ਵਿਸ਼ਵ ਪੱਧਰੀ ਬਣੀਆਂ ਭਾਰਤੀ ਯੂਨੀਵਰਸਿਟੀਆਂ

Saturday, Aug 17, 2024 - 06:16 PM (IST)

ਵਿਸ਼ਵ ਪੱਧਰੀ ਬਣੀਆਂ ਭਾਰਤੀ ਯੂਨੀਵਰਸਿਟੀਆਂ

ਵਿਦਿਆਰਥੀਆਂ ਦੇ ਚੰਗੇ ਭਵਿੱਖ ਲਈ ਵਿੱਦਿਅਕ ਅਦਾਰਿਆਂ ਦੀ ਸਿੱਖਿਆ ਗੁਣਵੱਤਾ, ਪ੍ਰਦਰਸ਼ਨ ਤੇ ਮਿਆਰ ਬਾਰੇ ਵਿਦਿਆਰਥੀਆਂ ਤੇ ਮਾਪਿਆਂ ਵੱਲੋਂ ਜਾਣਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਕਿਉਂਕਿ ਪੂਰਨ ਮਨੁੱਖੀ ਸੰਭਾਵਨਾਵਾਂ ਦੀ ਪ੍ਰਾਪਤੀ ਲਈ, ਇਕ-ਸਮਾਨਤਾਕਾਰੀ ਅਤੇ ਨਿਆਂਕਾਰੀ ਸਮਾਜ ਦੇ ਵਿਕਾਸ ਅਤੇ ਕੌਮੀ ਵਿਕਾਸ ਲਈ ਸਿੱਖਿਆ ਪਹਿਲੀ ਲੋੜ ਹੈ।

ਇਸ ਉਦੇਸ਼ ਲਈ, ਹਰੇਕ ਦੇਸ਼ ਨੂੰ ਉੱਚ ਵਿੱਦਿਅਕ ਅਦਾਰਿਆਂ ਵਿਚ ਸਿੱਖਿਆ, ਅਧਿਆਪਨ, ਸਿੱਖਣ ਤੇ ਸਾਰੀਆਂ ਸਹੂਲਤਾਂ ਦੇ ਪਹਿਲੂਆਂ ਨੂੰ ਜਾਂਚਣ ਲਈ ਇਕ ਦਰਜਾਬੰਦੀ ਦੀ ਜ਼ਰੂਰਤ ਹੁੰਦੀ ਹੈ ਪਰ 2014 ਤੱਕ, ਭਾਰਤ ਵਿਚ ਉੱਚ ਵਿੱਦਿਅਕ ਅਦਾਰਿਆਂ ਦੇ ਪ੍ਰਦਰਸ਼ਨ ਨੂੰ ਮਾਪਣ ਤੇ ਰੈਂਕਿੰਗ ’ਚ ਨੈਸ਼ਨਲ ਇੰਸਟੀਟਿਊਸ਼ਨਲ ਰੈਂਕਿੰਗ ਫਰੇਮਵਰਕ (ਐੱਨ. ਆਈ. ਆਰ. ਐੱਫ.) ਦੀ ਭਰੋਸੇਯੋਗਤਾ, ਪਾਰਦਰਸ਼ਿਤ ਤੇ ਪ੍ਰਮਾਣਿਕਤਾ ਦੀ ਘਾਟ ਸੀ।

ਇਨ੍ਹਾਂ ਮਹੱਤਵਪੂਰਨ ਲੋੜਾਂ ਨੂੰ ਪੂਰਾ ਕਰਨ ਤੇ ਵਿੱਦਿਅਕ ਇੱਛਾਵਾਂ ਨੂੰ ਦੇਖਦੇ ਹੋਏ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ’ਚ ਅਕਤੂਬਰ 2014 ’ਚ ਨੈਸ਼ਨਲ ਇੰਸਟੀਚਿਊਸ਼ਨਲ ਰੈਂਕਿੰਗ ਫਰੇਮਵਰਕ (ਐੱਨ. ਆਈ. ਆਰ. ਐੱਫ.) ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਤੇ 2015 ਵਿਚ ਇਸ ਪ੍ਰਕਿਰਿਆ ਨੂੰ ਪੂਰਾ ਕੀਤਾ, ਜਿਸ ਨਾਲ ਉੱਚ ਵਿੱਦਿਅਕ ਅਦਾਰਿਆਂ ਲਈ ਬਹੁਤ ਕਾਰਗਰ ਨਤੀਜੇ ਸਾਹਮਣੇ ਆਏ ਹਨ।

