ਭਾਰਤ ਕਿਸੇ ਦਾ ਪਿਛਲੱਗੂ ਨਹੀਂ

Friday, Dec 11, 2020 - 02:41 AM (IST)

ਭਾਰਤ ਕਿਸੇ ਦਾ ਪਿਛਲੱਗੂ ਨਹੀਂ

ਡਾ. ਵੇਦਪ੍ਰਤਾਪ ਵੈਦਿਕ

ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਭੂੰਡਾਂ ਦੇ ਖੱਖਰ ਨੂੰ ਛੇੜ ਲਿਆ ਹੈ। ਉਨ੍ਹਾਂ ਨੇ ਰੂਸ ਦੀ ਕੌਮਾਂਤਰੀ ਸਿਆਸੀ ਪ੍ਰੀਸ਼ਦ ਨੂੰ ਸੰਬੋਧਨ ਕਰਦੇ ਹੋਏ ਅਜਿਹਾ ਕੁਝ ਕਹਿ ਦਿੱਤਾ, ਜੋ ਰੂਸ ਦੇ ਕਿਸੇ ਨੇਤਾ ਜਾਂ ਕੂਟਨੀਤਕ ਜਾਂ ਵਿਦਵਾਨ ਨੇ ਹੁਣ ਤਕ ਨਹੀਂ ਕਿਹਾ ਸੀ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਚੀਨ ਅਤੇ ਰੂਸ ਨੂੰ ਆਪਣੇ ਅਧੀਨ ਕਰਨਾ ਚਾਹੁੰਦਾ ਹੈ। ਉਹ ਸਾਰੇ ਸੰਸਾਰ ’ਤੇ ਆਪਣੀ ਦਾਦਾਗਿਰੀ ਜਮਾਉਣਾ ਚਾਹੁੰਦਾ ਹੈ। ਵਿਸ਼ਵ ਸਿਆਸਤ ਨੂੰ ਉਹ ਇਕ-ਧਰੁਵੀ ਬਣਾਉਣਾ ਚਾਹੁੰਦਾ ਹੈ। ਇਸ ਲਈ ਉਹ ਭਾਰਤ ਦੀ ਪਿੱਠ ਥਾਪੜ ਰਿਹਾ ਹੈ ਅਤੇ ਉਸ ਨੇ ਭਾਰਤ, ਜਾਪਾਨ, ਆਸਟ੍ਰੇਲੀਆ ਅਤੇ ਅਮਰੀਕਾ ਦਾ ਧੜਾ ਖੜ੍ਹਾ ਕਰ ਦਿੱਤਾ ਹੈ। ਉਸਨੇ ਪ੍ਰਸ਼ਾਂਤ ਮਹਾਸਾਗਰ ਖੇਤਰ ਨੂੰ ‘ਭਾਰਤ-ਪ੍ਰਸ਼ਾਂਤ’ ਦਾ ਨਾਂ ਦੇ ਕੇ ਕੋਸ਼ਿਸ਼ ਕੀਤੀ ਹੈ ਕਿ ਭਾਰਤ-ਚੀਨ ਝੜਪ ਹੁੰਦੀ ਰਹੇ। ਉਸਦੀ ਕੋਸ਼ਿਸ਼ ਹੈ ਕਿ ਰੂਸ ਨਾਲ ਭਾਰਤ ਦੇ ਜੋ ਰਵਾਇਤੀ ਮਿੱਤਰਤਾਪੂਰਨ ਸਬੰਧ ਹਨ, ਉਹ ਵੀ ਘਟ ਜਾਣ। ਹੋ ਸਕਦਾ ਹੈ ਕਿ ਟਰੰਪ-ਪ੍ਰਸ਼ਾਸਨ ਦੀ ਇਸੇ ਨੀਤੀ ਨੂੰ ਅੱਗੇ ਵਧਾਉਂਦੇ ਹੋਏ ਬਾਈਡੇਨ-ਪ੍ਰਸ਼ਾਸਨ ਰੂਸ ਦੇ ਐੱਸ-400 ਮਿਜ਼ਾਈਲ ਦੀ ਲਾਂਚਿੰਗ ਸਬੰਧੀ ਵਰਤੇ ਜਾਣ ਵਾਲੇ ਯੰਤਰ ਦੀ ਭਾਰਤੀ ਖਰੀਦ ਦਾ ਵਿਰੋਧ ਕਰੇ।

