ਨਿਊਡ ਵੀਡੀਓ ਕਾਲ ਕਰ ਕੇ ਬਲੈਕਮੇਲ ਕਰਨ ਵਾਲੀਆਂ ਰੂਪਮਤੀਆਂ ਤੋਂ ਸਾਵਧਾਨ
Tuesday, Sep 24, 2024 - 04:27 AM (IST)

ਬਦਲਦੇ ਸਮੇਂ ਨਾਲ ਠੱਗੀ ਦੇ ਤਰੀਕੇ ਵੀ ਬਦਲ ਗਏ ਹਨ। ਜਦ ਤੋਂ ਇੰਟਰਨੈੱਟ ਦਾ ਯੁੱਗ ਸ਼ੁਰੂ ਹੋਇਆ ਹੈ, ਤਦ ਤੋਂ ਸੋਸ਼ਲ ਮੀਡੀਆ ’ਤੇ ਮਿਲਦੇ ਵੱਖ-ਵੱਖ ਐਪਸ ਰਾਹੀਂ ਠੱਗੀਆਂ ਹੋਣ ਲੱਗੀਆਂ ਹਨ, ਜਿਨ੍ਹਾਂ ਨੂੰ ‘ਸਾਈਬਰ ਕ੍ਰਾਈਮ’ ਵੀ ਕਹਿੰਦੇ ਹਨ।
ਅੱਜਕੱਲ੍ਹ ਅਜਿਹੇ ਗਿਰੋਹਾਂ ’ਚ ਸ਼ਾਮਲ ਬਲੈਕਮੇਲਰ ਰੂਪਮਤੀਆਂ ਹਰ ਉਮਰ ਦੇ ਲੋਕਾਂ ਨੂੰ ਨਿਊਡ ਕਾਲ ਕਰ ਕੇ ਫਸਾਉਣ ’ਚ ਲੱਗੀਆਂ ਹੋਈਆਂ ਹਨ। ਜਿਵੇਂ ਹੀ ਕੋਈ ਵਿਅਕਤੀ ਇਸ ਤਰ੍ਹਾਂ ਦੀ ਆਈ ਹੋਈ ਕਾਲ ਉਠਾਉਂਦਾ ਹੈ ਤਾਂ ਅਚਾਨਕ ਉਹ ਨਗਨ ਰੂਪਮਤੀ ਮੋਬਾਈਲ ਦੀ ਸਕ੍ਰੀਨ ’ਤੇ ਆ ਕੇ ਉਸ ਨਾਲ ਗੱਲ ਕਰਨ ਲੱਗਦੀ ਹੈ।
ਇਸ ਤੋਂ ਪਹਿਲਾਂ ਕਿ ਉਹ ਮਾਜਰਾ ਸਮਝ ਸਕੇ ਸਾਈਬਰ ਅਪਰਾਧੀ ਰੂਪਮਤੀ ਸਕ੍ਰੀਨ ਰਿਕਾਰਡਰ ਐਪਲੀਕੇਸ਼ਨ ਰਾਹੀਂ ਚੈਟ ਰਿਕਾਰਡ ਕਰ ਕੇ ਉਸ ਵਿਅਕਤੀ ਦੇ ਨੰਬਰ ’ਤੇ ਧਮਕੀ ਭਰੇ ਸੰਦੇਸ਼ ਨਾਲ ਪੈਸੇ ਦੀ ਮੰਗ ਕਰਨ ਲੱਗਦੀ ਹੈ। ਇਸ ਕਾਰਨ ਕਈ ਵਾਰ ਲੋਕਾਂ ਨੂੰ ਆਰਥਿਕ ਨੁਕਸਾਨ ਦੇ ਨਾਲ-ਨਾਲ ਆਪਣੀ ਜਾਨ ਤੱਕ ਦੇਣੀ ਪੈ ਜਾਂਦੀ ਹੈ।
ਅਜਿਹਾ ਹੀ ਇਕ ਮਾਮਲਾ ਇਸੇ ਸਾਲ 18 ਸਤੰਬਰ ਨੂੰ ਸੂਰਤ ’ਚ ਸਾਹਮਣੇ ਆਇਆ, ਜਿੱਥੇ ਸੋਸ਼ਲ ਮੀਡੀਆ ਰਾਹੀਂ ਇਕ 23 ਸਾਲਾ ਨੌਜਵਾਨ ਨੂੰ ਨਿਊਡ ਵੀਡੀਓ ਕਾਲ ਦੇ ਜਾਲ ’ਚ ਫਸਾ ਕੇ ਬਲੈਕਮੇਲ ਕੀਤਾ ਗਿਆ, ਜਿਸ ਤੋਂ ਤੰਗ ਆ ਕੇ ਉਸ ਨੇ ਆਤਮ-ਹੱਤਿਆ ਕਰ ਲਈ।
