ਵਿਰੋਧੀ ਧਿਰ ਵੱਲੋਂ ਸਰਕਾਰ ਦਾ ਵਿਰੋਧ ਕਰਨਾ ਆਮ ਸਿਆਸਤ

Saturday, Jul 06, 2024 - 05:48 PM (IST)

ਵਿਰੋਧੀ ਧਿਰ ਵੱਲੋਂ ਸਰਕਾਰ ਦਾ ਵਿਰੋਧ ਕਰਨਾ ਆਮ ਸਿਆਸਤ

ਸੰਸਦ ਦੇ ਦ੍ਰਿਸ਼ ਨੇ ਡਰ ਪੈਦਾ ਕੀਤਾ ਹੈ। ਭਾਰਤੀ ਸੰਸਦ ਦੇ ਇਤਿਹਾਸ ’ਚ ਪਹਿਲੀ ਵਾਰ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਦੇ ਭਾਸ਼ਣ ਦਾ ਇੰਨਾ ਵੱਡਾ ਅੰਸ਼ ਸਪੀਕਰ ਨੂੰ ਹਟਾਉਣਾ ਪਿਆ। ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਇਸ ਨੂੰ ਵੀ ਗਲਤ ਦੱਸਦਿਆਂ ਸਪੀਕਰ ਓਮ ਬਿਰਲਾ ਨੂੰ ਪੱਤਰ ਲਿਖਿਆ ਅਤੇ ਰਿਕਾਰਡ ’ਚੋਂ ਹਟਾਏ ਅੰਸ਼ ਨੂੰ ਵਾਪਸ ਲਿਆਉਣ ਦੀ ਮੰਗ ਕੀਤੀ।

ਉਨ੍ਹਾਂ ਨੇ ਪੱਤਰ ’ਚ ਭਾਜਪਾ ਸੰਸਦ ਮੈਂਬਰਾਂ ਦਾ ਵਰਨਣ ਕਰ ਕੇ ਦੱਸਿਆ ਕਿ ਉਨ੍ਹਾਂ ਦੇ ਭਾਸ਼ਣ ’ਚ ਤੱਥ ਨਹੀਂ ਸਨ ਪਰ ਜ਼ਿਆਦਾ ਅੰਸ਼ ਨਹੀਂ ਹਟਾਏ ਗਏ। ਇਸੇ ਤਰ੍ਹਾਂ ਰਾਹੁਲ ਗਾਂਧੀ ਨੇ ਲੋਕ ਸਭਾ ਸਪੀਕਰ ਨੂੰ ਵੀ ਭਾਜਪਾ ਦੇ ਪਾਲੇ ਦਾ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ। ਲਗਾਤਾਰ ਅਸੀਂ ਵਿਰੋਧੀ ਧਿਰ ਵੱਲੋਂ ਲੋਕ ਸਭਾ ਤੇ ਰਾਜ ਸਭਾ ਦੋਵਾਂ ਦੇ ਪ੍ਰੀਜ਼ਾਈਡਿੰਗ ਅਧਿਕਾਰੀ ਨੂੰ ਕਟਹਿਰੇ ’ਚ ਖੜ੍ਹਾ ਕਰਨ ਵਾਲੇ ਬਿਆਨ ਦੇਖੇ ਹਨ। ਸਾਂਝੇ ਸੈਸ਼ਨ ’ਚ ਰਾਸ਼ਟਰਪਤੀ ਦੇ ਭਾਸ਼ਣ ’ਤੇ ਧੰਨਵਾਦ ਦੇ ਮਤੇ ’ਤੇ ਚਰਚਾ ਤੋਂ ਪਹਿਲਾਂ ਕਦੀ ਅਜਿਹਾ ਦ੍ਰਿਸ਼ ਪੈਦਾ ਨਹੀਂ ਹੋਇਆ ਜੋ ਅਸੀਂ ਇਸ ਵਾਰ ਦੇਖਿਆ।

