ਆਮ ਹੁੰਦੇ ਪਦਮ ਪੁਰਸਕਾਰ

01/28/2020 1:27:32 AM

ਅਕੂ ਸ਼੍ਰੀਵਾਸਤਵ

ਪਦਮ ਪੁਰਸਕਾਰਾਂ ਨੂੰ ਲੈ ਕੇ ਇਕ ਧਾਰਨਾ ਰਹੀ ਹੈ ਕਿ ਇਹ ਉਨ੍ਹਾਂ ਨੂੰ ਹੀ ਮਿਲਦੇ ਰਹੇ ਹਨ, ਜਿਨ੍ਹਾਂ ਦੇ ਡਰਾਇੰਗਰੂਮ ਕਾਫੀ ਵੱਡੇ ਹੁੰਦੇ ਹਨ ਅਤੇ ਜਿਨ੍ਹਾਂ ਦੀ ਪਹੁੰਚ ਵੱਡੀ ਹੁੰਦੀ ਹੈ ਤਾਂ ਕਿ ਰਾਸ਼ਟਰਪਤੀ ਦੇ ਦਸਤਖਤਾਂ ਵਾਲਾ ਵੱਡਾ ਸ਼ਲਾਘਾ ਪੱਤਰ ਉਨ੍ਹਾਂ ਦੇ ਡਰਾਇੰਗਰੂਮ ਦੀ ਸ਼ੋਭਾ ਵਧਾਉਣ ਵਿਚ ਹੋਰ ਯੋਗਦਾਨ ਦੇ ਸਕੇ ਪਰ ਹੁਣ ਕੁਝ ਅਣਜਾਣੇ ਨਾਂ ਆਉਣ ਤੋਂ ਬਾਅਦ ਅਜਿਹਾ ਲੱਗਣ ਲੱਗਾ ਹੈ ਕਿ ਹੁਣ ਇਹ ਮੂਰਤ ਰੂਪ ’ਚ ਆ ਰਹੇ ਹਨ। ਰਾਸ਼ਟਰ ਹੁਣ ਇਸ ਸੂਚੀ ਵਿਚ ਉਨ੍ਹਾਂ ਨੂੰ ਦੇਖਣ ਲੱਗਾ ਹੈ, ਜਿਨ੍ਹਾਂ ਲਈ ਇਨ੍ਹਾਂ ਪੁਰਸਕਾਰਾਂ ਦੀ ਧਾਰਨਾ ਕੀਤੀ ਗਈ ਸੀ ਜਾਂ ਇਹ ਕਿਹਾ ਜਾਵੇ ਕਿ ਇਹ ਜਿਸ ਰੂਪ ਵਿਚ ਅੰਗੀਕਾਰ ਕੀਤੇ ਗਏ ਸਨ। ਇਕ ਦੌਰ ਤਾਂ ਅਜਿਹਾ ਹੋ ਗਿਆ ਸੀ ਕਿ ਹਮੇਸ਼ਾ ਵਾਂਗ 25 ਜਨਵਰੀ ਦੀ ਰਾਤ ਰਾਸ਼ਟਰਪਤੀ ਦੇ ਭਾਸ਼ਣ ਤੋਂ ਬਾਅਦ ਜਦੋਂ ਸੂਚੀ ਜਾਰੀ ਹੁੰਦੀ ਸੀ ਅਤੇ ਉਸ ਵਿਚ ਨਾਂ ਲੱਭਣ ਦਾ ਸਿਲਸਿਲਾ ਸ਼ੁਰੂ ਹੁੰਦਾ ਸੀ, ਜੋ ਸਿਰਫ ਦਿੱਲੀ, ਮੁੰਬਈ, ਬੈਂਗਲੁਰੂ ਅਤੇ ਚੇਨਈ ਵਾਲਿਆਂ ਤਕ ਹੀ ਨਾਂ ਸੀਮਤ ਰਹਿੰਦੇ ਸਨ। ਹਾਲਾਂਕਿ ਹੁਣ ਜੋ ਬਦਲਾਅ ਆਇਆ ਹੈ, ਉਸ ਦਾ ਮਤਲਬ ਇਹ ਵੀ ਨਹੀਂ ਹੈ ਕਿ ਇਸ ਵਾਰ ਇਨ੍ਹਾਂ ਪੁਰਸਕਾਰਾਂ ਦਾ ਵਿਵਾਦਾਂ ਨਾਲ ਨਾਤਾ ਨਹੀਂ ਰਿਹਾ ਪਰ ਫਿਲਹਾਲ ਗੱਲ ਸਾਕਾਰਾਤਮਕ ਤਬਦੀਲੀ ਦੀ ਹੈ।

