ਭਾਰਤੀ ਮੁਸਲਮਾਨ ਸਰਵਉੱਤਮ

Thursday, Feb 11, 2021 - 02:06 AM (IST)

ਭਾਰਤੀ ਮੁਸਲਮਾਨ ਸਰਵਉੱਤਮ

ਡਾ. ਵੇਦਪ੍ਰਤਾਪ ਵੈਦਿਕ

ਕਾਂਗਰਸ ਦੇ ਨੇਤਾ ਗੁਲਾਮ ਨਬੀ ਆਜ਼ਾਦ ਦੀ ਸੰਸਦ ’ਚੋਂ ਵਿਦਾਈ ਆਪਣੇ ਆਪ ’ਚ ਇਕ ਖਾਸ ਘਟਨਾ ਬਣ ਗਈ। ਪਿਛਲੇ 60-70 ਸਾਲ ’ਚ ਕਿਸੇ ਹੋਰ ਸੰਸਦ ਮੈਂਬਰ ਦੀ ਅਜਿਹੀ ਭਾਵੁਕ ਵਿਦਾਈ ਹੋਈ ਹੋਵੇ, ਅਜਿਹਾ ਮੈਨੂੰ ਯਾਦ ਨਹੀਂ ਆਉਂਦਾ। ਇਸ ਵਿਦਾਈ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਖਤੀਅਤ ਦੇ ਇਕ ਅਗਿਆਤ ਪੱਖ ਨੂੰ ਉਜਾਗਰ ਕੀਤਾ।

ਗੁਜਰਾਤੀ ਸੈਲਾਨੀਅਾਂ ਦੇ ਸ਼ਹੀਦ ਹੋਣ ਦੀ ਘਟਨਾ ਦਾ ਵਰਣਨ ਕਰਦੇ ਹੀ ਉਨ੍ਹਾਂ ਦੀਅਾਂ ਅੱਖਾਂ ’ਚੋਂ ਅੱਥਰੂ ਆਉਣ ਲੱਗੇ ਪਰ ਉਸ ਤੋਂ ਵੀ ਜ਼ਿਆਦਾ ਮਹੱਤਵਪੂਰਨ ਗੱਲ ਇਹ ਹੋਈ ਕਿ ਗੁਲਾਮ ਨਬੀ ਆਜ਼ਾਦ ਨੇ ਆਪਣੀ ਜੀਵਨ ਯਾਤਰਾ ਦਾ ਵਰਣਨ ਕਰਦੇ ਹੋਏ ਅਜਿਹੀ ਗੱਲ ਕਹਿ ਦਿੱਤੀ, ਜੋ ਸਿਰਫ ਭਾਰਤੀ ਮੁਸਲਮਾਨਾਂ ਦੇ ਲਈ ਹੀ ਨਹੀਂ, ਜੋ ਹਰੇਕ ਭਾਰਤੀ ਦੇ ਲਈ ਮਾਣ ਵਾਲੀ ਗੱਲ ਹੈ।

ਉਨ੍ਹਾਂ ਕਿਹਾ ਕਿ ਮੈਨੂੰ ਮਾਣ ਹੈ ਕਿ ਮੈਂ ਇਕ ਹਿੰਦੁਸਤਾਨੀ ਮੁਸਲਮਾਨ ਹਾਂ। ਇਹੀ ਗੱਲ ਹੁਣ ਤੋਂ 10-11 ਸਾਲ ਪਹਿਲਾਂ ਮੇਰੇ ਮੂੰਹ ’ਚੋਂ ਅਚਾਨਕ ਦੁਬਈ ’ਚ ਨਿਕਲ ਗਈ ਸੀ। ਮੈਂ ਆਪਣੇ ਇਕ ਭਾਸ਼ਣ ’ਚ ਕਹਿ ਦਿੱਤਾ ਕਿ ਭਾਰਤੀ ਮੁਸਲਮਾਨ ਤਾਂ ਦੁਨੀਆ ਦੇ ਸਰਵਉੱਤਮ ਮੁਸਲਮਾਨ ਹਨ। ਦੁਬਈ ’ਚ ਸਾਡੇ ਦੂਤਘਰ ਨੇ ਇਕ ਵੱਡੀ ਸਭਾ ਕਰ ਕੇ ਉਥੇ ਮੇਰਾ ਭਾਸ਼ਣ ਰਖਵਾਇਆ ਸੀ, ਜਿਸ ਦਾ ਵਿਸ਼ਾ ਸੀ ‘ਭਾਰਤ-ਅਰਬ ਸਬੰਧ’। ਉਸ ਪ੍ਰੋਗਰਾਮ ’ਚ ਸੈਂਕੜੇ ਪ੍ਰਵਾਸੀ ਭਾਰਤੀ ਤਾਂ ਸਨ ਹੀ, ਦਰਜਨਾਂ ਸ਼ੇਖ ਅਤੇ ਮੌਲਾਨਾ ਲੋਕ ਵੀ ਆਏ ਸਨ।

