ਸ਼ੁੱਭ ਹੈ ਭਾਰਤ-ਤਾਲਿਬਾਨ ਗੱਲਬਾਤ
Thursday, Sep 02, 2021 - 03:36 AM (IST)

ਡਾ. ਵੇਦਪ੍ਰਤਾਪ ਵੈਦਿਕ
ਮੈਨੂੰ ਖੁਸ਼ੀ ਹੈ ਕਿ ਕਤਰ ’ਚ ਨਿਯੁਕਤ ਸਾਡੇ ਰਾਜਦੂਤ ਦੀਪਕ ਮਿੱਤਲ ਅਤੇ ਤਾਲਿਬਾਨੀ ਨੇਤਾ ਸ਼ੇਰ ਮੁਹੰਮਦ ਸਥਾਨਕਜਈ ਦਰਮਿਆਨ ਦੋਹਾ ’ਚ ਗੱਲਬਾਤ ਹੋ ਗਈ ਹੈ। ਭਾਰਤ ਸਰਕਾਰ ਅਤੇ ਤਾਲਿਬਾਨ ਦਰਮਿਆਨ ਗੱਲਬਾਤ ਕਾਇਮ ਹੋਵੇ, ਇਹ ਗੱਲ ਮੈਂ ਬਰਾਬਰ ਪਿਛਲੇ ਇਕ ਮਹੀਨੇ ਤੋਂ ਲਗਾਤਾਰ ਲਿਖ ਰਿਹਾ ਹਾਂ ਅਤੇ ਸਾਡੇ ਵਿਦੇਸ਼ ਮੰਤਰਾਲਾ ਨੂੰ ਬੇਨਤੀ ਕਰ ਰਿਹਾਹਾਂ। ਪਤਾ ਨਹੀਂ, ਸਾਡੀ ਸਰਕਾਰ ਕਿਉਂ ਡਰੀ ਹੋਈ ਅਤੇ ਝਿਜਕੀ ਹੋਈ ਸੀ।
ਤਾਲਿਬਾਨ ਸ਼ਾਸਨ ਦੇ ਬਾਰੇ ’ਚ ਜੋ ਸ਼ੱਕ ਭਾਰਤ ਸਰਕਾਰ ਦੇ ਅਧਿਕਾਰੀਆਂ ਦੇ ਦਿਲ ’ਚ ਸਨ ਅਤੇ ਅਜੇ ਵੀ ਹਨ, ਬਿਲਕੁਲ ਉਹ ਹੀ ਸ਼ੱਕ ਪਾਕਿਸਤਾਨ ਸਰਕਾਰ ਦੇ ਮਨ ’ਚ ਵੀ ਹਨ। ਇਸ ਦਾ ਅੰਦਾਜ਼ਾ ਮੈਨੂੰ ਪਾਕਿਸਤਾਨ ਦੇ ਕਈ ਨੇਤਾਵਾਂ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਾਫੀ ਪਹਿਲਾਂ ਹੀ ਲੱਗ ਗਿਆ ਸੀ। ਅੱਜ ਉਨ੍ਹਾਂ ਖਦਸ਼ਿਆਂ ਦੀ ਖੁੱਲ੍ਹੇਆਮ ਜਾਣਕਾਰੀ ਪਾਕਿਸਤਾਨ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਦੇ ਬਿਆਨ ਤੋਂ ਸਾਰੀ ਦੁਨੀਆ ਨੂੰ ਮਿਲ ਗਈ ਹੈ।
ਕੁਰੈਸ਼ੀ ਨੇ ਕਿਹਾ ਕਿ ਉਹ ਤਾਲਿਬਾਨ ਤੋਂ ਆਸ ਕਰਦੇ ਹਨ ਕਿ ਉਹ ਮਨੁੱਖੀ ਹੱਕਾਂ ਦੀ ਰੱਖਿਆ ਕਰਨਗੇ ਅਤੇ ਕੌਮਾਂਤਰੀ ਮਰਿਆਦਾਵਾਂ ਦੀ ਉਲੰਘਣਾ ਨਹੀਂ ਕਰਨਗੇ। ਪਾਕਿਸਤਾਨ ਦੇ ਸੂਚਨਾ ਮੰਤਰੀ ਫਵਾਦ ਚੌਧਰੀ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਪਾਕਿਸਤਾਨ ਇਕੱਲਾ ਹੀ ਤਾਲਿਬਾਨ ਸਰਕਾਰ ਨੂੰ ਮਾਨਤਾ ਨਹੀਂ ਦੇਵੇਗਾ। ਉਨ੍ਹਾਂ ਨੇ ਸਾਫ-ਸਾਫ ਕਿਹਾ ਹੈ ਕਿ ਅਫਗਾਨ ਸਰਕਾਰ ਨੂੰ ਮਾਨਤਾ ਦੇਣ ਤੋਂ ਪਹਿਲਾਂ ਉਹ ਖੇਤਰੀ ਅਤੇ ਕੌਮਾਂਤਰੀ ਜਗਤ ਦੇ ਵਤੀਰੇ ਦਾ ਵੀ ਧਿਆਨ ਰੱਖੇਗਾ।
