PM ਮੋਦੀ ਵਾਂਗ ਏਅਰਬੇਸ ਨਹੀਂ ਜਾ ਸਕਦੇ ਸ਼ਾਹਬਾਜ਼
Monday, May 19, 2025 - 04:23 PM (IST)

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਆਦਮਪੁਰ ਏਅਰਬੇਸ ਗਏ, ਜੋ ਕਿ ਹਵਾਈ ਸੈਨਾ ਦਾ ਅੱਡਾ ਹੈ, ਜਿੱਥੋਂ ਉਨ੍ਹਾਂ ਦੇ ਪ੍ਰੋਗਰਾਮ ਨੂੰ ਪੂਰੀ ਦੁਨੀਆ ਨੇ ਦੇਖਿਆ। ਰੱਖਿਆ ਮੰਤਰੀ ਰਾਜਨਾਥ ਸਿੰਘ ਕੁਝ ਏਅਰਬੇਸਾਂ ਦਾ ਦੌਰਾ ਕਰ ਰਹੇ ਹਨ। ਪਾਕਿਸਤਾਨ ਨੇ ਇਹ ਝੂਠ ਫੈਲਾਇਆ ਸੀ ਕਿ ਪੰਜਾਬ ਦੇ ਆਦਮਪੁਰ ਏਅਰਬੇਸ ’ਤੇ ਹਮਲੇ ਵਿਚ ਰਨਵੇਅ, ਮਿਗ-29 ਜੈੱਟ, ਐੱਸ-400 ਏਅਰ ਡਿਫੈਂਸ ਸਿਸਟਮ ਅਤੇ ਰਾਡਾਰ ਨਸ਼ਟ ਕਰ ਦਿੱਤਾ ਗਿਆ, 60 ਸੈਨਿਕ ਮਾਰੇ ਗਏ ਅਤੇ ਏਅਰਬੇਸ ਨੂੰ ਭਾਰੀ ਨੁਕਸਾਨ ਪਹੁੰਚਿਆ। ਪਾਕਿਸਤਾਨ ਦੇ ਸਾਹਮਣੇ ਚੁਣੌਤੀ ਇਹ ਹੈ ਕਿ ਉਸ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਉਨ੍ਹਾਂ ਏਅਰਬੇਸਾਂ ’ਤੇ ਜਾ ਕੇ ਲਾਈਵ ਦਿਖਾਉਣ ਜਿਨ੍ਹਾਂ ਬਾਰੇ ਭਾਰਤ ਨੇ ਵੱਡਾ ਨੁਕਸਾਨ ਪਹੁੰਚਾਉਣ ਦਾ ਦਾਅਵਾ ਕੀਤਾ ਹੈ।
ਨਿੱਜੀ ਕੰਪਨੀ ਮੈਕਸਾਰ ਨੇ ਸੈਟੇਲਾਈਟ ਤਸਵੀਰਾਂ ਜਾਰੀ ਕੀਤੀਆਂ ਹਨ। ਇਨ੍ਹਾਂ ਵਿਚ ਸਰਗੋਧਾ, ਨੂਰ ਖਾਨ, ਭੇਲਾਰੀ, ਸੁਕੂਰ, ਜਕੋਬਾਬਾਦ ਦੇ ਸ਼ਾਹਬਾਜ਼ ਏਅਰਬੇਸ ਆਦਿ ਦੀਆਂ ਤਸਵੀਰਾਂ ਸ਼ਾਮਲ ਹਨ ਜੋ ਦਰਸਾਉਂਦੀਆਂ ਹਨ ਕਿ 8 ਮਈ ਤੋਂ ਪਹਿਲਾਂ ਉਹ ਕਿਵੇਂ ਸਨ ਅਤੇ ਭਾਰਤੀ ਕਾਰਵਾਈ ਤੋਂ ਬਾਅਦ ਉਨ੍ਹਾਂ ਦੀ ਸਥਿਤੀ ਕੀ ਹੈ। ਖੰਡਨ ਤਾਂ ਹੀ ਹੋਵੇਗਾ ਜਦੋਂ ਪਾਕਿਸਤਾਨ ਉੱਥੋਂ ਲਾਈਵ ਪ੍ਰੋਗਰਾਮ ਕਰੇਗਾ ਅਤੇ ਇਹ ਸਿਰਫ਼ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਰਾਹੀਂ ਹੀ ਸੰਭਵ ਹੈ। ਜੇਕਰ ਤੁਸੀਂ ਉਨ੍ਹਾਂ ਵਿਚੋਂ ਕੁਝ ਨੂੰ ਲੰਬੇ ਸਮੇਂ ਬਾਅਦ ਦੇਖਦੇ ਹੋ ਤਾਂ ਕੋਈ ਫ਼ਰਕ ਨਹੀਂ ਪਵੇਗਾ ਕਿਉਂਕਿ ਕੁਝ ਘੱਟ ਨੁਕਸਾਨੇ ਗਏ ਖੇਤਰਾਂ ਦੀ ਮੁਰੰਮਤ ਕੀਤੀ ਜਾ ਸਕਦੀ ਹੈ।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅਜਿਹਾ ਨਹੀਂ ਕਰ ਸਕੇ ਹਨ ਅਤੇ ਇਹ ਇਹੀ ਦਰਸਾਉਂਦਾ ਹੈ ਕਿ ਭਾਰਤੀ ਫੌਜ ਦਾ ਦਾਅਵਾ ਸਹੀ ਹੈ। ਪ੍ਰਧਾਨ ਮੰਤਰੀ ਨੇ ਜ਼ੁਬਾਨੀ ਤੌਰ ’ਤੇ ਇਸ ਦਾ ਖੰਡਨ ਕਰਨ ਦੀ ਬਜਾਏ, ਨਿੱਜੀ ਤੌਰ ’ਤੇ ਜਾ ਕੇ ਸੈਨਿਕਾਂ ਨਾਲ ਗੱਲਬਾਤ ਕਰਨ ਦੀ ਚੋਣ ਕੀਤੀ। ਦੁਨੀਆ ਲਾਈਵ ਤਸਵੀਰਾਂ ਦੇਖ ਰਹੀ ਸੀ। ਪ੍ਰਧਾਨ ਮੰਤਰੀ ਦੇ ਭਾਸ਼ਣ ਵਾਲੀ ਥਾਂ ਦੇ ਪਿੱਛੇ ਐੱਸ-400 ਸਿਸਟਮ ਦਿਖਾਈ ਦੇ ਰਿਹਾ ਸੀ, ਰਨਵੇਅ ਵੀ ਦਿਖਾਈ ਦੇ ਰਿਹਾ ਸੀ ਅਤੇ ਸੈਨਿਕਾਂ ਦਾ ਉਤਸ਼ਾਹ ਆਪਣੇ ਸਿਖਰ ’ਤੇ ਸੀ।
ਜਦੋਂ ਕੋਈ ਦੇਸ਼ ਦੂਜੇ ਦੇਸ਼ ’ਤੇ ਹਮਲਾ ਕਰਦਾ ਹੈ ਅਤੇ ਸਾਡੇ ਵਿਚਕਾਰ ਅਣਐਲਾਨੀ ਜੰਗ ਹੁੰਦੀ ਹੈ, ਤਾਂ ਇਹ ਸੰਭਵ ਨਹੀਂ ਹੈ ਕਿ ਸਾਨੂੰ ਇਸ ਵਿਚ ਨੁਕਸਾਨ ਨਾ ਹੋਵੇ। ਕੀਮਤ ਅਦਾ ਕੀਤੇ ਬਿਨਾਂ ਕੋਈ ਵੀ ਪ੍ਰਾਪਤੀ ਨਹੀਂ ਕੀਤੀ ਜਾ ਸਕਦੀ। ਦੇਸ਼ ਦੀ ਮਾਨਸਿਕਤਾ ਪਾਕਿਸਤਾਨ ਨਾਲ ਫੌਜੀ ਟਕਰਾਅ ’ਚ ਇਸ ਲਈ ਤਿਆਰ ਸੀ ਕਿ ਸਾਨੂੰ ਵੀ ਨੁਕਸਾਨ ਹੋਵੇਗਾ ਪਰ ਅਸੀਂ ਇਸ ਨੂੰ ਸਬਕ ਸਿਖਾਏ ਬਿਨਾਂ ਨਹੀਂ ਰੁਕਾਂਗੇ।
ਜੇਕਰ ਉਨ੍ਹਾਂ ਦੀਆਂ ਮਿਜ਼ਾਈਲਾਂ, ਡਰੋਨ ਅਤੇ ਇੱਥੋਂ ਤੱਕ ਕਿ ਲੜਾਕੂ ਜਹਾਜ਼ਾਂ ਦੀ ਵਰਤੋਂ ਵੱਡੀ ਗਿਣਤੀ ਵਿਚ ਕੀਤੀ ਜਾਂਦੀ ਹੈ ਤਾਂ ਇਸ ਦਾ ਕੁਝ ਪ੍ਰਭਾਵ ਪਵੇਗਾ। ਜੰਗ ਦੀ ਸਥਿਤੀ ਵਿਚ, ਇਸ ’ਤੇ ਰਣਨੀਤਕ ਦ੍ਰਿਸ਼ਟੀਕੋਣ ਤੋਂ ਚਰਚਾ ਕਰਨਾ ਉਚਿਤ ਨਹੀਂ ਹੋਵੇਗਾ। ਹਾਲਾਂਕਿ, ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤ ਨੂੰ ਕੋਈ ਵੱਡਾ ਨੁਕਸਾਨ ਨਹੀਂ ਹੋਇਆ। ਪਾਕਿਸਤਾਨ ਆਪਣੇ ਫੌਜੀ ਕਾਰਨਾਮਿਆਂ ਦੀ ਸ਼ਰਮਨਾਕ ਅਸਫਲਤਾ ਅਤੇ ਲਗਾਤਾਰ ਕਮਜ਼ੋਰ ਹੋ ਰਹੀਆਂ ਰੱਖਿਆ ਅਤੇ ਹਮਲਾਵਰ ਪ੍ਰਣਾਲੀਆਂ ਤੋਂ ਆਪਣੇ ਲੋਕਾਂ ਦਾ ਧਿਆਨ ਹਟਾਉਣ ਲਈ ਵਾਰ-ਵਾਰ ਗਲਤ ਜਾਣਕਾਰੀ ਦਾ ਪ੍ਰਚਾਰ ਕਰ ਰਿਹਾ ਹੈ। ਪਾਕਿਸਤਾਨ ਦੇ ਕੂੜ ਪ੍ਰਚਾਰ ਦਾ ਸਾਥ ਦੇਣ ਵਾਲੇ ਸਾਡੇ ਦੇਸ਼ ਦੇ ਈਕੋ-ਸਿਸਟਮ ਨੇ ਆਦਮਪੁਰ ਤੋਂ ਆਈਆਂ ਵੀਡੀਓ ਵਿਚ ਇਕ-ਇਕ ਦੇ ਚਿਹਰੇ ਅਤੇ ਅੱਖਾਂ ਨੂੰ ਤਲਾਸ਼ਣ ਦੀ ਕੋਸ਼ਿਸ਼ ਕੀਤੀ ਹੋਵੇਗੀ ਤਾਂ ਕਿ ਕੋਈ ਜਾਂ ਕੁਝ ਮਿਲ ਜਾਵੇ ਜਿਸ ਦੇ ਚਿਹਰੇ ਨੂੰ ਦੇਖ ਕੇ ਦੱਸ ਸਕੀਏ ਕਿ ਉਤਸ਼ਾਹ ਝੂਠਾ ਸੀ।
