ਟਵਿਸਟ ਮੋਡ ’ਚ ਮੱਧ ਪ੍ਰਦੇਸ਼ ਕਾਂਗਰਸ

03/09/2020 2:00:29 AM

ਰਾਹਿਲ ਨੋਰਾ ਚੋਪੜਾ–

ਮੱਧ ਪ੍ਰਦੇਸ਼ ’ਚ ਕਾਂਗਰਸ ਸਰਕਾਰ ਨੇ ਭਰੋਸੇ ਦੇ ਮਾਮਲੇ ’ਤੇ ਮਚੀ ਹਾਏ ਤੌਬਾ ਤੋਂ ਬਾਅਦ ਹੁਣ ਇਹ ਸਪੱਸ਼ਟ ਹੋ ਰਿਹਾ ਹੈ ਕਿ ਦਰਅਸਲ ਵੱਖ-ਵੱਖ ਕਾਂਗਰਸੀ ਆਗੂਆਂ ’ਚ ਲੜਾਈ ਖਾਸ ਤੌਰ ’ਤੇ ਰਾਜ ਸਭਾ ਦੀ ਇਕ ਸੀਟ ਅਤੇ ਕਾਂਗਰਸ ਸੂਬਾ ਪ੍ਰਧਾਨ ਦੀ ਸੀਟ ਨੂੰ ਲੈ ਕੇ ਹੈ। ਸੂਤਰਾਂ ਅਨੁਸਾਰ ਕਿਰਤ ਮੰਤਰੀ ਮਹਿੰਦਰ ਸਿਸੋਦੀਆ ਸਾਬਕਾ ਕੇਂਦਰੀ ਮੰਤਰੀ ਜਯੋਤਿਰਾਦਿੱਤਿਆ ਸਿੰਧੀਆ ਦੇ ਕਰੀਬੀ ਹਨ। ਜੇਕਰ ਸਿੰਧੀਆ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ ਤਾਂ ਕਮਲਨਾਥ ਸਰਕਾਰ ਨੂੰ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜਯੋਤਿਰਾਦਿੱਤਿਆ ਰਾਜਸਭਾ ਦੀ ਸੀਟ ਅਤੇ ਸੂਬਾ ਪ੍ਰਧਾਨ ਦੀ ਕੁਰਸੀ ਚਾਹੁੰਦੇ ਹਨ, ਜਿਸ ’ਤੇ ਫਿਲਹਾਲ ਮੁੱਖ ਮੰਤਰੀ ਕਮਲਨਾਥ ਨੇ ਕਬਜ਼ਾ ਕੀਤਾ ਹੋਇਆ ਹੈ। ਇਸ ਦਰਮਿਆਨ ਇਕ ਆਜ਼ਾਦ ਵਿਧਾਇਕ ਸੁਰਿੰਦਰ ਸਿੰਘ ਸ਼ੇਰਾ ਦਾ ਨਾਂ ਸਾਹਮਣੇ ਆਇਆ ਹੈ। ਉਨ੍ਹਾਂ ਨੇ ਸ਼ਨੀਵਾਰ ਕਿਹਾ ਹੈ ਕਿ ਉਹ ਪਾਰਟੀ ਦੇ ਨਾਲ ਹਨ ਅਤੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਉਨ੍ਹਾਂ ਦਾ ਅਗਵਾ ਕਰ ਲਿਆ ਗਿਆ ਸੀ। ਕਾਂਗਰਸ ਨੇ ਇਹ ਦੋਸ਼ ਲਾਇਆ ਹੈ ਕਿ ਭਾਜਪਾ ਇਸ ਦੇ ਵਿਧਾਇਕਾਂ ਨੂੰ ਵਰਗਲਾ ਕੇ ਸਰਕਾਰ ਨੂੰ ਡੇਗਣ ਲਈ ਯਤਨਸ਼ੀਲ ਹੈ। ਹਾਲਾਂਕਿ ਹੋਰ ਤਿੰਨ ਕਾਂਗਰਸੀ ਵਿਧਾਇਕਾਂ ਹਰਦੀਪ ਿਸੰਘ, ਬਿਸਾਹੂਲਾਲ ਅਤੇ ਰਘੂਰਾਜ ਕੰਸਾਨਾ ਦਾ ਅਜੇ ਤੱਕ ਕੋਈ ਅਤਾ-ਪਤਾ ਨਹੀਂ ਹੈ ਪਰ ਸੀਨੀਅਰ ਕਾਂਗਰਸੀ ਆਗੂ ਦਿੱਗਵਿਜੇ ਸਿੰਘ ਨੂੰ ਆਸ ਹੈ ਕਿ ਉਹ ਜਲਦ ਹੀ ਵਾਪਸ ਪਰਤ ਆਉਣਗੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕਮਲਨਾਥ ਸਰਕਾਰ ਚਲਦੀ ਰਹੇਗੀ ਕਿਉਂਕਿ ਸਾਡੇ ਨੇਤਾ ਸਿਧਾਂਤ ਦੀ ਸਿਆਸਤ ’ਚ ਯਕੀਨ ਰੱਖਦੇ ਹਨ।

