ਉਪ-ਰਾਸ਼ਟਰਪਤੀ ਖ਼ਿਲਾਫ਼ ਬੇਭਰੋਸਗੀ ਮਤਾ ਚਿੰਤਾਜਨਕ

Tuesday, Dec 17, 2024 - 10:21 PM (IST)

ਵਿਰੋਧੀ ਧਿਰ ਵੱਲੋਂ ਉਪ-ਰਾਸ਼ਟਰਪਤੀ ਜਗਦੀਪ ਧਨਖੜ ਵਿਰੁੱਧ ਬੇਭਰੋਸਗੀ ਮਤੇ ਦਾ ਨੋਟਿਸ ਆਜ਼ਾਦ ਭਾਰਤ ਦੇ ਇਤਿਹਾਸ ਵਿਚ ਇਕ ਬੇਮਿਸਾਲ ਅਤੇ ਅਸਾਧਾਰਨ ਘਟਨਾ ਹੈ। ਸੰਵਿਧਾਨ ਦੀ ਧਾਰਾ 67 ਦੇ ਅਨੁਸਾਰ, ਜੇਕਰ ਇਹ ਰਾਜ ਸਭਾ ਵਿਚ ਸਾਧਾਰਨ ਬਹੁਮਤ ਨਾਲ ਪਾਸ ਹੋ ਜਾਂਦਾ ਹੈ ਅਤੇ ਲੋਕ ਸਭਾ ਬਹੁਮਤ ਨਾਲ ਇਸਦੀ ਸਹਿਮਤੀ ਦਿੰਦੀ ਹੈ ਤਾਂ ਉਪ-ਰਾਸ਼ਟਰਪਤੀ ਨੂੰ ਹਟਾਇਆ ਜਾ ਸਕਦਾ ਹੈ।

ਕਾਂਗਰਸ ਦੇ ਮੁੱਖ ਵ੍ਹਿਪ ਜੈਰਾਮ ਰਮੇਸ਼ ਅਤੇ ਪਾਰਟੀ ਦੇ ਸੰਸਦ ਮੈਂਬਰ ਨਾਸਿਰ ਹੁਸੈਨ ਨੇ 60 ਮੈਂਬਰੀ ਬੇਭਰੋਸਗੀ ਮਤੇ ਦਾ ਨੋਟਿਸ ਰਾਜ ਸਭਾ ਦੇ ਜਨਰਲ ਸਕੱਤਰ ਪੀ.ਸੀ. ਮੋਦੀ ਨੂੰ ਸੌਂਪਿਆ ਹੈ।

ਹਾਲਾਂਕਿ ਅਡਾਣੀ ਅਤੇ ਹੋਰ ਮੁੱਦਿਆਂ ’ਤੇ ‘ਇੰਡੀਆ’ ਦੀਆਂ ਸਹਿਯੋਗੀਆਂ ਪਾਰਟੀਆਂ ’ਚ ਮਤਭੇਦ ਹੋ ਸਕਦੇ ਹਨ ਪਰ ਇਸ ਨੋਟਿਸ ’ਤੇ ਕਾਂਗਰਸ ਦੇ ਨਾਲ-ਨਾਲ ਲਗਭਗ ਸਾਰੀਆਂ ਵਿਰੋਧੀ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਦਸਤਖਤ ਕੀਤੇ ਹਨ। ਹਾਲਾਂਕਿ ਸੰਸਦ ਦਾ ਸੈਸ਼ਨ 20 ਦਸੰਬਰ ਨੂੰ ਖਤਮ ਹੋਣਾ ਹੈ ਅਤੇ ਸਦਨ ’ਚ ਬੇਭਰੋਸਗੀ ਮਤਾ ਲਿਆਉਣ ਲਈ 14 ਦਿਨਾਂ ਦੇ ਨੋਟਿਸ ਦੀ ਲੋੜ ਹੁੰਦੀ ਹੈ। ਇਸ ਤਰ੍ਹਾਂ ਮੌਜੂਦਾ ਸੈਸ਼ਨ ਵਿਚ ਬੇਭਰੋਸਗੀ ਮਤਾ ਆਉਣ ਦੀ ਸੰਭਾਵਨਾ ਘੱਟ ਹੈ। ਉਂਝ ਵੀ, ਭਾਜਪਾ ਦੀ ਅਗਵਾਈ ਵਾਲੀ ਐੱਨ. ਡੀ. ਏ. ਦੇ ਰਾਜ ਸਭਾ ਵਿਚ 126 ਸੰਸਦ ਮੈਂਬਰ ਹਨ, ਜਦੋਂ ਕਿ ਵਿਰੋਧੀ ਧਿਰ ਦੇ 103 ਦੇ ਕਰੀਬ ਹਨ, ਜਿਸ ਨੂੰ ਦੇਖਦੇ ਹੋਏ ਪ੍ਰਸਤਾਵ ਨੂੰ ਪਾਸ ਕਰਨਾ ਮੁਸ਼ਕਲ ਹੈ।