ਭਾਰਤੀ ਸੰਸਦ ’ਚ ਵਿਰੋਧੀ ਧਿਰ ਦੇ ਨੇਤਾ ਦਾ ਅਹੁਦਾ ਬੜਾ ਹੀ ਸਨਮਾਨਿਤ ਹੁੰਦਾ ਹੈ। ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਜਦੋਂ ਬੋਲ ਰਹੇ ਸਨ ਤਾਂ ਪ੍ਰਧਾਨ ਮੰਤਰੀ ਪੂਰਾ ਸਮਾਂ ਹਾਜ਼ਰ ਰਹੇ। ਇਕ ਵਾਰ ਖੁਦ ਉੱਠ ਕੇ ਉਨ੍ਹਾਂ ਦੇ ਭਾਸ਼ਣ ’ਤੇ ਪ੍ਰਤੀਵਾਦ ਕੀਤਾ ਤਾਂ ਦੋ ਵਾਰ ਗ੍ਰਹਿ ਮੰਤਰੀ ਉੱਠੇ। ਇਕ ਵਾਰ ਰੱਖਿਆ ਮੰਤਰੀ ਨੂੰ ਉੱਠਣਾ ਪਿਆ ਤਾਂ ਇਕ ਵਾਰ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ।

ਭਾਸ਼ਣ ਦੌਰਾਨ ਉਹੋ ਜਿਹਾ ਹੰਗਾਮਾ ਨਹੀਂ ਹੋਇਆ ਜਿਸ ਨੂੰ ਕਿਹਾ ਜਾਵੇ ਕਿ ਸੱਤਾ ਧਿਰ ਉਨ੍ਹਾਂ ਨੂੰ ਸੁਣਨਾ ਨਹੀਂ ਚਾਹੁੰਦੀ ਸੀ। ਰਾਹੁਲ ਗਾਂਧੀ ਨੇ ਲਗਭਗ 2 ਘੰਟੇ ਦਾ ਪੂਰਾ ਭਾਸ਼ਣ ਦਿੱਤਾ, ਜਿਸ ਨੂੰ ਸੱਤਾ ਧਿਰ ਨੇ ਸੁਣਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ’ਚ ਿਜਉਂ ਹੀ ਬੋਲਣ ਲਈ ਖੜ੍ਹੇ ਹੋਏ ਤਾਂ ਅੜਿੱਕਾ ਪਾਉਣ ਲਈ ਰੌਲਾ-ਰੱਪਾ ਸ਼ੁਰੂ ਹੋਇਆ ਅਤੇ ਅਖੀਰ ਤੱਕ ਜਾਰੀ ਰਿਹਾ। ਪ੍ਰਧਾਨ ਮੰਤਰੀ ਨੂੰ ਚਿੜਾਉਣ ਲਈ ‘ਹੁੰਆਂ ਹੁੰਆਂ ਹੁੰਆਂ’ ਵਰਗੀ ਆਵਾਜ਼ ਵੀ ਕੱਢੀ ਗਈ। ਪ੍ਰਧਾਨ ਮੰਤਰੀ ਨੂੰ ਭਾਸ਼ਣ ਦੇਣ ਲਈ ਈਅਰ ਫੋਨ ਲਗਾਉਣਾ ਪਿਆ ਤਾਂ ਕਿ ਰੌਲਾ ਘੱਟ ਸੁਣੇ। ਰਾਜ ਸਭਾ ’ਚ ਤਾਂ ਵਿਰੋਧੀ ਧਿਰ ਨੇ ਬਾਈਕਾਟ ਵੀ ਕਰ ਦਿੱਤਾ। ਕੀ ਇਸ ਨੂੰ ਸੰਸਦੀ ਲੋਕਤੰਤਰ ’ਚ ਵਿਰੋਧੀ ਧਿਰ ਦੇ ਨਿਰਧਾਰਿਤ ਸ਼ਾਨਾਮੱਤੇ ਵਤੀਰੇ ਅਨੁਸਾਰ ਕਿਹਾ ਜਾਵੇਗਾ?

