ਉਦਾਰ ਲੋਕਤੰਤਰ ਖਤਮ ਹੋ ਚੁੱਕਾ
Saturday, Sep 21, 2024 - 05:31 PM (IST)
41 ਸਾਲਾ ਜੁਆਨ ਗੁਏਡੋ ਨੇ ਆਪਣੇ ਸੀ. ਵੀ. ’ਚ ਖੁਦ ਨੂੰ ‘ਵੈਨੇਜ਼ੁਏਲਾ ਦਾ ਸਾਬਕਾ ਰਾਸ਼ਟਰਪਤੀ-2019-2023’ ਦੱਸਿਆ ਹੈ, ਇਹ ਸਭ ਕਾਲਪਨਿਕ ਨਹੀਂ ਹੈ। ਜਦੋਂ ਦੁਨੀਆ ਸੌਂ ਰਹੀ ਹੁੰਦੀ ਹੈ, ਤਦ ਵੀ ਮੁਕਤ ਦੁਨੀਆ ਦਾ ਆਗੂ ਦੁਨੀਆ ਭਰ ਵਿਚ ਤਾਨਾਸ਼ਾਹੀ ਨੂੰ ਲੋਕਤੰਤਰ ਨਾਲ ਬਦਲਣ ਦੀ ਅਣਥੱਕ ਕੋਸ਼ਿਸ਼ ’ਚ ਲੱਗਾ ਰਹਿੰਦਾ ਹੈ। ਕਾਰਾਕਸ ਵਿਚ ਨਿਕੋਲਸ ਮਾਦੁਰੋ ਦੀ ਥਾਂ ਗੁਏਡੋ ਨੂੰ ਲਿਆਉਣਾ ਅਜਿਹਾ ਹੀ ਇਕ ਯਤਨ ਸੀ।
ਰਾਸ਼ਟਰਪਤੀ ਟਰੰਪ ਦੇ ਵਿਦੇਸ਼ ਮੰਤਰੀ ਰੈਕਸ ਟਿਲਰਸਨ ਨੇ ਕਿਹਾ ਕਿ ਮੁਨਰੋ ਸਿਧਾਂਤ ਜ਼ਿੰਦਾ ਅਤੇ ਠੀਕ-ਠਾਕ ਹੈ। ਇਸ ਲਈ ਅਮਰੀਕੀ ਏਜੰਸੀਆਂ ਲਈ ਕਾਰਾਕਸ ਵਿਚ ਗੱਦੀ ’ਤੇ ਬਿਠਾਉਣ ਲਈ ਇਕ ਦੋਸਤ ਨੂੰ ਲੱਭਣਾ ਜਾਇਜ਼ ਸੀ। ਵੈਨੇਜ਼ੁਏਲਾ ਕੋਲ ਦੁਨੀਆ ਦਾ ਸਭ ਤੋਂ ਵੱਡਾ ਹਾਈਡ੍ਰੋਕਾਰਬਨ ਭੰਡਾਰ ਹੈ।
ਉਪ-ਰਾਸ਼ਟਰਪਤੀ ਮਾਈਕ ਪੇਂਸ ਨੂੰ ਕੋਲੰਬੀਆ, ਅਮਰੀਕਾ ਅਤੇ ਵੈਨੇਜ਼ੁਏਲਾ ਦਰਮਿਆਨ ਆਉਣ-ਜਾਣ ਵਾਲੇ ਗੁਏਡੋ ’ਤੇ ਲਗਾਤਾਰ ਨਜ਼ਰ ਰੱਖਣ ਦਾ ਕੰਮ ਦਿੱਤਾ ਗਿਆ ਸੀ, ਤਾਂ ਜੋ ਕਿਸੇ ਤਰ੍ਹਾਂ ਗੱਦੀ ’ਤੇ ਬੈਠ ਸਕਣ।
