹੀ ਉਸ ਨੇ ਅਮਰੀਕਾ ਨੂੰ ਆਟੋਮੋਬਾਇਲ, ਸਟੀਲ ਅਤੇ ਇਲੈਕਟ੍ਰਾਨਿਕਸ ’ਚ ਸਖਤ ਚੁਣੌਤੀ ਦਿੱਤੀ। ਜਾਪਾਨੀ ਸ਼ੇਅਰ ਬਾਜ਼ਾਰ ਅਤੇ ਰੀਅਲ ਅਸਟੇਟ ’ਚ ਭਾਰੀ ਸੱਟੇਬਾਜ਼ੀ ਨਾਲ ਜਾਪਾਨ ਦੀਆਂ ਬੈਂਕਾਂ ਤਕਨੀਕੀ ਤੌਰ ’ਤੇ ਦੀਵਾਲੀਆ ਹੋ ਗਈਆਂ ਪਰ ਬੈਂਕ ਆਫ ਜਾਪਾਨ ਨੇ ਉਨ੍ਹਾਂ ਨੂੰ ਸਾਲਾਂ ਤਕ ਵੈਂਟੀਲੇਟਰ ’ਤੇ ਜਿਊਂਦੇ ਰੱਖਿਆ। ਇਸ ਦੇ ਸਿੱਟੇ ਵਜੋਂ ਗੈਰ-ਸਾਧਾਰਨ ਉਤਪਾਦਕਤਾ ਵਾਲੇ ਜਾਪਾਨ ਦੀ ਅਰਥਵਿਵਸਥਾ ਵੀ ਠਹਿਰ ਗਈ।

ਸੋਵੀਅਤ ਸੰਘ ਦੇ ਟੁੱਟਣ ਪਿਛੋਂ ਲੱਗਾ ਕਿ ਹੁਣ ਦੁਨੀਆ ਮੁਕਤ ਬਾਜ਼ਾਰ, ਪੂੰਜੀਵਾਦ, ਪੱਛਮੀ ਲੋਕਤੰਤਰ ਅਤੇ ਉਦਾਰਵਾਦ ਦੇ ਰਾਹ ’ਤੇ ਚੱਲੇਗੀ। ਅਮਰੀਕੀ ਲੇਖਕ ਅਤੇ ਰਣਨੀਤਕ ਵਿਸ਼ਲੇਸ਼ਕ ਫ੍ਰਾਂਸਿਸ ਫੁਕੂਯਾਮਾ ਨੇ ਆਪਣੀ ਕਿਤਾਬ ‘ਦਿ ਐਂਡ ਆਫ ਹਿਸਟਰੀ ਐਂਡ ਦਿ ਲਾਸਟਮੈਨ’ ਵਿਚ ਵੀ ਇਹੀ ਤਰਕ ਦਿੱਤਾ ਪਰ ਉਨ੍ਹਾਂ ਦਾ ਖਿਆਲ ਗਲਤ ਸਾਬਿਤ ਹੋਇਆ ਕਿਉਂਕਿ ਦੁਨੀਆ ਕਿਸੇ ਇਕ ਤੈਅਸ਼ੁਦਾ ਪ੍ਰਣਾਲੀ (ਗਲੋਬਲਾਈਜ਼ੇਸ਼ਨ ਸਮੇਤ) ਨਾਲ ਨਹੀਂ ਚਲ ਸਕਦੀ। ਅਮਰੀਕਾ ਨੇ ਸਾਮਵਾਦੀ ਚੀਨ (1949 ਤੋਂ ਹੁਣ ਤਕ) ਨੂੰ ਮੁਕਤ ਬਾਜ਼ਾਰ ਰਾਹੀਂ ਆਪਣਾ ‘ਦੁਮਛੱਲਾ’ ਬਣਾਉਣ ਦਾ ਯਤਨ ਕੀਤਾ।

ਸਾਲ 1978 ਤੋਂ ਚੀਨ ਨੇ ਮਾਰਕਸ, ਲੈਨਿਨ, ਸਟਾਲਿਨ ਅਤੇ ਮਾਓ ਦੀਆਂ ਆਰਥਿਕ ਨੀਤੀਆਂ ਨੂੰ ਛੱਡ ਕੇ ਆਪਣੀ ਅਰਥਵਿਵਸਥਾ ਨੂੰ ਉਸ ਪੂੰਜੀਵਾਦ ਨਾਲ ਜੋੜਿਆ ਜਿਸ ’ਚ ਮਨੁੱਖਤਾ ਦਾ ਕੋਈ ਸਥਾਨ ਨਹੀਂ ਸੀ। ਮਨੁੱਖੀ ਅਧਿਕਾਰਾਂ ਅਤੇ ਨਿੱਜੀ ਆਜ਼ਾਦੀ ਤੋਂ ਮੁਕਤ ਚੀਨ ਦੀ ਪੂੰਜੀਵਾਦੀ ਵਿਵਸਥਾ ਅਤੇ ਜ਼ਾਲਮ ਸਾਮਵਾਦੀ ਹਕੂਮਤ ਦਾ ਮਿਸ਼ਰਣ ਛੇਤੀ ਹੀ ਵਿਕਾਸ-ਉਦਯੋਗ ਦੇ ਮਾਮਲੇ ’ਚ ਲੋਕਤੰਤਰੀ ਦੇਸ਼ਾਂ ’ਚੋਂ ਅੱਗੇ ਨਿਕਲ ਗਿਆ ਅਤੇ ਉਹ ਇਕ ਵੱਡੀ ਆਰਥਿਕ-ਫੌਜੀ ਸ਼ਕਤੀ ਬਣ ਗਿਆ। ਉਹੀ ਚੀਨ ਹੁਣ ਅਮਰੀਕਾ ਦੀ ਥਾਂ ਲੈਣਾ ਚਾਹੁੰਦਾ ਹੈ। ਕੀ ਅਜਿਹਾ ਸੰਭਵ ਹੈ?

