ਫਿਰ ਤੋਂ ਮੁੱਖ ਮੰਤਰੀ ਬਣਨ ਦੀ ਆਸ ਲਗਾਈ ਬੈਠੇ ਕਮਲਨਾਥ

08/10/2020 2:55:54 AM

ਰਾਹਿਲ ਨੌਰਾ ਚੋਪੜ

ਮੁੱਖ ਮੰਤਰੀ ਅਹੁਦਾ ਖੁੱਸਣ ਤੋਂ ਬਾਅਦ ਕਮਲਨਾਥ ਨੇ ਅਜੇ ਵੀ ਆਸ ਨਹੀਂ ਛੱਡੀ ਹੈ। ਇਸ ਅਹੁਦੇ ’ਤੇ ਦੁਬਾਰਾ ਕਾਬਿਜ਼ ਹੋਣ ਦੀ ਰੀਝ ਅਜੇ ਵੀ ਉਨ੍ਹਾਂ ਦੇ ਦਿਲ ’ਚ ਹੈ। ਹਾਲਾਂਕਿ ਕਾਂਗਰਸ ’ਚੋਂ ਜੋਤਿਰਾਦਿੱਤਿਆ ਸਿੰਧੀਆ ਦੀ ਨਿਕਾਸੀ ਤੋਂ ਬਾਅਦ ਕਈ ਕਾਂਗਰਸੀ ਵਿਧਾਇਕ ਅਜੇ ਵੀ ਲਗਾਤਾਰ ਪਾਰਟੀ ਨੂੰ ਛੱਡ ਰਹੇ ਹਨ। ਇਥੇ ਉਪ ਚੋਣਾਂ ਕੋਵਿਡ-19 ਦੀ ਸਮਾਪਤੀ ਤੋਂ ਬਾਅਦ ਹੀ ਹੋਣਗੀਅਾਂ। ਮੱਧ ਪ੍ਰਦੇਸ਼ ’ਚ ਭਾਜਪਾ ਰਾਮ ਮੰਦਿਰ ਭੂਮੀ ਪੂਜਨ ਤੋਂ ਬਾਅਦ ਜ਼ਿਆਦਾ ਆਸਵੰਦ ਦਿਸ ਰਹੀ ਹੈ। ਉਸ ਦਾ ਮੰਨਣਾ ਹੈ ਕਿ ਉਪ ਚੋਣਾਂ ਵੀ ਉਹ ਜਿੱਤ ਲਵੇਗੀ।

ਪਰ ਕਮਲਨਾਥ ਨੇ ਅਜੇ ਆਪਣਾ ਦਿਲ ਨਹੀਂ ਛੱਡਿਆ ਅਤੇ ਉਹ ਹਨੂੰਮਾਨ ਚਾਲੀਸਾ ਪੜ੍ਹਦੇ ਹਨ ਅਤੇ ਭਗਵਾਨ ਰਾਮ ਜੀ, ਸੀਤਾ ਜੀ ਅਤੇ ਹਨੂੰਮਾਨ ਜੀ ਦੀਅਾਂ ਮੂਰਤੀਅਾਂ ਦੇ ਸਾਹਮਣੇ ਬੈਠ ਕੇ ਆਪਣੇ ਘਰ ’ਚ ਪ੍ਰਾਰਥਨਾ ਕਰਦੇ ਹਨ। ਅਜਿਹਾ ਉਨ੍ਹਾਂ ਨੇ ਭੂਮੀ ਪੂਜਨ ਤੋਂ ਇਕ ਦਿਨ ਪਹਿਲਾਂ ਵੀ ਕੀਤਾ। ਇਸ ਦਿਨ ਨੂੰ ਉਨ੍ਹਾਂ ਨੇ ਦੇਸ਼ ਲਈ ਇਤਿਹਾਸਕ ਦਿਨ ਦੱਸਿਆ, ਜਿਸ ਦੀ ਦੇਸ਼ ਨੂੰ ਉਡੀਕ ਸੀ। ਕਮਲਨਾਥ ਨੇ ਕਿਹਾ ਕਿ ਉਹ ਮੱਧ ਪ੍ਰਦੇਸ਼ ਦੇ ਲੋਕਾਂ ਤੋਂ ਪ੍ਰਾਪਤ 11 ਚਾਂਦੀ ਦੀਅਾਂ ਇੱਟਾਂ ਅਯੁੱਧਿਆ ’ਚ ਭੇਜਣਗੇ। ਇਨ੍ਹਾਂ ਇੱਟਾਂ ਨੂੰ ਕਾਂਗਰਸੀ ਮੈਂਬਰਾਂ ਤੋਂ ਮਿਲੇ ਦਾਨ ਨਾਲ ਖਰੀਦਿਆ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਹਨੂੰਮਾਨ ਚਾਲੀਸਾ ਦਾ ਪਾਠ ਸੂਬੇ ਦੇ ਲੋਕਾਂ ਦੀ ਭਲਾਈ ਲਈ ਕੀਤਾ ਜਾਂਦਾ ਹੈ। ਕਮਲਨਾਥ ਉਪ ਚੋਣਾਂ ਨੂੰ ਜਿੱਤਣ ਦੀ ਪੂਰੀ ਆਸ ਲਗਾਈ ਬੈਠੇ ਹਨ।

ਕਾਂਗਰਸ ਤੋਂ ਬਾਅਦ ਭਾਜਪਾ ਵਿਧਾਇਕ ਗੁਜਰਾਤ ’ਚ ਤਬਦੀਲ ਕੀਤੇ ਗਏ ਹਨ। ਪਾਰਟੀ ਸੂਬਾ ਇਕਾਈ ’ਚ ਵਧਦੀ ਧੜੇਬੰਦੀ ਕਾਰਨ ਵਿਧਾਇਕਾਂ ਦੀ ਖਰੀਦੋ-ਫਰੋਖਤ ਦੀ ਕੋਸ਼ਿਸ਼ ਨੂੰ ਰੋਕਣਾ ਚਾਹੁੰਦੀ ਹੈ। ਪਾਰਟੀ ਦਾ ਦਾਅਵਾ ਹੈ ਕਿ ਉਸ ਦੇ ਵਿਧਾਇਕਾਂ ਨੂੰ ਸੂਬਾ ਸਰਕਾਰ ਵਲੋਂ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਪਾਰਟੀ ਨੇ 19 ਵਿਧਾਇਕਾਂ ਨੂੰ ਗੁਜਰਾਤ ’ਚ ਤਬਦੀਲ ਕੀਤਾ ਹੈ। ਭਾਜਪਾ ਦੇ ਸੂਬਾ ਪ੍ਰਧਾਨ ਸਤੀਸ਼ ਪੂਨੀਆ ਨੇ ਕਿਹਾ ਕਿ ਵਿਧਾਇਕ ਅਗਿਆਤਵਾਸ ’ਚ ਹਨ ਕਿਉਂਕਿ ਕਾਂਗਰਸ ਸਰਕਾਰ ਨੇ ਉਨ੍ਹਾਂ ਬਾਰੇ ਅਫਵਾਹਾਂ ਫੈਲਾਉਣੀਅਾਂ ਸ਼ੁਰੂ ਕੀਤੀਅਾਂ ਹਨ।

