ਸਾਡੇ ਸਵਾਰਥੀ ਹਿੱਤ ਸਾਨੂੰ ਤਬਾਹੀ ਵੱਲ ਧੱਕ ਰਹੇ

Friday, Oct 18, 2024 - 04:13 PM (IST)

ਸਾਡੇ ਸਵਾਰਥੀ ਹਿੱਤ ਸਾਨੂੰ ਤਬਾਹੀ ਵੱਲ ਧੱਕ ਰਹੇ

ਰਾਸ਼ਟਰੀ ਸਵੈਮਸੇਵਕ ਸੰਘ (ਆਰ. ਐੱਸ. ਐੱਸ.) ਦੇ ਸਰਸੰਘਚਾਲਕ ਮੋਹਨ ਭਾਗਵਤ ਨੇ ਪਿਛਲੇ ਹਫਤੇ ਆਪਣੇ ਸਾਲਾਨਾ ਵਿਜੇਦਸ਼ਮੀ ਸੰਬੋਧਨ ’ਚ ਦਾਅਵਾ ਕੀਤਾ ਸੀ ਕਿ ਵਿਸ਼ਵ ਮੰਚ ’ਤੇ ਭਾਰਤ ਦਾ ਅਕਸ, ਤਾਕਤ, ਪ੍ਰਸਿੱਧੀ ਅਤੇ ਸਥਿਤੀ ’ਚ ਲਗਾਤਾਰ ਸੁਧਾਰ ਹੋ ਰਿਹਾ ਹੈ ‘ਪਰ ਜਿਵੇਂ ਕਿ ਸਾਡੇ ਇਰਾਦੇ ਨੂੰ ਪਰਖਣ ਲਈ, ਅਸੀਂ ਕੁਝ ਭਿਆਨਕ ਸਾਜ਼ਿਸ਼ਾਂ ਦਾ ਸਾਹਮਣਾ ਕਰ ਰਹੇ ਹਾਂ ਜਿਨ੍ਹਾਂ ਨੂੰ ਸਹੀ ਤਰ੍ਹਾਂ ਸਮਝਣ ਦੀ ਲੋੜ ਹੈ। ਦੇਸ਼ ਨੂੰ ਅਸ਼ਾਂਤ ਅਤੇ ਅਸਥਿਰ ਕਰਨ ਦੀਆਂ ਕੋਸ਼ਿਸ਼ਾਂ ਹਰ ਪਾਸਿਓਂ ਜ਼ੋਰ ਫੜਦੀਆਂ ਨਜ਼ਰ ਆ ਰਹੀਆਂ ਹਨ।’

ਇਹ ਇਕ ਜ਼ਿੰਮੇਵਾਰ ਸਿਆਸੀ ਸ਼ਖਸੀਅਤ ਵੱਲੋਂ ਆ ਰਹੀਆਂ ਗੰਭੀਰ ਚਿਤਾਵਨੀਆਂ ਹਨ। ਭਾਗਵਤ ਨੇ ਆਪਣੇ ਸੰਬੋਧਨ ਦੀ ਸ਼ੁਰੂਆਤ ਇਹ ਕਹਿ ਕੇ ਕੀਤੀ, ‘‘ਹਰ ਕੋਈ ਮਹਿਸੂਸ ਕਰਦਾ ਹੈ ਕਿ ਪਿਛਲੇ ਕੁਝ ਸਾਲਾਂ ਵਿਚ, ਇਕ ਰਾਸ਼ਟਰ ਦੇ ਰੂਪ ਵਿਚ ਭਾਰਤ ਦੁਨੀਆ ਵਿਚ ਵਧੇਰੇ ਮਜ਼ਬੂਤ ​​ਅਤੇ ਸਨਮਾਨਿਤ ਹੋਇਆ ਹੈ ਅਤੇ ਇਸਦੀ ਭਰੋਸੇਯੋਗਤਾ ਵਿਚ ਵੀ ਵਾਧਾ ਹੋਇਆ ਹੈ।’’ ਹਾਲਾਂਕਿ, ਉਨ੍ਹਾਂ ਨੇ ਛੇਤੀ ਹੀ ਕਈ ਅੰਦਰੂਨੀ ਅਤੇ ਬਾਹਰੀ ਚੁਣੌਤੀਆਂ ਦੀ ਸੂਚੀ ਬਣਾ ਦਿੱਤੀ, ਜੋ ਨਾ ਸਿਰਫ ਭਾਰਤ ਦੇ ਉਭਾਰ ਨੂੰ ਸਗੋਂ ਇਸ ਦੀ ਏਕਤਾ ਅਤੇ ਰਾਸ਼ਟਰੀ ਸੁਰੱਖਿਆ ਲਈ ਵੀ ਖਤਰਾ ਹੈ।