ਓਡਿਸ਼ਾ ’ਚ ਬੀਜਦ ਦੇ ਰਾਜ ਸਭਾ ਉਮੀਦਵਾਰਾਂ ਦਾ ਐਲਾਨ

ਓਡਿਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਵਲੋਂ ਸੀ. ਏ. ਏ. ਨੂੰ ਸਮਰਥਨ ਦਿੱਤੇ ਜਾਣ ਤੋਂ ਬਾਅਦ ਇਕ ਧਰਮ ਨਿਰਪੱਖ ਨੇਤਾ ਵਜੋਂ ਉਨ੍ਹਾਂ ਦੀ ਭਰੋਸੇਯੋਗਤਾ ’ਤੇ ਸਵਾਲ ਉੱਠਣ ਲੱਗੇ ਹਨ। ਇਸ ਮਾਮਲੇ ’ਚ ਘੱਟਗਿਣਤੀ ਭਾਈਚਾਰੇ ਦੇ ਮੈਂਬਰਾਂ ਨੇ ਸੂਬੇ ਭਰ ’ਚ ਕਈ ਰੈਲੀਆਂ ਦਾ ਆਯੋਜਨ ਕੀਤਾ ਅਤੇ ਆਪਣੀ ਚਿੰਤਾ ਪ੍ਰਗਟਾਉਣ ਲਈ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ। ਸੂਤਰਾਂ ਅਨੁਸਾਰ ਘੱਟਗਿਣਤੀ ਭਾਈਚਾਰੇ ਨੇ ਇਹ ਸੰਦੇਸ਼ ਦੇਣ ਲਈ ਕਿ ਸੀ. ਏ. ਏ. ਨੂੰ ਉਨ੍ਹਾਂ ਦੇ ਸਮਰਥਨ ਦਾ ਗਲਤ ਅਰਥ ਨਹੀਂ ਕੱਢਿਆ ਜਾਣਾ ਚਾਹੀਦਾ, ਨਵੀਨ ਨੇ ਮੁੰਨਾ ਖਾਨ ਨੂੰ ਰਾਜ ਸਭਾ ’ਚ ਭੇਜਣ ਦਾ ਫੈਸਲਾ ਲਿਆ ਹੈ ਅਤੇ ਸ਼ਨੀਵਾਰ 26 ਮਾਰਚ ਨੂੰ 4 ਰਾਜ ਸਭਾ ਸੀਟਾਂ ਲਈ ਹੋਣ ਵਾਲੀ ਚੋਣ ਲਈ ਬੀਜਦ ਉਮੀਦਵਾਰਾਂ ਦੇ ਨਾਂ ਐਲਾਨ ਦਿੱਤੇ ਹਨ। ਇਨ੍ਹਾਂ ਸੀਟਾਂ ਲਈ ਨਵੀਨ ਨੇ ਬੀਜਦ ਘੱਟਗਿਣਤੀ ਸੈੱਲ ਦੇ ਪ੍ਰਧਾਨ ਮੁੰਨਾ ਖਾਨ ਤੋਂ ਇਲਾਵਾ ਓਡਿਸ਼ਾ ਕੰਸਟ੍ਰਕਸ਼ਨ ਵਰਕਰਜ਼ ਵੈੱਲਫੇਅਰ ਬੋਰਡ ਦੇ ਪ੍ਰਧਾਨ ਸੁਭਾਸ਼ ਸਿੰਘ, ਸੁਰਜੀਤ ਕੁਮਾਰ ਅਤੇ ਪਾਰਟੀ ਦੀ ਮਹਿਲਾ ਵਿੰਗ ਦੀ ਪ੍ਰਧਾਨ ਮਮਤਾ ਦੇ ਨਾਂ ਐਲਾਨੇ ਹਨ। ਓਡਿਸ਼ਾ ਤੋਂ ਭਰੀਆਂ ਜਾਣ ਵਾਲੀਆਂ ਰਾਜ ਸਭਾ ਦੀਆਂ 10 ਸੀਟਾਂ ’ਚੋਂ 4 ਅਗਲੇ ਮਹੀਨੇ ਖਾਲੀ ਹੋ ਰਹੀਆਂ ਹਨ। ਵਿਧਾਨ ਸਭਾ ’ਚ ਗਿਣਤੀ ਵਰਗ ਨੂੰ ਦੇਖਦੇ ਹੋਏ ਬੀਜਦ 3 ਸੀਟਾਂ ਆਸਾਨੀ ਨਾਲ ਜਿੱਤ ਜਾਏਗੀ, ਹਾਲਾਂਕਿ ਚੌਥੀ ਸੀਟ ਜਿੱਤਣ ਲਈ ਪਾਰਟੀ ਕੋਲ ਬਹੁਮਤ ਨਹੀਂ ਹੈ ਪਰ ਨਵੀਨ ਦਾ ਕਹਿਣਾ ਹੈ ਕਿ ਉਹ ਚਾਰੇ ਸੀਟਾਂ ਜਿੱਤ ਲੈਣਗੇ। ਅਜਿਹੀ ਸੰਭਾਵਨਾ ਹੈ ਕਿ ਘੱਟ ਵਿਧਾਇਕ ਹੋਣ ਕਾਰਣ ਕਾਂਗਰਸ ਆਪਣੇ ਉਮੀਦਵਾਰ ਨਹੀਂ ਉਤਾਰੇਗੀ, ਜਦਕਿ ਭਾਜਪਾ ਨੇ ਇਸ ਸਬੰਧ ’ਚ ਆਪਣੀ ਸਥਿਤੀ ਸਪੱਸ਼ਟ ਨਹੀਂ ਕੀਤੀ ਹੈ।