ਵੀਡੀਓ ਨੂੰ ਰੋਕ ਕੇ ਸਲੋਅ ਮੋਸ਼ਨ ਵਿਚ ਦੇਖਿਆ ਹੋਵੇਗਾ ਤਾਂ ਜੋ ਕੁਝ ਨੁਕਸਾਨ ਦੇਖਿਆ ਜਾ ਸਕੇ। ਕੁਝ ਵੀ ਨਾ ਦਿਖਾ ਸਕਣ ਦਾ ਅਰਥ ਵੀ ਸਪੱਸ਼ਟ ਹੈ। ਬਦਕਿਸਮਤੀ ਨਾਲ, ਭਾਰਤ ਨੂੰ ਪਾਕਿਸਤਾਨ ਅਤੇ ਹੋਰ ਭਾਰਤ ਵਿਰੋਧੀ ਵਿਦੇਸ਼ੀ ਸ਼ਕਤੀਆਂ ਦੇ ਨਾਲ-ਨਾਲ ਆਪਣੇ ਦੇਸ਼ ਅੰਦਰ ਵੱਡੀ ਗਿਣਤੀ ਵਿਚ ਉਨ੍ਹਾਂ ਸਮੂਹਾਂ ਨਾਲ ਵੀ ਲੜਨਾ ਪੈ ਰਿਹਾ ਹੈ, ਜਿਨ੍ਹਾਂ ਦੀਆਂ ਵਚਨਬੱਧਤਾਵਾਂ ਨੂੰ ਸਮਝਣਾ ਮੁਸ਼ਕਲ ਹੈ। ਸੱਚਾਈ ਇਹ ਹੈ ਕਿ ਜਦੋਂ ਭਾਰਤ ਦੀਆਂ ਮਿਜ਼ਾਈਲਾਂ ਪਾਕਿਸਤਾਨ ਦੀਆਂ ਪ੍ਰਮਾਣੂ ਸੰਸਥਾਵਾਂ ਦੇ ਦਰਵਾਜ਼ੇ ਤੱਕ ਪਹੁੰਚੀਆਂ, ਤਾਂ ਉਹ ਹੋਰ ਵੀ ਡਰ ਗਿਆ ਕਿ ਉਹ ਭਵਿੱਖ ਵਿਚ ਪ੍ਰਮਾਣੂ ਯੁੱਧ ਦੀ ਧਮਕੀ ਦੇਣ ਦੀ ਸਥਿਤੀ ਵਿਚ ਵੀ ਨਹੀਂ ਹੋਵੇਗਾ।
ਡੋਨਾਲਡ ਟਰੰਪ, ਆਪਣੇ ਆਪ ਨੂੰ ਵਿਸ਼ਵ ਨੇਤਾ ਵਜੋਂ ਪੇਸ਼ ਕਰਨ ਅਤੇ ਇਹ ਦਿਖਾਉਣ ਦੀ ਉਤਸੁਕਤਾ ਵਿਚ ਕਿ ਉਸਦੀ ਅਗਵਾਈ ਵਿਚ ਅਮਰੀਕਾ ਕਿਸੇ ਵੀ ਟਕਰਾਅ ਨੂੰ ਰੋਕਣ ਦੇ ਸਮਰੱਥ ਹੈ, ਕਹਿ ਰਿਹਾ ਹੈ ਕਿ ਉਸ ਨੇ ਦੋ ਪ੍ਰਮਾਣੂ ਹਥਿਆਰਬੰਦ ਦੇਸ਼ਾਂ ਵਿਚਕਾਰ ਪ੍ਰਮਾਣੂ ਯੁੱਧ ਰੋਕ ਦਿੱਤਾ ਹੈ, ਇਸ ਲਈ ਇਹ ਸਪੱਸ਼ਟ ਹੈ ਕਿ ਪਾਕਿਸਤਾਨ ਨੇ ਵੀ ਇਹੀ ਗੱਲ ਕਹੀ ਹੋਵੇਗੀ। ਹਾਲਾਂਕਿ ਪ੍ਰਮਾਣੂ ਯੁੱਧ ਦੀ ਕੋਈ ਸੰਭਾਵਨਾ ਨਹੀਂ ਸੀ।
