ਹਿੰਦੀ ਕਿਵੇਂ ਬਣੇ ਰਾਸ਼ਟਰ ਭਾਸ਼ਾ?

07/20/2020 2:58:15 AM

ਡਾ. ਵੇਦਪ੍ਰਤਾਪ ਵੈਦਿਕ

ਭਾਰਤ ’ਚ ਉੱਤਰ ਪ੍ਰਦੇਸ਼ ਹਿੰਦੀ ਦਾ ਸਭ ਤੋਂ ਵੱਡਾ ਗੜ੍ਹ ਹੈ ਪਰ ਦੇਖੋ ਕਿ ਉਥੇ ਹਿੰਦੀ ਦੀ ਕਿੰਨੀ ਦੁਰਦਸ਼ਾ ਹੈ। ਇਸ ਵਾਰ 10ਵੀਂ ਅਤੇ 12ਵੀਂ ਜਮਾਤ ਦੇ 23 ਲੱਖ ਵਿਦਿਆਰਥੀਆਂ ’ਚੋਂ ਲੱਗਭਗ 8 ਲੱਖ ਵਿਦਿਆਰਥੀ ਹਿੰਦੀ ’ਚੋਂ ਫੇਲ ਹੋ ਗਏ। ਡੁੱਬ ਗਏ। ਜੋ ਪਾਰ ਲੱਗੇ, ਉਨ੍ਹਾਂ ’ਚੋਂ ਵੀ ਜ਼ਿਆਦਾਤਰ ਕਿਸੇ ਤਰ੍ਹਾਂ ਬਚ ਨਿਕਲੇ। ਪਹਿਲੀ ਸ਼੍ਰੇਣੀ ’ਚ ਪਾਸ ਹੋਏ ਵਿਦਿਆਰਥੀਆਂ ਦੀ ਗਿਣਤੀ ਵੀ ਲੱਖਾਂ ’ਚ ਨਹੀਂ ਹੈ। ਇਹ ੳੁਹ ਸੂਬਾ ਹੈ, ਜਿਸ ਨੇ ਹਿੰਦੀ ਦੇ ਸਰਵੋਤਮ ਸਾਹਿਤਕਾਰਾਂ ਅਤੇ ਦੇਸ਼ ਦੇ ਸਭ ਤੋਂ ਵੱਧ ਪ੍ਰਧਾਨ ਮੰਤਰੀਆਂ ਨੂੰ ਜਨਮ ਦਿੱਤਾ।