ਸਭ ਨੂੰ ਪਤਾ ਹੈ ਕਿ ਪਦਮ ਪੁਰਸਕਾਰਾਂ ਦੀਆਂ ਮੂਲ ਤੌਰ ’ਤੇ 3 ਸ਼੍ਰੇਣੀਆਂ ਹੁੰਦੀਆਂ ਹਨ। ਪਦਮ ਵਿਭੂਸ਼ਣ ਅਤੇ ਪਦਮ ਭੂਸ਼ਣ ਅਤੇ ਪਦਮਸ਼੍ਰੀ। ਜ਼ਿਆਦਾਤਰ ਇਨ੍ਹਾਂ ਪੁਰਸਕਾਰਾਂ ਦੇ ਨਾਲ ‘ਭਾਰਤ ਰਤਨ’ ਦੇਣ ਦੀ ਪ੍ਰੰਪਰਾ ਵੀ ਰਹੀ ਹੈ। ਕਈ ਵਾਰ ਅਜਿਹਾ ਵੀ ਹੋਇਆ ਕਿ ਭਾਰਤ ਰਤਨ ਦੇਣ ਦਾ ਐਲਾਨ ਇਨ੍ਹਾਂ ਦੇ ਨਾਲ ਨਹੀਂ ਹੋਇਆ ਅਤੇ ਉਨ੍ਹਾਂ ਨੂੰ ਕਿਸੇ ਹੋਰ ਮੌਕੇ ’ਤੇ ਐਲਾਨਿਆ ਗਿਆ। ਇਸ ਵਾਰ ਵੀ ਭਾਰਤ ਰਤਨ ਦਾ ਐਲਾਨ ਅਜੇ ਨਹੀਂ ਹੋਇਆ ਹੈ, ਜਦਕਿ ਪਿਛਲੇ ਸਾਲ 3 ਹਸਤੀਆਂ ਪ੍ਰਣਬ ਮੁਖਰਜੀ, ਨਾਨਾਜੀ ਦੇਸ਼ਮੁੱਖ ਅਤੇ ਭੂਪੇਨ ਹਜ਼ਾਰਿਕਾ ਨੂੰ ਇਹ ਸਨਮਾਨ ਹਾਸਿਲ ਹੋਇਆ ਸੀ। ਬੀਤਿਆ ਸਾਲ ਚੋਣਾਂ ਦਾ ਸਾਲ ਸੀ ਅਤੇ ਉਦੋਂ ਇਨ੍ਹਾਂ ਨਾਵਾਂ ਉੱਤੇ ਸਿਆਸੀ ਖੇਤਰਾਂ ’ਚ ਹੰਗਾਮਾ ਜਿਹਾ ਮਚ ਗਿਆ ਸੀ। ਨਾਨਾਜੀ ਦੇਸ਼ਮੁੱਖ ਭਾਜਪਾਈ ਸਮਾਜ ਸੇਵੀ ਦੱਸ ਦਿੱਤੇ ਗਏ ਅਤੇ ਭੂਪੇਨ ਹਜ਼ਾਰਿਕਾ ਨੂੰ ਭਾਜਪਾਈ ਗਾਇਕ। ਇਹ ਵੀ ਤੈਅ ਹੈ ਕਿ ਤਿੰਨਾਂ ਨੂੰ ਹੀ ‘ਭਾਰਤ ਰਤਨ’ ਦੇਣ ਦੇ ਪਿੱਛੇ ਆਪੋ-ਆਪਣੇ ਕਾਰਣ ਹੋਣਗੇ ਅਤੇ ਜਦੋਂ ਤੁਸੀਂ ਚੋਣਾਂ ਦੇ ਸਾਲ ’ਚ ਹੋਵੋ ਤਾਂ ਇਹ ਨਜ਼ਰੀਆ ਆਉਣਾ ਸੁਭਾਵਿਕ ਹੈ। ਪ੍ਰਣਬ ਦਾ ਉਨ੍ਹੀਂ ਦਿਨੀਂ ਨਾਗਪੁਰ ਵਿਚ ਸੰਘ ਦੇ ਦਫਤਰ ਚਲੇ ਗਏ ਸਨ ਅਤੇ ਸਿਆਸੀ ਤੂਫਾਨ ਇੰਨਾ ਮਚ ਗਿਆ ਸੀ ਕਿ ਕਾਂਗਰਸ ਤੱਕ ਨੇ ਉਨ੍ਹਾਂ ਨੂੰ ‘ਭਾਰਤ ਰਤਨ’ ਦੇਣ ਦਾ ਸਵਾਗਤ ਨਹੀਂ ਕੀਤਾ। ਪਿਛਲੇ ਸਾਲ ਲੋਕ ਸਭਾ ਚੋਣਾਂ ਵਿਚ ਪੱਛਮੀ ਬੰਗਾਲ ਦੀ ਭੂਮਿਕਾ ਕਾਫੀ ਵੱਡੀ ਸੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪ੍ਰਣਬ ਪ੍ਰੇਮ ਕਾਫੀ ਚਰਚਾ ’ਚ ਰਿਹਾ।

