ਆਬਾਦੀ ’ਚ ਗਿਰਾਵਟ ਤੋਂ ਚਿੰਤਤ ਪੁਤਿਨ ਨੇ ਰੂਸ ਦਿੱਤਾ ਰਾਤ ਨੂੰ ਇੰਟਰਨੈੱਟ ਅਤੇ ਬਿਜਲੀ ਬੰਦ ਕਰਨ ਦਾ ਹੁਕਮ
Friday, Nov 15, 2024 - 02:17 AM (IST)
ਇਸ ਸਮੇਂ ਜਿਥੇ ਆਬਾਦੀ ਧਮਾਕੇ ਨਾਲ ਜੂਝ ਰਹੇ ਵਿਸ਼ਵ ਦੇ ਕਈ ਦੇਸ਼ਾਂ ਵਿਚ ਆਬਾਦੀ ਨੂੰ ਕਾਬੂ ਕਰਨ ਦੇ ਉਪਾਅ ਕੀਤੇ ਜਾ ਰਹੇ ਹਨ, ਉਥੇ ਹੀ ਦੂਜੇ ਪਾਸੇ ਆਪਣੀ ਘਟਦੀ ਆਬਾਦੀ ਤੋਂ ਪ੍ਰੇਸ਼ਾਨ ਕੁਝ ਦੇਸ਼ ਆਬਾਦੀ ਵਧਾਉਣ ਲਈ ਅਨੋਖੇ ਫੈਸਲੇ ਕਰ ਰਹੇ ਹਨ।
ਰੂਸ ਸਰਕਾਰ ਵੀ ਆਬਾਦੀ ਵਿਚ ਕਮੀ ਨੂੰ ਲੈ ਕੇ ਚਿੰਤਤ ਹੈ। ਰੂਸ ਵਿਚ ਘਟਦੀ ਆਬਾਦੀ ਦੇ ਕਈ ਕਾਰਨਾਂ ਵਿਚੋਂ ਇਕ ਕਾਰਨ ਫਰਵਰੀ 2022 ਤੋਂ ਯੂਕ੍ਰੇਨ ਦੇ ਵਿਰੁੱਧ ਜਾਰੀ ਜੰਗ ਵੀ ਹੈ, ਜਿਸ ਵਿਚ ਰੂਸ ਲੱਗਭਗ 7 ਲੱਖ ਫੌਜੀਆਂ ਨੂੰ ਗੁਆ ਚੁੱਕਾ ਹੈ।
ਇਹੀ ਨਹੀਂ, ਇਕ ਤਾਂ ਉਥੇ ਜੋੜੇ ਘੱਟ ਬੱਚੇ ਪੈਦਾ ਕਰ ਰਹੇ ਹਨ ਅਤੇ ਦੂਜਾ ਵੱਡੀ ਗਿਣਤੀ ਵਿਚ ਰੂਸੀ ਨੌਜਵਾਨਾਂ ਦੇ ਦੇਸ਼ ਛੱਡ ਜਾਣ ਨਾਲ ਇਹ ਸੰਕਟ ਹੋਰ ਵੀ ਵਧ ਗਿਆ ਹੈ।
ਇਸ ਸਮੱਸਿਆ ਨਾਲ ਨਜਿੱਠਣ ਲਈ ਰੂਸੀ ਰਾਸ਼ਟਰਪਤੀ ਪੁਤਿਨ ਨੇ ਕੁਝ ਮਹੀਨੇ ਪਹਿਲਾਂ ਰੂਸ ਦੇ ਨਾਗਰਿਕਾਂ ਨੂੰ ਆਫਿਸ ਵਿਚ ਲੰਚ ਅਤੇ ਕੌਫੀ ਬ੍ਰੇਕ ਦੌਰਾਨ ਸੈਕਸ ਕਰਨ ਦੀ ਵੀ ਇਜਾਜ਼ਤ ਦਿੱਤੀ ਸੀ ਅਤੇ ਹੁਣ ਉਨ੍ਹਾਂ ਨੇ ਜਨਮ ਦਰ ਵਧਾਉਣ ਲਈ ਇਕ ਅਨੋਖੀ ਤਰਕੀਬ ਕੱਢੀ ਹੈ, ਜਿਸ ਵਿਚ ਰਾਤ ਨੂੰ 10 ਵਜੇ ਦੇ ਬਾਅਦ ਲਾਈਟ ਅਤੇ ਇੰਟਰਨੈੱਟ ਬੰਦ ਕਰਨਾ, ਔਰਤਾਂ ਨੂੰ ਬੱਚੇ ਪੈਦਾ ਕਰਨ ਲਈ ਉਤਸ਼ਾਹਿਤ ਰਾਸ਼ੀ ਦੇਣਾ, ਸਰਕਾਰ ਵੱਲੋਂ ਕਪਲ ਦੀ ਪਹਿਲੀ ਡੇਟ ਦਾ ਪੂਰਾ ਖਰਚਾ ਚੁੱਕਣਾ ਅਤੇ ‘ਸੈਕਸ ਮੰਤਰਾਲਾ’ ਦੀ ਸਥਾਪਨਾ ਤਕ ਸ਼ਾਮਲ ਹਨ।
ਰੂਸੀ ਸੰਸਦ ਵਿਚ ‘ਪਰਿਵਾਰਕ ਸੁਰੱਖਿਆ ਸਬੰਧੀ ਕਮੇਟੀ ਦੀ ਪ੍ਰਧਾਨ ‘ਨੀਨਾ ਓਸਤਾਨਿਨਾ’ ਦਾ ਮੰਨਣਾ ਹੈ ਕਿ ਇਹ ਮੰਤਰਾਲਾ ਆਬਾਦੀ ਵਧਾਉਣ ਦੇ ਸਬੰਧ ਵਿਚ ਤਰ੍ਹਾਂ-ਤਰ੍ਹਾਂ ਦੀਆਂ ਤਰਕੀਬਾਂ ਲੱਭੇਗਾ।
ਰਾਸ਼ਟਰਪਤੀ ਪੁਤਿਨ ਅਤੀਤ ਵਿਚ ਰੂਸੀ ਔਰਤਾਂ ਨੂੰ ਘੱਟੋ-ਘੱਟ 8 ਬੱਚਿਆਂ ਨੂੰ ਜਨਮ ਦੇਣ ਅਤੇ ਵੱਡੇ ਪਰਿਵਾਰ ਬਣਾਉਣ ਦੀ ਅਪੀਲ ਵੀ ਕਰ ਚੁੱਕੇ ਹਨ। ਹੁਣ ਇਸ ਸਵਾਲ ਦਾ ਜਵਾਬ ਤਾਂ ਭਵਿੱਖ ਹੀ ਦੇਵੇਗਾ ਕਿ ਆਬਾਦੀ ਵਧਾਉਣ ਦੇ ਉਨ੍ਹਾਂ ਦੇ ਇਹ ‘ਅਨੋਖੇ’ ਤਰੀਕੇ ਕਿੰਨੇ ਸਫਲ ਹੋ ਸਕਦੇ ਹਨ।
-ਵਿਜੇ ਕੁਮਾਰ