ਿਹੰਦੀ ਨੂੰ ਮਹਾਰਿਸ਼ੀ ਦਇਆਨੰਦ ‘ਆਰੀਆ ਭਾਸ਼ਾ’ ਅਤੇ ਮਹਾਤਮਾ ਗਾਂਧੀ ‘ਰਾਸ਼ਟਰ ਭਾਸ਼ਾ’ ਕਹਿੰਦੇ ਸਨ। ਨਹਿਰੂ ਜੀ ਨੇ ਉਸ ਨੂੰ ਰਾਸ਼ਟਰ ਭਾਸ਼ਾ ਦਾ ਦਰਜਾ ਦਿੱਤਾ ਪਰ 73 ਸਾਲ ਦੀ ਆਜ਼ਾਦੀ ਤੋਂ ਬਾਅਦ ਹਿੰਦੀ ਦੇ ਤਿੰਨਾਂ ਨਾਵਾਂ ਦਾ ਹਸ਼ਰ ਕੀ ਹੋਇਆ? ਆਰੀਆ ਭਾਸ਼ਾ ਤਾਂ ਬਣ ਗਈ ‘ਅਨਾਰੀਆ ਭਾਸ਼ਾ’ ਭਾਵ ਅਨਾੜੀਆਂ ਦੀ ਭਾਸ਼ਾ। ਘੱਟ ਪੜ੍ਹੇ-ਲਿਖੇ, ਪੱਛੜੇ, ਗਰੀਬ-ਗੁਰਬਿਆਂ ਦੀ ਭਾਸ਼ਾ। ‘ਰਾਸ਼ਟਰ ਭਾਸ਼ਾ’ ਤੁਸੀਂ ਕਿਸ ਨੂੰ ਕਹੋਗੇ? ਇਹ ਅਜਿਹੀ ਰਾਸ਼ਟਰ ਭਾਸ਼ਾ ਹੈ, ਜਿਸ ਦੀ ਵਰਤੋਂ ਨਾ ਤਾਂ ਰਾਸ਼ਟਰ ਦੀਆਂ ਹਾਈਕੋਰਟਾਂ ’ਚ ਹੁੰਦੀ ਹੈ ਅਤੇ ਨਾ ਹੀ ਯੂਨੀਵਰਸਿਟੀਆਂ ਦੀ ਉੇੱਚੀ ਪੜ੍ਹਾਈ ’ਚ ਹੰੁਦੀ ਹੈ। ਰਾਸ਼ਟਰ ਭਾਸ਼ਾ ਰਾਹੀਂ ਤੁਸੀਂ ਨਾ ਤਾਂ ਕਾਨੂੰਨ, ਨਾ ਡਾਕਟਰੀ, ਨਾ ਵਿਗਿਆਨ ਪੜ੍ਹ ਸਕਦੇ ਹੋ ਅਤੇ ਨਾ ਹੀ ਕੋਈ ਖੋਜ ਕਰ ਸਕਦੇ ਹੋ। ਅੱਜ ਤੋਂ 55 ਸਾਲ ਪਹਿਲਾਂ ਮੈਂ ਜਦੋਂ ‘ਇੰਡੀਅਨ ਸਕੂਲ ਆਫ ਇੰਟਰਨੈਸ਼ਨਲ ਸਟੱਡੀਜ਼’ ਵਿਚ ਆਪਣਾ ਪੀਐੱਚ. ਡੀ. ਦਾ ਖੋਜ ਗ੍ਰੰਥ ਹਿੰਦੀ ’ਚ ਲਿਖਣ ਦੀ ਬੇਨਤੀ ਕੀਤੀ ਸੀ ਤਾਂ ਸੰਸਦ ’ਚ ਜ਼ਬਰਦਸਤ ਹੰਗਾਮਾ ਹੋ ਗਿਆ ਸੀ। ਮੈਨੂੰ ‘ਸਕੂਲ’ ਵਿਚੋਂ ਬਾਹਰ ਕੱਢ ਦਿੱਤਾ ਗਿਆ ਸੀ। ਸੰਸਦ ਅਤੇ ਪ੍ਰਧਾਨ ਮੰਤਰੀ ਦੇ ਦਖਲ ਤੋਂ ਬਾਅਦ ਮੈਨੂੰ ਵਾਪਸ ਿਲਆ ਗਿਆ ਪਰ ਅੱਜ ਤਕ ਕਿੰਨੇ ਪੀਐੱਚ. ਡੀ. ਭਾਰਤੀ ਭਾਸ਼ਾਵਾਂ ਰਾਹੀਂ ਹੋਏ? ਜਿਥੋਂ ਤਕ ‘ਰਾਜ ਭਾਸ਼ਾ’ ਦਾ ਸਵਾਲ ਹੈ, ਅੱਜ ਵੀ ਦੇਸ਼ ’ਚ ਰਾਜ-ਕਾਜ ਦੇ ਸਾਰੇ ਮਹੱਤਵਪੂਰਨ ਕੰਮ ਅੰਗਰੇਜ਼ੀ ’ਚ ਹੁੰਦੇ ਹਨ। ਸੰਸਦ ਅਤੇ ਵਿਧਾਨ ਸਭਾਵਾਂ ਦੇ ਕਾਨੂੰਨ ਕੀ ਹਿੰਦੀ ’ਚ ਬਣਦੇ ਹਨ? ਸਰਕਾਰੀ ਨੌਕਰਸ਼ਾਹ ਕੀ ਆਪਣੀਆਂ ਰਿਪੋਰਟਾਂ, ਟਿੱਪਣੀਆਂ, ਰਾਏ, ਹੁਕਮ ਵਗੈਰਾ ਅੰਗਰੇਜ਼ੀ ’ਚ ਨਹੀਂ ਲਿਖਦੇ ਹਨ? ਸੱਚਾਈ ਤਾਂ ਇਹ ਹੈ ਕਿ ਅੰਗਰੇਜ਼ੀ ਅੱਜ ਵੀ ਭਾਰਤ ਦੀ ਰਾਜ ਭਾਸ਼ਾ ਹੈ। ਅੰਗਰੇਜ਼ੀ ਦੀ ਇਸ ਭੂਤਣੀ ਅੱਗੇ ਸਾਡੇ ਸਾਰੇ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਦੱਬੂ ਸਾਬਤ ਹੋਏ ਹਨ। ਇਹ ਆਜ਼ਾਦ ਭਾਰਤ ਦੇ ਗੁਲਾਮ ਨੇਤਾ ਹਨ। ਇਨ੍ਹਾਂ ਵਿਚਾਰਿਆਂ ਨੂੰ ਪਤਾ ਹੀ ਨਹੀਂ ਕਿ ਕੋਈ ਰਾਸ਼ਟਰ ਖੁਸ਼ਹਾਲ, ਸ਼ਕਤੀਸ਼ਾਲੀ ਅਤੇ ਚੰਗੀ ਤਰ੍ਹਾਂ ਟਰੇਂਡ ਕਿਵੇਂ ਬਣਦਾ ਹੈ।

