ਸਵੱਛ ਦੀਵਾਲੀ ਕਿਵੇਂ ਮਨਾਈਏ

Friday, Oct 25, 2019 - 01:55 AM (IST)

ਸਵੱਛ ਦੀਵਾਲੀ ਕਿਵੇਂ ਮਨਾਈਏ

ਸੰਪਾਦਕ ਦੇ ਨਾਂ ਪੱਤਰ

ਦੀਵਾਲੀ ਬਹੁਤ ਹੀ ਪਵਿੱਤਰ ਅਤੇ ਸਾਂਝਾ ਤਿਉਹਾਰ ਹੈ, ਜਿਸ ਨੂੰ ਕਿ ਸਾਰੀਆਂ ਹੀ ਕੌਮਾਂ ਰਲ-ਮਿਲ ਕੇ ਮਨਾਉਂਦੀਆਂ ਹਨ। ਵਿਸਥਾਰ ’ਚ ਨਾ ਜਾਂਦੇ ਹੋਏ, ਸੰਖੇਪ ਵਿਚ ਹੀ ਲਿਖਣਾ ਚਾਹੁੰਦਾ ਹਾਂ ਕਿਉਂਕਿ ਆਮ ਤੌਰ’ਤੇ ਸਾਰੇ ਹੀ ਇਸ ਤਿਉਹਾਰ ਦੀ ਪਵਿੱਤਰਤਾ ਬਾਰੇ ਭਲੀ-ਭਾਂਤ ਜਾਣਦੇ ਹਨ। ਇਸ ਦਿਨ ਸਿੱਖਾਂ ਦੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਗਵਾਲੀਅਰ ਦੇ ਕਿਲੇ ਵਿਚੋਂ 52 ਰਾਜਿਆਂ ਨਾਲ ਰਿਹਾਅ ਹੋ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਆਏ ਸਨ ਅਤੇ ਸ਼੍ਰੀ ਰਾਮ ਚੰਦਰ ਜੀ, ਲਕਸ਼ਮਣ ਜੀ ਅਤੇ ਸੀਤਾ ਮਾਤਾ ਜੀ ਵੀ ਲੰਕਾ ਉਤੇ ਜਿੱਤ ਪ੍ਰਾਪਤ ਕਰ ਕੇ ਰਾਵਣ ਦਾ ਵਧ ਕਰ ਕੇ ਸ਼੍ਰੀ ਅਯੋਧਿਆ ’ਚ ਪਰਤੇ ਸਨ। ਇਨ੍ਹਾਂ ਦੀ ਖੁਸ਼ੀ ਵਿਚ ਹਿੰਦੋਸਤਾਨ ਦੇ ਲੋਕਾਂ ਨੇ ਦੀਪਮਾਲਾ ਕੀਤੀ ਸੀ ਅਤੇ ਖੁਸ਼ੀਆਂ ਮਨਾਈਆਂ ਸਨ।

