ਜਲਵਾਯੂ ਪ੍ਰਦਰਸ਼ਨ ’ਚ ਭਾਰਤ ਦੀ ਡਿੱਗੀ ਰੈਂਕਿੰਗ ਚਿੰਤਾਜਨਕ
Sunday, Nov 29, 2026 - 04:08 PM (IST)
ਜਲਵਾਯੂ ਤਬਦੀਲੀ ਪ੍ਰਦਰਸ਼ਨ ਸੂਚਕਾਂਕ 2027 ਭਾਵ ਸੀ. ਸੀ. ਪੀ. ਆਈ. 2027 ’ਚ ਭਾਰਤ 5 ਪੌਡੇ ਡਿੱਗ ਕੇ 28ਵੇਂ ਸਥਾਨ ’ਤੇ ਆ ਗਿਆ ਹੈ। ਜਰਮਨਵਾਚ ਅਤੇ ਨਿਊਕਲਾਈਮੇਟ ਇੰਸਟੀਚਿਊਟ ਦੇ ਜਲਵਾਯੂ ਤਬਦੀਲੀ ਪ੍ਰਦਰਸ਼ਨ ਸੂਚਕਾਂਕ 2027 ਨੇ ਇਹ ਰੈਂਕਿੰਗ ਦਿੱਤੀ ਹੈ। ਸਾਲ 2025 ’ਚ ਭਾਰਤ 10ਵੇਂ ਅਤੇ 2026 ’ਚ 23ਵੇਂ ਸਥਾਨ ’ਤੇ ਸੀ। ਇਸ ਤੋਂ ਪਹਿਲਾਂ ਉਹ ਲਗਾਤਾਰ 6 ਸਾਲਾਂ ਤਕ ਸਿਖਰਲੇ 10 ਦੇਸ਼ਾਂ ’ਚ ਸ਼ਾਮਲ ਰਿਹਾ।
ਪਾਕਿਸਤਾਨ ਦਾ ਭਾਰਤ ਉੱਪਰ 26ਵੇਂ ਸਥਾਨ ’ਤੇ ਹੋਣਾ ਵੀ ਨਾ ਸਿਰਫ਼ ਧਿਆਨ ਖਿੱਚਦਾ ਹੈ, ਸਗੋਂ ਚਿੰਤਾ ਵਧਾਉਂਦਾ ਹੈ। ਭਾਰਤ ’ਚ ਲਾਪ੍ਰਵਾਹੀ ਅਤੇ ਵੱਡੀ ਆਬਾਦੀ ਵੀ ਇਸ ਦਾ ਵੱਡਾ ਕਾਰਨ ਹੈ। ਸੂਚਕਾਂਕ ’ਚ ਪ੍ਰਤੀ ਵਿਅਕਤੀ ਨਿਕਾਸ, ਊਰਜਾ ਵਰਤੋਂ ਦਾ ਰੁਝਾਨ ਅਤੇ ਨੀਤੀਗਤ ਪ੍ਰਦਰਸ਼ਨ ਵਰਗੇ ਮਾਪਦੰਡ ਹਨ। ਜਲਵਾਯੂ ਪ੍ਰਦਰਸ਼ਨ ਸੂਚਕਾਂਕ ’ਚ ਦੇਸ਼ਾਂ ਦੇ ਕਾਰਬਨ ਨਿਕਾਸ ਅਤੇ ਹੋਰ ਜਲਵਾਯੂ ਜੋਖ਼ਮ ਦਾ ਵੀ ਧਿਆਨ ਰੱਖਿਆ ਜਾਂਦਾ ਹੈ। ਇਸ ਗਿਰਾਵਟ ਦਾ ਆਉਣਾ ਇਸ ਲਈ ਵੀ ਚਿੰਤਾਜਨਕ ਹੈ, ਕਿਉਂਕਿ ਭਾਰਤ ਨਵਿਆਉਣਯੋਗ ਊਰਜਾ ਦੇ ਵਿਸਥਾਰ ’ਚ ਜ਼ੋਰ-ਸ਼ੋਰ ਨਾਲ ਜੁਟਿਆ ਹੈ, ਫਿਰ ਵੀ ਸੀ. ਸੀ. ਪੀ. ਆਈ. 2027 ’ਚ ਹੇਠਾਂ ਆ ਗਿਆ।