ਭਾਸ਼ਣ ਵਿਆਪਕ ਹੈ, ਜਿਸ ਵਿਚ ਪਰਿਵਾਰਕ ਕਦਰਾਂ-ਕੀਮਤਾਂ, ਔਰਤਾਂ ਦੇ ਸਸ਼ਕਤੀਕਰਨ ਅਤੇ ਜਲਵਾਯੂ ਤਬਦੀਲੀ ਵਰਗੇ ਵਿਸ਼ਿਆਂ ਨੂੰ ਸ਼ਾਮਲ ਕੀਤਾ ਗਿਆ ਹੈ। ਭਾਗਵਤ ਨੇ ਕਿਹਾ, ‘‘ਵਿਗਿਆਨ ਅਤੇ ਤਕਨਾਲੋਜੀ ਦੀ ਮਦਦ ਨਾਲ ਅਸੀਂ ਜ਼ਿੰਦਗੀ ਨੂੰ ਬਹੁਤ ਆਰਾਮਦਾਇਕ ਬਣਾ ਦਿੱਤਾ ਹੈ, ਦੂਜੇ ਪਾਸੇ, ਸਾਡੇ ਸੁਆਰਥੀ ਹਿੱਤਾਂ ਦਾ ਟਕਰਾਅ ਸਾਨੂੰ ਤਬਾਹੀ ਵੱਲ ਧੱਕ ਰਿਹਾ ਹੈ।’’ ਸੰਖੇਪ ’ਚ, ਭਾਗਵਤ ਨੇ ਇਕ ਘਿਰੇ ਹੋਏ ਭਾਰਤ ਦਾ ਚਿਤਰਣ ਕੀਤਾ ਹੈ।

ਗਣਤੰਤਰ ਦੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਭਾਰਤ ਇਨ੍ਹਾਂ ਵਿਚੋਂ ਜ਼ਿਆਦਾਤਰ ਚੁਣੌਤੀਆਂ ਨਾਲ ਜੂਝ ਰਿਹਾ ਹੈ। 1960ਵਿਆਂ ਦੇ ਅੱਧ ਵਿਚ ਇਕ ਸਮਾਂ ਸੀ ਜਦੋਂ ਪੱਛਮੀ ਵਿਦਵਾਨ ਸੋਚਦੇ ਸਨ ਕਿ ਕੀ ਭਾਰਤ ਟੁੱਟ ਜਾਵੇਗਾ। ਇੱਥੋਂ ਤੱਕ ਕਿ 1990 ਦੇ ਦਹਾਕੇ ਵਿਚ ਜਦੋਂ ਯੂਗੋਸਲਾਵੀਆ ਟੁੱਟ ਗਿਆ ਸੀ, ਉਦੋਂ ਵੀ ਭਾਰਤ ਦੀ ਏਕਤਾ ਲਈ ਇਸੇ ਤਰ੍ਹਾਂ ਦੇ ਖਤਰੇ ਬਾਰੇ ਸਵਾਲ ਉਠਾਏ ਗਏ ਸਨ।