ਜਿਵੇਂ ਹੀ ਗੁਏਡੋ ਦੀ ਅਸਫਲ ਪਹਿਲਕਦਮੀ ਗਲੋਬਲ ਭੁੱਲਣ ਦੀ ਬੀਮਾਰੀ ਦਾ ਹਿੱਸਾ ਬਣ ਗਈ, ਮੁਕਤ ਸੰਸਾਰ ਦੇ ਆਗੂ ਫਿਰ ਤੋਂ ਈਮਾਨਦਾਰੀ ਨਾਲ ਇਸ ’ਚ ਲੱਗ ਗਏ। ਮਾਦੁਰੋ ਨੂੰ ਸੱਤਾ ਤੋਂ ਹਟਾਉਣ ਦੀ ਇਕ ਹੋਰ ਅਸਫਲ ਕੋਸ਼ਿਸ਼ ਬਾਰੇ ਸੁਰਖੀਆਂ ਅਜੇ ਵੀ ਤਾਜ਼ਾ ਹਨ। ਡੱਚ ਵਿਦੇਸ਼ ਮੰਤਰੀ ਕੈਸਪਰ ਵੇਲਡਕੈਂਪ ਨੇ ਸੰਸਦ ਨੂੰ ਦੱਸਿਆ ਕਿ ਵੈਨੇਜ਼ੁਏਲਾ ਦੇ ਵਿਰੋਧੀ ਧਿਰ ਦੇ ਆਗੂ ਐਡਮੰਡੋ ਗੋਂਜਾਲੇਸ ਨੇ ਡੱਚ ਦੂਤਾਵਾਸ ਵਿਚ ਸ਼ਰਨ ਮੰਗੀ ਹੈ।
ਉਨ੍ਹਾਂ ਦੇ ਦੇਸ਼ ਨਿਕਾਲੇ ਲਈ ਕਾਗਜ਼ਾਂ ਦੀ ਕਾਰਵਾਈ ਨੀਦਰਲੈਂਡਜ਼ ਵਿਚ ਹੋਣ ਤੋਂ ਪਹਿਲਾਂ ਉਨ੍ਹਾਂ ਨੂੰ ਸੱਭਿਆਚਾਰਕ ਨਿਰੰਤਰਤਾ ਮਿਲ ਗਈ, ਜਿੱਥੇ ਹੁਣ ਉਨ੍ਹਾਂ ਦੇ ਸਪੇਨ ਵਿਚ ਰਹਿਣ ਦੀ ਸੰਭਾਵਨਾ ਹੈ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਲੋਕਤੰਤਰ ਲਈ ਕੀ ਨਵਾਂ ਗੋਲਾ ਸੁੱਟਿਆ ਜਾਂਦਾ ਹੈ। ਅਮਰੀਕੀ ਏਜੰਸੀਆਂ ਲਈ ਇਹ ਦੁਖਦਾਈ ਹੋਣਾ ਚਾਹੀਦਾ ਹੈ ਕਿ ਰੰਗੀਨ ਇਨਕਲਾਬ ਹੁਣ ਲੋੜੀਂਦੇ ਨਤੀਜੇ ਨਹੀਂ ਦੇ ਰਹੇ ਹਨ।