ਮੇਰੇ ਮੂੰਹ ’ਚੋਂ ਜਿਵੇਂ ਹੀ ਉਪਰੋਕਤ ਵਾਕ ਨਿਕਲਿਆ, ਸਭਾ ’ਚ ਹਾਜ਼ਰ ਭਾਰਤੀ ਮੁਸਲਮਾਨਾਂ ਨੇ ਤਾੜੀਅਾਂ ਨਾਲ ਸਭਾ ਦਾ ਹਾਲ ਗੁੰਜਾ ਦਿੱਤਾ ਪਰ ਅਗਲੀ ਕਤਾਰ ’ਚ ਬੈਠੇ ਅਰਬੀ ਸ਼ੇਖ ਲੋਕ ਇਕ ਦੂਸਰੇ ਵੱਲ ਦੇਖਣ ਲੱਗੇ। ਉਨ੍ਹਾਂ ਦੀ ਪ੍ਰੇਸ਼ਾਨੀ ਦੇਖ ਕੇ ਮੈਂ ਉਸ ਪੰਕਤੀ ਦੀ ਵਿਆਖਿਆ ਕਰ ਦਿੱਤੀ। ਮੈਂ ਕਿਹਾ ਕਿ ਹਰ ਭਾਰਤੀ ਮੁਸਲਮਾਨ ਦੀਅਾਂ ਨਸਾਂ ’ਚ ਹਜ਼ਾਰਾਂ ਸਾਲਾਂ ਤੋਂ ਚਲਿਆ ਆ ਰਿਹਾ ਭਾਰਤੀ ਸੰਸਕਾਰ ਜਿਉਂ ਦਾ ਤਿਉਂ ਦੌੜ ਰਿਹਾ ਹੈ ਅਤੇ ਉਸ ਨੂੰ ਨਿਰਗੁਣ-ਨਿਰਾਕਾਰ ਪ੍ਰਮਾਤਮਾ ਦਾ ਇਕੋ ਜਿਹਾ ਕ੍ਰਾਂਤੀਕਾਰੀ ਇਸਲਾਮੀ ਸੰਸਕਾਰ ਵੀ ਪੈਗੰਬਰ ਮੁਹੰਮਦ ਨੇ ਦੇ ਦਿੱਤਾ। ਇਸ ਲਈ ਉਹ ਦੁਨੀਆ ਦਾ ਸਰਵਉੱਤਮ ਮੁਸਲਮਾਨ ਹੈ। ਇਹੀ ਗੱਲ ਗੁਲਾਮ ਨਬੀ ਆਜ਼ਾਦ ਨੇ ਸੰਸਦ ’ਚ ਕਹਿ ਦਿੱਤੀ।

