ਸਜ਼ਾ ਅਜਿਹੀ ਦਿਓ ਕਿ ਹੱਡੀਆਂ ਕੰਬਣ ਲੱਗਣ

Thursday, Jul 09, 2020 - 03:51 AM (IST)

ਸਜ਼ਾ ਅਜਿਹੀ ਦਿਓ ਕਿ ਹੱਡੀਆਂ ਕੰਬਣ ਲੱਗਣ

ਡਾ. ਵੇਦਪ੍ਰਤਾਪ ਵੈਦਿਕ

ਕਾਨਪੁਰ ਦੇ ਗੁੰਡੇ ਵਿਕਾਸ ਦੁਬੇ ਨੂੰ ਅਜੇ ਤਕ ਪੁਲਸ ਫੜ ਨਹੀਂ ਸਕੀ ਹੈ। ਉਸ ਨੇ 8 ਪੁਲਸ ਵਾਲਿਅਾਂ ਦੀ ਹੱਤਿਆ ਕਰ ਦਿੱਤੀ। 5 ਦਿਨ ਤੋਂ ਉਹ ਫਰਾਰ ਹੈ। ਉਸ ’ਤੇ ਜੋ 50 ਹਜ਼ਾਰ ਰੁਪਏ ਦਾ ਇਨਾਮ ਸੀ, ਸਰਕਾਰ ਨੇ ਉਸ ਨੂੰ 5 ਲੱਖ ਕਰ ਦਿੱਤਾ ਹੈ ਪਰ ਵਿਕਾਸ ਦੁਬੇ ਵਰਗੇ ਅਪਰਾਧੀਅਾਂ ਲਈ 5 ਲੱਖ ਦੀ ਕੀਮਤ ਕੀ ਹੈ? ਉਸ ਨੂੰ ਫੜਵਾਉਣ ਵਾਲੇ ਨੂੰ ਜੇਕਰ ਪੁਲਸ 5 ਲੱਖ ਦੇ ਸਕਦੀ ਹੈ ਤਾਂ ਉਸ ਨੂੰ ਬਚਾਉਣ-ਲੁਕਾਉਣ ਵਾਲੇ ਨੂੰ ਉਹ 50 ਲੱਖ ਰੁਪਏ ਦੇ ਸਕਦਾ ਹੈ। ਕਿਸੇ ਗੁੰਡੇ ਦੀ ਇੰਨੀ ਹਿੰਮਤ ਕਿ ਉਹ ਆਪਣੇ ਘਰ ਪਹੁੰਚਣ ਵਾਲੇ ਪੁਲਸ ਵਾਲਿਅਾਂ ਦੀ ਹੱਤਿਆ ਕਰ ਦੇਵੇ? ਇਸ ਦਾ ਅਰਥ ਕੀ ਹੋਇਆ? ਕੀ ਇਹ ਨਹੀਂ ਕਿ ਸੂਬੇ ਦੀ ਸ਼ਕਤੀ ਦੇ ਮੁਕਾਬਲੇ ਇਕ ਗੁੰਡੇ ਦੀ ਸ਼ਕਤੀ ਵੱਧ ਹੈ? ਉਸ ਨੇ ਪੁਲਸ ਵਾਲਿਅਾਂ ’ਤੇ ਹਮਲਾ ਕਰ ਕੇ ਸੂਬੇ ਦੀ ਸ਼ਕਤੀ ਨੂੰ ਚੁਣੌਤੀ ਦਿੱਤੀ ਹੈ। ਜਿਥੋਂ ਤਕ ਮੇਰਾ ਅੰਦਾਜ਼ਾ ਹੈ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਆਦਿੱਤਿਆਨਾਥ ਯੋਗੀ ਇਸ ਚੁਣੌਤੀ ਦਾ ਮੁਕਾਬਲਾ ਡਟ ਕੇ ਕਰਨਗੇ। ਉਨ੍ਹਾਂ ਨੇ ਦੰਗਾ-ਫਸਾਦੀਅਾਂ ’ਤੇ ਜਿਹੋ ਜਿਹਾ ਜੁਰਮਾਨਾ ਠੋਕਿਆ ਹੈ, ਅੱਜ ਤਕ ਕਿਸੇ ਮੁੱਖ ਮੰਤਰੀ ਨੇ ਨਹੀਂ ਠੋਕਿਆ। ਉਨ੍ਹਾਂ ਨੇ ਵਿਕਾਸ ਦੁਬੇ ਦੇ ਮਕਾਨਾਂ ’ਤੇ ਤੱਤਕਾਲ ਬੁਲਡੋਜ਼ਰ ਚਲਵਾ ਦਿੱਤੇ। ਕੀ ਇਹ ਘੱਟ ਵੱਡੀ ਗੱਲ ਹੈ?