ਇਹ ਠੀਕ ਹੈ ਕਿ ਚੀਨੀ ਕੰਪਨੀਆਂ ਆਪਸ ’ਚ ਸਖਤ ਮੁਕਾਬਲਾ ਕਰਦੀਆਂ ਹਨ, ਜਿਸ ਨਾਲ ਉਸ ਦੀ ਉਤਪਾਦਕਤਾ ਵਧਦੀ ਹੈ ਅਤੇ ਵਿਸ਼ਵ ਪੱਧਰੀ ਕੰਪਨੀਆਂ ਦਾ ਨਿਰਮਾਣ ਹੁੰਦਾ ਹੈ। ਅੱਜ ਉਹ ਸੋਲਰ (ਸੂਰਜੀ) ਅਤੇ ਪੌਣ ਊਰਜਾ, ਇਲੈਕਟ੍ਰਿਕ ਵਾਹਨ, ਬੈਟਰੀਆਂ ਆਦਿ ਮਹੱਤਵਪੂਰਨ ਨਵੇਂ ਖੇਤਰਾਂ ’ਚ ਮੋਹਰੀ ਹੈ। ਅਮਰੀਕਾ ਅਤੇ ਯੂਰਪੀ ਦੇਸ਼ ਮੰਨਦੇ ਹਨ ਕਿ ਚੀਨ ਉਨ੍ਹਾਂ ਨੂੰ ਉਦਯੋਗਹੀਣਤਾ ਵੱਲ ਧੱਕ ਰਿਹਾ ਹੈ ਅਤੇ ਇਸ ਨਾਲ ਉਨ੍ਹਾਂ ਦੀ ਸੁਰੱਖਿਆ ਗੰਭੀਰ ਖਤਰੇ ’ਚ ਆ ਗਈ ਹੈ। ਇਸ ਲਈ ਉਨ੍ਹਾਂ ਨੇ ਚੀਨ ’ਤੇ ਵੀ ਵਪਾਰਕ ਪਾਬੰਦੀਆਂ ਲਾਉਣੀਆਂ ਸ਼ੁਰ ਕਰ ਦਿੱਤੀਆਂ।

ਇਸ ਦਾ ਨਤੀਜਾ ਇਹ ਹੋਇਆ ਕਿ ਚੀਨੀ ਅਰਥਵਿਵਸਥਾ ਜੋ ਪਹਿਲਾਂ 10 ਫੀਸਦੀ ਤੋਂ ਵੱਧ ਦੀ ਦਰ ਨਾਲ ਵਧ ਰਹੀ ਸੀ, ਹੁਣ ਉਹ 3.5 ਫੀਸਦੀ ’ਤੇ ਠਹਿਰ ਗਈ ਹੈ। ਜੋ ਚੀਨੀ ਕੰਪਨੀਆਂ ਤੇਜ਼ੀ ਨਾਲ ਵਿਸਥਾਰ ਕਰ ਕੇ ਵਿਸ਼ਵ ’ਚ ਆਪਣੀ ਜਗ੍ਹਾ ਬਣਾਉਂਦੀਆਂ ਸਨ, ਉਨ੍ਹਾਂ ਦੇ ਦਿਨ ਕੋਵਿਡ-19 ਪਿੱਛੋਂ ਲੱਦਣ ਲੱਗੇ ਹਨ। ਅੱਜ ਅਮਰੀਕਾ ਰਾਸ਼ਟਰਪਤੀ ਟਰੰਪ ਦੀ ਅਗਵਾਈ ’ਚ ਤਿੱਖੇ ਤੇਵਰਾਂ ਅਤੇ ਨੀਤੀਆਂ ਨਾਲ ਮੈਦਾਨ ’ਚ ਹੈ। ਚੀਨ ਵੀ ਤਾਲ ਠੋਕ ਕੇ ਖੁਦ ਨੂੰ ਵਿਸ਼ਵ ਦੀ ਮੋਹਰੀ ਆਰਥਿਕ-ਫੌਜੀ ਸ਼ਕਤੀ ਬਣਾਉਣ ਲਈ ਤੁਲਿਆ ਹੈ। ਇਸ ’ਚ ਕੌਣ ਜਿੱਤੇਗਾ ਜਾਂ ਕੌਣ ਨਹੀਂ, ਇਸ ਦਾ ਉੱਤਰ ਭਵਿੱਖ ਦੇ ਗਰਭ ’ਚ ਹੈ ਪਰ ਇਹ ਤੈਅ ਹੈ ਕਿ ਇਸ ਨਾਲ ਗਲੋਬਲ ਦ੍ਰਿਸ਼ ਅਤੇ ਸ਼ਕਤੀ ਸੰਤੁਲਨ ’ਚ ਬਦਲਾਅ ਆ ਜਾਵੇਗਾ।

ਬਲਬੀਰ ਪੁੰਜ


author

Rakesh

Content Editor

Related News