ਪਾਕਿਸਤਾਨ ਸਰਕਾਰ ਦਾ ਇਹ ਅਧਿਕਾਰਕ ਬਿਆਨ ਬੜਾ ਮਹੱਤਵਪੂਰਨ ਹੈ। ਜੇਕਰ ਅੱਜ ਦੇ ਤਾਲਿਬਾਨ ਪਾਕਿਸਤਾਨ ਦੇ ਚਮਚੇ ਹੁੰਦੇ ਤਾਂ ਪਾਕਿਸਤਾਨ ਉਨ੍ਹਾਂ ਨੂੰ 15 ਅਗਸਤ ਨੂੰ ਹੀ ਮਾਨਤਾ ਦੇ ਦਿੰਦਾ ਅਤੇ 1996 ਵਾਂਗ ਸਾਊਦੀ ਅਰਬ ਅਤੇ ਯੂ. ਏ. ਈ. ਤੋਂ ਵੀ ਦਿਵਾ ਦਿੰਦਾ ਪਰ ਉਸ ਨੇ ਵੀ ਉਹੀ ਗੱਲ ਕਹੀ, ਜੋ ਭਾਰਤ ਚਾਹੁੰਦਾ ਹੈ। ਭਾਵ ਅਫਗਾਨਿਸਤਾਨ ’ਚ ਹੁਣ ਜੋ ਸਰਕਾਰ ਬਣੇ, ਉਹ ਅਜਿਹੀ ਹੋਵੇ, ਜਿਸ ’ਚ ਸਾਰੇ ਅਫਗਾਨਾਂ ਦਾ ਵਫਦ ਹੋਵੇ।
ਪਾਕਿਸਤਾਨ ਨੂੰ ਪਤਾ ਹੈ ਕਿ ਜੇਕਰ ਤਾਲਿਬਾਨ ਨੇ ਆਪਣੀ ਪੁਰਾਣੀ ਧੌਂਸ ਜਾਰੀ ਰੱਖੀ ਤਾਂ ਅਫਗਾਨਿਸਤਾਨ ਬਰਬਾਦ ਹੋ ਜਾਵੇਗਾ। ਦੁਨੀਆ ਦਾ ਕੋਈ ਦੇਸ਼ ਉਸ ਦੀ ਮਦਦ ਨਹੀਂ ਕਰੇਗਾ। ਪਾਕਿਸਤਾਨ ਖੁਦ ਆਰਥਿਕ ਸੰਕਟ ’ਚ ਫਸਿਆ ਹੋਇਆ ਹੈ। ਪਹਿਲਾਂ ਤੋਂ ਹੀ 30 ਲੱਖ ਅਫਗਾਨ ਉੱਥੇ ਇਕੱਠੇ ਹੋਏ ਹਨ। ਜੇਕਰ 50 ਲੱਖ ਹੋਰ ਆ ਗਏ ਤਾਂ ਪਾਕਿਸਤਾਨ ਦਾ ਭੱਠਾ ਬੈਠਦੇ ਦੇਰ ਨਹੀਂ ਲੱਗੇਗੀ।
ਪਾਕਿਸਤਾਨ ਦੇ ਬਾਅਦ ਸਭ ਤੋਂ ਵੱਧ ਚਿੰਤਾ ਕਿਸੇ ਦੇਸ਼ ਨੂੰ ਹੋਣੀ ਚਾਹੀਦੀ ਹੈ ਤਾਂ ਉਹ ਭਾਰਤ ਹੈ, ਕਿਉਂਕਿ ਅਰਾਜਕ ਅਫਗਾਨਿਸਤਾਨ ਤੋਂ ਨਿਕਲਣ ਵਾਲੇ ਹਿੰਸਕ ਤੱਤਾਂ ਦੀ ਵਰਤੋਂ ਭਾਰਤ ਦੇ ਵਿਰੁੱਧ ਹੋਣ ਦਾ ਪੂਰਾ ਖਦਸ਼ਾ ਹੈ। ਇਸ ਦੇ ਇਲਾਵਾ ਭਾਰਤ ਵੱਲੋਂ ਕੀਤਾ ਗਿਆ ਅਰਬਾਂ ਰੁਪਇਆਂ ਦਾ ਨਿਰਮਾਣ ਕਾਰਜ ਵੀ ਅਫਗਾਨਿਸਤਾਨ ’ਚ ਬੇਕਾਰ ਚਲਾ ਜਾਵੇਗਾ।
ਇਸ ਸਮੇਂ ਅਫਗਾਨਿਸਤਾਨ ’ਚ ਮਿਲੀ-ਜੁਲੀ ਸਰਕਾਰ ਬਣਾਉਣ ’ਚ ਪਾਕਿਸਤਾਨ ਵੀ ਲੱਗਾ ਹੋਇਆ ਹੈ ਪਰ ਇਹ ਕੰਮ ਪਾਕਿਸਤਾਨ ਨਾਲੋਂ ਵੀ ਬਿਹਤਰ ਭਾਰਤ ਕਰ ਸਕਦਾ ਹੈ ਕਿਉਂਕਿ ਅਫਗਾਨਿਸਤਾਨ ਦੇ ਅੰਦਰੂਨੀ ਮਾਮਲਿਆਂ ’ਚ ਭਾਰਤ ਦੀ ਦਖਲਅੰਦਾਜ਼ੀ ਬੜੀ ਘੱਟ ਰਹੀ ਹੈ ਜਦਕਿ ਪਾਕਿਸਤਾਨ ਦੇ ਕਈ ਅੰਧ-ਸਮਰਥਕ ਅਤੇ ਅੰਧ-ਵਿਰੋਧੀ ਤੱਤ ਉੱਥੇ ਅੱਜ ਵੀ ਸਰਗਰਮ ਹਨ। ਭਾਰਤ ਨੇ ਦੋਹਾ ’ਚ ਸ਼ੁਰੂਆਤ ਚੰਗੀ ਕੀਤੀ ਹੈ। ਇਸ ਨੂੰ ਹੁਣ ਉਹ ਕਾਬੁਲ ਤੱਕ ਪਹੁੰਚਾਵੇ।