ਲਗਭਗ ਅੱਧੀ ਸਦੀ ਤੋਂ ਆਰ. ਐੱਸ. ਐੱਸ. ਨੇ ਸਰਕਾਰਾਂ ਨੂੰ ਇਨ੍ਹਾਂ ਚੁਣੌਤੀਆਂ ਨਾਲ ਸਹੀ ਢੰਗ ਨਾਲ ਨਜਿੱਠਣ ਵਿਚ ਅਸਫਲ ਰਹਿਣ ਅਤੇ ਭਾਰਤ ਦੇ ਸ਼ਾਸਨ ਵਿਚ ਗੜਬੜ ਕਰਨ ਲਈ ਜ਼ਿੰਮੇਵਾਰ ਠਹਿਰਾਇਆ। ਭਾਗਵਤ ਖਾਸ ਤੌਰ ’ਤੇ ‘ਸਰਹੱਦੀ ਖੇਤਰਾਂ’ ’ਚ ਅਸ਼ਾਂਤੀ ਨੂੰ ਲੈ ਕੇ ਚਿੰਤਤ ਹਨ। ਪਿਛਲੇ ਇਕ ਸਾਲ ਵਿਚ ਅਖੀਰ ਅਜਿਹਾ ਕੀ ਹੋਇਆ ਕਿ ਆਰ. ਐੱਸ. ਐੱਸ. ਚੀਫ਼ ਨੂੰ ਆਪਣੀ ਹੀ ਸਰਕਾਰ ਨੂੰ ਇੰਨੀ ਸਖ਼ਤ ਚਿਤਾਵਨੀ ਦੇਣੀ ਪੈ ਰਹੀ ਹੈ?

ਪਿਛਲੇ ਇਕ ਦਹਾਕੇ ਤੋਂ ਵੱਧ ਸਮੇਂ ਤੋਂ, ਨਵੀਂ ਦਿੱਲੀ ਅਤੇ ਸਰਹੱਦੀ ਖੇਤਰਾਂ ਸਮੇਤ ਕਈ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਸਰਕਾਰਾਂ ਅਜਿਹੇ ਆਗੂਆਂ ਵੱਲੋਂ ਚਲਾਈਆਂ ਜਾ ਰਹੀਆਂ ਹਨ ਜਿਨ੍ਹਾਂ ਨੇ ਆਰ. ਐੱਸ. ਐੱਸ. ਅਤੇ ਭਾਜਪਾ ਤੋਂ ਪ੍ਰੇਰਣਾ ਲਈ ਹੈ।

ਅਵਿਵਸਥਾ ਅਤੇ ਖਰਾਬ ਸ਼ਾਸਨ ਦੀ ਤਸਵੀਰ

ਦੇਸ਼ ਭਰ ’ਚ ਅਵਿਵਸਥਾ ਅਤੇ ਖਰਾਬ ਸ਼ਾਸਨ ਦੀ ਜੋ ਤਸਵੀਰ ਭਾਗਵਤ ਨੇ ਪੇਸ਼ ਕੀਤੀ ਹੈ, ਉਹ ਚਿੰਤਾਜਨਕ ਹੈ ਅਤੇ ਉਨ੍ਹਾਂ ਦਿਨਾਂ ਦੀ ਯਾਦ ਦਿਵਾਉਂਦੀ ਹੈ, ਜਦੋਂ ਆਰ. ਐੱਸ. ਐੱਸ. ਨੇ ਦਿੱਲੀ ਦੀਆਂ ਸਰਕਾਰਾਂ ’ਤੇ ਦੇਸ਼ ਨੂੰ ਦਰਪੇਸ਼ ਖਤਰਿਆਂ ਨਾਲ ਸਿੱਝਣ ’ਚ ਕਮਜ਼ੋਰ ਅਤੇ ਕਾਇਰ ਹੋਣ ਦਾ ਦੋਸ਼ ਲਾਇਆ ਸੀ। ਯਕੀਨੀ ਤੌਰ ’ਤੇ, ਮੋਦੀ ਸਰਕਾਰ ਨੂੰ ਇਨ੍ਹਾਂ ਘਰੇਲੂ ਸਿਆਸੀ ਅਤੇ ਸੁਰੱਖਿਆ ਚੁਣੌਤੀਆਂ, ਖਾਸ ਕਰ ਕੇ ਸਰਹੱਦੀ ਖੇਤਰਾਂ ਵਿਚ, ਦਾ ਪ੍ਰਬੰਧਨ ਕਰਨ ਵਿਚ ਆਪਣੀ ਅਸਫਲਤਾ ਦੀ ਜ਼ਿੰਮੇਵਾਰੀ ਸਵੀਕਾਰ ਕਰਨੀ ਚਾਹੀਦੀ ਹੈ। ਕੀ ਦਿੱਲੀ ਦਰਬਾਰ ਦੀ ਹਕੂਮਤ ਹੁਣ ਇੰਨੀ ਦੂਰ ਤੱਕ ਨਹੀਂ ਚੱਲਦੀ?