ਪਾਸ ਨਾ ਹੋਣਾ ਮਹੱਤਵਪੂਰਨ ਨਹੀਂ ਹੈ। ਮਹੱਤਵਪੂਰਨ ਇਹ ਹੈ ਕਿ ਉਪ-ਰਾਸ਼ਟਰਪਤੀ ਜਗਦੀਪ ਧਨਖੜ ਪ੍ਰਤੀ ਸਮੁੱਚੀ ਵਿਰੋਧੀ ਧਿਰ ਦੀ ਡੂੰਘੀ ਬੇਭਰੋਸਗੀ । ਨੋਟਿਸ ’ਚ ਕਈ ਕਾਰਨ ਦੱਸੇ ਗਏ ਹਨ। ਜੈਰਾਮ ਰਮੇਸ਼ ਨੇ ਕਿਹਾ ਕਿ ਇਸ ਸਥਿਤੀ ਤੱਕ ਪਹੁੰਚਣਾ ਦੁਖਦਾਈ ਸੀ ਪਰ ਧਨਖੜ ਨੇ ਪੱਖਪਾਤੀ ਢੰਗ ਨਾਲ ਸਦਨ ਨੂੰ ਚਲਾਇਆ ਹੈ। ਕਾਂਗਰਸ ਪ੍ਰਧਾਨ ਅਤੇ ਰਾਜ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਉਨ੍ਹਾਂ ਨੂੰ ਚੇਅਰਮੈਨ ਵਿਰੁੱਧ ਬੇਭਰੋਸਗੀ ਮਤਾ ਲਿਆਉਣ ਲਈ ਮਜਬੂਰ ਹੋਣਾ ਪਿਆ ਕਿਉਂਕਿ ਉਨ੍ਹਾਂ ਦਾ ਵਿਵਹਾਰ ਅਹੁਦੇ ਦੀ ਮਰਿਆਦਾ ਦੇ ਉਲਟ ਰਿਹਾ ਹੈ।

ਉਹ ਵਿਰੋਧੀ ਧਿਰ ਨੂੰ ਆਪਣੇ ਵਿਰੋਧੀਆਂ ਵਜੋਂ ਦੇਖਦੇ ਹਨ, ਆਪਣੇ ਆਪ ਨੂੰ ਸੰਘ ਦਾ ਏਕਲੱਵਯ ਅਤੇ ਸਕੂਲ ਦਾ ਹੈੱਡਮਾਸਟਰ ਦੱਸਦੇ ਹਨ ਅਤੇ ਸਰਕਾਰ ਦੇ ਬੁਲਾਰੇ ਵਜੋਂ ਕੰਮ ਕਰਦੇ ਹਨ। ਸ਼ਿਵ ਸੈਨਾ ਊਧਵ ਠਾਕਰੇ ਦੇ ਸੰਜੇ ਰਾਉਤ ਨੇ ਤਾਂ ਇੱਥੋਂ ਤੱਕ ਕਿਹਾ ਕਿ ਸਦਨ ਸ਼ੁਰੂ ਹੋਣ ਤੋਂ 40 ਮਿੰਟ ਪਹਿਲਾਂ ਚੇਅਰਮੈਨ ਖੁਦ ਭਾਸ਼ਣ ਦਿੰਦੇ ਹਨ ਅਤੇ ਉਸ ਤੋਂ ਬਾਅਦ ਹੰਗਾਮਾ ਕਰਨ ਲਈ ਕਹਿੰਦੇ ਹਨ।