ਪੱਛਮੀ ਗੁਪਤ ਆਪ੍ਰੇਸ਼ਨ ਨੇ ਹੋ ਸਕਦਾ ਹੈ ਕਿ ਉਨ੍ਹਾਂ ਘਟਨਾਕ੍ਰਮਾਂ ਦਾ ਹੌਸਲਾ ਵਧਾਇਆ ਹੋਵੇਗਾ ਜਿੱਥੇ ਉਨ੍ਹਾਂ ਦੇ ਆਪਣੇ ਫੁਲਬ੍ਰਾਈਟ ਵਿਦਵਾਨ ਮੁਹੰਮਦ ਯੂਨਸ ਨੇ ਸ਼ੇਖ ਹਸੀਨਾ ਨੂੰ ਦਰਵਾਜ਼ਾ ਦਿਖਾ ਦਿੱਤਾ ਹੈ, ਜਿਸ ਦੇ ਭਾਰਤ ਨਾਲ ਭਾਵਨਾਤਮਕ ਸਬੰਧ ਅਤੇ ਚੀਨ ਨਾਲ ਵਿਹਾਰਕ ਸਬੰਧ ਇਕ ਰਹੱਸ ਬਣ ਰਹੇ ਸਨ। ਇਹ ਬਿਆਨ ਪੂਰੀ ਤਰ੍ਹਾਂ ਗਲਤ ਹੋਵੇਗਾ ਜੇਕਰ ਅਸੀਂ ਸ਼ੇਖ ਹਸੀਨਾ ਦੀ ਤਾਨਾਸ਼ਾਹੀ ਨੂੰ ਲੈ ਕੇ ਲੋਕਾਂ ਦੇ ਗੁੱਸੇ ਦੇ ਵਿਸਫੋਟ ਨੂੰ ਘੱਟ ਸਮਝੀਏ।
ਇਸ ਨੇ ਸੰਭਵ ਤੌਰ ’ਤੇ ਬਾਹਰਮੁਖੀ ਸਥਿਤੀਆਂ ਪ੍ਰਦਾਨ ਕੀਤੀਆਂ ਹਨ ਜਿਨ੍ਹਾਂ ਦਾ ਬਾਹਰਲੇ ਲੋਕਾਂ ਨੇ ਫਾਇਦਾ ਉਠਾਇਆ ਹੈ। ਜਦੋਂ ਕਿ ਅਮਰੀਕਾ ਵਿਚ ‘ਰਾਜ ਬਦਲਣ’ ਦਾ ਤੰਤਰ ਅਜੇ ਵੀ ਕੰਮ ਕਰ ਰਿਹਾ ਹੈ। ਯੂਰਪ ਆਪਣੇ ਉੱਤਰ-ਬਸਤੀਵਾਦੀ ਯੁੱਗ ਵਿਚ ਇਸ ਦੀ ਕੋਈ ਵਰਤੋਂ ਨਹੀਂ ਕਰ ਰਿਹਾ ਹੈ। ਉਸ ਕੋਲ ਖੱਬੇ-ਪੱਖੀਆਂ ਨੂੰ ਦੂਰ ਰੱਖਣ ਦੇ ਹੋਰ ਤਰੀਕੇ ਹਨ। ਕਈ ਵਾਰ ਫਾਸ਼ੀਵਾਦ ਦੇ ਹੱਕ ਵਿਚ ਵੀ ਤੱਕੜੀ ਝੁਕਾਉਣੀ ਪੈਂਦੀ ਹੈ।
ਪੂਰਬੀ ਜਰਮਨੀ ਵੱਲ ਦੇਖੋ, ਫਾਸ਼ੀਵਾਦ ਨੇ 2 ਰਾਜਾਂ ਵਿਚ ਆਪਣੇ ਖਾਤੇ ਕਾਫ਼ੀ ਪ੍ਰਭਾਵਸ਼ਾਲੀ ਢੰਗ ਨਾਲ ਖੋਲ੍ਹੇ ਹਨ। ਫਰਾਂਸ ਵਿਚ ਸਿਆਸੀ ਰੰਗਮੰਚ ਦੀ ਇਕ ਦਿਲਚਸਪ ਕਹਾਣੀ ਹੈ ਕਿ ਖੱਬੇ-ਪੱਖੀਅਾਂ ਨੂੰ ਕਿਵੇਂ ਰੋਕਿਆ ਜਾਵੇ?