ਖੈਰ, ਇਸ ਵਾਰ ਜਦੋਂ ਪਦਮ ਨਾਵਾਂ ਦਾ ਐਲਾਨ ਹੋਇਆ ਤਾਂ ਹਾਲਾਤ ਵੱਖਰੇ ਸਨ। ਕਿਸ ਨੇ ਸੋਚਿਆ ਸੀ ਕਿ ਫੈਜ਼ਾਬਾਦ, ਜਿਸ ਨੂੰ ਹੁਣ ਅਯੁੱਧਿਆ ਜ਼ਿਲੇ ਦਾ ਨਾਂ ਦੇ ਦਿੱਤਾ ਗਿਆ ਹੈ, ਦੇ ਮੁਹੰਮਦ ਸ਼ਾਰਿਖ ਦਾ ਟੁੱਟਾ-ਭੱਜਾ ਘਰ ਵੀ ਰਾਸ਼ਟਰਪਤੀ ਦੇ ਇਸ ਸ਼ਲਾਘਾ ਪੱਤਰ ਦਾ ਹੱਕਦਾਰ ਹੋਵੇਗਾ। 80 ਸਾਲ ਦੇ ਸ਼ਾਰਿਖ ਸਾਹਿਬ ਦੀ ਖਾਸੀਅਤ ਇਹ ਹੈ ਕਿ ਉਨ੍ਹਾਂ ਨੇ ਪਿਛਲੇ 25 ਸਾਲਾਂ ਵਿਚ ਅਜਿਹੇ 25,000 ਤੋਂ ਵੱਧ ਲੋਕਾਂ ਦਾ ਸਸਕਾਰ ਕਰਵਾਇਆ ਹੈ, ਜਿਨ੍ਹਾਂ ਦੇ ਪਰਿਵਾਰਾਂ ਜਾਂ ਆਸ-ਪਾਸ ਵਾਲਿਆਂ ਕੋਲ ਅੰਤਿਮ ਸੰਸਕਾਰ ਲਈ ਪੈਸੇ ਨਹੀਂ ਹੁੰਦੇ ਸਨ। ਲੋਕ ਬੇਸ਼ੱਕ ਮਜ਼ਾਕ ਉਡਾਉਂਦੇ ਸਨ ਪਰ ਮੁਹੰਮਦ ਸ਼ਾਰਿਖ ਖਾਮੋਸ਼ੀ ਨਾਲ ਸਮਾਜ ਦੀ ਇਸ ਅਨੋਖੀ ਸੇਵਾ ਵਿਚ ਲੱਗੇ ਰਹੇ। ਕਿਸੇ ਸਰਕਾਰ ਨੇ ਪਹਿਲੀ ਵਾਰ ਉਨ੍ਹਾਂ ਨੂੰ ਸਨਮਾਨ ਦਿੱਤਾ, ਉਹ ਵੀ ਪਦਮ ਸਨਮਾਨ। ਅਖਿਲੇਸ਼ ਯਾਦਵ ਦੀ ਸਰਕਾਰ ਨੂੰ 10 ਲੱਖ ਰੁਪਏ ਅਤੇ 50,000 ਰੁਪਏ ਮਹੀਨੇ ਦੇ ਵਜ਼ੀਫੇ ਵਾਲੀ ਯੋਜਨਾ ਵੀ ਅਜਿਹੀ ਸੀ ਕਿ ਸ਼ਾਰਿਖ ਦਾ ਨਾਂ ਨਹੀਂ ਦਿਸਿਆ। 5 ਸਾਲਾਂ ਤਕ ਉਨ੍ਹਾਂ ਨੇ ਅਤੇ ਉਨ੍ਹਾਂ ਤੋਂ ਪਹਿਲਾਂ ਉਨ੍ਹਾਂ ਦੇ ਪਿਤਾ ਜੀ ਨੇ ਅਜਿਹੇ ਪਤਾ ਨਹੀਂ ਕਿੰਨੇ ਲੋਕਾਂ ਨੂੰ ਪੁਰਸਕਾਰ ਦਿੱਤਾ, ਜਿਨ੍ਹਾਂ ਨੂੰ ਨਾ ਤਾਂ ਪੈਸੇ ਦੀ ਲੋੜ ਸੀ, ਨਾ ਸਨਮਾਨ ਦੀ। ਇਸ ਸੂਚੀ ਵਿਚ ਅਮਿਤਾਭ ਬੱਚਨ, ਜਯਾ ਭਾਦੁੜੀ ਦਾ ਪੂਰਾ ਪਰਿਵਾਰ ਰਹਿ ਚੁੱਕਾ ਹੈ ਅਤੇ ਜਾਂ ਫਿਰ ਸਮਾਜਵਾਦੀ ਦਫਤਰ ਵਿਚ ਕੰਮ ਕਰਨ ਵਾਲੇ ਲੋਕਾਂ ਸਮੇਤ ਉਹੀ ਲੋਕ ਰਹੇ, ਜਿਨ੍ਹਾਂ ਨਾਲ ਯਾਦਵ ਪਰਿਵਾਰ ਦਾ ਕੋਈ ਰਿਸ਼ਤਾ-ਨਾਤਾ ਜਾਂ ਕੰਮ ਰਿਹਾ ਹੋਵੇ।