ਅਜਿਹਾ ਲੱਗਦਾ ਹੈ ਕਿ ਉਹ ਸਦਨ ਨਹੀਂ ਸਰਕਸ ਚਲਾਉਂਦੇ ਹਨ। ਜਦੋਂ ਧਨਖੜ ਨੇ ਕਿਹਾ ਕਿ ਮੈਂ ਕਿਸਾਨ ਦਾ ਬੇਟਾ ਹਾਂ ਅਤੇ ਡਰਾਂਗਾ ਨਹੀਂ ਤਾਂ ਖੜਗੇ ਨੇ ਕਰਾਰਾ ਜਵਾਬ ਦਿੰਦਿਆਂ ਕਿਹਾ ਕਿ ਮੈਂ ਵੀ ਕਿਸਾਨ-ਮਜ਼ਦੂਰ ਦਾ ਬੇਟਾ ਹਾਂ, ਤੁਸੀਂ ਸਾਡਾ ਸਨਮਾਨ ਨਹੀਂ ਕਰਦੇ ਤਾਂ ਅਸੀਂ ਤੁਹਾਡਾ ਕਿਉਂ ਕਰੀਏ? ਜਦੋਂ ਉਪ-ਰਾਸ਼ਟਰਪਤੀ ਨੇ ਉਨ੍ਹਾਂ ਨੂੰ ਆਪਣੇ ਕਮਰੇ ’ਚ ਬੁਲਾਇਆ ਤਾਂ ਉਨ੍ਹਾਂ ਦਾ ਜਵਾਬ ਸੀ ਕਿ ਤੁਹਾਡੇ ਕਮਰੇ ’ਚ ਕਿਉਂ ਜਾਈਏ, ਉਥੇ ਬੁਲਾ ਕੇ ਤੁਸੀਂ ਲੋਕਾਂ ਦਾ ਨਿਰਾਦਰ ਕਰਦੇ ਹੋ।

ਅਜਿਹੀਆਂ ਭਾਵਨਾਵਾਂ ਕਾਰਨ ਇਹ ਕਲਪਨਾ ਕਰਨ ਤੋਂ ਵੀ ਡਰ ਲੱਗਦਾ ਹੈ ਕਿ ਬੇਭਰੋਸਗੀ ਮਤਾ ਖਾਰਜ ਹੋਣ ਤੋਂ ਬਾਅਦ ਵੀ ਵਿਰੋਧੀ ਧਿਰ ਦਾ ਸਦਨ ​​ਵਿਚ ਉਪ-ਰਾਸ਼ਟਰਪਤੀ ਨਾਲ ਕਿਹੋ ਜਿਹਾ ਰਿਸ਼ਤਾ ਹੋਵੇਗਾ। ਸਰਕਾਰ ਅਤੇ ਵਿਰੋਧੀ ਧਿਰ ਦਾ ਟਕਰਾਅ ਸਮਝ ਵਿਚ ਆਉਂਦਾ ਹੈ। ਜੇਕਰ ਇਹ ਟਕਰਾਅ ਸਦਨ ਦੇ ਸਪੀਕਰ ਅਤੇ ਉਪ-ਰਾਸ਼ਟਰਪਤੀ ਤੱਕ ਪਹੁੰਚਦਾ ਹੈ ਤਾਂ ਇਹ ਮੰਨ ਲੈਣਾ ਚਾਹੀਦਾ ਹੈ ਕਿ ਸਾਡਾ ਲੋਕਤੰਤਰ ਕਈ ਬੀਮਾਰੀਆਂ ਨਾਲ ਗ੍ਰਸਤ ਹੋ ਚੁੱਕਾ ਹੈ। ਉਪ-ਰਾਸ਼ਟਰਪਤੀ ਵੀ ਇਕ ਇਨਸਾਨ ਹੈ। ਮਨੁੱਖੀ ਆਚਰਣ ਬਾਰੇ ਮਤਭੇਦ ਅਤੇ ਅਸਹਿਮਤੀ ਹੋ ਸਕਦੀ ਹੈ। ਵਿਰੋਧੀ ਧਿਰ ਸਿਰਫ ਜਗਦੀਪ ਧਨਖੜ ਹੀ ਨਹੀਂ ਸਗੋਂ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਨਜ਼ਰਅੰਦਾਜ਼ ਕਰਨ ਅਤੇ ਸਰਕਾਰ ਪ੍ਰਤੀ ਪੱਖਪਾਤੀ ਹੋਣ ਦਾ ਦੋਸ਼ ਲਗਾ ਰਹੀ ਹੈ।