ਸ਼ੁੱਕਰਵਾਰ ਨੂੰ ਪਾਰਟੀ ਨੇ 13 ਵਿਧਾਇਕਾਂ ਜੋ ਉਦੈਪੁਰ ਮੰਡਲ ਨਾਲ ਸੰਬੰਧਤ ਸਨ, ਨੂੰ ਤਬਦੀਲ ਕੀਤਾ। ਸ਼ਨੀਵਾਰ ਨੂੰ ਪਾਰਟੀ ਨੇ 6 ਹੋਰ ਵਿਧਾਇਕਾਂ ਨੂੰ ਗੁਜਰਾਤ ਦੇ ਪੋਰਬੰਦਰ ’ਚ ਤਬਦੀਲ ਕੀਤਾ। ਇਸ ਦੇ ਲਈ ਉਨ੍ਹਾਂ ਨੇ ਚਾਰਟਰਡ ਜਹਾਜ਼ ਦੀ ਵਿਵਸਥਾ ਕੀਤੀ, ਜਿਸ ਨੂੰ ਫੁਲੇਰਾ (ਜੈਪੁਰ) ਵਿਧਾਇਕ ਨਿਰਮਲ ਕੁਮਾਵਤ, ਗੋਪੀ ਚੰਦ ਮੀਨਾ, ਜੱਬਾਰ ਸਿੰਘ ਸਾਂਖਲਾ, ਧਰਮਿੰਦਰ ਕੁਮਾਰ, ਗੋਪਾਲ ਲਾਲ ਸ਼ਰਮਾ ਅਤੇ ਗੁਰਦੀਪ ਸਿੰਘ ਦੀ ਨਿਗਰਾਨੀ ’ਚ ਰੱਖਿਅਾ ਗਿਆ। 200 ਮੈਂਬਰਾਂ ਦੇ ਸਦਨ ’ਚ ਭਾਜਪਾ ਕੋਲ 72 ਵਿਧਾਇਕ ਹਨ। ਇਸ ਦੌਰਾਨ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਦੀ ਦਿੱਲੀ ਯਾਤਰਾ ਨੇ ਕੁਝ ਜ਼ਿਆਦਾ ਹੀ ਅਫਵਾਹਾਂ ਫੈਲਾਈਅਾਂ ਹਨ, ਹਾਲਾਂਕਿ ਅਜਿਹਾ ਜਾਪਦਾ ਹੈ ਕਿ ਭਾਜਪਾ ਰਾਜਸਥਾਨ ਕਾਂਗਰਸ ’ਚ ਪੈਦਾ ਹੋਏ ਮਤਭੇਦਾਂ ਦਾ ਫਾਇਦਾ ਨਹੀਂ ਉਠਾਉਣਾ ਚਾਹੁੰਦੀ। ਵਸੁੰਧਰਾ ਰਾਜੇ ਨੇ ਪਾਰਟੀ ਦੇ ਜਨਰਲ ਸਕੱਤਰ (ਸੰਗਠਨ) ਬੀ. ਐੱਲ. ਸੰਤੋਸ਼ ਅਤੇ ਭਾਜਪਾ ਦੇ ਪ੍ਰਧਾਨ ਜੇ. ਪੀ. ਨੱਢਾ ਨਾਲ ਮੁਲਾਕਾਤ ਕੀਤੀ। ਅਜਿਹਾ ਸਮਝਿਆ ਜਾ ਰਿਹਾ ਹੈ ਕਿ ਵਸੁੰਧਰਾ ਰਾਜੇ ਦੀ ਗੱਲਬਾਤ ਵਿਧਾਨ ਸਭਾ ਚੋਣਾਂ ’ਚ ਪਾਰਟੀ ਦੀ ਰਣਨੀਤੀ ਬਾਰੇ ਸੀ।

ਛੱਤੀਸਗੜ੍ਹ ਕਾਂਗਰਸ ’ਚ ਅੰਦਰੂਨੀ ਕਲੇਸ਼

ਮੱਧ ਪ੍ਰਦੇਸ਼ ਅਤੇ ਰਾਜਸਥਾਨ ਤੋਂ ਬਾਅਦ ਛੱਤੀਸਗੜ੍ਹ ’ਚ ਹੁਣ ਕਾਂਗਰਸ ਸਰਕਾਰ ਦੀ ਵਾਰੀ ਹੈ। ਮੁੱਖ ਮੰਤਰੀ ਭੂਪੇਸ਼ ਬਘੇਲ ਵਲੋਂ ਮੋਦੀ ਸਰਕਾਰ ਦੀ ਨਵੀਂ ਸਿੱਖਿਆ ਨੀਤੀ ਦੀ ਆਲੋਚਨਾ ਤੋਂ ਤੁਰੰਤ ਬਾਅਦ ਕਾਂਗਰਸੀ ਨੇਤਾ ਅਤੇ ਸਿਹਤ ਮੰਤਰੀ ਟੀ. ਐੱਸ. ਸਿੰਘ ਦੇਵ ਨੇ ਮੋਦੀ ਸਰਕਾਰ ਦੀ ਨਵੀਂ ਸਿੱਖਿਆ ਨੀਤੀ ਦੀ ਪ੍ਰਸ਼ੰਸਾ ਕੀਤੀ ਹੈ ਅਤੇ ਇਸ ਨਾਲ ਸੂਬਾ ਸਰਕਾਰ ਦਰਮਿਆਨ ਕਈ ਗੱਲਾਂ ਉੱਠੀਅਾਂ ਹਨ।