ਸੰਸਦ ’ਚ ਕੋਰੋਨਾ ਵਾਇਰਸ ਦਾ ਡਰ

ਇੰਝ ਲੱਗਦਾ ਹੈ ਕਿ ਕੋਰੋਨਾ ਵਾਇਰਸ ਦਾ ਡਰ ਸੰਸਦ ’ਚ ਵੀ ਪਹੁੰਚ ਗਿਆ ਹੈ, ਜਿਸ ਦਾ ਅਸਰ ਉਨ੍ਹਾਂ ਲੋਕਾਂ ’ਤੇ ਪਵੇਗਾ, ਜਿਨ੍ਹਾਂ ਨੇ ਸੰਸਦ ’ਚ ਜਾਣ ਲਈ ਪਾਸ ਬਣਵਾਏ ਹਨ ਕਿਉਂਕਿ ਸੰਸਦ ਭਵਨ ’ਚ ਸਾਰੇ ਵਿਭਾਗਾਂ ਨੂੰ ਇਹ ਕਹਿੰਦੇ ਹੋਏ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਕਿ ਪਾਰਲੀਮੈਂਟ ਹਾਊਸ ਅਸਟੇਟ ਦੇ ਆਸ-ਪਾਸ ਜ਼ਿਆਦਾ ਭੀੜ ਇਕੱਠੀ ਨਾ ਹੋਣ ਦਿੱਤੀ ਜਾਵੇ ਕਿਉਂਕਿ ਲੋਕ ਸਭਾ ਸਕੱਤਰੇਤ ਇਸ ਦਾ ਜੋਖਿਮ ਨਹੀਂ ਲੈ ਸਕਦਾ ਕਿਉਂਕਿ ਪ੍ਰਧਾਨ ਮੰਤਰੀ ਸਮੇਤ ਮੰਤਰੀ ਵੀ ਇਥੋਂ ਲੰਘਦੇ ਹਨ।