ਕੁਝ ਲੋਕਾਂ ਦਾ ਤਰਕ ਹੈ ਕਿ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ 10 ਸਾਲਾਂ ਦੇ ਰਾਜਕਾਲ ’ਚ ਲੋੜ ਤੋਂ ਵੱਧ ਹੰਕਾਰ ਦਿਖਾਇਆ, ਰਾਹੁਲ ਗਾਂਧੀ ਦਾ ਮਜ਼ਾਕ ਉਡਾਇਆ ਹੈ ਤਾਂ ਅੱਜ ਗਿਣਤੀ ਬਲ ਦੇ ਕਾਰਨ ਰਾਹੁਲ ਗਾਂਧੀ ਅਤੇ ਵਿਰੋਧੀ ਧਿਰ ਬਦਲਾ ਲੈ ਰਹੀ ਹੈ। ਸਰਕਾਰ ਜਾਂ ਸੱਤਾ ਧਿਰ ਨੇ ਲਗਾਤਾਰ ਹੰਕਾਰ ਹੀ ਦਿਖਾਇਆ। ਇਸ ’ਤੇ ਇਕ ਰਾਇ ਨਹੀਂ ਹੋ ਸਕਦੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਦਨ ਦੇ ਅੰਦਰ ਰਾਹੁਲ ਗਾਂਧੀ ਜਾਂ ਸੋਨੀਆ ਗਾਂਧੀ ਪਰਿਵਾਰ ’ਤੇ ਗੈਰ-ਮਰਿਆਦਾ ਵਾਲੇ ਸ਼ਬਦ ਪ੍ਰਗਟ ਕੀਤੇ ਹੋਣ, ਇਸ ਦਾ ਰਿਕਾਰਡ ਨਹੀਂ ਹੈ।

ਹੰਕਾਰ ਕਿਸੇ ਦਾ ਵੀ ਬੁਰਾ ਹੈ। ਭਾਜਪਾ ਇੰਨਾ ਵੱਡਾ ਲੋਕ ਆਧਾਰ ਰੱਖਦੇ ਹੋਏ ਲੋਕ ਸਭਾ ’ਚ ਬਹੁਮਤ ਤੋਂ ਵਾਂਝੀ ਰਹੀ ਤਾਂ ਉਸ ਦਾ ਇਕ ਕਾਰਨ ਉਸ ਦਾ ਵਤੀਰਾ ਹੈ ਪਰ ਵਿਰੋਧੀ ਧਿਰ ਦੇ ਵਤੀਰੇ ਨੂੰ ਸ਼ਰਮਨਾਕ ਦੇ ਇਲਾਵਾ ਕੋਈ ਸ਼ਬਦ ਨਹੀਂ ਦਿੱਤਾ ਜਾ ਸਕਦਾ। ਤ੍ਰਿਣਮੂਲ ਦੀ ਆਗੂ ਮਹੂਆ ਮੋਇਤਰਾ ਭਾਸ਼ਣ ਦੇਣ ਲਈ ਖੜ੍ਹੀ ਹੋਈ ਤਾਂ ਪ੍ਰਧਾਨ ਮੰਤਰੀ ਸਦਨ ਤੋਂ ਬਾਹਰ ਜਾ ਰਹੇ ਸਨ।

ਉਨ੍ਹਾਂ ਨੇ ਬੋਲਣਾ ਸ਼ੁਰੂ ਕੀਤਾ ਪ੍ਰਧਾਨ ਮੰਤਰੀ ਜੀ, ਸੁਣ ਲਓ, ਸੁਣ ਲਓ, ਡਰੋ ਨਾ, ਤੁਸੀਂ ਮੇਰੇ ਹਲਕੇ ’ਚ 2 ਵਾਰ ਗਏ ਆਦਿ ਆਦਿ...। ਮਹੂਆ ਮੋਇਤਰਾ ਸਿੱਧੇ ਤੌਰ ’ਤੇ ਪ੍ਰਧਾਨ ਮੰਤਰੀ ਨੂੰ ਚਿੜਾ ਰਹੀ ਸੀ। ਉਨ੍ਹਾਂ ਦਾ ਮਜ਼ਾਕ ਉਡਾ ਰਹੀ ਸੀ। ਇਸ ਤੋਂ ਸ਼ਰਮਨਾਕ ਅਤੇ ਘਟੀਆ ਵਤੀਰਾ ਕੁਝ ਨਹੀਂ ਹੋ ਸਕਦਾ। ਕਈ ਵਾਰ ਸਦਨ ਦੀ ਕਾਰਵਾਈ ਚੱਲਦੀ ਰਹਿੰਦੀ ਹੈ ਅਤੇ ਪ੍ਰਧਾਨ ਮੰਤਰੀ ਨੂੰ ਬਾਹਰ ਜਾਣਾ ਪੈਂਦਾ ਹੈ। ਮੈਂਬਰ ਇਸ ਤਰ੍ਹਾਂ ਮਜ਼ਾਕ ਉਡਾਵੇ, ਇਹ ਪ੍ਰਵਾਨ ਨਹੀਂ ਹੋ ਸਕਦਾ।

ਰਾਹੁਲ ਗਾਂਧੀ ਦੇ ਭਾਸ਼ਣ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਜਿਸ ਤਰ੍ਹਾਂ ਦੇ ਦੋਸ਼ ਤੇ ਹਮਲੇ ਸਨ, ਆਮ ਵਤੀਰੇ ’ਚ ਉਸ ਨੂੰ ਸਹਿਣ ਕਰਨਾ ਔਖਾ ਹੁੰਦਾ ਹੈ। ਉਸ ਦੇ ਕਈ ਅੰਸ਼ ਝੂਠੇ ਨਿਕਲੇ। ਇੰਝ ਜਾਪਦਾ ਨਹੀਂ ਸੀ ਕਿ ਵਿਰੋਧੀ ਧਿਰ ਦੇ ਨੇਤਾ ਲੋਕ ਸਭਾ ’ਚ ਬੋਲ ਰਹੇ ਹਨ। ਇਹ ਰੈਲੀ ਵਰਗਾ ਸੀ। ਅਗਨੀਵੀਰ ਜਵਾਨਾਂ ਦੀ ਸ਼ਹਾਦਤ ਦੇ ਬਾਅਦ ਨੁਕਸਾਨਪੂਰਤੀ ਨਾ ਦਿੱਤੇ ਜਾਣ ਦਾ ਉਨ੍ਹਾਂ ਦਾ ਦੋਸ਼ ਗਲਤ ਨਿਕਲਿਆ।

ਵਿਰੋਧੀ ਧਿਰ ਵੱਲੋਂ ਸਰਕਾਰ ਦਾ ਵਿਰੋਧ, ਹਮਲੇ, ਉਸ ਨੂੰ ਘੇਰਨਾ, ਤੱਥਾਂ ਦੇ ਆਧਾਰ ’ਤੇ ਉਸ ਨੂੰ ਗਲਤ ਸਾਬਿਤ ਕਰਨਾ ਆਮ ਸਿਆਸਤ ਹੈ। ਰਾਹੁਲ ਗਾਂਧੀ ਨਰਿੰਦਰ ਮੋਦੀ, ਭਾਜਪਾ ਤੇ ਸੰਘ ਦੇ ਵਿਰੁੱਧ ਆਪਣੇ ਅੰਦਰ ਬੜੇ ਹੀ ਗੁੱਸੇ ਤੇ ਨਫਰਤ ’ਚ ਇਸ ਹੱਦ ਨੂੰ ਲਗਾਤਾਰ ਟੱਪਦੇ ਰਹੇ। ਸਦਨ ਅੰਦਰ ਭਗਵਾਨ ਸ਼ਿਵ ਜੀ ਦੀ ਤਸਵੀਰ ਲੈ ਕੇ ਆਉਣਾ, ਦਿਖਾਉਣਾ ਭਗਤੀ ਜਾਂ ਸ਼ਰਧਾ ਦਾ ਬਦਲ ਨਹੀਂ ਮੰਨਿਆ ਜਾ ਸਕਦਾ। ਸਪੱਸ਼ਟ ਸੀ ਕਿ ਆਪਣੇ ਸਿਆਸੀ ਹਿੱਤ ਲਈ ਸ਼ਿਵ ਜੀ ਦੀ ਤਸਵੀਰ ਦੀ ਉਹ ਵਰਤੋਂ ਕਰ ਰਹੇ ਹਨ।