ਬਾਹਰੀ ਮੋਰਚੇ ’ਤੇ, ਭਾਗਵਤ ਪੱਛਮੀ ਏਸ਼ੀਆ ਵਿਚ ਸੰਘਰਸ਼, ਬੰਗਲਾਦੇਸ਼ ਵਿਚ ਬਗਾਵਤ ਅਤੇ ‘ਉਦਾਰਵਾਦੀ, ਜਮਹੂਰੀ’ ਦੇਸ਼ਾਂ ਵੱਲੋਂ ਭਾਰਤ ਨੂੰ ਨਿਸ਼ਾਨਾ ਬਣਾਉਣ ਸਮੇਤ ਕੁਝ ਹਾਲੀਆ ਘਟਨਾਵਾਂ ਦੇ ਪ੍ਰਭਾਵ ਤੋਂ ਪ੍ਰੇਸ਼ਾਨ ਜਾਪਦੇ ਹਨ। ਬੰਗਲਾਦੇਸ਼ ਦੀ ਸਥਿਤੀ ਨੂੰ ਅਸਫਲ ‘ਅਰਬ ਸਪ੍ਰਿੰਗ’ ਨਾਲ ਜੋੜਦੇ ਹੋਏ ਭਾਗਵਤ ਨੂੰ ਚਿੰਤਾ ਹੈ ਕਿ ਕੀ ਬਾਹਰੀ ਤਾਕਤਾਂ ਭਾਰਤ ਨੂੰ ਵੀ ਨਿਸ਼ਾਨਾ ਬਣਾਉਣਗੀਆਂ।

ਜਮਹੂਰੀ ਕਦਰਾਂ-ਕੀਮਤਾਂ ਪ੍ਰਤੀ ਵਚਨਬੱਧਤਾ ਵਾਲੇ ਦੇਸ਼, ‘ਜੋ ਉਦਾਰ, ਜਮਹੂਰੀ ਅਤੇ ਵਿਸ਼ਵ ਸ਼ਾਂਤੀ ਲਈ ਵਚਨਬੱਧ ਹੋਣ ਦਾ ਦਾਅਵਾ ਕਰਦੇ ਹਨ, ਉਨ੍ਹਾਂ ਦੀ ਸੁਰੱਖਿਆ ਅਤੇ ਸਵੈ-ਹਿੱਤ ਦੇ ਸਵਾਲ ਉੱਠਦੇ ਹੀ ਅਲੋਪ ਹੋ ਜਾਂਦੇ ਹਨ।’ ਇਹ ਕੋਈ ਨਵੀਂ ਸ਼ਿਕਾਇਤ ਨਹੀਂ ਹੈ। ਦੁਨੀਆ ਭਰ ਦੇ ਕਮਿਊਨਿਸਟ ਦਹਾਕਿਆਂ ਤੋਂ ਅਜਿਹਾ ਕਹਿੰਦੇ ਆ ਰਹੇ ਹਨ। ਤਾਂ ਭਾਗਵਤ ਹੁਣ ਉਹ ਖਦਸ਼ਾ ਕਿਉਂ ਦੁਹਰਾਅ ਰਹੇ ਹਨ?