ਜਦੋਂ ਇਹ ਮੁੱਦਾ ਅਮਰੀਕਾ ਤੋਂ ਪ੍ਰਧਾਨ ਮੰਤਰੀ ਮੋਦੀ ਦੇ ਧਿਆਨ ਵਿਚ ਲਿਆਂਦਾ ਗਿਆ ਤਾਂ ਉਨ੍ਹਾਂ ਕਿਹਾ ਕਿ ਪ੍ਰਮਾਣੂ ਬਲੈਕਮੇਲ ਕੰਮ ਨਹੀਂ ਕਰੇਗਾ। ਕੀ ਇਸਦਾ ਮਤਲਬ ਹੈ ਕਿ ਭਾਰਤੀ ਫੌਜਾਂ ਨੇ ਆਪਣੀ ਜੰਗੀ ਰਣਨੀਤੀ ਕਾਰਨ ਇਹ ਵਿਸ਼ਵਾਸ ਪ੍ਰਾਪਤ ਕਰ ਲਿਆ ਹੈ ਕਿ ਉਹ ਪਾਕਿਸਤਾਨ ਦੇ ਪ੍ਰਮਾਣੂ ਟਿਕਾਣਿਆਂ ਤੱਕ ਸਮੇਂ ਸਿਰ ਪਹੁੰਚ ਸਕਦੇ ਹਨ ਜਾਂ ਉਨ੍ਹਾਂ ਦਾ ਕੰਟਰੋਲ ਲੈ ਸਕਦੇ ਹਨ, ਅਜਿਹੀ ਸਥਿਤੀ ਵਿਚ ਜਿੱਥੇ ਨਾ ਤਾਂ ਰੇਡੀਓਐਕਟਿਵ ਤੱਤਾਂ ਦੇ ਲੀਕ ਹੋਣ ਦਾ ਕੋਈ ਖ਼ਤਰਾ ਹੈ ਅਤੇ ਨਾ ਹੀ ਪਾਕਿਸਤਾਨ ਉਨ੍ਹਾਂ ਦੀ ਵਰਤੋਂ ਕਰ ਸਕੇਗਾ, ਇਸ ਬਾਰੇ ਕੋਈ ਅੰਤਿਮ ਸਿੱਟਾ ਹੁਣੇ ਨਹੀਂ ਦਿੱਤਾ ਜਾ ਸਕਦਾ, ਪਰ ਦੋ ਦਿਨਾਂ ਦੀ ਜੰਗ ਵਿਚ ਕੁਝ ਸਥਿਤੀਆਂ ਸਪੱਸ਼ਟ ਸਨ। ਦੁਨੀਆ ਦੇ ਕਈ ਮਸ਼ਹੂਰ ਰੱਖਿਆ ਮਾਹਿਰ ਅਤੇ ਹਵਾਬਾਜ਼ੀ ਵਿਸ਼ਲੇਸ਼ਕ ਵੀ ਇਸ ਦੀ ਪੁਸ਼ਟੀ ਕਰ ਰਹੇ ਹਨ।
ਜ਼ਿਆਦਾਤਰ ਲੋਕ ਇਹ ਮੰਨ ਰਹੇ ਹਨ ਜਾਂ ਲਿਖ ਰਹੇ ਹਨ ਕਿ 10 ਮਈ ਨੂੰ, ਜਦੋਂ ਭਾਰਤੀ ਹਵਾਈ ਸੈਨਾ ਨੇ ਬ੍ਰਹਮੋਸ ਅਤੇ ਸਕੈਲਪ ਈਜ਼ੀ ਮਿਜ਼ਾਈਲਾਂ ਨਾਲ ਪਾਕਿਸਤਾਨ ਦੇ ਕਈ ਏਅਰਬੇਸਾਂ ਨੂੰ ਨਿਸ਼ਾਨਾ ਬਣਾਇਆ ਸੀ ਅਤੇ ਇਸ ਦੌਰਾਨ ਸੁਖੋਈ 30 ਐੱਮ. ਕੇ. ਆਈ. ਏ. ਮਿਰਾਜ 2000 ਅਤੇ ਰਾਫੇਲ ਵੀ ਦੌੜ ਰਹੇ ਸਨ ਤਾਂ ਉਨ੍ਹਾਂ ਦੀ ਹਾਲਤ ਬਹੁਤ ਖਰਾਬ ਹੋ ਗਈ ਸੀ। ਜੈਗੁਆਰ ਲੜਾਕੂ ਬੰਬਾਰਾਂ ਰਾਹੀਂ ਇਜ਼ਰਾਈਲ ਤੋਂ ਪ੍ਰਾਪਤ ਰੈਂਪੇਜ ਮਿਜ਼ਾਈਲਾਂ ਨਾਲ ਸੁਕੂਰ ਏਅਰਬੇਸ ਨੂੰ ਨਿਸ਼ਾਨਾ ਬਣਾਇਆ ਗਿਆ। ਬ੍ਰਹਮੋਸ ਏ ਸੁਪਰਸੋਨਿਕ ਕਰੂਜ਼ ਮਿਜ਼ਾਈਲ ਨੇ ਏਅਰਬੇਸ ਦੇ ਮੁੱਖ ਰਨਵੇਅ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ। ਰਹੀਮ ਯਾਰ ਖਾਨ ਏਅਰਬੇਸ, ਜਿਸ ਨੂੰ ਸ਼ੇਖ ਜ਼ਾਇਦ ਅੰਤਰਰਾਸ਼ਟਰੀ ਹਵਾਈ ਅੱਡਾ ਵੀ ਕਿਹਾ ਜਾਂਦਾ ਹੈ, ਪਾਕਿਸਤਾਨੀ ਹਵਾਈ ਸੈਨਾ ਦਾ ਇਕ ਮਹੱਤਵਪੂਰਨ ਫੌਜੀ ਅੱਡਾ ਹੈ। ਇਹ ਹਮਲਾ ਰਾਤ ਨੂੰ ਬਹੁਤ ਹੀ ਸਟੀਕਤਾ ਨਾਲ ਕੀਤਾ ਗਿਆ ਸੀ ਤਾਂ ਜੋ ਨਾਗਰਿਕਾਂ ਦੇ ਜਾਨੀ ਨੁਕਸਾਨ ਤੋਂ ਬਚਿਆ ਜਾ ਸਕੇ।
ਦਰਅਸਲ, 9 ਮਈ ਨੂੰ ਚੀਨ ਅਤੇ ਪਾਕਿਸਤਾਨ ਦੁਆਰਾ ਗਲਤ ਜਾਣਕਾਰੀ ਅਤੇ ਪ੍ਰਚਾਰ ਦਾ ਪ੍ਰਸਾਰ ਯੁੱਧ ਨਾਲੋਂ ਵੀ ਜ਼ਿਆਦਾ ਤੀਬਰ ਸੀ ਅਤੇ ਉਸ ਨਾਲ ਭਰਮ ਅਤੇ ਗਲਤਫਹਿਮੀਆਂ ਪੈਦਾ ਹੋਈਆਂ ਪਰ ਜਿਸ ਦਿਨ ਤੋਂ ਲੜਾਈ ਰੁਕੀ ਉਸ ਦਿਨ ਤੋਂ ਅਗਲੇ ਦੋ ਦਿਨਾਂ ਤੱਕ, ਭਾਰਤੀ ਫੌਜ ਦੁਆਰਾ ਕੀਤੀਆਂ ਗਈਆਂ ਪ੍ਰੈੱਸ ਕਾਨਫਰੰਸਾਂ ਅਤੇ ਪ੍ਰਧਾਨ ਮੰਤਰੀ ਦਾ ਰਾਸ਼ਟਰ ਨੂੰ ਸੰਬੋਧਨ ਅਤੇ ਆਦਮਪੁਰ ਹਵਾਈ ਅੱਡੇ ’ਤੇ ਸੈਨਿਕਾਂ ਦੇ ਵਿਚਾਲੇ ਭਾਸ਼ਣ ਨੇ ਸਪੱਸ਼ਟ ਕਰ ਦਿੱਤਾ ਕਿ ਭਾਰਤ ਦਾ ਇਰਾਦਾ ਦ੍ਰਿੜ੍ਹ ਹੈ। ਪਾਕਿਸਤਾਨ ਨੂੰ ਅੱਤਵਾਦ ਨੂੰ ਖਤਮ ਕਰਨਾ ਚਾਹੀਦਾ ਹੈ ਅਤੇ ਫੌਜੀ ਲਾਪ੍ਰਵਾਹੀ ਤੋਂ ਬਚਣਾ ਚਾਹੀਦਾ ਹੈ, ਨਹੀਂ ਤਾਂ ਹੋਰ ਤਬਾਹੀ ਹੋਵੇਗੀ।