ਜਦੋਂ ਸੰਸਦ ਦੇ ਨਿਯਮਾਂ ਅਨੁਸਾਰ ਲੋਕ ਸਭਾ ਦੇ ਸਪੀਕਰ ਨੇ ਰੋਕਿਆ ਤਾਂ ਉਹ ਕਈ ਵਾਰ ਪੁੱਛਦੇ ਰਹੇ ਕਿ ਸਪੀਕਰ ਜੀ, ਕੀ ਸਦਨ ’ਚ ਸ਼ਿਵ ਜੀ ਦੀ ਤਸਵੀਰ ਨਹੀਂ ਦਿਖਾ ਸਕਦੇ? ਸਪੱਸ਼ਟ ਹੈ ਕਿ ਉਹ ਖੁਦ ਨੂੰ ਸੱਚਾ ਹਿੰਦੂਵਾਦੀ ਸਾਬਿਤ ਕਰਦੇ ਹੋਏ ਸੰਦੇਸ਼ ਦੇ ਰਹੇ ਸਨ ਕਿ ਦੇਖੋ, ਭਾਜਪਾ ਦਾ ਸਪੀਕਰ ਸਰਕਾਰ ਦਾ ਧਿਆਨ ਰੱਖਦੇ ਹੋਏ ਸਾਨੂੰ ਸ਼ਿਵ ਜੀ ਦੀ ਤਸਵੀਰ ਵੀ ਸਦਨ ’ਚ ਨਹੀਂ ਦਿਖਾਉਣ ਦੇ ਰਿਹਾ।

ਇਹ ਪਹਿਲੀ ਲੋਕ ਸਭਾ ਹੋਵੇਗੀ ਜਿਸ ’ਚ ਵਿਰੋਧੀ ਧਿਰ ਦਾ ਵਤੀਰਾ ਅਜਿਹਾ ਹੈ ਜਿਵੇਂ ਚੋਣ ਉਹੀ ਜਿੱਤੀ ਹੈ ਅਤੇ ਸੱਤਾ ’ਤੇ ਅਧਿਕਾਰ ਉਸੇ ਦਾ ਹੈ। ਕਈ ਵਾਰ ਤਾਂ ਇੰਝ ਜਾਪਿਆ ਹੈ ਜਿਵੇਂ ਸਰਕਾਰ ਉਸੇ ਦੀ ਚੱਲ ਰਹੀ ਹੋਵੇ। ਭਾਜਪਾ ਦੀਆਂ ਸੀਟਾਂ ਘਟਣਾ ਇਸ ਦਾ ਇਕ ਪੱਖ ਹੈ ਪਰ ਨਰਸਿਮ੍ਹਾ ਰਾਓ ਨੇ 232 ਸੀਟਾਂ ’ਤੇ 5 ਸਾਲ ਸਰਕਾਰ ਚਲਾਈ ਤੇ ਦੇਸ਼ ਦਾ ਸਪੈਕਟ੍ਰਮ ਬਦਲ ਦਿੱਤਾ। ਮੋਦੀ ਕੋਲ ਤਾਂ 240 ਸੰਸਦ ਮੈਂਬਰ ਹਨ। ਮੋਦੀ ਕੋਲ ਭਾਜਪਾ ਦੀਆਂ 240 ਸੀਟਾਂ ਦੇ ਇਲਾਵਾ ਚੋਣ ਤੋਂ ਪਹਿਲਾਂ ਦਾ ਗੱਠਜੋੜ ਹੈ।