ਅਜਿਹੀ ਸਥਿਤੀ ਕਦੇ ਨਹੀਂ ਦੇਖੀ ਗਈ। ਜਦੋਂ ਤੋਂ ਜਗਦੀਪ ਧਨਖੜ ਇਸ ਸੀਟ ’ਤੇ ਬਿਰਾਜਮਾਨ ਹੋਏ ਹਨ, ਉਦੋਂ ਤੋਂ ਹੀ ਵਿਰੋਧੀ ਧਿਰ ਨਾਲ ਉਨ੍ਹਾਂ ਦਾ ਟਕਰਾਅ ਕਈ ਰੂਪਾਂ 'ਚ ਸਾਹਮਣੇ ਆਉਂਦਾ ਰਿਹਾ ਹੈ। ਵਿਰੋਧੀ ਧਿਰ ਦਾ ਦੋਸ਼ ਹੈ ਕਿ ਉਹ ਜਾਣਬੁੱਝ ਕੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੂੰ ਲਗਾਤਾਰ ਟੋਕਦੇ ਹਨ, ਉਨ੍ਹਾਂ ਦਾ ਨਿਰਾਦਰ ਕਰਦੇ ਹਨ, ਉਨ੍ਹਾਂ ਦੇ ਭਾਸ਼ਣਾਂ ਵਿਚ ਵਿਘਨ ਪਾਉਂਦੇ ਹਨ, ਉਨ੍ਹਾਂ ਨੂੰ ਕਟਹਿਰੇ ਵਿਚ ਖੜ੍ਹਾ ਕਰਦੇ ਹਨ ਜਿਵੇਂ ਕਿ ਉਹ ਚੇਅਰਮੈਨ ਨਹੀਂ, ਸਰਕਾਰੀ ਧਿਰ ਹੋਣ ਆਦਿ।

ਮਾਨਸੂਨ ਸੈਸ਼ਨ ਵਿਚ ਹੀ ਬੇਭਰੋਸਗੀ ਮਤਾ ਲਿਆਉਣ ਦਾ ਐਲਾਨ ਹੋ ਗਿਆ ਸੀ। ਖ਼ਬਰ ਸੀ ਕਿ 60 ਤੋਂ 65 ਸੰਸਦ ਮੈਂਬਰਾਂ ਨੇ ਵੀ ਦਸਤਖ਼ਤ ਕਰ ਦਿੱਤੇ ਹਨ। ਫੌਰੀ ਵਿਵਾਦ ਜਯਾ ਬੱਚਨ ਨਾਲ ਸਬੰਧਤ ਸੀ। ਜਯਾ ਬੱਚਨ ਨੂੰ ਜਯਾ ਅਮਿਤਾਭ ਬੱਚਨ ਕਹੇ ਜਾਣ ’ਤੇ ਇਤਰਾਜ਼ ਸੀ। ਜਦੋਂ ਰਾਜ ਸਭਾ ਦੇ ਡਿਪਟੀ ਚੇਅਰਮੈਨ ਹਰੀਵੰਸ਼ ਨੇ ਜਯਾ ਅਮਿਤਾਭ ਬੱਚਨ ਕਹਿੰਦਿਆਂ ਸੰਬੋਧਨ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ ਕੀ ਮੇਰੇ ਨਾਂ ਦੇ ਨਾਲ ਪਤੀ ਦਾ ਨਾਂ ਬੋਲਣਾ ਜ਼ਰੂਰੀ ਹੈ? ਹਰੀਵੰਸ਼ ਨੇ ਕਿਹਾ ਕਿ ਜਯਾ ਜੀ, ਰਿਕਾਰਡ ’ਚ ਤੁਹਾਡਾ ਇਹੀ ਨਾਂ ਲਿਖਿਆ ਹੋਇਆ ਹੈ।