ਕਹਾਣੀ ਅਸਲ ਵਿਚ ਜੂਨ ਵਿਚ ਯੂਰਪੀਅਨ ਯੂਨੀਅਨ ਦੀਆਂ ਚੋਣਾਂ ਨਾਲ ਸ਼ੁਰੂ ਹੁੰਦੀ ਹੈ, ਜਿੱਥੇ ਮਰੀਨ ਲੇ ਪੇਨ ਦੀ ਸੱਜੇ-ਪੱਖੀ ਪਾਰਟੀ, ਨੈਸ਼ਨਲ ਰੈਲੀ ਨੇ ਇਮੈਨੁਅਲ ਮੈਕ੍ਰੋਂ ਦੀ ਸੱਜੇ-ਪੱਖੀ ਪਾਰਟੀ ਨੂੰ ਮੀਲਾਂ ਪਿੱਛੇ ਛੱਡ ਦਿੱਤਾ। ਨਿਰਾਸ਼ਾ ਦੀ ਸਥਿਤੀ ਵਿਚ, ਮੈਕ੍ਰੋਂ ਨੇ ਨੈਸ਼ਨਲ ਅਸੈਂਬਲੀ ਨੂੰ ਭੰਗ ਕਰ ਦਿੱਤਾ ਅਤੇ ਰਾਸ਼ਟਰੀ ਚੋਣਾਂ ਦਾ ਐਲਾਨ ਕਰ ਦਿੱਤਾ।
ਚਿੰਤਤ ਫਰਾਂਸੀਸੀ ਰਾਸ਼ਟਰਪਤੀ ਨੂੰ ਗੁਆਚੀ ਹੋਈ ਜ਼ਮੀਨ ਮੁੜ ਪ੍ਰਾਪਤ ਕਰਨ ਦੀ ਉਮੀਦ ਸੀ ਪਰ ਹੋਇਆ ਠੀਕ ਇਸ ਦੇ ਉਲਟ। ਲੇ ਪੇਨ ਨੇ ਪਹਿਲੇ ਦੌਰ ’ਚ 33 ਫੀਸਦੀ ਵੋਟਾਂ ਨਾਲ ਉਨ੍ਹਾਂ ਨੂੰ ਪਛਾੜ ਦਿੱਤਾ। ਖੱਬੇ-ਪੱਖੀ ਗੱਠਜੋੜ ਵੀ ਬਹੁਤਾ ਪਿੱਛੇ ਨਹੀਂ ਸੀ। ਮੈਕ੍ਰੋਂ 21 ਫੀਸਦੀ ਨਾਲ ਤੀਜੇ ਸਥਾਨ ’ਤੇ ਰਹੇ। ਇੱਥੇ ਕੋਈ ਪੂਰਨ ਬਹੁਮਤ ਨਹੀਂ ਸੀ।
ਖੱਬੇ ਮੋਰਚੇ ਅਤੇ ਮੈਕ੍ਰੋਂ ਨੇ ਲੇ ਪੇਨ ਵਿਰੋਧੀ ਵੋਟਾਂ ਦੀ ਵੰਡ ਨੂੰ ਰੋਕਣ ਲਈ ਤਿਕੋਣੇ ਮੁਕਾਬਲਿਆਂ ਵਿਚੋਂ 200 ਤੋਂ ਵੱਧ ਉਮੀਦਵਾਰਾਂ ਨੂੰ ਵਾਪਸ ਲੈ ਲਿਆ। ਚਾਲ ਨੇ ਕੰਮ ਕੀਤਾ ਪਰ ਸਿਰਫ ਇਸ ਹੱਦ ਤੱਕ ਕਿ ਇਸਨੇ ਲੇ ਪੇਨ ਨੂੰ ਰੋਕ ਦਿੱਤਾ। ਉਹ ਤੀਜੇ ਸਥਾਨ ’ਤੇ ਰਹੀ ਪਰ ਮੈਕ੍ਰੋਂ ਅਤੇ ਉਸ ਦੇ ਕਾਰਪੋਰੇਟ ਹਮਾਇਤੀ ਉਥਲ-ਪੁਥਲ ਵਿਚ ਸਨ ਕਿਉਂਕਿ ਖੱਬਾ ਮੋਰਚਾ ਬਹੁਤ ਅੱਗੇ ਨਿਕਲ ਗਿਆ ਸੀ। ਮੈਕ੍ਰੋਂ ਦਾ ਨਵ-ਰੂੜੀਵਾਦੀ ਏਜੰਡਾ ਖੱਬੇ ਮੋਰਚੇ ਦੇ ਸਮਾਜਵਾਦ ਨਾਲ ਸਿੱਧਾ ਟਕਰਾਏਗਾ।
ਨੈਸ਼ਨਲ ਅਸੈਂਬਲੀ ਵਿਚ ਸੰਖਿਆਵਾਂ ਦੇ ਆਧਾਰ ’ਤੇ ਖੱਬੇ ਮੋਰਚੇ ਨੂੰ ਪ੍ਰਧਾਨ ਮੰਤਰੀ ਵਜੋਂ ਨਿਯੁਕਤ ਕਰਨ ਦੀ ਬਜਾਏ, ਮੈਕ੍ਰੋਂ ਨੇ ਰਿਪਬਲਿਕਨ ਅਸਤਬਲ ਤੋਂ ਮਿਸ਼ੇਲ ਬਾਰਨੀਅਰ ਨੂੰ ਜ਼ਿੰਮੇਵਾਰੀ ਸੌਂਪ ਦਿੱਤੀ। ਤਾਂ ਕੀ ਸਮਾਜਵਾਦੀ ਖੱਬੇ ਮੋਰਚੇ ਤੋਂ ਵੱਖ ਹੋ ਜਾਣਗੇ? ਜੇਕਰ ਨਹੀਂ, ਤਾਂ ਸੰਭਾਵੀ ਗੁਪਤ ਸੌਦੇ ਖ਼ਤਰਨਾਕ ਹੋ ਸਕਦੇ ਹਨ। ਮੰਨ ਲਓ ਕਿ ਲੇ ਪੇਨ ਬਾਹਰੋਂ ਬਾਰਨੀਅਰ ਦੀ ਘੱਟਗਿਣਤੀ ਸਰਕਾਰ ਦੀ ਹਮਾਇਤ ਕਰ ਰਹੇ ਹਨ? ਉਹ ਫਿਰ ਪੰਜਵੇਂ ਗਣਰਾਜ ਨੂੰ ਕੰਟਰੋਲ ਕਰੇਗੀ।
ਖੱਬੇ ਮੋਰਚੇ ਦੀ ਤਰੱਕੀ ਰਾਹੀਂ ਪ੍ਰਗਟ ਕੀਤੀ ਗਈ ਲੋਕਾਂ ਦੀ ਇੱਛਾ ਮੈਕ੍ਰੋਂ-ਬਾਰਨੀਅਰ ਦੇ ਨਵ-ਰੂੜੀਵਾਦੀ ਏਜੰਡੇ ਰਾਹੀਂ ਪ੍ਰਭਾਵਸ਼ਾਲੀ ਢੰਗ ਨਾਲ ਅਸਰਹੀਣ ਹੋ ਜਾਵੇਗੀ। ਸਮਾਜ ਭਲਾਈ, ਮਹਿੰਗਾਈ, ਸਿਹਤ ਸੰਭਾਲ, ਬੇਰੋਜ਼ਗਾਰੀ ਉਹ ਮੁੱਦੇ ਹਨ ਜੋ ਲੋਕਾਂ ਦੀ ਜ਼ਿੰਦਗੀ ਨੂੰ ਪਰਿਭਾਸ਼ਿਤ ਕਰਦੇ ਹਨ। ਉਨ੍ਹਾਂ ਦੀ ਥਾਂ ਪਰਵਾਸ, ਪਛਾਣ ਦੀ ਸਿਆਸਤ, ਇਸਲਾਮੋਫੋਬੀਆ, ਫੌਜੀ ਬਜਟ, ਫਾਸ਼ੀਵਾਦ ਦਾ ਪੋਸ਼ਣ ਕਰਨ ਵਾਲੇ ਮੁੱਖ ਮੁੱਦੇ ਲੈ ਲੈਣਗੇ।