ਪਦਮਸ਼੍ਰੀ ਦੀ ਸੂਚੀ ਵਿਚ ਲੰਗਰ ਬਾਬਾ ਦੇ ਨਾਂ ਨਾਲ ਜਾਣੇ ਜਾਂਦੇ ਚੰਡੀਗੜ੍ਹ ਦੇ ਜਗਦੀਸ਼ ਆਹੂਜਾ ਦਾ ਨਾਂ ਵੀ ਹੈ। ਉਹ ਚੰਡੀਗੜ੍ਹ ਵਿਚ ਪਿਛਲੇ 39 ਸਾਲਾਂ ਤੋਂ ਭੁੱਖੇ ਅਤੇ ਲੋੜਵੰਦ ਲੋਕਾਂ ਨੂੰ ਖਾਣਾ ਖੁਆ ਰਹੇ ਹਨ। ਪੁਰਸਕਾਰ ਮਿਲਣ ’ਤੇ ਉਨ੍ਹਾਂ ਦੀ ਪਹਿਲੀ ਪ੍ਰਤੀਕਿਰਿਆ ਇਹੀ ਸੀ ਕਿ ਹੈਂ, ਇਕ ਰੇਹੜੀ ਚਲਾਉਣ ਵਾਲੇ ਨੂੰ ਇੰਨਾ ਵੱਡਾ ਸਨਮਾਨ ਦੇ ਦਿੱਤਾ? ਇਸ ਸੂਚੀ ਵਿਚ ਜੰਮੂ ਦੇ ਜਾਵੇਦ ਅਹਿਮਦ ਟਾਕ ਦਾ ਨਾਂ ਵੀ ਹੈ, ਜਿਨ੍ਹਾਂ ਨੇ ਖ਼ੁਦ ਟ੍ਰਾਈਸਾਈਕਲ ’ਤੇ ਚੱਲਦੇ ਹੋਏ ਜੰਮੂ-ਕਸ਼ਮੀਰ ਦੇ ਦਿਵਿਆਂਗਾਂ ਦੀ ਜ਼ਿੰਦਗੀ ਵਿਚ ਬਹਾਰ ਲਿਆਉਣ ਦਾ ਕੰਮ ਕੀਤਾ। ਦਿਵਿਆਂਗਾਂ ਦੇ ਮੁੜ-ਵਸੇਬੇ ਲਈ ਦੇਸ਼ ਵਿਚ ਸਭ ਤੋਂ ਵੱਡਾ ਕੰਮ ਕਰਨ ਵਾਲੇ ਐੱਸ. ਰਾਮਕ੍ਰਿਸ਼ਣਨ, ਜੋ ਖ਼ੁਦ ਵੀ ਪੈਰਾਲਿਟਿਕ ਹਨ, ਦਾ ਨਾਂ ਵੀ ਹੈ। ਨਾਂ ਤਾਂ 63 ਸਾਲ ਦੇ ਅਬਦੁਲ ਜੱਬਾਰ ਦਾ ਵੀ ਸੀ, ਜੋ ਪਿਛਲੇ 30 ਸਾਲਾਂ ਤੋਂ ਭੋਪਾਲ ਗੈਸ ਤ੍ਰਾਸਦੀ ਤੋਂ ਪੀੜਤ ਲੋਕਾਂ ਦੇ ਇਲਾਜ ਲਈ ਸੰਘਰਸ਼ ਕਰਦੇ ਰਹੇ। ਚੰਗਾ ਉਦੋਂ ਹੋਰ ਲੱਗਾ, ਜਦੋਂ ਤੁਲਸੀ ਗੌੜਾ (72) ਨਾਂ ਦੀ ਕਰਨਾਟਕ ਦੀ ਸਮਾਜਿਕ ਕਾਰਜਕਰਤਾ, ਜਿਨ੍ਹਾਂ ਨੇ ਪੇੜ-ਪੌਦਿਆਂ ਦੇ ਨਾਲ ਔਸ਼ਧੀ ਗਿਆਨ ਨੂੰ ਜੋੜਨ ਦਾ ਵੱਡਾ ਕੰਮ ਕੀਤਾ, ਦਾ ਨਾਂ ਵੀ ਦਿਸਿਆ। ਰਾਹੀ ਬਾਈ ਸੋਮਾ ਪੋਪਰੇ, ਖੇਤੀ ਸਾਂਭ-ਸੰਭਾਲ ਲਈ ਕਾਫੀ ਮਹੱਤਵਪੂਰਨ ਭੂਮਿਕਾ, ਪੱਛਮੀ ਬੰਗਾਲ ਦੇ ਅਰੂਣੋਦਯ ਮੰਡਲ, ਸੁੰਦਰਬਨ ਵਿਚ ਗਰੀਬਾਂ ਦਾ ਇਲਾਜ ਕਰਨ ਲਈ ਪ੍ਰਸਿੱਧ ਅਤੇ ਆਸਾਮ ਦੇ ਬਰਾਕ ਖੇਤਰ ਵਿਚ ਕੈਂਸਰ ਦਾ ਇਲਾਜ ਕਰਨ ਵਾਲੇ ਮਸੀਹਾ ਡਾ. ਰਵੀ ਕਾਨਨ, ਹਿਮਾਲਿਆ ਦੀਆਂ ਵਾਦੀਆਂ ਵਿਚ ਜਾਨਵਰਾਂ ਰਾਹੀਂ ਕੱਟੇ ਗਏ ਲੋਕਾਂ ਅਤੇ ਸੜ ਕੇ ਜ਼ਖ਼ਮੀ ਹੋਣ ਵਾਲੇ ਲੋਕਾਂ ਦਾ 35 ਸਾਲਾਂ ਤੋਂ ਮੁਫਤ ਵਿਚ ਇਲਾਜ ਕਰਨ ਵਾਲੇ 81 ਸਾਲ ਦੇ ਯੋਗੀ ਏਰਨ, ਸੁੰਦਰਮ ਵਰਮਾ, ਜਿਨ੍ਹਾਂ ਨੇ ਰਾਜਸਥਾਨ ਜਿਹੇ ਸੂਬੇ ਵਿਚ 50,000 ਤੋਂ ਵੱਧ ਅਜਿਹੇ ਪੌਦੇ ਲਾਏ, ਜੋ ਦਰੱਖਤ ਬਣ ਗਏ, ਉਹ ਵੀ ਸਿਰਫ 1 ਲਿਟਰ ਪਾਣੀ ਦੀ ਵਰਤੋਂ ਦੀ ਕਲਾ ਨਾਲ, ਗਰੀਬ ਬੱਚਿਆਂ ਨੂੰ ਪੜ੍ਹਾਉਣ ਦਾ ਜਨੂੰਨ ਰੱਖਣ ਵਾਲੇ ਸਬਜ਼ੀ ਵਿਕ੍ਰੇਤਾ ਹਾਰੇਕਲਾ ਹਜੱਬਾ, ਆਰਗੈਨਿਕ ਹਲਦੀ ਬੀਜਣ ਦੀ ਕਲਾ ਸਿਖਾ ਕੇ ਤਿੰਨ ਗੁਣਾ ਕਮਾਈ ਵਧਾ ਕੇ ਔਰਤਾਂ ਦਾ ਜੀਵਨ ਪੱਧਰ ਵਧਾਉਣ ਦੀ ਕਲਾ ਸਿਖਾਉਣ ਵਾਲੀ ਤਿਰੀਨੀਤੀ ਸਾਓ, ਹਾਥੀਆਂ ਦੇ ਅਦਭੁੱਤ ਡਾਕਟਰ ਕਹੇ ਜਾਣ ਵਾਲੇ ਕੁਸ਼ਲ ਕੁੰਵਰ ਵਰਮਾ, ਮਹਾਰਾਸ਼ਟਰ ਦੇ ਸੋਕਾ ਪ੍ਰਭਾਵਿਤ ਖੇਤਰ ਨੂੰ ਹਰਿਆ-ਭਰਿਆ ਬਣਾਉਣ ਵਾਲੇ ਪੋਪਟ ਰਾਓ ਪਵਾਰ, ਫਿਰਕੂ ਸਦਭਾਵਨਾ ਨੂੰ ਬਣਾਈ ਰੱਖਣ ਵਾਲੇ ਅਤੇ ਭਜਨ ਗਾਇਕ ਰਮਜ਼ਾਨ ਖਾਨ ਉਰਫ ਮੁੰਨਾ ਮਾਸਟਰ ਦਾ ਨਾਂ ਵੱਖਰੇ ਤੌਰ ’ਤੇ ਦਿਸਿਆ। ਮੁੰਨਾ ਮਾਸਟਰ ਦੇ ਬੇਟੇ ਫਿਰੋਜ਼ ਦਾ ਨਾਂ ਕੁਝ ਲੋਕਾਂ ਨੂੰ ਯਾਦ ਹੋਵੇਗਾ, ਜਿਨ੍ਹਾਂ ਦੇ ਬਨਾਰਸ ਯੂਨੀਵਰਸਿਟੀ ਵਿਚ ਸੰਸਕ੍ਰਿਤ ਦੇ ਅਧਿਆਪਕ ਹੋਣ ਨੂੰ ਲੈ ਕੇ ਹੰਗਾਮਾ ਹੋਇਆ ਸੀ। ਇਨ੍ਹਾਂ ਸਭ ਨੂੰ ਪਦਮਸ਼੍ਰੀ ਨਾਲ ਨਿਵਾਜਣ ਦਾ ਐਲਾਨ ਕੀਤਾ ਗਿਆ ਹੈ। 108 ਹਸਤੀਆਂ ਦੀ ਇਸ ਸੂਚੀ ਵਿਚ ਅਜਿਹੇ ਨਾਂ ਵੀ ਹਨ, ਜਿਨ੍ਹਾਂ ਨੂੰ ਲੰਮੇ ਸਮੇਂ ਤੋਂ ਸਨਮਾਨ ਦੇਣ ਦੀ ਲੋੜ ਸੀ।

