ਹੋਮਿਓਪੈਥ ਬਣਨਗੇ ਐਲੋਪੈਥ...!

Tuesday, Sep 08, 2026 - 03:30 PM (IST)

ਹੋਮਿਓਪੈਥ ਬਣਨਗੇ ਐਲੋਪੈਥ...!

ਮੈਂ ਇਹ ਪੜ੍ਹ ਕੇ ਕੰਬਣੀ ਮਹਿਸੂਸ ਕੀਤੀ ਕਿ ਮਹਾਰਾਸ਼ਟਰ ਸਰਕਾਰ ਉਨ੍ਹਾਂ ਹੋਮਿਓਪੈਥਾਂ ਨੂੰ, ਜੋ ਆਧੁਨਿਕ ਫਾਰਮਾਕੋਲੋਜੀ (ਔਸ਼ਧ ਵਿਗਿਆਨ) ’ਚ 1 ਸਾਲ ਦਾ ਕੋਰਸ ਪੂਰਾ ਕਰਦੇ ਹਨ, ਕੁਝ ਐਲੋਪੈਥਿਕ ਦਵਾਈਆਂ ਲਿਖਣ ਦੀ ਇਜਾਜ਼ਤ ਦੇ ਰਹੀ ਹੈ।

ਕਿੰਨਾ ਅਸਾਧਾਰਨ ਸ਼ਾਰਟਕਟ ਹੈ!

ਸ਼ਾਇਦ ਕੱਲ ਵੀਕਐਂਡ ਦੀ ਇਕ ਵਰਕਸ਼ਾਪ ’ਚ ਹਿੱਸਾ ਲੈਣ ਤੋਂ ਬਾਅਦ, ਮੈਨੂੰ ਜਹਾਜ਼ ਉਡਾਉਣ ਦੀ ਇਜਾਜ਼ਤ ਮਿਲ ਜਾਵੇਗੀ। ਮੈਂ ਅਕਸਰ ਯਾਤਰਾ ਕੀਤੀ ਹੈ, ਪਾਇਲਟਾਂ ਨੂੰ ਕਾਕਪਿਟ ’ਚ ਦਾਖ਼ਲ ਹੁੰਦੇ ਦੇਖਿਆ ਹੈ ਅਤੇ ਇਥੋਂ ਤੱਕ ਕਿ ਮੈਨੂੰ ਇਹ ਵੀ ਪਤਾ ਹੈ ਕਿ ਜਹਾਜ਼ਾਂ ਨੂੰ ਉਤਰਨ ਤੋਂ ਪਹਿਲਾਂ ਉਡਾਣ ਭਰਨੀ ਚਾਹੀਦੀ ਹੈ। ਯਕੀਨੀ ਤੌਰ ’ਤੇ, ਇਹ ਮੈਨੂੰ ਯੋਗ ਬਣਾਉਣ ਲਈ ਕਾਫ਼ੀ ਹੋਣਾ ਚਾਹੀਦਾ ਹੈ, ਹੈ ਨਾ?

ਜਾਂ ਸ਼ਾਇਦ ਮੇਰੀ ਪਤਨੀ, ਜੋ ਇਕ ਐਲੋਪੈਥਿਕ ਡਾਕਟਰ ਹੈ, 6 ਮਹੀਨਿਆਂ ਤੱਕ ਗੁਣਾ ਸਿੱਖਣ ਤੋਂ ਬਾਅਦ ਚਾਰਟਰਡ ਅਕਾਊਂਟੈਂਟ ਬਣ ਸਕਦੀ ਹੈ। ਉਹ ਪਹਿਲਾਂ ਹੀ ਜਾਣਦੀ ਹੈ ਕਿ ਮਰੀਜ਼ ਦੀ ਨਬਜ਼ ਕਿਵੇਂ ਮਾਪੀ ਜਾਂਦੀ ਹੈ, ਇਸ ਲਈ ਬੈਲੇਂਸਸ਼ੀਟ ਬਣਾਉਣਾ ਬੜਾ ਅੌਖਾ ਨਹੀਂ ਹੋਣਾ ਚਾਹੀਦਾ!