ਛੱਤੀਸਗੜ੍ਹ ਵਿਧਾਨ ਸਭਾ ਚੋਣਾਂ ਤੋਂ ਬਾਅਦ ਦੇਵ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਸਨ ਪਰ ਕਾਂਗਰਸ ਹਾਈਕਮਾਨ ਨੇ ਭੂਪੇਸ਼ ਬਘੇਲ ਨੂੰ ਪਹਿਲ ਦਿੱਤੀ। ਸਿਆਸੀ ਆਬਜ਼ਰਵਰਾਂ ਅਨੁਸਾਰ ਜਦਕਿ ਛੱਤੀਸਗੜ੍ਹ ਸਰਕਾਰ ਸੂਬੇ ’ਚ ਵਿਕਾਸ ਲਈ ਸਖਤ ਮਿਹਨਤ ਕਰ ਰਹੀ ਹੈ ਅਤੇ ਸੂਬੇ ’ਚ ਕੋੋਰੋਨਾ ਵਾਇਰਸ ਨੂੰ ਪੂਰੀ ਤਰ੍ਹਾਂ ਕੰਟਰੋਲ ਕਰ ਚੁੱਕੀ ਹੈ, ਇਸ ਸਮੇਂ ਟੀ. ਐੱਸ. ਸਿੰਘ ਦੇਵ ਦਾ ਬਿਆਨ ਕੁਝ ਅਜਿਹੇ ਸੰਕੇਤ ਦਿੰਦਾ ਹੈ ਕਿ ਸਰਕਾਰ ਲਈ ਸਭ ਕੁਝ ਚੰਗਾ ਨਹੀਂ ਚੱਲ ਰਿਹਾ ਹੈ ਅਤੇ ਦੇਵ ਜੋਤਿਰਾਦਿੱਤਿਆ ਸਿੰਧੀਅਾ ਅਤੇ ਸਚਿਨ ਪਾਇਲਟ ਵਾਂਗ ਹੀ ਕੁਝ ਨਵਾਂ ਕਰ ਗੁਜ਼ਰਨਗੇ ਜੇਕਰ ਕਾਂਗਰਸ ਹਾਈਕਮਾਨ ਨੇ ਇਸ ਸਥਿਤੀ ਨੂੰ ਤਤਕਾਲ ਹੀ ਕੰਟਰੋਲ ਨਾ ਕੀਤਾ।