2016 ਤੋਂ, ਹੁਣ ਤੱਕ ਐੱਨ. ਆਈ. ਆਰ. ਐੱਫ. ਪ੍ਰਮਾਣਿਕ ਰੈਂਕਿੰਗ ਪ੍ਰਣਾਲੀ ਦੀ ਤਰ੍ਹਾਂ ਕੰਮ ਕਰ ਰਹੀ ਹੈ, ਕਿਉਂਕਿ ਇਹ ਪ੍ਰਣਾਲੀ ਪੰਜ ਪ੍ਰਮੁੱਖ ਸਿਰਲੇਖਾਂ ਵਿਚ 22 ਮਾਪਦੰਡਾਂ ਨੂੰ ਪਰਿਭਾਸ਼ਿਤ ਕਰਦੀ ਹੈ। ਇਨ੍ਹਾਂ ’ਚ ਕਈ ਮਾਪਦੰਡ ਵਿਸ਼ਵ ਪੱਧਰੀ ਉੱਚ ਵਿੱਦਿਅਕ ਸੰਸਥਾਵਾਂ ਦੇ ਬਰਾਬਰ ਹਨ। ਇਨ੍ਹਾਂ ’ਚ ਅਧਿਆਪਨ, ਸਿੱਖਣ ਤੇ ਖੋਜਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੇ ਵੱਖ-ਵੱਖ ਸ਼੍ਰੇਣੀਆਂ ਵਿਚ ਭਾਰਤ ਵਿਚ ਉੱਚ ਵਿੱਦਿਅਕ ਅਦਾਰਿਆਂ ਦੀ ਗੁਣਵੱਤਾ ਸ਼ਾਮਲ ਹੈ ।

ਇਨ੍ਹਾਂ ਮਾਪਦੰਡਾਂ ਦੇ ਆਧਾਰ ’ਤੇ ਉਨ੍ਹਾਂ ਨੂੰ ਸਕੋਰ ਪ੍ਰਦਾਨ ਕੀਤੇ ਜਾਂਦੇ ਹਨ। ਇਨ੍ਹਾਂ ਦੇ ਆਧਾਰ ’ਤੇ ਅਦਾਰਿਆਂ ਨੂੰ ਰੈਂਕਿੰਗ ਦਿੱਤੀ ਜਾਂਦੀ ਹੈ। ਇਸ ਵਿਚ ਖੇਤਰੀ ਤੇ ਅੰਤਰਰਾਸ਼ਟਰੀ ਵਿਭਿੰਨਤਾ ਸਮੇਤ ਸਥਿਤੀ, ਪਹੁੰਚ, ਲਿੰਗ ਸਮਾਨਤਾ ਤੇ ਸਮਾਜ ਦੇ ਪੱਛੜੇ ਵਰਗਾਂ ਸਮੇਤ ਭਾਰਤ ਨਾਲ ਸਬੰਧਤ ਦੇਸ਼ਾਂ ਦੇ ਪੈਰਾਮੀਟਰ ਵੀ ਸ਼ਾਮਲ ਹਨ।

ਕੇਂਦਰੀ ਸਿੱਖਿਆ ਮੰਤਰਾਲੇ ਵੱਲੋਂ 12 ਅਗਸਤ ਨੂੰ ਜਾਰੀ ਕੀਤੇ ਐੱਨ. ਆਈ. ਆਰ. ਐੱਫ.-2024 ਦੇ 9ਵੇਂ ਐਡੀਸ਼ਨ ਦੀ ਰੈਂਕਿੰਗ ’ਚ ਗੁਣਵੱਤਾ ਤੇ ਪ੍ਰਦਰਸ਼ਨ ਦਾ ਪ੍ਰਤੀਬਿੰਬ ਹੈ। ਇਸ ਸਾਲ ਰੈਂਕਿੰਗ ’ਚ ਉੱਚ ਵਿੱਦਿਅਕ ਅਦਾਰਿਆਂ ਦੇ ਰਿਕਾਰਡਤੋੜ ਵਾਧੇ ਨੇ ਭਾਰਤ ਵਿਚ ਉਚੇਰੀ ਵਿੱਦਿਅਕ ਅਦਾਰਿਆਂ ਵਿਚ ਇਕ ਨਿਰਪੱਖ ਤੇ ਪਾਰਦਰਸ਼ੀ ਰੈਂਕਿੰਗ ਦੀ ਮਾਨਤਾ ਨੂੰ ਦਰਸਾਇਆ ਹੈ।

ਵੱਖ-ਵੱਖ ਸ਼੍ਰੇਣੀਆਂ ਵਿਚ ਰੈਂਕਿੰਗ ਲਈ ਕੁੱਲ ਸਿੱਖਿਆ ਅਦਾਰਿਆਂ ਦੀ ਗਿਣਤੀ 2016 ਵਿਚ 3,565 ਤੋਂ ਵਧ ਕੇ 2024 ਵਿਚ 10,845 ਹੋ ਗਈ ਹੈ, ਇਨ੍ਹਾਂ 9 ਸਾਲਾਂ ਵਿਚ ਕੁੱਲ ਵਿੱਦਿਅਕ ਅਦਾਰਿਆਂ ਦੀ ਗਿਣਤੀ ’ਚ 7,280 (204.21 ਫੀਸਦੀ) ਦਾ ਵਾਧਾ ਹੋਇਆ ਹੈ, ਸਰਕਾਰੀ ਤੇ ਚੰਗੇ ਨਿੱਜੀ ਖੇਤਰਾਂ ਦੇ ਵਿੱਦਿਅਕ ਅਦਾਰਿਆਂ ਵੱਲੋਂ ਐੱਨ. ਆਈ. ਆਰ. ਐੱਫ. ਰੈਂਕਿੰਗ ਦੇ ਮੁਕਾਬਲਿਆਂ ਦਾ ਹਿੱਸਾ ਬਣਨਾ ਦਰਸਾਉਂਦਾ ਹੈ।

ਭਾਰਤੀ ਐੱਨ. ਆਈ. ਆਰ. ਐੱਫ. ਰੈਕਿੰਗ-2024 ਨਵੀਂ ਸਿੱਖਿਆ ਨੀਤੀ ਦੀਆਂ ਭਾਵਨਾਵਾਂ ਨੂੰ ਡੂੰਘਾਈ ਨਾਲ ਦਰਸਾਉਂਦੀ ਹੈ, ਕਿਉਂਕਿ ਇਨ੍ਹਾਂ ਉੱਚ ਵਿੱਦਿਅਕ ਅਦਾਰਿਆਂ ਵੱਲੋਂ ਇਸ ਰੈਂਕਿੰਗ ਵਿਚ ਚੋਟੀ ਦਾ ਸਥਾਨ ਹਾਸਲ ਕਰਨ ਲਈ ਅਧਿਆਪਨ, ਨਵੀਨਤਾ, ਖੋਜ ਤੇ ਗ੍ਰੈਜੂਏਸ਼ਨ ’ਚ ਬਿਹਤਰ ਨਤੀਜੇ ਤੇ ਹੋਰ ਮਾਪਦੰਡਾਂ ਵਿਚ ਸਰਬੋਤਮ ਪ੍ਰਦਰਸ਼ਨ ਕੀਤਾ ਗਿਆ ਹੈ। ਉੱਚ ਵਿੱਦਿਅਕ ਅਦਾਰਿਆਂ ਵਿਚਕਾਰ ਇਹ ਮੁਕਾਬਲੇ ਉਨ੍ਹਾਂ ਦੇ ਸਿੱਖਿਆ ਦੇ ਮਿਆਰ ਤੇ ਮਾਪਦੰਡਾਂ ਵਿਚ ਸੁਧਾਰ ਕਰ ਰਹੇ ਹਨ, ਨਾਲ ਹੀ ਐੱਨ. ਆਈ. ਆਰ. ਐੱਫ. ਦੀ ਸ਼ੁਰੂਆਤ ਦੇ ਨਾਲ ਖੋਜ ਪੱਤਰਾਂ, ਵਿਦਿਆਰਥੀ ਭਲਾਈ ਤੇ ਪ੍ਰਕਾਸ਼ਨ ਆਦਿ ਨੂੰ ਮਹੱਤਵ ਮਿਲਿਆ ਹੈ।