ਉਨ੍ਹਾਂ ਦਾ ਇਹ ਕਹਿਣਾ ਸੱਚ ਹੈ, ਇਹ ਮੈਂ ਆਪਣੇ ਤਜਰਬੇ ਤੋਂ ਵੀ ਜਾਣਿਆ ਹੈ। ਦੁਨੀਆ ਦੇ ਕਈ ਮੁਸਲਿਮ ਦੇਸ਼ਾਂ ’ਚ ਰਹਿੰਦੇ ਹੋਏ ਮੈਂ ਪਾਇਆ ਕਿ ਸਾਡੇ ਮੁਸਲਮਾਨ ਕਿਤੇ ਜ਼ਿਆਦਾ ਧਾਰਮਿਕ, ਵਧ ਸਦਾਚਾਰੀ, ਵਧ ਦਿਆਲੂ ਅਤੇ ਵਧ ਨਰਮ ਹੁੰਦੇ ਹਨ ਪਰ ਮੈਂ ਭਾਈ ਗੁਲਾਮ ਨਬੀ ਦੀਅਾਂ ਦੋ ਗੱਲਾਂ ਨਾਲ ਸਹਿਮਤ ਨਹੀਂ ਹਾਂ। ਇਕ ਤਾਂ ਉਹ ਕਿ ਉਹ ਖੁਸ਼ ਹਨ ਕਿ ਉਹ ਕਦੇ ਪਾਕਿਸਤਾਨ ਨਹੀਂ ਗਏ ਅਤੇ ਦੂਸਰੀ ਇਹ ਕਿ ਪਾਕਿਸਤਾਨੀ ਮੁਸਲਮਾਨਾਂ ਦੀਅਾਂ ਬੁਰਾਈਅਾਂ ਸਾਡੇ ਮੁਸਲਮਾਨਾਂ ’ਚ ਨਾ ਆਉਣ।

ਪਾਕਿਸਤਾਨ ਜਾਣ ਤੋਂ ਉਹ ਕਿਉਂ ਡਰੇ? ਮੈਂ ਦਰਜਨਾ ਵਾਰ ਗਿਆ ਅਤੇ ਉਥੋਂ ਦੇ ਸਰਵਉੱਚ ਨੇਤਾਵਾਂ ਅਤੇ ਫੌਜੀ ਜਨਲਰਾਂ ਨਾਲ ਖਰੀ-ਖਰੀ ਗੱਲ ਕੀਤੀ। ਉਹ ਜਾਂਦੇ ਤਾਂ ਕਸ਼ਮੀਰ ਸਮੱਸਿਆ ਦਾ ਕੁਝ ਹੱਲ ਕੱਢ ਲਿਆਂਦੇ। ਦੂਸਰੀ ਗੱਲ ਇਹ ਹੈ ਕਿ ਪਾਕਿਸਤਾਨ ’ਚ ਅੱਤਵਾਦ, ਸੌੜੀ ਸੋਚ, ਭਾਰਤ-ਨਫਰਤ ਨੇ ਘਰ ਕੀਤਾ ਹੋਇਆ ਹੈ ਪਰ ਜ਼ਿਆਦਾਤਰ ਪਾਕਿਸਤਾਨੀ ਬਿਲਕੁਲ ਉਹੋ ਜਿਹੇ ਹੀ ਹਨ ਜਿਵੇਂ ਅਸੀਂ ਭਾਰਤੀ ਹਾਂ। ਉਹ 70-75 ਸਾਲ ਪਹਿਲਾਂ ਭਾਰਤੀ ਹੀ ਹਨ। ਯਕੀਨਨ ਹੀ ਭਾਰਤੀ ਮੁਸਲਮਾਨਾਂ ਦੀ ਹਾਲਤ ਵਧੀਆ ਹੈ ਪਰ ਦੱਖਣੀ ਏਸ਼ੀਆ ਦੇ ਸਭ ਤੋਂ ਵੱਡੇ ਦੇਸ਼ ਹੋਣ ਦੇ ਨਾਤੇ ਸਾਡਾ ਫਰਜ਼ ਕੀ ਹੈ? ਸਾਨੂੰ ਪੁਰਾਣੇ ਆਰੀਆਵਰਤ ਦੇ ਸਾਰੇ ਦੇਸ਼ਾਂ ਅਤੇ ਲੋਕਾਂ ਨੂੰ ਜੋੜਣਾ ਅਤੇ ਉਨ੍ਹਾਂ ਦੀ ਭਲਾਈ ਕਰਨੀ ਹੋਵੇਗੀ।


author

Bharat Thapa

Content Editor

Related News