ਪਹਿਲਾਂ ਦੇ ਸਮਿਆਂ ਨਾਲੋਂ ਅੱਜ ਜ਼ਮਾਨਾ ਬਹੁਤ ਬਦਲ ਚੁੱਕਾ ਹੈ। ਹਿੰਦੋਸਤਾਨ ਦੀ ਬਹੁਤ ਸਾਰੀ ਪਬਲਿਕ ਪੜ੍ਹ-ਲਿਖ ਚੁੱਕੀ ਹੈ ਅਤੇ ਸਾਇੰਸ ਦਾ ਯੁਗ ਚੱਲ ਰਿਹਾ ਹੈ। ਦੁਨੀਆ ਦੀ ਆਬਾਦੀ ਬਹੁਤ ਤੇਜ਼ੀ ਨਾਲ ਵਧ ਰਹੀ ਹੈ, ਜਿਸ ਕਾਰਣ ਅੱਜ ਸਾਡੇ ਦੇਸ਼ ਵਿਚ ਬਹੁਤ ਜ਼ਿਆਦਾ ਫੈਕਟਰੀਆਂ, ਕਾਰਖਾਨੇ ਅਲੱਗ-ਅਲੱਗ ਚੀਜ਼ਾਂ ਤਿਆਰ ਕਰਨ ਵਾਸਤੇ ਕਾਫੀ ਜ਼ਿਆਦਾ ਭੱਠੀਆਂ, ਪ੍ਰੈੱਸਾਂ, ਮਸ਼ੀਨਾਂ ਆਦਿ ਚੱਲ ਰਹੀਆਂ ਹਨ ਅਤੇ ਇੰਡਸਟਰੀ ਤੋਂ ਬਿਨਾਂ ਟਰਾਂਸਪੋਰਟ ਵਿਚ ਵੀ ਬੇਤਹਾਸ਼ਾ ਵਾਧਾ ਹੋਇਆ ਹੈ। ਜੋ ਮੋਟਰਸਾਈਕਲ, ਸਕੂਟਰ,ਕਾਰਾਂ , ਬੱਸਾਂ, ਰੇਲ ਗੱਡੀਆਂ, ਸਮੁੰਦਰੀ ਅਤੇ ਹਵਾਈ ਜਹਾਜ਼ਾਂ ਦਾ ਬਹੁਤ ਖਤਰਨਾਕ ਧੂੰਆਂ, ਫੈਕਟਰੀਆਂ ਦਾ ਜ਼ਹਿਰੀਲਾ ਧੂੰਆਂ, ਪਾਣੀ, ਗੈਸਾਂ, ਪੈਟਰੋਲ, ਡੀਜ਼ਲ ਗੈਸਾਂ ਦਾ ਜ਼ਹਿਰੀਲਾ ਧੂੰਆਂ ਹਵਾ ਵਿਚ ਉੱਡਦਾ ਹੋਇਆ ਤੇਜ਼ਾਬ, ਹੋਰ ਤਾਂ ਹੋਰ ਸਾਡੇ ਕਿਸਾਨਾਂ ਵਲੋਂ ਝੋਨੇ ਦੀ ਪਰਾਲੀ ਨੂੰ ਲਗਾਈ ਜਾਣ ਵਾਲੀ ਅੱਗ ਦਾ ਤੇਜ਼ਾਬੀ ਅਤੇ ਜ਼ਹਿਰੀਲਾ ਧੂੰਆਂ, ਜਿਥੇ ਪੌਣ-ਪਾਣੀ, ਜ਼ਮੀਨ ਲਈ ਬਹੁਤ ਖਤਰਨਾਕ ਸਾਬਿਤ ਹੋ ਰਿਹਾ ਹੈ ਅਤੇ ਹਵਾ ਜ਼ਹਿਰੀਲੀ ਹੋਣ ਨਾਲ ਅੱਜ ਲੱਖਾਂ ਲੋਕ ਸਾਹ ਦੀਆਂ ਬੀਮਾਰੀਆਂ, ਦਮਾ, ਐਲਰਜੀ, ਚਮੜੀ ਰੋਗਾਂ ਤੋਂ ਗ੍ਰਸਤ ਹੋ ਕੇ ਮਰ ਰਹੇ ਹਨ। ਇਨ੍ਹਾਂ ਕਾਰਣ ਹੋਣ ਵਾਲੀਆਂ ਮੌਤਾਂ ਅਤੇ ਬੀਮਾਰੀਆਂ ਵਿਚ ਕੁਦਰਤ ਦਾ ਕੋਈ ਕਸੂਰ ਨਹੀਂ ਹੈ, ਸਾਡਾ ਸਾਰਿਆਂ ਦਾ ਆਪਣਾ ਹੀ ਕਸੂਰ ਹੈ।

ਜਿਥੇ ਅੱਜ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ 550ਵਾਂ ਪਵਿੱਤਰ ਜਨਮ ਦਿਹਾੜਾ ਮਨਾ ਰਹੇ ਹਾਂ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਬਚਨ ਹਨ :

‘ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹੱਤ

ਦਿਵਸ ਰਾਤ ਦੋ ਦਾਈ ਦਾਇਆ ਖੇਲੇ ਸਗਲ ਜਗਤ’

ਇਸ ਪਵਿੱਤਰ ਮਹਾਵਾਕ ਨੂੰ ਅਸੀਂ ਰੋਜ਼ਾਨਾ ਪੜ੍ਹਦੇ-ਸੁਣਦੇ ਜ਼ਰੂਰ ਹਾਂ ਪਰ ਕੋਈ ਵੀ ਇਨਸਾਨ ਇਸ ’ਤੇ ਅਮਲ ਨਹੀਂ ਕਰ ਰਿਹਾ। ਅੱਜ ਪੰਜਾਬ ’ਤੇ ਝਾਤ ਮਾਰੀ ਜਾਵੇ ਤਾਂ ਜਿਥੇ ਪੜ੍ਹੇ-ਲਿਖੇ ਅਤੇ ਧਾਰਮਿਕ ਲੋਕਾਂ ਦੀ ਕੋਈ ਘਾਟ ਨਹੀਂ ਹੈ। ਦੁਨੀਆ ਨੂੰ ਸਿੱਧੇ ਰਸਤੇ ਚੱਲਣ ਵਾਸਤੇ ਸਾਰੇ ਧਰਮਾਂ ਦੇ ਮਹਾਪੁਰਸ਼ ਆਪੋ-ਆਪਣਾ ਯੋਗਦਾਨ ਪਾ ਰਹੇ ਹਨ।