ਜਗਦੀਪ ਧਨਖੜ ਨੇ ਇਹੀ ਨਾਂ ਬੋਲਿਆ। ਫਿਰ ਜਯਾ ਬੱਚਨ ਨੇ ਇਸ ਦਾ ਜਵਾਬ ਦਿੱਤਾ। ਉਨ੍ਹਾਂ ਨੂੰ ਇਹੀ ਜਵਾਬ ਮਿਲਿਆ। ਜਯਾ ਬੱਚਨ ਨੇ ਕਿਹਾ ਕਿ ਮੁਆਫ ਕਰਨਾ ਸਰ ਪਰ ਤੁਹਾਡਾ ਲਹਿਜ਼ਾ ਠੀਕ ਨਹੀਂ ਸੀ ਤਾਂ ਧਨਖੜ ਨੇ ਉਨ੍ਹਾਂ ਨੂੰ ਰੋਕਿਆ ਅਤੇ ਕਿਹਾ ਕਿ ਜਯਾ ਜੀ, ਤੁਸੀਂ ਅਦਾਕਾਰਾ ਰਹਿ ਚੁੱਕੇ ਹੋ। ਤੁਸੀਂ ਬਹੁਤ ਨਾਮਣਾ ਖੱਟਿਆ ਹੈ ਪਰ ਇਕ ਐਕਟਿੰਗ ਕਲਾਕਾਰ ਨੂੰ ਹਮੇਸ਼ਾ ਇਕ ਨਿਰਦੇਸ਼ਕ ਦੀ ਲੋੜ ਪੈਂਦੀ ਹੈ।

ਉਹ ਨਿਰਦੇਸ਼ਕ ਦੇ ਨਿਰਦੇਸ਼ਾਂ ਅਨੁਸਾਰ ਆਪਣੀ ਭੂਮਿਕਾ ਨਿਭਾਉਂਦਾ ਹੈ।

ਜਯਾ ਬੱਚਨ ਨੇ ਬਾਹਰ ਆ ਕੇ ਕਈ ਮਹਿਲਾ ਸੰਸਦ ਮੈਂਬਰਾਂ ਦੇ ਨਾਲ ਕਿਹਾ ਕਿ ਚੇਅਰਮੈਨ ਹਮੇਸ਼ਾ ਨਿਰਾਦਰ ਕਰਦੇ ਹਨ। ਔਰਤਾਂ ਪ੍ਰਤੀ ਉਨ੍ਹਾਂ ਦੇ ਵਤੀਰੇ ਨੂੰ ਕਟਹਿਰੇ ਵਿਚ ਖੜ੍ਹਾ ਕਰ ਦਿੱਤਾ ਗਿਆ। ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਉਹ ਇਸ ਮੁੱਦੇ ਨੂੰ ਕਿੱਥੋਂ ਤੱਕ ਲੈ ਕੇ ਜਾਣਗੇ ਤਾਂ ਉਨ੍ਹਾਂ ਕਿਹਾ ਕਿ ਅਸੀਂ ਉਨ੍ਹਾਂ ਤੋਂ ਬਿਨਾਂ ਸ਼ਰਤ ਮੁਆਫੀ ਮੰਗਵਾਉਣੀ ਚਾਹੁੰਦੇ ਹਾਂ।