ਉਨ੍ਹਾਂ ਨੇ ਉਸ ਇਲਾਕੇ ਦੇ ਥਾਣੇਦਾਰ ਵਿਨੇ ਤਿਵਾੜੀ ਅਤੇ ਕੁਝ ਪੁਲਸ ਵਾਲਿਅਾਂ ਨੂੰ ਤੁਰੰਤ ਮੁਅੱਤਲ ਅਤੇ ਹੁਣ ਗ੍ਰਿਫਤਾਰ ਕਰਵਾ ਦਿੱਤਾ। ਇਹ ਵੀ ਠੀਕ ਹੀ ਕੀਤਾ। ਇਹ ਉਹੀ ਲੋਕ ਹਨ, ਜਿਨ੍ਹਾਂ ’ਤੇ ਦੁਬੇ ਨਾਲ ਗੰਢਤੁੱਪ ਕਰਨ ਦੇ ਦੋਸ਼ ਹਨ। ਜੇਕਰ ਇਨ੍ਹਾਂ ’ਤੇ ਇਹ ਦੋਸ਼ ਸਿੱਧ ਹੋ ਜਾਣ ਤਾਂ ਇਨ੍ਹਾਂ ਨੂੰ ਜੇਲ ਦੀ ਲੰਬੀ ਸਜ਼ਾ ਮਿਲਣੀ ਚਾਹੀਦੀ ਹੈ ਕਿਉਂਕਿ ਉਸ ਹੱਤਿਆਕਾਂਡ ’ਚ ਇਹ ਵੀ ਸ਼ਾਮਲ ਮੰਨੇ ਜਾਣਗੇ।