ਗੈਰਸੇਨ ਨੂੰ ਰਾਜਧਾਨੀ ਬਣਾਉਣ ’ਤੇ ਰਾਜਨੀਤੀ ਜਾਰੀ

ਹਾਲਾਂਕਿ ਉੱਤਰਾਖੰਡ ਛੋਟਾ ਜਿਹਾ ਸੂਬਾ ਹੈ ਪਰ ਇਸ ਦੇ ਹੋਂਦ ’ਚ ਆਉਣ ਤੋਂ 20 ਸਾਲ ਬਾਅਦ ਵੀ ਇਹ ਅਜੇ ਤਕ ਆਪਣੀ ਰਾਜਧਾਨੀ ਲਈ ਸੰਘਰਸ਼ ਕਰ ਰਿਹਾ ਹੈ। ਵਰਤਮਾਨ ’ਚ ਦੇਹਰਾਦੂਨ ਉੱਤਰਾਖੰਡ ਦੀ ਰਾਜਧਾਨੀ ਹੈ ਅਤੇ ਇਸ ਦਾ ਹਾਈਕੋਰਟ ਨੈਨੀਤਾਲ ’ਚ ਹੈ। ਉੱਤਰਾਖੰਡ ’ਚ ਸਿਰਫ 2 ਖੇਤਰ ਹਨ ਇਕ ਗੜ੍ਹਵਾਲ, ਜਿਸ ’ਚ ਰਾਜਧਾਨੀ ਦੇਹਰਾਦੂਨ ਆਉਂਦੀ ਹੈ, ਜਿਸ ਦਾ ਦੂਜਾ ਖੇਤਰ ਕਮਾਊਂ ਹੈ, ਜਿਸ ’ਚ ਨੈਨੀਤਾਲ ’ਚ ਹਾਈਕੋਰਟ ਸਥਿਤ ਹੈ। ਭਾਜਪਾ ਤੇ ਕਾਂਗਰਸ ਦੋਵੇਂ ਹੀ ਗੈਰਸੇਨ ਨੂੰ ਸੂਬੇ ਦੀ ਰਾਜਧਾਨੀ ਬਣਾਉਣਾ ਚਾਹੁੰਦੀਆਂ ਹਨ ਅਤੇ ਉਹ ਦੋਵੇਂ ਇਸ ਮੁੱਦੇ ’ਤੇ ਚੋਣ ਲੜਦੀਆਂ ਹਨ। ਉੱਤਰਾਖੰਡ ’ਚ ਸਿਰਫ 5 ਲੋਕ ਸਭਾ ਸੀਟਾਂ ਹਨ। ਕਾਂਗਰਸ ਨੇ ਆਪਣੇ ਚੋਣ ਐਲਾਨ ਪੱਤਰ ’ਚ ਹਮੇਸ਼ਾ ਇਹ ਵਾਅਦਾ ਕੀਤਾ ਹੈ ਕਿ ਉਹ ਗੈਰਸੇਨ ਨੂੰ ਸੂਬੇ ਦੀ ਰਾਜਧਾਨੀ ਬਣਾਏਗੀ ਪਰ ਸਿਰਫ ਵਿਜੇ ਬਹੁਗੁਣਾ ਨੇ ਇਕ ਵਾਰ ਫਿਰ ਗੈਰਸੇਨ ’ਚ ਟੈਂਟ ਹਾਊਸ ’ਚ ਵਿਧਾਨ ਸਭਾ ਸੈਸ਼ਨ ਦਾ ਆਯੋਜਨ ਕੀਤਾ ਸੀ, ਉਸ ਤੋਂ ਬਾਅਦ ਹਰੀਸ਼ ਰਾਵਤ ਹਮੇਸ਼ਾ ਇਸ ਮੁੱਦੇ ਤੋਂ ਬਚਦੇ ਰਹੇ। ਇਸ ਵਾਰ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੇ ਵਿਧਾਨ ਸਭਾ ’ਚ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਸਰਕਾਰ ਗੈਰਸੇਨ ਨੂੰ ਗਰਮੀਆਂ ਦੀ ਰਾਜਧਾਨੀ ਬਣਾਏਗੀ ਪਰ ਉੱਤਰਾਖੰਡ ਦੇ ਲੋਕ ਇਸ ਗੱਲ ਨੂੰ ਲੈ ਕੇ ਹੁਣ ਵੀ ਦੁਚਿੱਤੀ ’ਚ ਹਨ ਕਿ ਕੀ ਗੈਰੇਸਨ ਰਾਜਧਾਨੀ ਬਣੇਗੀ ਜਾਂ ਨਹੀਂ।