ਅਜਿਹਾ ਕਦੇ ਨਹੀਂ ਹੋਇਆ ਜਦੋਂ ਚੇਅਰਮੈਨ ਜਾਂ ਲੋਕ ਸਭਾ ਦੇ ਸਪੀਕਰ ਨੂੰ ਮੁਆਫੀ ਮੰਗਣ ਲਈ ਕਿਹਾ ਗਿਆ ਹੋਵੇ। ਉਨ੍ਹਾਂ ਦੇ ਪਿੱਛੇ ਕਾਂਗਰਸ ਸੰਸਦੀ ਦਲ ਦੀ ਪ੍ਰਧਾਨ ਸੋਨੀਆ ਗਾਂਧੀ ਵੀ ਖੜ੍ਹੇ ਸਨ। ਜਯਾ ਬੱਚਨ ਨਾਲ ਜਦੋਂ ਚੇਅਰਮੈਨ ਦੀ ਗੱਲਬਾਤ ਚੱਲ ਰਹੀ ਸੀ ਤਾਂ ਕਾਂਗਰਸ ਪ੍ਰਧਾਨ ਅਤੇ ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਨੇ ਵੀ ਟਿੱਪਣੀ ਕੀਤੀ। ਟੋਕਦੇ ਹੋਏ ਧਨਖੜ ਨੇ ਕਿਹਾ ਕਿ ਖੜਗੇ ਜੀ, ਕਿਰਪਾ ਕਰ ਕੇ ਮੈਨੂੰ ਮੁਆਫ ਕਰੋ, ਮੈਂ ਉਸ ਰਾਜਨੀਤੀ ਦਾ ਹਿੱਸਾ ਨਹੀਂ ਬਣ ਸਕਦਾ ਜੋ ਤੁਸੀਂ ਦੇਸ਼ ਨੂੰ ਅਸਥਿਰ ਕਰਨ ਲਈ ਕਰ ਰਹੇ ਹੋ। ਇਹ ਲਾਈਨ ਵਿਰੋਧੀ ਧਿਰ ਨੂੰ ਚੰਗੀ ਨਹੀਂ ਲੱਗੀ ਹੋਵੇਗੀ।

ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਵੇਲੇ ਸ਼ਿਵ ਸੈਨਾ ਦੇ ਮਨੋਹਰ ਜੋਸ਼ੀ ਸਪੀਕਰ ਸਨ ਅਤੇ ਭੈਰੋਂ ਸਿੰਘ ਸ਼ੇਖਾਵਤ ਉਪ-ਰਾਸ਼ਟਰਪਤੀ ਸਨ। ਰਾਜ ਸਭਾ ਵਿਚ ਐੱਨ. ਡੀ. ਏ. ਦੀ ਗਿਣਤੀ ਘੱਟ ਸੀ ਅਤੇ ਵਿਰੋਧੀ ਧਿਰ ਅਤੇ ਸਰਕਾਰ ਵਿਚ ਜ਼ਬਰਦਸਤ ਟਕਰਾਅ ਸੀ। ਇਸ ਦੇ ਬਾਵਜੂਦ ਦੋਵਾਂ ਨੇ ਸਦਨਾਂ ਨੂੰ ਇਸ ਤਰ੍ਹਾਂ ਸੰਭਾਲਿਆ ਕਿ ਸਾਰੀਆਂ ਧਿਰਾਂ ਨੇ ਉਨ੍ਹਾਂ ਦੀ ਤਾਰੀਫ ਕੀਤੀ। ਜਦੋਂ ਪਾੜਾ ਵਧ ਗਿਆ ਹੋਵੇ ਤਾਂ ਅਸੀਂ ਸੰਜਮ ਅਤੇ ਸਹਿਣਸ਼ੀਲ ਵਤੀਰਿਆਂ ਦੀ ਉਮੀਦ ਨਹੀਂ ਕਰ ਸਕਦੇ।

ਅਵਧੇਸ਼ ਕੁਮਾਰ
 


Rakesh

Content Editor

Related News