ਉਨ੍ਹਾਂ ਸਤਰਾਂ ਨੂੰ ਪੜ੍ਹ ਕੇ ਮੈਨੂੰ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਕਈ ਭਾਸ਼ਣਾਂ ਵਿਚ ਵਾਰ-ਵਾਰ ਆਉਣ ਵਾਲੀ ਇਕ ਥੀਮ ਯਾਦ ਆ ਗਈ, ਜਦੋਂ ਉਹ ਜ਼ੋਰ ਦਿੰਦੇ ਸਨ, ‘‘ਸੰਸਾਰ ਚਾਹੁੰਦਾ ਹੈ ਕਿ ਭਾਰਤ ਚੰਗਾ ਕਰੇ, ਸਾਡੀਆਂ ਚੁਣੌਤੀਆਂ ਸਾਡੇ ਦੇਸ਼ ਵਿਚ ਹਨ।’’ ਚੀਨ ਅਤੇ ਪਾਕਿਸਤਾਨ ਨੂੰ ਛੱਡ ਕੇ ਦੁਨੀਆ ਦੇ ਜ਼ਿਆਦਾਤਰ ਦੇਸ਼ ਭਾਰਤ ਲਈ ਸ਼ੁੱਭਕਾਮਨਾਵਾਂ ਰੱਖਦੇ ਹਨ।

ਹਾਲ ਹੀ ਤੱਕ, ਇਹ ਮਹਿਸੂਸ ਕੀਤਾ ਜਾਂਦਾ ਸੀ ਕਿ ਪੂਰੀ ਦੁਨੀਆ ਅਤੇ ਨਿਸ਼ਚਿਤ ਤੌਰ ’ਤੇ ਪੱਛਮ ਅਤੇ ਪੂਰਬ ਦੇ ਉਦਾਰਵਾਦੀ ਲੋਕਤੰਤਰ, ਭਾਰਤ ਦੇ ਉਭਾਰ ਨੂੰ ਇਕ ਵਿਸ਼ਵਵਿਆਪੀ ਲੋਕ ਭਲਾਈ ਵਜੋਂ ਦੇਖਦੇ ਹਨ। ਜਦੋਂ ਚੀਨ ਦੇ ਉਭਾਰ ਨੇ ਪੱਛਮ ਨੂੰ ਪ੍ਰੇਸ਼ਾਨ ਕੀਤਾ ਤਾਂ ਅਮਰੀਕਾ ਵੀ ‘ਉਦਾਰਵਾਦੀ, ਜਮਹੂਰੀ, ਬਹੁ-ਸੱਭਿਆਚਾਰਕ ਅਤੇ ਬਹੁਲਤਾ ਵਾਲੇ ਭਾਰਤ’ ਦੇ ਉਭਾਰ ਨੂੰ ਚੰਗੇ ਰੂਪ ’ਚ ਦੇਖਣ ਲੱਗਾ।

ਇਸ ਲਈ, ਹਾਲ ਹੀ ਦੇ ਸਮੇਂ ਵਿਚ ਅਜਿਹਾ ਕੀ ਹੋਇਆ ਹੈ ਕਿ ਭਾਗਵਤ ਬਾਹਰੀ ਮਾਹੌਲ ਨੂੰ ਇਕ ਮੌਕੇ ਦੀ ਬਜਾਏ ਇਕ ਚੁਣੌਤੀ ਦੇ ਰੂਪ ਵਿਚ ਦੇਖ ਰਹੇ ਹਨ? ਹੁਣ ਇਹ ਘੇਰਾਬੰਦੀ ਦੀ ਭਾਵਨਾ ਕਿਉਂ? ਕੀ ਭਾਰਤ ਇੰਨੀ ਤੇਜ਼ੀ ਨਾਲ ਤਾਕਤਵਰ ਹੋ ਗਿਆ ਹੈ ਕਿ ਵੱਡੀਆਂ ਤਾਕਤਾਂ ਲਈ ਖ਼ਤਰਾ ਬਣ ਗਿਆ ਹੈ? ਕੀ ਭਾਗਵਤ ਦਾ ਇਹ ਸੁਝਾਅ ਸਹੀ ਹੈ ਕਿ ਪੱਛਮੀ ‘ਉਦਾਰਵਾਦੀ ਲੋਕਤੰਤਰ’ ਭਾਰਤ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ‘ਝੂਠ ਜਾਂ ਅੱਧੇ-ਸੱਚ ਦੇ ਆਧਾਰ ’ਤੇ ਭਾਰਤ ਦੇ ਅਕਸ ਨੂੰ ਖ਼ਰਾਬ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ?’