ਰਾਜ ਸਭਾ ਸੀਟ ਲਈ ਕਾਂਗਰਸ ਦੀ ਦਾਅਵੇਦਾਰੀ

ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਨੇ ਬਿਹਾਰ ’ਚ ਤਿੰਨ ਰਾਜ ਸਭਾ ਦੀਆਂ ਸੀਟਾਂ ’ਚੋਂ ਇਕ ’ਤੇ ਦਾਅਵਾ ਕਰਨ ਦਾ ਫੈਸਲਾ ਕੀਤਾ ਹੈ, ਜਿਸ ਨੂੰ ਵਿਰੋਧੀ ਦਲ ਇਕੱਠੇ ਹੋ ਕੇ ਜਿੱਤ ਸਕਦੇ ਹਨ। ਪਾਰਟੀ ਨੇ ਆਪਣੇ ਸੀਨੀਅਰ ਸਹਿਯੋਗੀ ਰਾਜਦ ਨੂੰ ਯਾਦ ਦਿਵਾਇਆ ਹੈ ਕਿ ਉਸ ਨੇ ਲੋਕ ਸਭਾ ਚੋਣਾਂ ਦੌਰਾਨ ਉਸ ਨੂੰ ਰਾਜ ਸਭਾ ਸੀਟ ਦੇਣ ਦਾ ਵਾਅਦਾ ਕੀਤਾ ਸੀ। ਬਿਹਾਰ ’ਚ ਕਾਂਗਰਸ ਦੇ 26 ਵਿਧਾਇਕ ਹਨ, ਜਦਕਿ ਰਾਜ ਸਭਾ ਸੀਟ ਜਿੱਤਣ ਲਈ 35 ਵੋਟਾਂ ਦੀ ਲੋੜ ਹੈ। ਰਾਜਦ ਕੋਲ 83 ਵਿਧਾਇਕ ਹਨ ਪਰ ਕਾਂਗਰਸ ਚਾਹੁੰਦੀ ਹੈ ਕਿ ਰਾਜਦ ਦੋ ਸੀਟਾਂ ਜਿੱਤਣ ਤੋਂ ਬਾਅਦ ਆਪਣੀਆਂ ਬਾਕੀ ਬਚੀਆਂ ਵੋਟਾਂ ਦੀ ਸਹਾਇਤਾ ਨਾਲ ਕਾਂਗਰਸ ਨੂੰ ਉਪਰਲੇ ਸਦਨ ’ਚ ਇਕ ਸੀਟ ਜਿੱਤਣ ’ਚ ਸਹਾਇਤਾ ਕਰੇ। ਸੂਤਰਾਂ ਮੁਤਾਬਿਕ ਕਾਂਗਰਸ ਬਿਹਾਰ ਤੋਂ ਰਾਜ ਸਭਾ ਸੀਟ ਲਈ ਤਾਰਿਕ ਅਨਵਰ ਨੂੰ ਨਾਮਜ਼ਦ ਕਰ ਸਕਦੀ ਹੈ।


Bharat Thapa

Content Editor

Related News