ਇਸ ਦੇ ਨਾਲ ਹੀ, ਰੈਂਕਿੰਗ ਢਾਂਚਾ ਵੱਡੀ ਗਿਣਤੀ ਵਿਚ ਭਾਰਤੀ ਉੱਚ ਵਿੱਦਿਅਕ ਅਦਾਰਿਆਂ ਨੂੰ ਗਲੋਬਲ ਰੈਂਕਿੰਗ ਵਿਚ ਹਿੱਸਾ ਲੈਣ ਤੇ ਅੰਤਰਰਾਸ਼ਟਰੀ ਪੱਧਰ ’ਤੇ ਵੀ ਮਹੱਤਵਪੂਰਨ ਪ੍ਰਭਾਵ ਪਾਉਣ ਵਾਸਤੇ ਸਮਰੱਥ ਬਣਾਉਂਦਾ ਹੈ।

2014 ਤੱਕ, ਲਗਭਗ 10-15 ਭਾਰਤੀ ਯੂਨੀਵਰਸਿਟੀਆਂ ਕਿਊ. ਐੱਸ. ਤੇ ਟਾਈਮਸ ਹਾਇਰ ਐਜੂਕੇਸ਼ਨ ਰੈਂਕਿੰਗ ਵਿਚ ਸੂਚੀਬੱਧ ਸਨ। ਹੁਣ 2024 ਵਿਚ, 50 ਤੋਂ ਵੱਧ ਭਾਰਤੀ ਯੂਨੀਵਰਸਿਟੀਆਂ ਵਿਸ਼ਵ ਰੈਂਕਿੰਗ ਵਿਚ ਸੂਚੀਬੱਧ ਹਨ, ਜੋ ਇਕ ਮਜ਼ਬੂਤ ਕਾਰਜਪ੍ਰਣਾਲੀ ਨੂੰ ਦਰਸਾਉਂਦਾ ਹੈ। 46 ਯੂਨੀਵਰਸਿਟੀਆਂ ਨਾਲ, ਭਾਰਤੀ ਉੱਚ ਵਿੱਦਿਅਕ ਪ੍ਰਣਾਲੀ 2025 ਲਈ ਕਿਊ. ਐੱਸ. ਵਰਲਡ ਯੂਨੀਵਰਸਿਟੀ ਰੈਂਕਿੰਗ ਵਿਚ 7ਵੇਂ ਤੇ ਏਸ਼ੀਆ ਵਿਚ ਤੀਜੇ ਸਥਾਨ ’ਤੇ ਹੈ, ਸਿਰਫ ਜਾਪਾਨ 49 ਯੂਨੀਵਰਸਿਟੀਆਂ ਤੇ ਚੀਨ 71 ਯੂਨੀਵਰਸਿਟੀਆਂ ਤੋਂ ਪਿੱਛੇ ਹੈ। 96 ਉੱਚ ਵਿੱਦਿਅਕ ਅਦਾਰਿਆਂ ਦੇ ਨਾਲ, ਭਾਰਤ ਟਾਈਮਸ ਹਾਇਰ ਐਜੂਕੇਸ਼ਨ ਇੰਪੈਕਟ ਰੈਂਕਿੰਗ 2024 ਵਿਚ ਸਭ ਤੋਂ ਵੱਧ ਨੁਮਾਇੰਦਗੀ ਕਰਨ ਵਾਲਾ ਦੇਸ਼ ਬਣ ਗਿਆ ਹੈ।2025 ਟਾਈਮਸ ਹਾਇਰ ਐਜੂਕੇਸ਼ਨ ਰੈਂਕਿੰਗ ਵਿਚ ਰਿਕਾਰਡ 133 ਭਾਰਤੀ ਯੂਨੀਵਰਸਿਟੀਆਂ ਨੇ ਪੱਤਰ ਦਿੱਤੇ ਹਨ।

ਵਿਸ਼ਵ ਰੈਂਕਿੰਗ ਵਿਚ ਭਾਰਤ ਦਾ ਵਧਦਾ ਕੱਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੁਧਾਰਾਂ ਦੁਆਰਾ ਸੰਚਾਲਿਤ ਇਕ ਸ਼ਾਨਦਾਰ ਪ੍ਰਾਪਤੀ ਹੈ। ਮੇਰਾ ਮੰਨਣਾ ਹੈ ਕਿ ਮੋਦੀ ਸਰਕਾਰ ਨੇ ਇਸ ਦੇਸ਼ ਦੇ ਨੌਜਵਾਨਾਂ ਨੂੰ ਵੱਡੇ ਸੁਪਨੇ ਵੇਖਣ ਤੇ ਉਨ੍ਹਾਂ ਨੂੰ ਸਾਕਾਰ ਕਰਨ ਲਈ ਇਕ ਚੰਗਾ ਮਾਹੌਲ ਬਣਾਇਆ ਹੈ।