ਟਰੰਪ ਪ੍ਰਸ਼ਾਸਨ ਨੇ ਹਾਲ ਹੀ ’ਚ ਜਾਂਦੇ-ਜਾਂਦੇ ਭਾਰਤ ਨਾਲ ‘ਬੇਕਾ’ ਨਾਂ ਦਾ ਜੰਗੀ ਸਮਝੌਤਾ ਵੀ ਕਰ ਦਿੱਤਾ ਹੈ, ਜਿਸ ਅਧੀਨ ਦੋਵੇਂ ਦੇਸ਼ ਖੁਫੀਅਾ ਸੂਚਨਾਵਾਂ ਦਾ ਵੀ ਲੈਣ-ਦੇਣ ਕਰਨਗੇ। ਰੂਸੀ ਵਿਦੇਸ਼ ਮੰਤਰੀ ਦੇ ਉਕਤ ਸ਼ੱਕ ਨਿਰਾਧਾਰ ਨਹੀਂ ਹਨ। ਉਨ੍ਹਾਂ ਨੂੰ ਇਸ ਤੱਥ ਨੇ ਵੀ ਮਜ਼ਬੂਤੀ ਮੁਹੱਈਆ ਕੀਤੀ ਹੈ ਕਿ ਇਸਰਾਈਲ, ਸਾਊਦੀ ਅਰਬ, ਯੂ. ਏ. ਈ., ਜੋ ਕਿ ਅਮਰੀਕਾ ਦੇ ਪੱਕੇ ਸਮਰਥਕ ਹਨ, ਅੱਜਕਲ ਭਾਰਤ ਉਨ੍ਹਾਂ ਨਾਲ ਵੀ ਕਾਫੀ ਨੇੜੇ ਹੁੰਦਾ ਜਾ ਰਿਹਾ ਹੈ।

ਭਾਰਤ ਦੇ ਫੌਜ ਮੁਖੀ ਅੱਜਕਲ ਖਾੜੀ ਦੀ ਯਾਤਰਾ ’ਤੇ ਗਏ ਹੋਏ ਹਨ ਪਰ ਰੂਸੀ ਵਿਦੇਸ਼ ਮੰਤਰੀ ਕੀ ਇਹ ਭੁੱਲ ਗਏ ਹਨ ਕਿ ਰੂਸ ਨਾਲ ਆਪਣੇ ਸਬੰਧਾਂ ਨੂੰ ਮਹੱਤਵ ਦੇਣ ’ਚ ਭਾਰਤ ਨੇ ਕਦੇ ਕੋਤਾਹੀ ਨਹੀਂ ਕੀਤੀ। ਬੀਤੇ ਦਿਨੀਂ ਭਾਰਤ ਦੇ ਰੱਖਿਆ ਮੰਤਰੀ ਅਤੇ ਵਿਦੇਸ਼ ਮੰਤਰੀ ਮਾਸਕੋ ਗਏ ਸਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਲਾਦੀਮੀਰ ਪੁਤਿਨ ਦਰਮਿਆਨ ਸਿੱਧੀ ਗੱਲਬਾਤ ਜਾਰੀ ਹੈ। ਇਹ ਠੀਕ ਹੈ ਕਿ ਇਸ ਸਮੇਂ ਭਾਰਤ ਅਤੇ ਚੀਨ ਦਰਮਿਆਨ ਤਣਾਅ ਕਾਇਮ ਹੈ। ਉਸ ਦਾ ਫਾਇਦਾ ਕੁਝ ਹੱਦ ਤਕ ਅਮਰੀਕਾ ਜ਼ਰੂਰ ਉਠਾ ਰਿਹਾ ਹੈ ਪਰ ਭਾਰਤ ਦਾ ਚਰਿੱਤਰ ਹੀ ਅਜਿਹਾ ਹੈ ਕਿ ਉਹ ਕਿਸੇ ਦਾ ਪਿਛਲੱਗੂ ਨਹੀਂ ਬਣ ਸਕਦਾ।


author

Bharat Thapa

Content Editor

Related News