ਅੰਕੜਿਆਂ ਅਨੁਸਾਰ ਜੁਲਾਈ, 2026 ਦੇ ਅੰਤ ਤਕ ਗ਼ੈਰ-ਜੀਵਾਸ਼ਮ ਸਰੋਤਾਂ ’ਤੇ ਆਧਾਰਿਤ ਸਥਾਪਤ ਬਿਜਲੀ ਸਮਰੱਥਾ 300.50 ਗੀਗਾਵਾਟ ਸੀ। ਇਸ ’ਚ ਸੌਰ ਊਰਜਾ 164.59 ਗੀਗਾਵਾਟ, ਪੌਣ ਊਰਜਾ 58.14 ਗੀਗਾਵਾਟ ਅਤੇ ਪਣਬਿਜਲੀ 57.24 ਗੀਗਾਵਾਟ ਸੀ। ਕੁੱਲ ਸਥਾਪਤ ਬਿਜਲੀ ਸਮਰੱਥਾ ’ਚ ਗ਼ੈਰ-ਜੀਵਾਸ਼ਮ ਸਰੋਤਾਂ ਦੀ ਹਿੱਸੇਦਾਰੀ 54 ਫੀਸਦੀ ਤੋਂ ਵੱਧ ਹੋ ਗਈ ਸੀ ਪਰ ਸਥਾਪਤ ਸਮਰੱਥਾ ਅਤੇ ਅਸਲ ਬਿਜਲੀ ਉਤਪਾਦਨ ਇਕ ਹੀ ਗੱਲ ਨਹੀਂ ਹੈ। ਸੌਰ ਊਰਜਾ ਰਾਤ ਨੂੰ ਉਪਲਬਧ ਨਹੀਂ ਹੁੰਦੀ ਅਤੇ ਪੌਣ ਉਤਪਾਦਨ ਹਵਾ ’ਤੇ ਨਿਰਭਰ ਕਰਦਾ ਹੈ, ਜਦਕਿ ਕੋਲਾ ਪਲਾਂਟ ਲਗਾਤਾਰ ਬਿਜਲੀ ਦੇ ਸਕਦੇ ਹਨ।
ਨਵਿਆਉਣਯੋਗ ਊਰਜਾ ਸਮਰੱਥਾ ’ਚ ਤੇਜ਼ ਵਿਸਥਾਰ ਦੇ ਬਾਵਜੂਦ ਰੈਂਕਿੰਗ ’ਚ ਇਸ ਗਿਰਾਵਟ ਦੇ ਪਿੱਛੇ ਮੁੱਖ ਤੌਰ ’ਤੇ ਕੋਲੇ ’ਤੇ ਲਗਾਤਾਰ ਨਿਰਭਰਤਾ, ਵਧਦੀ ਪ੍ਰਤੀ ਵਿਅਕਤੀ ਊਰਜਾ ਵਰਤੋਂ ਅਤੇ ਬਿਜਲੀ ਗਰਿੱਡ ਨਾਲ ਜੁੜੀਆਂ ਹੱਦਾਂ ਜ਼ਿੰਮੇਵਾਰ ਹਨ। ਭਾਵੇਂ ਭਾਰਤ ਨੇ ਤੈਅ ਸਮੇਂ ਤੋਂ ਪਹਿਲਾਂ ਜੂਨ 2025 ’ਚ 50 ਫੀਸਦੀ ਗ਼ੈਰ-ਜੀਵਾਸ਼ਮ ਈਂਧਨ ਸਥਾਪਤ ਸਮਰੱਥਾ ਦਾ ਟੀਚਾ ਹਾਸਲ ਤਾਂ ਕਰ ਲਿਆ ਹੈ ਪਰ ਅਸਲ ਬਿਜਲੀ ਉਤਪਾਦਨ ’ਚ ਕੋਲੇ ਦੀ ਹਿੱਸੇਦਾਰੀ ਹਾਲੇ ਵੀ ਬੇਹੱਦ ਜ਼ਿਆਦਾ ਹੈ।
ਕੋਲਾ ਵਰਤੋਂ ਨੂੰ ਪੜਾਅਵਾਰ ਤਰੀਕੇ ਨਾਲ ਘਟਾਉਣ ਦੀ ਕੋਈ ਸਪੱਸ਼ਟ ਸਮਾਂ-ਸੀਮਾ ਨਾ ਹੋਣਾ ਵੀ ਵੱਡਾ ਕਾਰਨ ਹੈ। ਇਸ ਦਾ ਤੁਰੰਤ ਕੋਈ ਬਦਲ ਨਾ ਹੋਣਾ ਵੀ ਕਾਰਨ ਹੈ ਜਿਸ ਦੀ ਚਿੰਤਾ ਵੀ ਕੀਤੀ ਗਈ ਹੈ। ਗਰਿੱਡ ਅਤੇ ਊਰਜਾ ਭੰਡਾਰਨ ਦੀ ਨਾਕਾਫ਼ੀ ਸਮਰੱਥਾ ਵੀ ਰੁਕਾਵਟਾਂ ਦਾ ਵੱਡਾ ਕਾਰਨ ਹੈ। ਨਵਿਆਉਣਯੋਗ ਊਰਜਾ ਉਤਪਾਦਨ ਅਤੇ ਉਸ ਨੂੰ ਗਰਿੱਡ ’ਚ ਸ਼ਾਮਲ ਕਰਨ ਦੇ ਬੁਨਿਆਦੀ ਢਾਂਚਿਆਂ ਵਿਚਾਲੇ ਵੱਡਾ ਪਾੜਾ ਵੀ ਇਸ ਦਾ ਮੁੱਖ ਕਾਰਨ ਹੈ। ਗਰਿੱਡ ਅਤੇ ਬੈਟਰੀ ਸਟੋਰੇਜ ਦੀ ਘਾਟ ਕਾਰਨ ਮਈ ਤੋਂ ਦਸੰਬਰ, 2025 ਵਿਚਾਲੇ 2.3 ਟੀ. ਵੀ. ਐੱਚ. ਭਾਵ ਟੈਰਾਵਾਟ-ਆਵਰ ਸੌਰ ਊਰਜਾ ਪੈਦਾ ਤਾਂ ਹੋਈ ਪਰ ਭੰਡਾਰਨ ਸਮਰੱਥਾ ਨਾ ਹੋਣ ਨਾਲ ਬਰਬਾਦ ਹੋ ਗਈ, ਭਾਵ 230 ਕਰੋੜ ਯੂਨਿਟ ਬਿਜਲੀ ਬਰਬਾਦ ਹੋਈ। ਊਰਜਾ ਦੀ ਵਧਦੀ ਵਰਤੋਂ ਅਤੇ ਗ੍ਰੀਨਹਾਊਸ ਗੈਸ ਨਿਕਾਸ ਦੇ ਅੰਕੜੇ ਦੱਸਦੇ ਹਨ ਕਿ ਆਰਥਿਕ ਵਿਕਾਸ ਦੇ ਨਾਲ ਦੇਸ਼ ’ਚ ਪ੍ਰਤੀ ਵਿਅਕਤੀ ਊਰਜਾ ਦੀ ਖਪਤ ਅਤੇ ਗ੍ਰੀਨਹਾਊਸ ਗੈਸ ਨਿਕਾਸ ਵਧਣ ਨਾਲ ਵੀ ਭਾਰਤ ਦੇ ਅੰਕਾਂ ’ਤੇ ਨਾਂਹ-ਪੱਖੀ ਅਸਰ ਪਿਆ ਹੈ।