ਇਹ ਦਿਨ ਦੀ ਰੋਸ਼ਨੀ ਵਾਂਗ ਸਪੱਸ਼ਟ ਸੀ ਕਿ ਬਰਨੀ ਸੈਂਡਰਸ ਨੂੰ ਡੈਮੋਕ੍ਰੇਟਿਕ ਪਾਰਟੀ ਦੀ ਸਥਾਪਨਾ ਨੇ ਮੁੱਖ ਤੌਰ ’ਤੇ ਉਨ੍ਹਾਂ ਦੇ ਸਮਾਜਵਾਦੀ ਅਕਸ ਦੇ ਕਾਰਨ ਪੱਟੜੀ ਤੋਂ ਉਤਾਰ ਦਿੱਤਾ ਸੀ। ਮੈਂ ਉਦੋਂ ਲਿਖਿਆ ਸੀ ਕਿ ਜੇ ਤੁਸੀਂ ਸੈਂਡਰਸ ਨੂੰ ਅਸੰਭਵ ਬਣਾਉਂਦੇ ਹੋ, ਤਾਂ ਤੁਸੀਂ ਟਰੰਪ ਨੂੰ ਅਟੱਲ ਬਣਾਉਂਦੇ ਹੋ।
ਜਿਵੇਂ ਕਿ ਬਾਈਬਲ ਕਹਿੰਦੀ ਹੈ ਕਿ ਸੂਰਜ ਦੇ ਹੇਠਾਂ ਕੁਝ ਵੀ ਨਵਾਂ ਨਹੀਂ ਹੈ। ਇਹ ਉਦੋਂ ਤੋਂ ਅਮਲ ਵਿਚ ਆ ਰਿਹਾ ਹੈ ਜਦੋਂ ਤੋਂ ਫ੍ਰੈਂਕਲਿਨ ਡੇਲਾਨੋ ਰੂਜ਼ਵੈਲਟ ਨੇ ਆਪਣੇ ਦੇਸ਼ ਨੂੰ 30 ਅਤੇ 40 ਦੇ ਦਹਾਕੇ ਦੇ ਮਹਾਨ ਮੰਦਵਾੜੇ ਵਿਚੋਂ ਬਾਹਰ ਕੱਢਿਆ ਸੀ, ਜਦੋਂ ਉਨ੍ਹਾਂ ਨੇ ਭਲਾਈ ਸਕੀਮਾਂ ਨੂੰ ਫੰਡ ਦੇਣ ਲਈ ਬਹੁਤ ਅਮੀਰ ਲੋਕਾਂ ’ਤੇ ਟੈਕਸ ਲਾਇਆ ਸੀ। ਸਮਾਜਵਾਦੀ ਅਤੇ ਕਮਿਊਨਿਸਟ ਯੂਨੀਅਨਾਂ ਨੇ ਉਨ੍ਹਾਂ ’ਤੇ ਦਬਾਅ ਪਾਇਆ ਸੀ।
ਇਤਿਹਾਸ ’ਚ ਸਭ ਤੋਂ ਹਰਮਨਪਿਆਰੇ ਅਮਰੀਕੀ ਰਾਸ਼ਟਰਪਤੀ, ਜੋ ਆਪਣੇ ਚੌਥੇ ਕਾਰਜਕਾਲ ’ਚ ਮਰ ਗਏ, ਨੇ ਕਾਰਪੋਰੇਟ ਪੈਰਾਨੋਆ ਨੂੰ ਜਨਮ ਦਿੱਤਾ, ਜਿਸ ਨੇ ਅੱਜ ਤਕ ਆਪਣੀ ਰਫਤਾਰ ਫੜੀ ਹੋਈ ਹੈ। ਅੱਜ ਪੂੰਜੀਵਾਦੀ ਲਾਪਰਵਾਹੀ ਲਈ ਮੈਦਾਨ ਖੁੱਲ੍ਹਾ ਹੈ।
ਸਈਦ ਨਕਵੀ