ਦੂਜੇ ਪਾਸੇ, ਸਰਕਾਰ ਭਾਵੇਂ ਕਾਂਗਰਸ ਦੀ ਹੋਵੇ, ਅਕਾਲੀਆਂ ਦੀ ਜਾਂ ਬੀ.ਜੇ.ਪੀ. ਦੀ ਹੋਵੇ ਪਰ ਨਾ ਕਿਸੇ ਸਰਕਾਰ ਨੇ, ਕਿਸੇ ਮਹਾਪੁਰਸ਼ ਨੇ ਅੱਜ ਤਕ ਦੀਵਾਲੀ ’ਤੇ ਹੋਣ ਵਾਲੇ ਫਜ਼ੂਲ ਖਰਚਿਆਂ, ਪ੍ਰਦੂਸ਼ਣ ਫੈਲਣ ਤੋਂ ਰੋਕਣ ਵਿਰੁੱਧ ਸਰਕਾਰੀ ਜਾਂ ਗੈਰ-ਸਰਕਾਰੀ ਹੁਕਮ ਜਾਰੀ ਕੀਤਾ।

ਸਰਕਾਰ ਨੂੰ ਅਪੀਲ ਹੈ ਕਿ ਘੱਟੋ-ਘੱਟ ਸਿੰਥੈਟਿਕ ਮਠਿਆਈਆਂ ਅਤੇ ਪਟਾਕਿਆਂ ਦੀ ਰੋਕਥਾਮ ਲਈ ਲਈ ਸਖ਼ਤ ਤੋਂ ਸਖ਼ਤ ਹੁਕਮ ਜਾਰੀ ਕੀਤੇ ਜਾਣ ਅਤੇ ਇਨ੍ਹਾਂ ਦੀ ਖਰੀਦੋ-ਫਰੋਖਤ ’ਤੇ ਪਾਬੰਦੀ ਲਾਈ ਜਾਵੇ। ਜੇਕਰ ਗੁਰੂਘਰਾਂ ਤੋਂ ਜਾਂ ਪਵਿੱਤਰ ਧਾਰਮਿਕ ਡੇਰੇ, ਧਾਰਮਿਕ ਅਸਥਾਨਾਂ ਤੋਂ ਇਸ ਬਾਰੇ ਹੁਕਮ ਜਾਰੀ ਕਰ ਦਿੱਤਾ ਜਾਵੇ ਤਾਂ ਸਾਰੇ ਲੋਕ ਉਕਤ ਦੋਹਾਂ ਬੁਰਾਈਆਂ ਦੀ ਰੋਕਥਾਮ ਕਰਨ, ਤਾਂ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਸੌ ਫੀਸਦੀ ਲੋਕ ਇਨ੍ਹਾਂ ਦੋਹਾਂ ਬੁਰਾਈਆਂ ’ਤੇ ਕਾਬੂ ਕਰਨ ਲਈ ਸਖਤੀ ਨਾਲ ਅਮਲ ਕਰਨਗੇ। ਪੰਜਾਬ ਸਰਕਾਰ ਉਕਤ ਹੁਕਮ ਜਾਰੀ ਕਰਨ ਤੋਂ ਝਿਜਕੇ ਨਾ। ਜੇ ਇਹੋ ਜਿਹੇ ਹੁਕਮ ਲਾਗੂ ਹੋ ਜਾਣ ਤਾਂ ਬਾਬੇ ਨਾਨਕ ਦੀਆਂ ਖੁਸ਼ੀਆਂ ਵੀ ਮਿਲਣਗੀਆਂ। ਸਿਰਫ ਤਿਉਹਾਰੀ ਦਿਨਾਂ ਵਿਚ ਹੀ ਸਿੰਥੈਟਿਕ ਅਤੇ ਮਿਲਾਵਟੀ ਚੀਜ਼ਾਂ ਬਾਰੇ ਚੈਕਿੰਗ ਹੁੰਦੀ ਹੈ। ਜੇਕਰ ਸਾਰਾ ਸਾਲ ਹੀ ਇਸ ਤਰ੍ਹਾਂ ਦੀ ਚੈਕਿੰਗ ਹੁੰਦੀ ਰਹੇ ਤਾਂ ਹਿੰਦੁਸਤਾਨ ਵੀ ਯੂਰਪ ਬਣ ਸਕਦਾ ਹੈ।

-ਦਲਜੀਤ ਸਿੰਘ ਤਲਵੰਡੀ


author

Bharat Thapa

Content Editor

Related News