ਊਰਜਾ ਤਬਦੀਲੀ ਯੋਜਨਾ ’ਚ ਕਮੀਆਂ ਕਾਰਨ ਜਲਵਾਯੂ ਤਬਦੀਲੀ ਪ੍ਰਦਰਸ਼ਨ ਸੂਚਕਾਂਕ ਦੀ ਭਾਰਤ ਕੰਟਰੀ ਰਿਪੋਰਟ ਦੱਸਦੀ ਹੈ ਕਿ ਨਵਿਆਉਣਯੋਗ ਊਰਜਾ ਸ਼੍ਰੇਣੀ ’ਚ ਭਾਰਤ ਦੀ ਵਾਧਾ ਦਰ ਨੂੰ ਉੱਚ ਰੇਟਿੰਗ ਦਿੱਤੀ ਗਈ ਪਰ ਸਮੁੱਚੇ ਨਵਿਆਉਣਯੋਗ ਊਰਜਾ ਸੰਕੇਤਕ ’ਚ ਘੱਟ ਰੇਟਿੰਗ ਮਿਲੀ, ਕਿਉਂਕਿ ਸਥਾਪਤ ਸਮਰੱਥਾ ਦੇ ਮੁਕਾਬਲੇ ਸਾਫ਼ ਬਿਜਲੀ ਦੇ ਅਸਲ ਉਤਪਾਦਨ ’ਚ ਪਾੜਾ ਲਗਾਤਾਰ ਬਣਿਆ ਹੋਇਆ ਹੈ।
ਭਾਰਤ ਨੇ ਪੈਰਿਸ ਸਮਝੌਤੇ ਤਹਿਤ ਆਪਣਾ ਤੀਜਾ ਰਾਸ਼ਟਰੀ ਪੱਧਰ ’ਤੇ ਨਿਰਧਾਰਿਤ ਅੰਸ਼ਦਾਨ ਐੱਨ. ਡੀ. ਸੀ. ਭਾਵ ਨੈਸ਼ਨਲੀ ਡਿਟਰਮਾਇੰਡ ਕੰਟਰੀਬਿਊਸ਼ਨ (ਰਾਸ਼ਟਰੀ ਪੱਧਰ ’ਤੇ ਨਿਰਧਾਰਿਤ ਯੋਗਦਾਨ) 3.0 ਜੋ ਕਿ ਪੈਰਿਸ ਸਮਝੌਤੇ ਤਹਿਤ ਸਾਲ 2031-2035 ਲਈ ਭਾਰਤ ਦੀ ਅਪਡੇਟ ਜਲਵਾਯੂ ਕਾਰਜ ਯੋਜਨਾ ਹੈ, ਤੈਅ ਕੀਤਾ ਹੈ। ਭਾਰਤ ਸਰਕਾਰ ਨੇ ਮਾਰਚ 2026 ’ਚ ਇਸ ਨੂੰ ਮਨਜ਼ੂਰੀ ਦਿੱਤੀ, ਜਿਸ ਦਾ ਉਦੇਸ਼ ਗ੍ਰੀਨਹਾਊਸ ਗੈਸ ਨਿਕਾਸ ’ਚ ਕਟੌਤੀ, ਸਾਫ਼ ਊਰਜਾ ਵਿਸਥਾਰ ਅਤੇ ਜਲਵਾਯੂ ਅਨੁਕੂਲਨ ਨੂੰ ਅੱਗੇ ਵਧਾਉਣਾ ਹੈ।