ਬਾਜਵਾ ਅਤੇ ਦੂਲੋ ਦੇ ਮੁੱਖ ਮੰਤਰੀ ਅਤੇ ਜਾਖੜ ਵਿਰੁੱਧ ਦੋਸ਼

ਕਾਂਗਰਸ ਦੀ ਪੰਜਾਬ ਇਕਾਈ ਨੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੂਲੋ ਵਿਰੁੱਧ ਉਨ੍ਹਾਂ ਦੀਆਂ ਕਥਿਤ ਪਾਰਟੀ ਵਿਰੋਧੀ ਕਾਰਵਾਈਅਾਂ ਲਈ ਅਨੁਸ਼ਾਸਨੀ ਕਾਰਵਾਈ ਦੀ ਸਿਫਾਰਿਸ਼ ਕੀਤੀ ਹੈ। ਇਨ੍ਹਾਂ ਨੇਤਾਵਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੂਬੇ ਦੇ ਪਾਰਟੀ ਪ੍ਰਮੁੱਖ ਸੁਨੀਲ ਜਾਖੜ ਵਿਰੁੱਧ ਘਟੀਆ ਸ਼ਬਦਾਵਲੀ ਦੀ ਵਰਤੋਂ ਕੀਤੀ ਸੀ। ਇਨ੍ਹਾਂ ਦੋਵਾਂ ਵਿਰੁੱਧ ਕਾਰਵਾਈ ਕਰਨ ਦਾ ਪੱਤਰ ਪਾਰਟੀ ਦੀ ਕੇਂਦਰੀ ਅਨੁਸ਼ਾਸਨ ਕਾਰਜ ਕਮੇਟੀ ਨੂੰ ਭੇਜਿਆ ਗਿਆ ਹੈ ਜਿਸ ਦੀ ਪ੍ਰਧਾਨਗੀ ਸਾਬਕਾ ਰੱਖਿਆ ਮੰਤਰੀ ਏ. ਕੇ. ਐਂਟਨੀ, ਮੋਤੀ ਲਾਲ ਵੋਹਰਾ, ਸੁਸ਼ੀਲ ਕੁਮਾਰ ਛਿੰਦੇ ਅਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਕਰ ਰਹੀ ਹੈ।

ਬਾਜਵਾ ਅਤੇ ਦੂਲੋ ਨੇ ਸੂਬੇ ’ਚ ਨਕਲੀ ਸ਼ਰਾਬ ਕਾਂਡ ਕਾਰਨ 100 ਲੋਕਾਂ ਦੀ ਮੌਤ ਤੋਂ ਬਾਅਦ ਮੁੱਖ ਮੰਤਰੀ ਅਤੇ ਜਾਖੜ ਵਿਰੁੱਧ ਸ਼ਬਦੀ ਵਾਰ ਕੀਤੇ ਸਨ। ਉਨ੍ਹਾਂ ਨੇ ਮੁੱਖ ਮੰਤਰੀ ਅਤੇ ਜਾਖੜ ਨੂੰ ਹਟਾਉਣ ਦੀ ਮੰਗ ਕੀਤੀ ਸੀ ਅਤੇ ਦੋਸ਼ ਲਾਇਆ ਸੀ ਕਿ ਸ਼ਰਾਬ ਮਾਫੀਅਾ ਨੂੰ ਕਾਬੂ ਕਰਨ ’ਚ ਸਰਕਾਰ ਅਸਫਲ ਰਹੀ ਹੈ। ਬਾਜਵਾ ਅਤੇ ਦੂਲੋ ਵਲੋਂ ਲਿਖੇ ਸਾਂਝੇ ਪੱਤਰ ਜੋ ਕਿ ਪੰਜਾਬ ਦੇ ਰਾਜਪਾਲ ਵੀ. ਪੀ. ਸਿੰਘ ਬਦਨੌਰ ਨੂੰ ਭੇਜਿਆ ਗਿਆ, ’ਚ ਸੀ. ਬੀ. ਆਈ. ਵਲੋਂ ਜਾਂਚ ਦੀ ਮੰਗ ਕੀਤੀ ਗਈ ਸੀ ਅਤੇ ਸੂਬੇ ’ਚ ਕਥਿਤ ਤੌਰ ’ਤੇ ਚੱਲ ਰਹੇ ਸ਼ਰਾਬ ਦੇ ਵਪਾਰ ’ਚ ਈ. ਡੀ. ਦੀ ਜਾਂਚ ਦੀ ਮੰਗ ਕੀਤੀ ਗਈ।

ਯੂ. ਪੀ. ’ਚ ਭਾਜਪਾ ’ਚ ਅੰਦਰੂਨੀ ਕਲੇਸ਼

ਭਾਜਪਾ ਹਾਈਕਮਾਨ ਯੂ. ਪੀ. ਭਾਜਪਾ ਮਾਮਲਿਅਾਂ ਨੂੰ ਲੈ ਕੇ ਫਿਕਰਮੰਦ ਹੈ ਕਿਉਂਕਿ ਉਥੋਂ ਦੀਅਾਂ ਅਖਬਾਰਾਂ ’ਚ ਇਕ ਹਫਤੇ ’ਚ ਤਿੰਨ ਵਿਸ਼ੇਸ਼ ਖਬਰਾਂ ਪ੍ਰਕਾਸ਼ਿਤ ਹੋਈਅਾਂ ਅਤੇ ਇਸ ਨੇ ਕੇਂਦਰੀ ਲੀਡਰਸ਼ਿਪ ਨੂੰ ਪ੍ਰੇਸ਼ਾਨ ਕਰ ਕੇ ਰੱਖ ਦਿੱਤਾ ਹੈ। ਪਹਿਲੀ ਇਹ ਕਿ ਇਕ ਸੀਨੀਅਰ ਭਾਜਪਾ ਸੰਸਦ ਮੈਂਬਰ ਨੇ ਆਪਣੀ ਫੇਸਬੁੱਕ ਪੋਸਟ ’ਤੇ ਲਿਖਿਆ ਕਿ ਉਸ ਦੇ ਸਿਆਸਤ ’ਚ 30 ਸਾਲਾਂ ਦੇ ਕਾਰਜਕਾਲ ਦੌਰਾਨ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਮੈਂ ਲਾਚਾਰ ਅਤੇ ਕਮਜ਼ੋਰ ਮਹਿਸੂਸ ਕਰ ਰਿਹਾ ਹਾਂ। ਦੂਜੀ ਗੱਲ ਇਹ ਹੈ ਕਿ ਉੱਨਾਵ ਦੇ ਭਾਜਪਾ ਵਿਧਾਇਕ ਨੇ ਕੋਤਵਾਲੀ ਦੇ ਸਾਹਮਣੇ ਉਸ ਸਮੇਂ ਧਰਨਾ ਦੇ ਦਿੱਤਾ ਜਦੋਂ ਪੁਲਸ ਉਸ ਦੀ ਸ਼ਿਕਾਇਤ ਨੂੰ ਨਹੀਂ ਸੁਣ ਰਹੀ ਸੀ। ਤੀਜੀ ਖਬਰ ਇਹ ਸੀ ਕਿ ਲਖਨਊ ਦੇ ਭਾਜਪਾ ਮੇਅਰ ਨੇ ਕੁਝ ਅਧਿਕਾਰੀਅਾਂ ਦੀਅਾਂ ਸ਼ਿਕਾਇਤਾਂ ਮੁੱਖ ਮੰਤਰੀ ਨੂੰ ਲਿਖੀਅਾਂ ਹਨ, ਜਿਨ੍ਹਾਂ ਦੀ ਸੁਣਵਾਈ ਨਹੀਂ ਹੋਈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪਾਰਟੀ ਨੇ ਵਿਧਾਇਕ ਨੂੰ ਨੋਟਿਸ ਭੇਜਿਆ।

ਇਨ੍ਹਾਂ ਸਾਰੇ ਘਟਨਾਕ੍ਰਮ ਤੋਂ ਬਾਅਦ ਕੇਂਦਰੀ ਲੀਡਰਸ਼ਿਪ ਨੇ ਦਿੱਲੀ ’ਚ ਯੂ. ਪੀ. ਸੂਬੇ ਦੇ ਨੇਤਾਵਾਂ ਦੀ ਬੈਠਕ ਸੱਦੀ ਕਿਉਂਕਿ ਸੂਬੇ ਦੇ ਭਾਜਪਾ ਪ੍ਰਧਾਨ ਸਵਤੰਤਰ ਦੇਵ ਸਿੰਘ ਕੋਰੋਨਾ ਪਾਜ਼ੇਟਿਵ ਹੋ ਗਏ, ਇਸ ਕਾਰਨ ਬੈਠਕ ਨੂੰ ਕੁਝ ਸਮੇਂ ਲਈ ਰੋਕ ਦਿੱਤਾ ਗਿਆ।


Bharat Thapa

Content Editor

Related News