ਪੰਜਾਬ ’ਚ ਲੁਧਿਆਣਾ ਜ਼ਿਲੇ ਦੇ ਮੁੱਲਾਂਪੁਰ ਦਾਖਾ ’ਚ ਅਜਿਹੀ ਹੀ ਇਕ ਰੂਪਮਤੀ ਵੱਲੋਂ 22 ਸਤੰਬਰ ਨੂੰ ਇਕ ਬਜ਼ੁਰਗ ਨੂੰ ਵੀਡੀਓ ਕਾਲ ਲਾਈ ਗਈ। ਕਾਲ ਲੱਗਦਿਆਂ ਹੀ ਉਹ ਆਪਣੇ ਸਾਰੇ ਕੱਪੜੇ ਉਤਾਰ ਕੇ ਨਗਨ ਹੋ ਗਈ ਅਤੇ ਬੋਲੀ ਕਿ ਤੁਸੀਂ ਵੀ ਮੇਰੀ ਤਰ੍ਹਾਂ ਬਾਥਰੂਮ ’ਚ ਜਾ ਕੇ ਨਗਨ ਹੋ ਜਾਓ।
ਇਹ ਰੂਪਮਤੀਆਂ ਮਰਦਾਂ ਨੂੰ ਫੁਸਲਾ ਕੇ ਪਹਿਲਾਂ ਉਨ੍ਹਾਂ ਨੂੰ ਕਾਮ ਵਾਸਨਾ ਲਈ ਉਕਸਾਉਂਦੀਆਂ ਹਨ, ਜੇ ਆਦਮੀ ਵੀ ਨਿਊਡ ਹੋ ਜਾਂਦਾ ਹੈ, ਭਾਵ ਉਨ੍ਹਾਂ ਦੇ ਜਾਲ ’ਚ ਫਸ ਜਾਂਦਾ ਹੈ ਤਾਂ ਫਿਰ ਇਹ ਰੂਪਮਤੀ ਅਜਿਹੇ ਵਿਅਕਤੀ ਨੂੰ ਉਸ ਦੀ ਨਿਊਡ ਫੋਟੋ ਰਾਹੀਂ ਬਲੈਕਮੇਲ ਕਰਦੀ ਹੈ ਅਤੇ ਕਹਿੰਦੀ ਹੈ ਕਿ ਸਾਡੇ ਖਾਤੇ ’ਚ ਇੰਨੀ ਰਕਮ ਪਾ ਦਿਓ, ਨਹੀਂ ਤਾਂ ਇਹ ਫੋਟੋ ਤੇਰੇ ਰਿਸ਼ਤੇਦਾਰਾਂ ਨੂੰ ਭੇਜ ਦਿੱਤੀ ਜਾਵੇਗੀ ਜਾਂ ਨੈੱਟ ’ਤੇ ਵਾਇਰਲ ਕਰ ਦਿੱਤੀ ਜਾਵੇਗੀ।
ਸਮਾਜ ’ਚ ਬਦਨਾਮੀ ਦੇ ਡਰ ਨਾਲ ਕਈ ਵਾਰ ਅਜਿਹੀ ਨਿਊਡ ਚੈਟਿੰਗ ਦੇ ਸ਼ਿਕਾਰ ਹੋਏ ਲੋਕ ਪੁਲਸ ਕੋਲ ਸ਼ਿਕਾਇਤ ਵੀ ਨਹੀਂ ਕਰਦੇ ਅਤੇ ਚੁੱਪਚਾਪ ਆਪਣੀ ਇੱਜ਼ਤ ਦੇ ਖਾਤਰ ਅਜਿਹੇ ਲੋਕਾਂ ਦੀ ਮੰਗ ਪੂਰੀ ਕਰ ਦਿੰਦੇ ਹਨ। ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਧਿਆਨ ’ਚ ਰੱਖਦਿਆਂ ਅਜਿਹੀਆਂ ਕਾਲਾਂ ਤੋਂ ਬਚਿਆ ਜਾਵੇ।
-ਵਿਜੇ ਕੁਮਾਰ