ਪਰ ਡਾਕਟਰੀ ਕੋਈ ਮਜ਼ਾਕ ਨਹੀਂ ਹੈ।

ਮੈਂ ਆਪਣੀ ਪਤਨੀ ਨੂੰ ਡਾਕਟਰ ਬਣਨ ਲਈ ਸਾਲਾਂ ਤੱਕ ਪੜ੍ਹਾਈ ਕਰਦੇ ਦੇਖਿਆ ਹੈ। ਅੱਜ ਵੀ, ਉਹ ਖ਼ੁਦ ਨੂੰ ਅੱਪਡੇਟ ਰੱਖਣ ਲਈ ਲਗਾਤਾਰ ਡਾਕਟਰੀ ਸਿੱਖਿਆ ਪ੍ਰੋਗਰਾਮਾਂ ਅਤੇ ਸੈਮੀਨਾਰਾਂ ’ਚ ਹਿੱਸਾ ਲੈਂਦੀ ਹੈ। ਡਾਕਟਰੀ ਗਿਆਨ ਸਿਰਫ ਯੂਨੀਵਰਸਿਟੀ ਦੀਆਂ ਜਮਾਤਾਂ ਤੱਕ ਸੀਮਤ ਨਹੀਂ ਰਹਿੰਦਾ। ਨਵੀਆਂ ਬੀਮਾਰੀਆਂ ਸਾਹਮਣੇ ਆਉਂਦੀਆਂ ਹਨ। ਨਵੀਆਂ ਦਵਾਈਆਂ ਵਿਕਸਤ ਕੀਤੀਆਂ ਜਾਂਦੀਆਂ ਹਨ। ਪੁਰਾਣੇ ਇਲਾਜਾਂ ਨੂੰ ਖਾਰਜ ਕਰ ਦਿੱਤਾ ਜਾਂਦਾ ਹੈ। ਖ਼ੁਰਾਕਾਂ ਬਦਲਦੀਆਂ ਹਨ। ਮਾੜੇ ਪ੍ਰਭਾਵ ਸਾਹਮਣੇ ਆਉਂਦੇ ਹਨ। ਦਵਾਈਆਂ ਦੇ ਆਪਸੀ ਪ੍ਰਭਾਵ ਨਾਲ ਮਰੀਜ਼ ਦੀ ਜਾਨ ਬਚ ਵੀ ਸਕਦੀ ਹੈ ਅਤੇ ਜਾ ਵੀ ਸਕਦੀ ਹੈ।

ਫਿਰ ਵੀ, ਅਸੀਂ ਇਹ ਕਲਪਨਾ ਕਰਦੇ ਹਾਂ ਕਿ ਇਕ ਛੋਟਾ ਜਿਹਾ ਬ੍ਰਿਜ ਕੋਰਸ ਕਿਸੇ ਤਰ੍ਹਾਂ ਇਕ ਮਹਾਸਾਗਰ ਨੂੰ ਪੂਰਾ ਕਰ ਸਕਦਾ ਹੈ।

ਇਹ ਹੋਮਿਓਪੈਥਾਂ ’ਤੇ ਹਮਲਾ ਨਹੀਂ ਹੈ। ਉਨ੍ਹਾਂ ਨੇ ਡਾਕਟਰੀ ਦੀ ਆਪਣੀ ਪ੍ਰਣਾਲੀ ਦਾ ਅਧਿਐਨ ਕੀਤਾ ਹੈ ਅਤੇ ਉਨ੍ਹਾਂ ਨੂੰ ਇਸ ਨੂੰ ਜ਼ਿੰਮੇਵਾਰੀ ਨਾਲ ਅਪਣਾਉਣਾ ਚਾਹੀਦਾ ਹੈ ਪਰ ਹੋਮਿਓਪੈਥੀ ਅਤੇ ਐਲੋਪੈਥੀ ਵੱਖ-ਵੱਖ ਵਿਸ਼ੇ ਹਨ। ਜੇਕਰ ਇਹ ਬਰਾਬਰ ਹੁੰਦੇ, ਤਾਂ ਇਨ੍ਹਾਂ ਨੂੰ ਵੱਖ-ਵੱਖ ਨਾਂ ਦੇਣ, ਵੱਖ-ਵੱਖ ਕਾਲਜ ਸਥਾਪਤ ਕਰਨ, ਵੱਖ-ਵੱਖ ਸਿਲੇਬਸ ਨਿਰਧਾਰਤ ਕਰਨ ਅਤੇ ਵੱਖ-ਵੱਖ ਡਿਗਰੀਆਂ ਦੇਣ ਦੀ ਕੋਈ ਲੋੜ ਨਹੀਂ ਸੀ।

ਤਰਕ ਇਹ ਹੈ ਕਿ ਇਹ ਨਵੇਂ ਯੋਗ ਡਾਕਟਰ ਉਨ੍ਹਾਂ ਪਿੰਡਾਂ, ਝੁੱਗੀਆਂ ਅਤੇ ਛੋਟੇ ਸ਼ਹਿਰਾਂ ’ਚ ਸੇਵਾ ਦੇ ਸਕਦੇ ਹਨ, ਜਿੱਥੇ ਲੋੜੀਂਦੇ ਡਾਕਟਰ ਨਹੀਂ ਹਨ।

ਆਹ, ਕਿੰਨਾ ਸ਼ਾਨਦਾਰ ਵਿਚਾਰ ਹੈ! ਸ਼ਹਿਰਾਂ ’ਚ ਪੂਰੀ ਤਰ੍ਹਾਂ ਸਿਖਲਾਈ ਪ੍ਰਾਪਤ ਡਾਕਟਰ ਹੋਣ, ਜਦਕਿ ਗ਼ਰੀਬਾਂ ਨੂੰ ਘੱਟ ਯੋਗਤਾ ਵਾਲੇ ਡਾਕਟਰ ਮਿਲਣ।

ਪਿੰਡਾਂ ਵਾਲੇ ਸ਼ਾਇਦ ਕੰਧ ’ਤੇ ਟੰਗੇ ਸਰਟੀਫਿਕੇਟ ਦੀ ਜਾਂਚ ਨਾ ਕਰਨ। ਝੁੱਗੀ-ਬਸਤੀ ’ਚ ਰਹਿਣ ਵਾਲਾ ਵਿਅਕਤੀ ਸ਼ਾਇਦ ਸਿਰਫ ਇਹ ਪੁੱਛੇ ਕਿ ਸਲਾਹ ਦੀ ਫੀਸ ਕਿੰਨੀ ਹੈ ਪਰ ਸਿੱਖਿਆ ਦੀ ਘਾਟ ਨਾਲ ਕਿਸੇ ਵਿਅਕਤੀ ਦੀ ਜ਼ਿੰਦਗੀ ਘੱਟ ਮੁੱਲਵਾਨ ਨਾ ਹੋ ਜਾਂਦੀ। ਇਕ ਗ਼ਰੀਬ ਮਰੀਜ਼ ਦਾ ਦਿਲ, ਲੀਵਰ, ਫੇਫੜੇ ਅਤੇ ਗੁਰਦੇ ਬਿਲਕੁਲ ਅਜਿਹੇ ਹੀ ਹੁੰਦੇ ਹਨ, ਜਿਵੇਂ ਕਿ ਕਿਸੇ ਮੰਤਰੀ, ਉਦਯੋਗਪਤੀ ਜਾਂ ਨੌਕਰਸ਼ਾਹ ਦੇ।