ਪਿਛਲੇ 3 ਦਹਾਕਿਆਂ ’ਚ ਦੁਨੀਆ ਨੇ ਜਲਵਾਯੂ ਤਬਦੀਲੀ ਦੇ ਅਜਿਹੇ ਥਪੇੜੇ ਝੱਲੇ ਹਨ, ਜੋ ਕਦੇ ਭਵਿੱਖ ਦੀ ਚਿਤਾਵਨੀ ਹੋਇਆ ਕਰਦੇ ਸਨ, ਜੋ ਹੁਣ ਹਕੀਕਤ ਬਣ ਕੇ ਸਾਹਮਣੇ ਹਨ। ਜੇਕਰ ਬੀਤੇ 29 ਸਾਲਾਂ ਦੀ ਗੱਲ ਕਰੀਏ ਤਾਂ 1996 ਤੋਂ 2025 ਵਿਚਾਲੇ ਦੁਨੀਆ ਭਰ ’ਚ 10,000 ਤੋਂ ਵੱਧ ਅਤਿਅੰਤ ਮੌਸਮੀ ਘਟਨਾਵਾਂ ਵਾਪਰੀਆਂ, ਜਿਸ ਨਾਲ 9,16,000 ਤੋਂ ਵੱਧ ਲੋਕਾਂ ਦੀ ਬੇਵਕਤੀ ਮੌਤ ਹੋਈ। ਇਨ੍ਹਾਂ ਘਟਨਾਵਾਂ ’ਚ ਅੰਦਾਜ਼ਨ 5.5 ਅਰਬ ਤੋਂ ਵੱਧ ਲੋਕ ਪ੍ਰਭਾਵਿਤ ਹੋਏ, ਜਿਸ ਨਾਲ ਦੁਨੀਆ ਨੂੰ 4.7 ਟ੍ਰਿਲੀਅਨ ਅਮਰੀਕੀ ਡਾਲਰ ਤੋਂ ਵੱਧ ਦਾ ਸਿੱਧਾ-ਸਿੱਧਾ ਨੁਕਸਾਨ ਵੀ ਹੋਇਆ। ਜੇਕਰ ਇਕੱਲੇ ਭਾਰਤ ਨੂੰ ਹੀ ਦੇਖੀਏ ਤਾਂ ਬੀਤੇ 3 ਦਹਾਕਿਆਂ ’ਚ ਹੜ੍ਹ, ਗਰਮੀ, ਸੋਕਾ ਅਤੇ ਚੱਕਰਵਾਤ ਦੀਆਂ 436 ਘਟਨਾਵਾਂ ਨੂੰ ਝੱਲਦਿਆਂ ਇਹ 10ਵਾਂ ਸਭ ਤੋਂ ਪ੍ਰਭਾਵਿਤ ਦੇਸ਼ ਰਿਹਾ। ਹਾਲਾਂਕਿ ਪਿਛਲੇ ਸਾਲ ਭਾਰਤ 9ਵੇਂ ਸਥਾਨ ’ਤੇ ਸੀ।
ਤਮਾਮ ਯਤਨਾਂ ਦੇ ਬਾਵਜੂਦ ਕੁਝ ਖੇਤਰਾਂ ’ਚ ਤਰੱਕੀ ਦੇ ਬਾਵਜੂਦ ਨਿਕਾਸ, ਊਰਜਾ ਵਰਤੋਂ ਅਤੇ ਨੀਤੀਆਂ ਦੇ ਅਮਲ ’ਚ ਕਮੀ ਨਿਸ਼ਚਿਤ ਤੌਰ ’ਤੇ ਗੰਭੀਰ ਸੰਕੇਤ ਹਨ, ਜਿਸ ਨੂੰ ਤੁਰੰਤ ਠੀਕ ਕਰਨ ਦੀ ਦਿਸ਼ਾ ’ਚ ਜੁਟਣਾ ਹੋਵੇਗਾ।
-ਰਿਤੂਪਰਣ ਦਵੇ