ਇਹ ਚੰਗਾ ਹੋਇਆ ਕਿ ਪੁਲਸ ਨੇ ਵਿਕਾਸ ਦੁਬੇ ਦੇ ਅੰਗਰੱਖਿਅਕ ਅਤੇ ਹਤਿਆਰੇ ਅਮਰ ਦੁਬੇ ਨੂੰ ਮਾਰ-ਮੁਕਾਇਆ ਅਤੇ ਉਸ ਦੇ ਪਰਿਵਾਰ ਵਾਲਿਅਾਂ ਨੂੰ ਗ੍ਰਿਫਤਾਰ ਕਰ ਲਿਆ। ਇੰਝ ਜਾਪਦਾ ਹੈ ਕਿ ਵਿਕਾਸ ਦੁਬੇ ਜਾਂ ਤਾਂ ਜਲਦੀ ਗ੍ਰਿਫਤਾਰ ਹੋਵੇਗਾ ਜਾਂ ਮੁਕਾਬਲੇ ’ਚ ਮਾਰਿਆ ਜਾਵੇਗਾ। ਚੰਗਾ ਤਾਂ ਇਹ ਹੋਵੇ ਕਿ ਉਸ ਨੂੰ ਜ਼ਿੰਦਾ ਫੜਿਆ ਜਾਵੇ, ਉਸ ’ਤੇ ਤੁਰੰਤ ਮੁਕੱਦਮਾ ਚੱਲੇ ਅਤੇ ਉਸ ਨੂੰ ਮੌਤ ਦੀ ਸਜ਼ਾ ਮਿਲੇ ਪਰ ਸਜ਼ਾ ਅਜਿਹੀ ਹੋਵੇ ਕਿ ਉਸ ਵਰਗੇ ਗੁੰਡਿਅਾਂ ਲਈ ਉਹ ਹੱਡੀਅਾਂ ਕੰਬਾਉਣ ਵਾਲੀ ਮਿਸਾਲ ਬਣ ਜਾਵੇ। ਅਜਿਹੇ ਅਪਰਾਧੀ ਨੂੰ ਕਾਨਪੁਰ ਦੇ ਸਭ ਤੋਂ ਭੀੜ-ਭੜੱਕੇ ਵਾਲੇ ਚੌਕ ’ਤੇ ਲਟਕਾਇਆ ਜਾਵੇ ਅਤੇ ਉਸ ਦੀ ਲਾਸ਼ ਨੂੰ ਕੁੱਤਿਅਾਂ ਰਾਹੀਂ ਘਸੀਟ ਕੇ ਜਾਨਵਰਾਂ ਦੇ ਖਾਣ ਲਈ ਸੁੱਟ ਦਿੱਤੀ ਜਾਵੇ। ਇਸ ਮੌਕੇ ਦੇ ਦ੍ਰਿਸ਼ ਦਾ ਟੀ. ਵੀ. ਚੈਨਲਾਂ ’ਤੇ ਲਾਈਵ ਪ੍ਰਸਾਰਣ ਹੋਵੇ। ਜਿਸ ਥਾਣੇ ’ਚ 30 ਪੁਲਸ ਵਾਲਿਅਾਂ ਦੇ ਸਾਹਮਣੇ ਦੁਬੇ ਨੇ ਇਕ ਮੰਤਰੀ ਦੀ ਹੱਤਿਆ ਕੀਤੀ ਸੀ, ਉਨ੍ਹਾਂ ਸਾਰੇ ਪੁਲਸ ਵਾਲਿਅਾਂ ਨੂੰ ਨੌਕਰੀ ’ਚੋਂ ਕੱਢਿਆ ਜਾਵੇ ਅਤੇ ਸੇਵਾ-ਮੁਕਤ ਹੋਇਆਂ ਦੀ ਪੈਨਸ਼ਨ ਜ਼ਬਤ ਕੀਤੀ ਜਾਵੇ। ਦੁਬੇ ਦੀ ਜਿੰਨੀ ਚੱਲ-ਅਚੱਲ ਜਾਇਦਾਦ ਹੋਵੇ, ਉਸ ਨੂੰ ਜ਼ਬਤ ਕੀਤਾ ਜਾਵੇ। ਮਾਰੇ ਗਏ ਪੁਲਸ ਵਾਲਿਅਾਂ ਦੇ ਪਰਿਵਾਰਕ ਮੈਂਬਰਾਂ ’ਚ ਉਹ ਵੰਡ ਦਿੱਤੀ ਜਾਵੇ ਅਤੇ ਸਰਕਾਰ ਉਨ੍ਹਾਂ ਨੂੰ ਉਚਿਤ ਮੁਆਵਜ਼ਾ ਦੇਵੇ। ਪਾਰਟੀਅਾਂ ਦੇ ਬੁਲਾਰੇ ਟੀ. ਵੀ. ਚੈਨਲਾਂ ’ਤੇ ਇਕ-ਦੂਸਰੇ ਦੀਅਾਂ ਪਾਰਟੀਅਾਂ ਨੂੰ ਬਦਨਾਮ ਕਰਨਾ ਬੰਦ ਕਰਨ। ਇਹ ਨੇਤਾ ਵੋਟ ਅਤੇ ਨੋਟ ਦੇ ਗੁਲਾਮ ਹੁੰਦੇ ਹਨ। ਹਮਾਮ ’ਚ ਸਾਰੇ ਨੰਗੇ ਹਨ। ਸਭ ਤੋਂ ਵੱਧ ਜ਼ਰੂਰੀ ਹੈ ਕਿ ਅਪਰਾਧੀ ਨੂੰ ਉਸ ਸਮੇਂ ਅਜਿਹੀ ਸਜ਼ਾ ਮਿਲੇ ਕਿ ਲੋਕ ਦਹਾਕਿਅਾਂ ਤਕ ਉਸ ਨੂੰ ਯਾਦ ਰੱਖਣ।


author

Bharat Thapa

Content Editor

Related News