ਜੇਕਰ ਦਿਹਾਤੀ ਭਾਰਤ ’ਚ ਡਾਕਟਰਾਂ ਦੀ ਘਾਟ ਹੈ, ਤਾਂ ਹੋਰ ਡਾਕਟਰਾਂ ਨੂੰ ਸਿਖਲਾਈ ਦਿਓ ਅਤੇ ਅਜਿਹੀਆਂ ਸਥਿਤੀਆਂ ਬਣਾਓ ਜੋ ਉਨ੍ਹਾਂ ਨੂੰ ਉੱਥੇ ਸੇਵਾ ਕਰਨ ਲਈ ਉਤਸ਼ਾਹਿਤ ਕਰਨ। ਹਰ ਮੈਡੀਕਲ ਕਾਲਜ ਨੂੰ ਕਹੋ ਕਿ ਉਹ ਆਪਣੇ ਗ੍ਰੈਜੂਏਟਾਂ ਲਈ ਘੱਟ ਸੇਵਾ ਵਾਲੇ ਖੇਤਰਾਂ ’ਚ 2 ਸਾਲ ਬਿਤਾਉਣਾ ਲਾਜ਼ਮੀ ਕਰਨ। ਉਚਿਤ ਤਨਖ਼ਾਹ, ਰਿਹਾਇਸ਼, ਉਪਕਰਨ, ਸੁਰੱਖਿਆ ਅਤੇ ਅੱਗੇ ਦੀ ਪੜ੍ਹਾਈ ਦੇ ਅਵਸਰ ਪ੍ਰਦਾਨ ਕਰੋ। ਸੀ.ਐੱਮ.ਸੀ. ਵੈਲੌਰ ਵਰਗੇ ਅਦਾਰਿਆਂ ਨੇ ਲੰਬੇ ਸਮੇਂ ਤੋਂ ਸੇਵਾ ਵਚਨਬੱਧਤਾਵਾਂ ਦਾ ਮੁੱਲ ਪ੍ਰਦਰਸ਼ਿਤ ਕੀਤਾ ਹੈ।

ਮਿਆਰਾਂ ਨੂੰ ਘਟਾ ਕੇ ਘਾਟ ਨੂੰ ਹੱਲ ਨਾ ਕਰੋ।

ਗ਼ਲਤ ਤਰੀਕੇ ਨਾਲ ਲਿਖੀ ਗਈ ਦਵਾਈ ਇਹ ਨਹੀਂ ਪੁੱਛਦੀ ਕਿ ਮਰੀਜ਼ ਅਮੀਰ ਹੈ ਜਾਂ ਗ਼ਰੀਬ ਅਤੇ ਫਿਰ ਨੁਕਸਾਨ ਪਹੁੰਚਾਉਂਦੀ ਹੈ। ਹਰ ਨੁਸਖ਼ੇ ਨਾਲ ਜ਼ਿੰਮੇਵਾਰੀ ਜੁੜੀ ਹੁੰਦੀ ਹੈ। ਹਰ ਇਲਾਜ ਲਈ ਸਿਖਲਾਈ ਦੀ ਲੋੜ ਹੁੰਦੀ ਹੈ। ਹਰ ਮਰੀਜ਼ ਯੋਗਤਾ ਦਾ ਹੱਕਦਾਰ ਹੈ।

ਕਿਉਂਕਿ ਹਰ ਜੀਵਨ, ਚਾਹੇ ਉਹ ਮੁੰਬਈ ਦੀ ਕਿਸੇ ਇਮਾਰਤ ’ਚ ਹੋਵੇ ਜਾਂ ਪਿੰਡ ਦੀ ਕਿਸੇ ਝੌਂਪੜੀ ’ਚ, ਅਨਮੋਲ ਹੈ...!

- ਰਾਬਰਟ ਕਲੀਮੈਂਟਸ

-robertclements@gmail.com


author

Anmol Tagra

Content Editor

Related News