ਜੇਕਰ ਅਜਿਹਾ ਹੈ, ਤਾਂ ਪ੍ਰਤੀ ਵਿਅਕਤੀ 3000 ਡਾਲਰ ਤੋਂ ਘੱਟ ਜੀ. ਡੀ. ਪੀ. ਵਾਲੇ ਭਾਰਤ ਨੇ ਅਜਿਹਾ ਕੀ ਕੀਤਾ ਹੈ ਕਿ ਉਸ ਨੂੰ ਉਸ ਤੋਂ 5 ਅਤੇ 10 ਗੁਣਾ ਵੱਧ ਆਮਦਨ ਵਾਲੇ ਦੇਸ਼ਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ? ਭਾਗਵਤ ਦਾ ਆਲੋਚਨਾਤਮਕ ਨਜ਼ਰੀਆ ਮੌਜੂਦਾ ਪ੍ਰਣਾਲੀ ਦੀਆਂ ਨੀਤੀਆਂ, ਵਿਕਸਤ ਭਾਰਤ ਦੇ ਅੰਮ੍ਰਿਤਕਾਲ ਦੇ ਨਤੀਜੇ ਵਜੋਂ ਭਾਰਤ ਦੇ ਉਭਾਰ ਦੀ ਕਹਾਣੀ ਨਾਲ ਚੰਗੀ ਤਰ੍ਹਾਂ ਮੇਲ ਨਹੀਂ ਖਾਂਦਾ। ਭਾਰਤ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਗਿਆ ਹੈ। ਗਲੋਬਲ ਸਾਊਥ ਦੇ ਆਗੂ ਅਤੇ ਇਕ ਤੋਂ ਵੱਧ ਪ੍ਰਮੁੱਖ ਸ਼ਕਤੀਆਂ ਦੇ ‘ਵਿਸ਼ਵ ਪੱਧਰੀ ਅਤੇ ਰਣਨੀਤਕ ਹਿੱਸੇਦਾਰ।’

ਭਾਗਵਤ ਨੇ ਸਪੱਸ਼ਟ ਕੀਤਾ ਕਿ ‘ਸਥਿਤੀ ਦੇ ਉਨ੍ਹਾਂ ਦੇ ਵਰਣਨ ਦਾ ਮਤਲਬ ਕਿਸੇ ਨੂੰ ਡਰਾਉਣਾ, ਧਮਕਾਉਣਾ ਜਾਂ ਲੜਾਈ ਨੂੰ ਭੜਕਾਉਣਾ ਨਹੀਂ ਹੈ। ਅਸੀਂ ਸਾਰੇ ਅਜਿਹੇ ਹਾਲਾਤ ਦਾ ਸਾਹਮਣਾ ਕਰ ਰਹੇ ਹਾਂ। ਇਸ ਦੇਸ਼ ਨੂੰ ਇਕਜੁੱਟ, ਖੁਸ਼ਹਾਲ, ਸ਼ਾਂਤੀਪੂਰਨ ਅਤੇ ਮਜ਼ਬੂਤ ​​ਬਣਾਉਣਾ ਹਰ ਕਿਸੇ ਦੀ ਇੱਛਾ ਅਤੇ ਫਰਜ਼ ਹੈ। ਹਿੰਦੂ ਸਮਾਜ ਦੀ ਇਸ ਵਿਚ ਵੱਡੀ ਜ਼ਿੰਮੇਵਾਰੀ ਹੈ...’ ਠੀਕ ਹੈ। ਤਾਂ ਕੀ ਮੋਦੀ ਸਰਕਾਰ ਕਾਰਵਾਈ ’ਚ ਗਾਇਬ ਦਿਸ ਰਹੀ ਹੈ?

-ਸੰਜੇ ਬਾਰੂ


 


author

Tanu

Content Editor

Related News