ਨਰਸਿਮ੍ਹਾ ਰਾਓ ਨਾਲ ਇਹ ਨਹੀਂ ਸੀ। ਡਾ. ਮਨਮੋਹਨ ਸਿੰਘ ਨੇ ਪਹਿਲਾਂ 145 ਅਤੇ ਦੁਬਾਰਾ 206 ’ਤੇ ਗੱਠਜੋੜ ਦੇ ਆਧਾਰ ’ਤੇ 10 ਸਾਲ ਸਰਕਾਰ ਚਲਾਈ। ਵਿਰੋਧੀ ਧਿਰ ਖਾਸ ਕਰ ਕੇ ਰਾਹੁਲ ਗਾਂਧੀ ਦੀ ਅਗਵਾਈ ’ਚ ਕਾਂਗਰਸ ਦੀ ਰਣਨੀਤੀ ’ਚ ਸਾਫ ਝਲਕਦਾ ਹੈ ਕਿ ਸਰਕਾਰ ਨੂੰ ਲਗਾਤਾਰ ਕੰਮ ਨਹੀਂ ਕਰਨ ਦੇਣਾ ਹੈ। ਸੰਸਦ ਬੇਰੋਕ ਚੱਲਣ ਨਹੀਂ ਦੇਣੀ ਹੈ। ਹਰ ਸਮੇਂ ਸਰਕਾਰ ਦੇ ਕਮਜ਼ੋਰ ਹੋਣ, ਡਿੱਗ ਜਾਣ ਦੀ ਗੱਲ ਕਰਦੇ ਰਹਿਣਾ ਹੈ ਅਤੇ ਅਜਿਹੀ ਹਾਲਤ ਪੈਦਾ ਕਰਨੀ ਹੈ ਕਿ ਭਾਈਵਾਲ ਪਾਰਟੀਆਂ ਲਈ ਸਰਕਾਰ ਦੇ ਪੱਖ ’ਚ ਖੜ੍ਹਾ ਹੋਣਾ ਔਖਾ ਹੋ ਜਾਵੇ। ਇਸ ’ਚ ਵੀ ਚਾਲ ਦਿਖਾਈ ਦਿੰਦੀ ਹੈ ਕਿ ਸੰਸਦ ’ਚ ਹਮਲੇ ਨਾਲ ਅਜਿਹੀ ਹਾਲਤ ਪੈਦਾ ਕਰੋ ਤਾਂ ਕਿ ਸੱਤਾ ਧਿਰ ਭੜਕ ਕੇ ਕੁਝ ਨਾ ਕੁਝ ਗੜਬੜ ਕਰ ਦੇਵੇ ਅਤੇ ਉਸ ਨੂੰ ਵੱਡਾ ਮੁੱਦਾ ਬਣਾ ਕੇ ਚੋਣਾਂ ’ਚ ਜਾਇਆ ਜਾ ਸਕੇ।

ਦੇਸ਼ ਇਸ ਵਤੀਰੇ ਨੂੰ ਆਸਾਨੀ ਨਾਲ ਨਹੀਂ ਪਚਾ ਸਕੇਗਾ ਜਿਸ ’ਚ ਵਿਰੋਧੀ ਧਿਰ ਦੇ ਨੇਤਾ ਨੂੰ ਤਾਂ ਸੱਤਾ ਧਿਰ ਸੁਣ ਰਹੀ ਹੋਵੇ ਅਤੇ ਜਦੋਂ ਪ੍ਰਧਾਨ ਮੰਤਰੀ ਬੋਲਣ ਲਈ ਖੜ੍ਹੇ ਹੋਣ ਤਾਂ ਲੋਕ ਸਭਾ ’ਚ ਰੌਲਾ-ਰੱਪਾ ਪਾਇਆ ਜਾਵੇ, ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਆਪਣੇ ਸੰਸਦ ਮੈਂਬਰਾਂ ਨੂੰ ਵੈੱਲ ’ਚ ਜਾਣ ਲਈ ਭੜਕਾਉਂਦੇ ਦਿਸ ਰਹੇ ਹਨ। ਇਹ ਵਤੀਰਾ ਅੰਦਰੋਂ ਹਿਲਾ ਦੇਣ ਵਾਲਾ ਹੈ। ਕਲਪਨਾ ਕਰੋ ਜੇਕਰ ਸੱਤਾ ਧਿਰ ਵਿਰੋਧੀ ਧਿਰ ਦੇ ਨੇਤਾਵਾਂ ਦੇ ਭਾਸ਼ਣ ਦਾ ਬਾਈਕਾਟ ਕਰਨ ਲੱਗੀ ਉਦੋਂ ਕਿਹੋ ਜਿਹੀ ਹਾਲਤ ਪੈਦਾ ਹੋਵੇਗੀ?

ਅਵਧੇਸ਼ ਕੁਮਾਰ
 


author

Rakesh

Content Editor

Related News