ਕਲਾ ਦੇ ਖੇਤਰ ਵਿਚ ਅਜਿਹੇ ਕਈ ਕਲਾਕਾਰਾਂ ਦਾ ਨਾਂ ਦਿਸਿਆ, ਜੋ ਲੰਮੇ ਸਮੇਂ ਤੋਂ ਕੰਮ ਕਰ ਰਹੇ ਸਨ। ਪਟਨਾ ਦੇ ਸ਼ਿਆਮ ਸ਼ਰਮਾ ਅਤੇ ਲੇਖਕ ਦਇਆ ਪ੍ਰਕਾਸ਼ ਸਿਨ੍ਹਾ, ਲੇਖਕ ਯੋਗੇਸ਼ ਪ੍ਰਵੀਣ ਅਜਿਹੇ ਹੀ ਨਾਂ ਹਨ। ਉਸਤਾਦ ਅਨਵਰ ਖਾਨ ਅਤੇ ਗਾਇਕ ਸੁਰੇਸ਼ ਵਾਡੇਕਰ ਨੂੰ ਇਸ ਪੁਰਸਕਾਰ ਲਈ ਲੰਮੀ ਉਡੀਕ ਕਰਨੀ ਪਈ। ਉਂਝ ਤਾਂ ਇਸ ਵਾਰ ਰੁਪਏ ਛਾਪਣ ਦੀ ਮਸ਼ੀਨ ਰੱਖਣ ਵਾਲੇ ਕਰਨ ਜੌਹਰ ਅਤੇ ਟੀ. ਵੀ. ਕੁਈਨ ਏਕਤਾ ਕਪੂਰ ਤੋਂ ਇਲਾਵਾ ਕੰਟਰੋਵਰਸੀ ਕੁਈਨ ਕੰਗਨਾ ਰਣਾਉਤ ਦਾ ਨਾਂ ਵੀ ਇਸ ਸੂਚੀ ਵਿਚ ਹੈ ਪਰ ਸਭ ਤੋਂ ਜ਼ਿਆਦਾ ਰੌਲਾ ਤਾਂ ਗਾਇਕ ਅਦਨਾਨ ਸਾਮੀ ਨੂੰ ਲੈ ਕੇ ਪਿਆ। ਅਦਨਾਨ ਸਾਮੀ ਹੁਣ ਭਾਰਤੀ ਨਾਗਰਿਕ ਹਨ ਅਤੇ ਉਨ੍ਹਾਂ ਦੀ ਨਾਗਰਿਕਤਾ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ ਸੀ। ਅਦਨਾਨ ਸਾਮੀ ਦੇ ਸਨਮਾਨ ਨੂੰ ਸੀ. ਏ. ਏ. ਅਤੇ ਐੱਨ. ਆਰ. ਸੀ. ਦੇ ਵਿਵਾਦ ਨਾਲ ਜੋੜ ਕੇ ਦਿਖਾਉਣ ਦੀਆਂ ਕੋਸ਼ਿਸ਼ਾਂ ਵਿਰੋਧੀਆਂ ਨੇ ਕੀਤੀਆਂ।

ਅੱਜ ਤੋਂ ਕੁਝ ਸਾਲ ਪਹਿਲਾਂ ਤਕ ਪਦਮ ਪੁਰਸਕਾਰਾਂ ਦੀ ਸੂਚੀ ਵਿਚ ਡਾਕਟਰਾਂ ਅਤੇ ਕਲਾਕਾਰਾਂ, ਸਿੱਖਿਆ ਸ਼ਾਸਤਰੀਆਂ ਦੇ ਨਾਵਾਂ ਦੀ ਭਰਮਾਰ ਹੁੰਦੀ ਸੀ। ਜ਼ਿਆਦਾਤਰ ਇਹ ਡਾਕਟਰ ਵੱਡੀਆਂ-ਵੱਡੀਆਂ ਸੰਸਥਾਵਾਂ ਨਾਲ ਜੁੜੇ ਹੁੰਦੇ ਸਨ। ਇਸ ਵਾਰ ਉਨ੍ਹਾਂ ਦੀ ਜਗ੍ਹਾ ਰਵਾਇਤੀ ਇਲਾਜ ਦੇ ਗਿਆਨੀਆਂ ਨੂੰ ਜ਼ਿਆਦਾ ਪਹਿਲ ਦਿੱਤੀ ਗਈ।