2047 ਤੱਕ ਵਿਕਸਿਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਲਈ, ਉੱਚ ਵਿੱਦਿਅਕ ਅਦਾਰਿਆਂ ’ਚ ਇਕ ਚੰਗਾ ਵਿੱਦਿਅਕ ਮਾਹੌਲ ਪੈਦਾ ਕਰਨ ਦੀ ਲੋੜ ਹੈ। ਇਸ ਦੇ ਲਈ, ਇਹ ਲਾਜ਼ਮੀ ਹੈ ਕਿ ਦੇਸ਼ ਦੇ ਸਾਰੇ 58,000 ਉੱਚ ਵਿੱਦਿਅਕ ਅਦਾਰੇ ਰੈਂਕਿੰਗ ਤੇ ਰੇਟਿੰਗ ਢਾਂਚੇ ਅਧੀਨ ਆਉਣ, ਅਭਿਲਾਸ਼ੀ ਟੀਚੇ ਨਿਰਧਾਰਿਤ ਕਰਨ ਤੇ ਐੱਨ. ਆਈ. ਆਰ. ਐੱਫ. ਰੈਂਕਿੰਗ ਦੇ ਭਵਿੱਖ ਦੇ ਐਡੀਸ਼ਨਾਂ ਵਿਚ ਉੱਚ ਦਰਜਾਬੰਦੀ ਹਾਸਲ ਕਰਨ ਲਈ ਉਪਰਾਲੇ ਕਰਨ ਦੀ ਜ਼ਰੂਰਤ ਨੂੰ ਸਮਝਣ।

ਆਉਣ ਵਾਲੇ ਸਮੇਂ ਵਿਚ 21ਵੀਂ ਸਦੀ ਨੂੰ ਇਕ ਗਿਆਨ ਆਧਾਰਿਤ ਅਰਥਵਿਵਸਥਾ ਦੱਸਿਆ ਜਾਵੇਗਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲਾ ਭਾਰਤ ਇਕ ਗਿਆਨ-ਆਧਾਰਿਤ ਅਰਥਵਿਵਸਥਾ ਬਣਨ ਵੱਲ ਅੱਗੇ ਵਧ ਰਿਹਾ ਹੈ, ਜੋ ਨਵੀਨਤਾ ਤੇ ਤਕਨਾਲੋਜੀ ’ਤੇ ਆਧਾਰਿਤ ਹੋਵੇਗੀ। ਇਸ ਲਈ ਰੋਜ਼ਗਾਰ ਤੇ ਹੁਨਰ ਵਿਕਾਸ ਨੂੰ ਇਕ ਤਰਜੀਹ ਦਿੱਤੀ ਜਾ ਰਹੀ ਹੈ।

ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਹੋਣ ਦੇ ਨਾਤੇ, ਜਿਸ ਨੇ ਐੱਨ. ਆਈ. ਆਰ. ਐੱਫ.-2024 ’ਚ 20ਵਾਂ ਰੈਂਕ ਹਾਸਲ ਕਰ ਕੇ ਇਕ ਨਵਾਂ ਮੁਕਾਮ ਹਾਸਲ ਕੀਤਾ ਹੈ, ਮੈਨੂੰ ਭਰੋਸਾ ਹੈ ਕਿ ਉੱਚ ਵਿੱਦਿਅਕ ਅਦਾਰਿਆਂ ਵਿਚ ਚੰਗੇ ਮੁਕਾਬਲੇ ਨਾਲ ਆਉਣ ਵਾਲੇ ਸਮੇਂ ਵਿਚ ਉਨ੍ਹਾਂ ਦੇ ਸਿੱਖਿਆ ਮਿਆਰਾਂ ਵਿਚ ਹੋਰ ਸੁਧਾਰ ਹੋਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੀ ਜਾ ਰਹੀ ਅਗਵਾਈ ਸਿਖਰਾਂ ’ਤੇ ਪੁੱਜਣ ਦੇ ਨਾਲ, ਉਹ ਦਿਨ ਦੂਰ ਨਹੀਂ ਜਦੋਂ ਭਾਰਤ ਫਿਰ ਤੋਂ ਸਿੱਖਿਆ ਦਾ ਆਲਮੀ ਹੱਬ ਬਣੇਗਾ।

ਸਤਨਾਮ ਸਿੰਘ ਸੰਧੂ


author

Rakesh

Content Editor

Related News