ਦੁਨੀਆ ਦਾ ਕੋਈ ਵੀ ਰਾਸ਼ਟਰ ਵਿਦੇਸ਼ੀ ਭਾਸ਼ਾ ਰਾਹੀਂ ਖੁਸ਼ਹਾਲ ਅਤੇ ਮਹਾਸ਼ਕਤੀ ਨਹੀਂ ਬਣਿਆ। ਜਿਸ ਦੇਸ਼ ’ਚ ਕਿਸੇ ਵਿਦੇਸ਼ੀ ਭਾਸ਼ਾ ਦਾ ਗ਼ਲਬਾ ਹੋਵੇਗਾ, ਉਸ ਦੇ ਵਿਦਿਆਰਥੀ ਨਕਲਚੀ ਹੀ ਬਣੇ ਰਹਿਣਗੇ। ਉਨ੍ਹਾਂ ਦੀ ਮੌਲਿਕਤਾ ਲੰਗੜਾਉਂਦੀ ਰਹੇਗੀ। ਜੋ ਦੇਸ਼ ਤਿੰਨ-ਚਾਰ ਸੌ ਸਾਲ ਪਹਿਲਾਂ ਤਕ ਵਿਸ਼ਵ ਵਪਾਰ ’ਚ ਉਪਰ ਸੀ, ਜਿਸ ਦੇਸ਼ ਦੀਆਂ ਨਾਲੰਦਾ ਅਤੇ ਤਕਸ਼ਿਲਾ ਵਰਗੀਆਂ ਯੂਨੀਵਰਸਿਟੀਆਂ ’ਚ ਸਾਰੀ ਦੁਨੀਆ ਦੇ ਵਿਦਿਆਰਥੀ ਪੜ੍ਹਨ ਆਉਂਦੇ ਸਨ ਅਤੇ ਜੋ ਦੇਸ਼ ਆਪਣੇ ਆਪ ਨੂੰ ਵਿਸ਼ਵ-ਗੁਰੂ ਕਹਿੰਦਾ ਸੀ, ਅੱਜ ਉਸ ਦੇਸ਼ ਦੇ ਲੱਖਾਂ ਵਿਦਿਆਰਥੀਆਂ ਦੇ ਹੁਨਰ ਦੀ ਹਿਜਰਤ ਕਿਉਂ ਹੋ ਜਾਂਦੀ ਹੈ? ਕਿਉਂਕਿ ਉਨ੍ਹਾਂ ਦੀ ਰੇਲ ਨੂੰ ਬਚਪਨ ਤੋਂ ਹੀ ਅੰਗਰੇਜ਼ੀ ਦੀ ਪਟੜੀ ’ਤੇ ਚਲਾ ਦਿੱਤਾ ਜਾਂਦਾ ਹੈ। ਮੈਂ ਵਿਦੇਸ਼ੀ ਭਾਸ਼ਾਵਾਂ ਸਿੱਖਣ ਦਾ ਵਿਰੋਧੀ ਬਿਲਕੁਲ ਨਹੀਂ ਹਾਂ। ਮੈਂ ਖੁਦ ਅੰਗਰੇਜ਼ੀ ਤੋਂ ਇਲਾਵਾ ਰੂਸੀ, ਫਾਰਸੀ ਅਤੇ ਜਰਮਨ ਭਾਸ਼ਾਵਾਂ ਸਿੱਖੀਆਂ ਹਨ ਪਰ ਆਪਣੇ ਹਰ ਕੰਮ ’ਚ ਮੈਂ ਆਪਣੀ ਮਾਤਭਾਸ਼ਾ ਹਿੰਦੀ ਨੂੰ ਪਹਿਲ ਦਿੱਤੀ ਹੈ। ਸਾਰੇ ਸੂਬਿਆਂ ’ਚ ਜੇਕਰ ਸਿੱਖਿਆ ਦਾ ਲਾਜ਼ਮੀ ਮਾਧਿਅਮ ਮਾਤਭਾਸ਼ਾ ਹੋਵੇ ਤਾਂ ਹਿੰਦੀ ਆਰੀਆ ਭਾਸ਼ਾ, ਰਾਸ਼ਟਰ ਭਾਸ਼ਾ ਅਤੇ ਰਾਜ ਭਾਸ਼ਾ ਆਪਣੇ-ਆਪ ਬਣ ਜਾਵੇਗੀ।


Bharat Thapa

Content Editor

Related News