ਕੁਝ ਸਾਲਾਂ ਤੋਂ ਬਦਲੀ ਵਿਵਸਥਾ

ਦਰਅਸਲ, ਪਿਛਲੇ ਕੁਝ ਸਾਲਾਂ ਵਿਚ ਪਦਮ ਪੁਰਸਕਾਰ ਦੇਣ ਦੀ ਵਿਵਸਥਾ ਬਦਲ ਗਈ ਹੈ। ਉਂਝ ਮੋਦੀ ਸਰਕਾਰ ਦੇ ਪਹਿਲੇ ਪ੍ਰੋਗਰਾਮ ਵਿਚ ਹੀ ਪਾਰਦਰਸ਼ਿਤਾ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਗਈ ਸੀ। ਆਮ ਆਦਮੀਆਂ ਤੋਂ ਅਰਜ਼ੀਆਂ ਮੰਗੇ ਜਾਣ ਦੇ ਨਾਲ ਹੀ ਇਸ ਦੇ ਨਿਯਮ-ਕਾਨੂੰਨਾਂ ਨੂੰ ਜ਼ਿਆਦਾ ਸਪੱਸ਼ਟ ਕਰ ਦੇਣ ਦੀ ਸ਼ੁਰੂਆਤ ਕੀਤੀ ਗਈ ਸੀ ਪਰ ਇਸ ਨੂੰ ਮੂਰਤ ਰੂਪ ਲੈਣ ਵਿਚ 2-3 ਸਾਲ ਲੱਗ ਗਏ। ਹੁਣ ਆਮ ਆਦਮੀ ਵੀ ਆਪਣੀ ਅਰਜ਼ੀ ਭੇਜ ਸਕਦਾ ਹੈ ਅਤੇ ਇਸ ਵਾਰ ਤਾਂ 46,000 ਤੋਂ ਵੱਧ ਅਰਜ਼ੀਆਂ ਆਈਆਂ। 2014 ਤੋਂ ਪਹਿਲਾਂ ਤਕ ਆਮ ਤੌਰ ’ਤੇ 2000 ਅਰਜ਼ੀਆਂ ਹੁੰਦੀਆਂ ਸਨ, ਭਾਵ ਹੁਣ 20 ਗੁਣਾ ਜ਼ਿਆਦਾ। ਅਰਜ਼ੀ ਆਉਣ ਤੋਂ ਬਾਅਦ ਇਨ੍ਹਾਂ ਸਾਰਿਆਂ ਨੂੰ ਇਕ ਵਿਸ਼ੇਸ਼ ਕਮੇਟੀ ’ਚੋਂ ਲੰਘਣਾ ਹੁੰਦਾ ਹੈ। ਇਸ ਤੋਂ ਬਾਅਦ ਗ੍ਰਹਿ ਮੰਤਰੀ ਤੋਂ ਹੁੰਦੇ ਹੋਏ ਪ੍ਰਧਾਨ ਮੰਤਰੀ ਹੀ ਇਸ ਦੇ ਪ੍ਰਮੁੱਖ ਚੋਣਕਰਤਾ ਹੁੰਦੇ ਹਨ।

ਪਰ ਹੁਣ ਵੀ ਇਹ ਕਹਿਣਾ ਸਹੀ ਨਹੀਂ ਹੋਵੇਗਾ ਕਿ ਸਭ ਕੁਝ ਸਾਫ-ਸਾਫ ਹੈ। ਜਿਹੜੇ ਸਿਆਸਤਦਾਨਾਂ ਦੇ ਨਾਂ ਇਸ ਸੂਚੀ ਵਿਚ ਆਏ ਹਨ, ਉਸ ਨਾਲ ਵਿਵਾਦ ਹੋਣਾ ਸੁਭਾਵਿਕ ਹੈ। ਅਰੁਣ ਜੇਤਲੀ, ਸੁਸ਼ਮਾ ਸਵਰਾਜ, ਜਾਰਜ ਫਰਨਾਂਡੀਜ਼ ਨੂੰ ਪਦਮ ਵਿਭੂਸ਼ਣ ਅਤੇ ਮਨੋਹਰ ਪਾਰਿਕਰ ਨੂੰ ਪਦਮ ਭੂਸ਼ਣ ਦੇਣ ਦਾ ਐਲਾਨ ਨਿਸ਼ਚਿਤ ਤੌਰ ’ਤੇ ਸਵਾਲਾਂ ਨੂੰ ਜਨਮ ਦਿੰਦਾ ਹੈ। ਦੇਖਿਆ ਜਾਵੇ ਤਾਂ ਸ਼ੁਰੂ ਤੋਂ ਹੀ ਲੋਕ ਕਾਰਜ ਕਰਨ ਵਾਲਿਆਂ ਅਤੇ ਫਿਲਮੀ ਕਲਾਕਾਰਾਂ ਨੂੰ ਦਿੱਤੇ ਜਾਣ ਵਾਲੇ ਨਾਵਾਂ ’ਤੇ ਵਿਵਾਦ ਹੁੰਦਾ ਰਿਹਾ ਹੈ, ਭਾਵੇਂ ਉਹ ਕਾਂਗਰਸ ਦੀ ਸਰਕਾਰ ਰਹੀ ਹੋਵੇ ਜਾਂ ਫਿਰ ਭਾਜਪਾ ਦੀ। ਪਦਮ ਪੁਰਸਕਾਰਾਂ ਵਿਚ ਇਨ੍ਹਾਂ ਦਾ ਨਾਂ ਤਮਾਮ ਸਵਾਲ ਉਠਾਉਂਦਾ ਰਿਹਾ ਹੈ। ਇਸ ਵਾਰ ਵੀ ਹੈ ਪਰ ਇਸ ਵਾਰ ਲੋਕਾਂ ਨੂੰ ਇਹ ਸੂਚੀ ਸੋਚਣ ’ਤੇ ਮਜਬੂਰ ਕਰੇਗੀ ਕਿ ਨਰਿੰਦਰ ਮੋਦੀ ਦੀ ਸਰਕਾਰ ਨੇ ਕਾਂਗਰਸ ਦੇ ਉੱਤਰ-ਪੂਰਬ ਦੇ ਵੱਡੇ ਨੇਤਾ ਅਤੇ ਨਾਗਾਲੈਂਡ ਦੇ ਸਾਬਕਾ ਮੁੱਖ ਮੰਤਰੀ ਐੱਸ. ਸੀ. ਜਮੀਰ ਦਾ ਨਾਂ ਕਿਉਂ ਪਦਮ ਭੂਸ਼ਣ ਦੀ ਸੂਚੀ ਵਿਚ ਸ਼ਾਮਿਲ ਕੀਤਾ ਜਾਂ ਜੰਮੂ-ਕਸ਼ਮੀਰ ਵਿਚ ਮਹਿਬੂਬਾ ਮੁਫਤੀ ਦੀ ਪਾਰਟੀ ਦੇ ਮੁਜ਼ੱਫਰ ਹੁਸੈਨ ਬੇਗ ਦਾ ਨਾਂ ਕਿਉਂ ਪਾ ਦਿੱਤਾ? ਵਿਰੋਧੀਆਂ ਨੂੰ ਸਨਮਾਨ ਦੇਣ ਦੀ ਰਣਨੀਤੀ ਹੁਣ ਤਕ ਘੱਟ ਹੀ ਦੇਖੀ ਗਈ ਹੈ। ਪਿਛਲੇ ਸਾਲ ਸ਼ਰਦ ਪਵਾਰ ਵੀ ਪਦਮ ਵਿਭੂਸ਼ਣ ਨਾਲ ਸਨਮਾਨਿਤ ਹੋ ਚੁੱਕੇ ਹਨ। ਇਸ ਵਾਰ ਤਾਂ ਉੱਤਰ-ਪੂਰਬ ਤੋਂ 13 ਹਸਤੀਆਂ ਨੂੰ ਸ਼ਾਮਿਲ ਕਰਨਾ ਅਤੇ ਲੱਗਭਗ ਹਰ ਖੇਤਰ ’ਚੋਂ ਮੁਸਲਮਾਨਾਂ ਨੂੰ ਰੱਖਣਾ ਕਾਫੀ ਮਹੱਤਵਪੂਰਨ ਹੈ ਅਤੇ ਇਹ ਰਣਨੀਤਕ ਵੀ ਦਿਸਦਾ ਹੈ। ਇਸੇ ਤਰ੍ਹਾਂ ਬੰਗਲਾਦੇਸ਼ ਦੇ ਿਡਪਲੋਮੇਟ ਸੱਯਦ ਮੁਆਜ਼ਿਮ ਅਲੀ ਅਤੇ ਪੁਰਾਤੱਤਵ ਵਿਗਿਆਨੀ ਇਨਾਮੁਲ ਹਸਨ ਦੇ ਨਾਂ ਵੀ ਕੁਝ ਇਸ਼ਾਰਾ ਕਰਦੇ ਹਨ, ਖਾਸ ਤੌਰ ’ਤੇ ਬੰਗਲਾਦੇਸ਼ ਤੋਂ ਐੱਨ. ਆਰ. ਸੀ. ਵਿਵਾਦ ਨੂੰ ਦੇਖਦੇ ਹੋਏ।


Bharat Thapa

Content Editor

Related News